ਮੇਰੇ ਕਾਰੋਬਾਰ ਦਾ ਇੱਕ ਅਸੂਲ ਹੋਇਆ ਕਰਦਾ ਸੀ..ਭਾਵੇਂ ਜੋ ਮਰਜੀ ਹੋ ਜਾਵੇ ਗੱਲੇ ਤੋਂ ਕਦੀ ਵੀ ਏਧਰ ਓਧਰ ਨਾ ਹੁੰਦਾ!
ਇੱਕ ਪਾਸੇ ਡੇਅਰੀ ਸੀ ਤੇ ਦੂਜੇ ਪਾਸੇ ਮਿਠਿਆਈ ਦੀ ਦੁਕਾਨ..ਸੁਵੇਰੇ ਨੌਂ ਤੋਂ ਬਾਰਾਂ ਤੱਕ ਕੰਮ ਕਾਫੀ ਹੁੰਦਾ..ਤੁਲਵਾਈ..ਪੈਕਿੰਗ..ਸਫਾਈ..ਜੂਠੇ ਭਾਂਡੇ..ਮਿਠਾਈਆਂ ਦੇ ਆਡਰ ਅਤੇ ਡੱਬਿਆਂ ਦੀ ਸਾਂਭ ਸੰਭਾਲ..ਉੱਤੋਂ ਵਿਆਹਾਂ ਦਾ ਸੀਜਨ..ਵੈਸੇ ਸੁਵੇਰ ਵੇਲੇ ਸਭ ਤੋਂ ਜਿਆਦਾ ਦਹੀਂ ਦੇ ਆਡਰ ਹੀ ਹੋਇਆ ਕਰਦੇ..!
ਪਹਿਲੋਂ ਪੈਕ ਕਰਨਾ ਮੁੜਕੇ ਉੱਤੇ ਰਬੜ ਚੜਾਉਣੀ..ਕਈ ਵਾਰ ਤੇ ਹੱਥ ਵੀ ਬਿਲਕੁਲ ਰਹਿ ਜਾਂਦੇ..ਦੋ ਤਿੰਨ ਮੁੰਡੇ ਵੀ ਰੱਖੇ ਪਰ ਇਤਬਾਰ ਵਾਲੀ ਕਸਵੱਟੀ ਤੇ ਕੋਈ ਵੀ ਪੂਰਾ ਨਾ ਉੱਤਰ ਸਕਿਆ..!
ਹੌਲੀ ਜਿਹੀ ਉਮਰ ਦਾ ਉਹ ਮੁੰਡਾ ਸ਼ਾਇਦ ਸਾਮਣੇ ਸ਼ਾਹਾਂ ਦੀ ਆੜ੍ਹਤ ਤੇ ਸਾਫ ਸਫਾਈ ਦਾ ਕੰਮ ਕਰਿਆ ਕਰਦਾ ਸੀ..ਇੱਕ ਦੋ ਵਾਰ ਡੇਹਰੀ ਤੇ ਆਇਆ ਆਪਣੀ ਨੌਕਰੀ ਦੀ ਕਹਾਣੀ ਜਿਹੀ ਪਾ ਬੈਠਾ..ਅਖ਼ੇ ਸਰਦਾਰ ਜੀ ਲੋੜ ਹੋਵੇ ਤਾਂ ਦੱਸਿਓਂ..ਕੰਮ ਚਾਹੀਦਾ ਏ..ਨਿੱਕੇ ਨਿੱਕੇ ਭੈਣ ਭਾਈਆਂ ਦੀ ਜੁੰਮੇਵਾਰੀ ਮੇਰੇ ਤੇ ਹੈ..ਪਿੱਛੇ ਜਿਹੇ ਹੀ ਮਾਂ ਮਰੀ ਏ..!
ਕੋਲ ਕੜਾਹੀ ਤੇ ਕੰਮ ਕਰਦਾ ਹਲਵਾਈ ਉਸਦਾ ਗਵਾਂਢੀ ਸੀ..ਅਕਸਰ ਆਖ ਦਿੰਦਾ..”ਸ਼ਾਹ ਜੀ ਹਾਅ ਗਲਤੀ ਨਾ ਕਰ ਬਹਿਓਂ..ਬੜੀ ਬੇ-ਇਤਬਾਰੀ ਵਾਲੀ ਉਮਰ ਹੁੰਦੀ ਏ..ਏਡੀ ਉਮਰ ਦੇ ਨਾ ਘਰ ਦੇ ਹੁੰਦੇ ਤੇ ਨਾ ਘਾਟ..ਉੱਤੋਂ ਥੋਨੂ ਪਹਿਲਾਂ ਵੀ ਕਿੰਨੀ ਵਾਰ ਹੱਥ ਲੱਗ ਚੁਕੇ ਨੇ..ਸੋਚ ਸਮਝ ਕੇ ਰਖਿਓ..ਜਿਸਨੂੰ ਵੀ ਰੱਖੋਗੇ..!
ਹਲਵਾਈ ਦੀ ਗੱਲ ਸੁਣ ਸਬਰ ਦਾ ਘੁੱਟ ਭਰਦਾ ਹੋਇਆ ਉਹ ਮੇਰਾ ਜਵਾਬ ਉਡੀਕੇ ਬਗੈਰ ਹੀ ਓਥੋਂ ਚਲਾ ਜਾਇਆ ਕਰਦਾ..!
ਉਸ ਦਿਨ ਵੀ ਸਵੇਰੇ ਸਵੇਰੇ ਗ੍ਰਾਹਕੀ ਦਾ ਸਿਖਰ..ਉੱਤੋਂ ਮੇਰਾ ਸਿਰ ਵੀ ਦੁਖੀ ਜਾ ਰਿਹਾ ਸੀ..!
ਅੱਜ ਫੇਰ ਓਹੀ ਮੁੰਡਾ ਮੁੱਠ ਵਿੱਚ ਇੱਕ ਨੋਟ ਫੜੀ ਸਭ ਤੋਂ ਅੱਗੇ ਖਲੋਤਾ ਕਦੇ ਦਾ ਕੁਝ ਆਖਣ ਦੀ ਕੋਸ਼ਿਸ਼ ਕਰ ਰਿਹਾ ਸੀ..ਪਰ ਕਾਵਾਂ ਰੌਲੀ ਵਿੱਚ ਕੁਝ ਵੀ ਸੁਣਿਆ ਨਹੀਂ ਸੀ ਜਾ ਰਿਹਾ..!
ਮੈਂ ਮਨ ਹੀ ਮਨ ਇਹ ਧਾਰਨਾ ਬਣਾ ਲਈ ਕੇ ਇਹ ਅੱਜ ਫੇਰ ਦਹੀਂ ਲੈਣ ਬਹਾਨੇ ਓਹੀ ਨੌਕਰੀ ਵਾਲੀ ਪੂਰਾਣੀ ਕਹਾਣੀ ਪਾ ਬੈਠੇਗਾ..!
ਇਸਤੋਂ ਪਹਿਲਾਂ ਕੇ ਮੈਂ ਕੁਝ ਆਖਦਾ..ਕੋਲ ਖੋਲਤੇ ਹਲਵਾਈ...
ਨੇ ਉਸਦੇ ਚੰਡ ਕੱਢ ਮਾਰੀ ਤੇ ਆਖਣ ਲੱਗਾ ਓਏ ਜਦੋਂ ਇੱਕ ਵਾਰ ਜੁਆਬ ਦੇ ਦਿੱਤਾ ਫੇਰ ਰੋਜ-ਰੋਜ ਤੰਗ ਕਰਨ ਕਿਓਂ ਆ ਜਾਨਾ ਏ..ਜਾ ਦੌੜ ਜਾ ਮੁੜਕੇ ਨਾ ਆਵੀਂ..ਸ਼ਾਹ ਜੀ ਵੱਲੋਂ ਵੀ ਸਮਝ ਪੱਕੀ ਨਾਂਹ ਹੀ ਏ!
ਹੱਕੇ ਬੱਕੇ ਜਿਹੇ ਹੋ ਗਏ ਨੇ ਛੇਤੀ ਨਾਲ ਇੱਕ ਹੱਥ ਆਪਣੀ ਲਾਲ ਹੋ ਗਈ ਗੱਲ੍ਹ ਤੇ ਰੱਖ ਲਿਆ ਤੇ ਦੂਜੇ ਨਾਲ ਮੁੱਠ ਵਿੱਚ ਫੜਿਆ ਪੰਜਾਹਾਂ ਦਾ ਨੋਟ ਮੇਰੇ ਵੱਲ ਵਧਾ ਦਿੱਤਾ..!
ਨਾਲ ਹੀ ਗਿੱਲੀਆਂ ਹੋ ਗਈਆਂ ਅੱਖਾਂ ਨਾਲ ਮੇਰੇ ਵੱਲ ਵੇਖਦਾ ਹੋਇਆ ਆਖਣ ਲੱਗਾ ਜੀ ਹੁਣੇ ਹੀ ਪੰਜਾਹਾਂ ਦਾ ਦਹੀਂ ਲੈ ਕੇ ਗਿਆ ਸਾਂ ਤੇ ਤੁਸੀਂ ਭਲੇਖੇ ਨਾਲ ਬਕਾਏ ਵਿਚ ਪੰਜਾਹ ਰੁਪਈਏ ਵਾਧੂ ਦੇ ਦਿੱਤੇ ਸਨ..ਮੈਂ ਤੇ ਅਹੁ ਪੰਜਾਹ ਮੋੜਨ ਆਇਆ ਸਾਂ..!
ਇਸ ਮਗਰੋਂ ਉਸਤੋਂ ਹੋਰ ਕੋਈ ਗੱਲ ਨਾ ਹੋਈ ਤੇ ਉਂਝ ਹੀ ਲਾਲ ਗੱਲ੍ਹ ਤੇ ਹੱਥ ਰੱਖੀ ਉਹ ਸਕਿੰਟਾਂ ਵਿੱਚ ਹੀ ਸਾਮਣੇ ਖਲੋਤੀ ਗ੍ਰਾਹਕਾਂ ਦੀ ਵੱਡੀ ਭੀੜ ਵਿਚ ਕਿਧਰੇ ਗਵਾਚ ਗਿਆ..!
ਕਾਲਜੇ ਨੂੰ ਧੂ ਜਿਹੀ ਪੈ ਗਈ..ਮੈਨੂੰ ਆਪਣੀ ਮਾਂ ਚੇਤੇ ਆ ਗਈ..ਜਿਸਨੇ ਮੈਨੂੰ ਪਹਿਲੀ ਵੇਰ ਸਕੂਲੋਂ ਪਈ ਪਹਿਲੀ ਚੁਪੇੜ ਮਗਰੋਂ ਕਿੰਨੀ ਦੇਰ ਆਪਣੀ ਬੁੱਕਲ ਵਿੱਚ ਲੁਕਾਈ ਰਖਿਆ ਸੀ..!
ਸੋਚੀਂ ਪੈ ਗਿਆ..ਇਹ ਵਿਚਾਰਾ ਪਤਾ ਨਹੀਂ ਹੁਣ ਕਿਸਦੀ ਬੁੱਕਲ ਵਿੱਚ ਜਾ ਕੇ ਸਿਰ ਲੁਕਾਵੇਗਾ..ਇਸਦੀ ਤੇ ਅਜੇ ਕੁਝ ਦਿਨ ਪਹਿਲਾਂ ਹੀ..!
ਮੈਂ ਪਹਿਲੀ ਵਾਰ ਪੈਸਿਆਂ ਵਾਲਾ ਗੱਲਾ ਉਂਝ ਦਾ ਉਂਝ ਹੀ ਖੁਲਾ ਛੱਡ ਉਸਦੇ ਮਗਰ ਨੂੰ ਹੋ ਤੁਰਿਆ..!
ਵਾਹੋਦਾਹੀ ਏਧਰ ਓਧਰ ਨੱਸੇ ਜਾਂਦੇ ਨੂੰ ਪਤਾ ਨਹੀਂ ਕਿਓਂ ਇੰਝ ਦਾ ਮਹਿਸੂਸ ਹੋ ਰਿਹਾ ਸੀ ਜਿੱਦਾਂ ਮੇਰੀ ਗਲਤੀ ਦਾ ਇਹਸਾਸ ਦਵਾਉਣ ਖੁਦ ਮੇਰੀਆਂ ਬਰੂਹਾਂ ਤੇ ਚੱਲ ਕੇ ਆਇਆ “ਮਸੂਮ” ਜਿਹਾ ਇੱਕ “ਰੱਬ” ਕਿਸੇ ਗੱਲੋਂ ਰੁੱਸ ਹਮੇਸ਼ਾਂ ਲਈ ਵਾਪਿਸ ਆਪਣੀ ਦੁਨੀਆ ਵਿਚ ਪਰਤ ਗਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ
Skha singh punjabi boy Singh
ਸਤਨਾਮ ਵਾਹਿਗੁਰੂ ਜੀ