ਘਰ ਚ ਮੁੰਡੇ ਦੀ ਆਮਦ ਤੇ ਸਾਰੇ ਖੁਸ਼ ਸਨ ਪਰ ਸੰਦੀਪ ਦੇ ਚਿਹਰੇ ਤੇ ਫਿਕਰ ਦੇ ਭਾਵ ਉੱਕਰੇ ਹੋਏ ਸਨ।
ਸੰਦੀਪ ਦੀ ਸੱਸ ਆਖਣ ਲੱਗੀ ,”ਕਿਉਂ ਨਾ ਤੇਰਵੇਂ ਦਿਨ ਚੋਲਾ ਪਾ ਕੇ ਮੁੰਡੇ ਦਾ ਨਾਂ ਰੱਖ ਲੈਂਦੇ ਆਂ”……..ਨਾਲ ਈ ਲੱਗਦੇ ਹੱਥ ਵੱਡੀ ਦੇ ਮੁੰਡੇ ਦੀ ਦਸਤਾਰਬੰਦੀ ਵੀ ਉਸੇ ਦਿਨ ਕਰ ਲੈਨੇ ਆਂ।
… …ਸਭ ਨੇ ਸਹਿਮਤੀ ਪ੍ਰਗਟਾਈ ।ਦਾਦੀ ਨੂੰ ਦੋਹਰੀ ਖੁਸ਼ੀ ਹੋ ਗਈ…….ਪਰ ਸੰਦੀਪ ਨੂੰ ਫਿਕਰ ਲੱਗ ਗਿਆ ਕਿ ਜੇਠਾਣੀ ਦੇ ਪੇਕੇ ਤਾਂ ਕੋਈ ਸੋਨੇ ਦੀ ਚੀਜ਼ ਪਾਉਣਗੇ …….ਸੌਖੇ ਜੁ ਸਨ ……ਤੇ ਉਹਦੇ ਆਵਦੇ ਪੇਕਿਆਂ ਕੋਲੋਂ ਤਾਂ ਮਸਾਂ ਕੱਪੜੇ ਈ ਜੁੜਨੇ ਸਨ। ….ਇਕੋ ਦਿਨ ਦੋਨੋ ਕੰਮ ਨਹੀਂ ਹੋਣੇ ਚਾਹੀਦੇ ਸੀ ,ਓਹ੍ਹ ਮਨ ਵਿਚ ਈ ਬੁੜਬੁੜਾਈ...
।
ਚੋਲੇ ਤੋਂ ਇੱਕ ਰਾਤ ਪਹਿਲਾਂ ਈ ਸਿਰ ਦੇ ਸਾਈਂ ਨੇ ਉਹਨੂੰ ਇੱਕ ਨਿੱਕੀ ਜਿਹੀ ਡੱਬੀ ਦਿੱਤੀ ਤੇ ਕਿਹਾ ਕਿ…… ਇਹ ਕੱਲ ਆਪਣੀ ਮਾਂ ਨੂੰ ਫੜਾ ਦੇਈਂ ਚੁੱਪ ਚੁਪੀਤੇ।…… ਉਹਨਾਂ ਨੂੰ ਕਹਿ ਦੇਈਂ ਕਿ ਮੁੰਡੇ ਦੇ ਗਲ ਚ ਪਾ ਦੇਣ ਤੇ ….ਕਿਸੇ ਕੋਲ ਇਸਦਾ ਜ਼ਿਕਰ ਨਾ ਕਰਨ।
ਡੱਬੀ ਖੋਲ ਕੇ ਦੇਖੀ ਤਾਂ ਵਿੱਚ ਸੋਨੇ ਦੀ ਚੈਨੀ ਚਮਕ ਰਹੀ ਸੀ ……ਇਹ ਦੇਖ ਕੇ ਓਹਦਾ ਚਿਹਰਾ ਵੀ ਖੁਸ਼ੀ ਨਾਲ ਚਮਕ ਉਠਿਆ।
Kulwinder kaur