ਪੀੜ੍ਹੀ
ਇਕ ਘਰ ਵਿਚ ਚਾਰ ਔਰਤਾਂ ਅਤੇ ਇੱਕ ਮਰਦ ਰਹਿੰਦੇ ਸਨ। ਉਨ੍ਹਾਂ ਦਾ, ਗੁਰੂ ਘਰ ਤੇ ਅਟੁੱਟ ਵਿਸ਼ਵਾਸ ਸੀ। ਇਸ ਲਈ ਉਹ ਆਪਣੇ ਘਰ ਵਿਚ ਨਿੱਤਨੇਮ, ਪੰਜ ਬਾਣੀਆਂ ਦਾ ਪਾਠ ਕਰਦੀਆਂ, ਗੁਰੂ ਘਰ ਵੀ ਜਾਂਦੀਆਂ ਤੇ ਸੇਵਾ ਕਰਦੀਆਂ। ਨਿੱਤ ਦਿਨ ਇਹ ਅਰਦਾਸ ਕਰਦੀਆਂ, ਵਾਹਿਗੁਰੂ ਸਾਡੇ ਘਰ ਦੀ ਪੀੜ੍ਹੀਆਂ ਤੋਂ ਤੁਰੀ ਆ ਰਹੀ ਲੀਹ ਤੋੜ, ਤੇ ਸਾਡੇ ਘਰ ਵਿੱਚ ਖੁਸ਼ੀਆਂ ਪਰਤ ਆਉਣ।
ਉਨ੍ਹਾਂ ਦੇ ਘਰ ਦੀ ਲੀਹ ਪੈ ਚੁੱਕੀ ਸੀ ਕਿ, ਜਦੋਂ ਲੜਕੇ ਦਾ ਵਿਆਹ ਹੁੰਦਾ, ਉਸ ਘਰ ਬੱਚਾ ਹੋਣ ਤੋਂ ਪਹਿਲਾਂ, ਉਸ ਲੜਕੇ ਦੀ ਮੌਤ ਹੋ ਜਾਂਦੀ। ਇਹ ਲਗਾਤਾਰ ਕਈ ਪੀੜ੍ਹੀਆਂ ਤੋਂ ਚਲਦਾ ਆ ਰਿਹਾ ਸੀ।
ਹੁਣ ਜਿਹੜਾ ਘਰ ਵਿੱਚ ਮਰਦ ਸੀ, ਉਸ ਨੂੰ ਘਰ ਦੀਆਂ ਔਰਤਾਂ ਨੇ ਸਲਾਹ ਕਰਕੇ ਫੌਜ ਵਿੱਚ ਭਰਤੀ ਕਰਵਾ ਦਿੱਤਾ, ਤਾਂ ਕਿ ਪਹਿਲਾਂ ਦੀ ਤਰ੍ਹਾਂ ਸਾਨੂੰ ਰੁਲਨਾ ਨਾ ਪਵੇ, ਚਲੋ ਪੈਨਸ਼ਨ ਤਾਂ ਮਿਲਦੀ ਰਹੇਗੀ। ਉਹ ਛੁੱਟੀ ਕਟ ਕੇ ਗਿਆ, ਉਧਰ ਉਸ ਦੀ ਪਤਨੀ ਦੀ ਕੁੱਖ ਵਿਚ ਬੱਚਾ ਵੀ ਸੀ।
ਉਹ ਸਾਰੀਆਂ, ਮਾਂ, ਦਾਦੀ, ਪੜਦਾਦੀ ਅਤੇ ਪਤਨੀ ਬੜੀ ਚਿੰਤਾ ਵਿਚ ਸਨ ਕਿ ਰੱਬ ਖੈਰ ਕਰੇ, ਇਸ ਦਾ ਸਮਾਂ ਵੀ ਸਿਰ ਆਣ ਪਹੁੰਚਿਆ ਹੈ। ਖ਼ਬਰਾਂ ਵਿਚ ਪਤਾ ਲੱਗਾ ਕਿ ਬਾਡਰ ਤੇ ਲੜਾਈ ਲੱਗ ਚੁੱਕੀ ਹੈ, ਜਿਸ ਬਟਾਲੀਅਨ ਵਿਚ ਉਹ ਨੌਕਰੀ ਕਰਦਾ ਸੀ, ਉਹ ਵੀ ਉਥੇ ਪਹੁੰਚ ਚੁੱਕੀ ਹੈ।
ਵੱਡੀ ਮਾਤਾ ਰੱਬ ਦਾ ਨਾਮ ਲੈ ਕੇ, ਬਾਡਰ ਤੇ ਜਾ ਪਹੁੰਚੀ। ਉਸ ਨੇ ਆਪਣੇ ਪੜਪੋਤੇ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਤਿੰਨ ਦਿਨ ਪਹਿਲਾਂ ਦਾ ਸ਼ਹੀਦ ਹੋ ਚੁੱਕਾ ਹੈ, ਉਸ ਦੇ ਮੋਰਚੇ ਤੇ ਬੰਬ ਡਿੱਗਣ ਕਾਰਨ ਉਹ ਮੋਰਚਾ ਢਹਿ ਚੁੱਕਾ ਹੈ।
ਮਾਤਾ...
ਨੇ ਤਰਲੇ ਮਿੰਨਤਾਂ ਕੀਤੀਆਂ ਕਿ ਮੈਂ ਉਸ ਦੀ ਲਾਸ਼ ਲੇਕੇ ਜਾਣਾ ਚਾਹੁੰਦੀ ਹਾਂ। ਉਨਾਂ ਮਾਤਾ ਨਾਲ ਦੋ ਜਵਾਨ ਭੇਜੇ। ਜਦੋਂ ਮੋਰਚੇ ਲਾਗੇ ਪਹੁੰਚੇ ਤਾਂ ਉਸ ਵਿਚੋਂ ਕਿਸੇ ਦੇ ਹੂਗਣ ਦੀ ਅਵਾਜ ਆਈ। ਉਨ੍ਹਾਂ ਸਾਰਾ ਮਲਬਾ ਪਾਸੇ ਕਰਕੇ ਜਦੋਂ ਦੇਖਿਆ ਤਾਂ ਮਾਤਾ ਦਾ ਪੜਪੋਤਾ ਜਿਊਂਦਾ ਸੀ, ਤੇ ਦੂਸਰੇ ਦੋਵੇਂ ਇਕ ਪਹਿਲੇ ਦਿਨ ਤੇ ਦੂਸਰਾ ਕੁਝ ਘੰਟੇ ਪਹਿਲਾਂ ਸ਼ਹੀਦ ਹੋ ਚੁੱਕੇ ਸਨ। ਉਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੋਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਪਹੁੰਚਾਈਆਂ ਗਈਆਂ। ਤੇ ਲੜਕੇ ਦਾ ਇਲਾਜ ਕਰਕੇ ਮਾਤਾ ਨਾਲ ਛੁੱਟੀ ਤੇ ਭੇਜ ਦਿੱਤਾ।
ਜਦੋਂ ਉਹ ਘਰ ਆਏ ਤਾਂ ਸਾਰੇ ਪਿੰਡ ਨੇ ਬੜੀ ਖੁਸ਼ੀ ਮਨਾਈ। ਪਰ ਇਹ ਚਾਰੇ ਅਜੇ ਵੀ ਉਦਾਸ ਸਨ। ਜਦੋਂ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ,ਉਸ ਨੂੰ ਵੀ ਜਿਊਂਦਾ ਦੇਖ ਕੇ ਸਾਰੀਆਂ ਨੇ ਰੱਬ ਦਾ ਸ਼ੁਕਰ ਮਨਾਇਆ। ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ। ਲੰਗਰ ਵਰਤਾਏ। ਤੇ ਵਹਿਗੁਰੂ ਜੀ ਦਾ ਪਲ ਪਲ ਸ਼ੁਕਰਾਨਾ ਕਰ ਰਹੀਆਂ ਸਨ।
ਥੋੜੇ ਸਮੇਂ ਬਾਅਦ ਉਸ ਦੇ ਘਰ ਇਕ ਹੋਰ ਪੁੱਤਰ ਨੇ ਜਨਮ ਲਿਆ। ਹੁਣ ਉਹ ਸਭ ਨੂੰ ਕਹਿ ਰਹੀਆ ਸਨ ਕਿ ਕਈ ਪੀੜ੍ਹੀਆਂ ਬਾਅਦ ਸਾਡੇ ਘਰ ਦੋ ਬੱਚੇ ਹੋਏ ਹਨ ਤੇ ਉਨ੍ਹਾਂ ਦਾ ਬਾਪ ਵੀ ਜਿਊਂਦਾ ਹੈ। ਰੱਬ ਨੇ ਸਾਡੀ ਸੁਣ ਲਈ ਹੈ। ਜਿਹੜਾ ਉਸ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝੇ, ਉਹ ਜ਼ਰੂਰ ਝੋਲੀਆਂ ਭਰਦਾ ਹੈ। ਜਿਵੇਂ ਉਸ ਨੇ ਸਾਡੀ ਲੀਹ ਤੋੜ ਕੇ ਨਵੀਂ ਲੀਹ ਖਿੱਚੀ ਹੈ।
ਬਲਵਿੰਦਰ ਕੌਰ, ਅੰਮ੍ਰਿਤਸਰ।