More Punjabi Kahaniya  Posts
ਸਿਵਿਆਂ ਵਾਲਾ ਪਿੱਪਲ


ਅੱਜ ਸਭ ਕੁਝ ਬਦਲ ਗਿਆ ਸੀ। ਸਾਰੇ ਰਿਸ਼ਤੇ ਨਾਤੇ ਬੇਬੇ ਬਾਪੂ ਤੋਂ ਮੰਮੀ ਡੈਡੀ,ਚਾਚਾ ਚਾਚੀ ਤੋਂ ਅੰਕਲ ਆਂਟੀ ਕੱਚੇ ਰਸਤਿਆਂ ਤੋਂ ਪੱਕੀਆਂ ਸੜਕਾਂ, ਟਾਂਗਿਆਂ ਤੋਂ ਬੱਸਾਂ ਕਾਰਾਂ,ਸਮੇਂ ਦੇ ਨਾਲ ਨਾਲ ਮੇਰਾ ਪਿੰਡ ‘ਤੇ ਮੈਂ ਵੀ ਬਿਲਕੁਲ ਬਦਲ ਚੁੱਕੇ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ,ਜਦੋਂ ਸਾਡੇ ਪਿੰਡ ਪੁੰਨਿਆਂ ਵਾਲੇ ਦਿਨ ਮੇਲਾ ਲੱਗਦਾ ਹੁੰਦਾ ਸੀ।ਉਸ ਸਮੇਂ ਤਾਂ ਬਾਪੂ ਤੋਂ ਪੰਜਾਹ ਪੈਸੇ ਲੈ ਕੇ ਮੇਲੇ ਵਿੱਚ ਪੂਰੀ ਐਸ਼ ਕਰਨੀ ਅਤੇ ਉੱਤੋਂ ਇੱਕੜ ਦੁੱਕੜ ਪੰਜੀਆਂ ਬੇਬੇ ਦੇ ਦਿੰਦੀ।
ਮੈਂ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਅਤੇ ਸਭ ਦਾ ਲਾਡਲਾ ਸੀ। ਬੱਸ ਇਸੇ ਕਰਕੇ ਬੇਬੇ ਜ਼ਿਆਦਾ ਪਿਆਰ ਮੈਨੂੰ ਹੀ ਕਰਦੀ।
ਸਾਡੇ ਪਿੰਡ ਸਿਵਿਆਂ ਦੇ ਕੋਲ ਇੱਕ ਭਾਰੀ ਪਿੱਪਲ ਸੀ, ਸਿਵੇ ਪਿੰਡ ਤੋਂ ਕਾਫੀ ਬਾਹਰ ਸਨ।ਪਰ ਉਹ ਪਿੱਪਲ ਇੰਨਾ ਵੱਡਾ ਸੀ ਕਿ ਪਿੰਡ ਦੇ ਹਰ ਘਰ ਦੀ ਛੱਤ ਉੱਤੋਂ ਖੜ੍ਹ ਕੇ ਦਿੱਸ ਜਾਂਦਾ।ਉਸ ਪਿੱਪਲ ਬਾਰੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਇਸ ਪਿੱਪਲ ਉੱਪਰ ਭੂਤਾਂ ਪ੍ਰੇਤਾਂ ਦਾ ਵਾਸਾ ਹੈ।ਪਿੰਡ ਵਿੱਚ ਜਿਹੜਾ ਵੀ ਬੰਦਾ ਬੁੜੀ ਮਰ ਜਾਂਦਾ ਉਹ ਇਸ ਪਿੱਪਲ ਉੱਪਰ ਭੂਤ ਬਣ ਡੇਰੇ ਲਾ ਲੈਂਦਾ।
ਬੱਸ ਏਸੇ ਕਰਕੇ ਉਸ ਪਿੱਪਲ ਵੱਲ ਲੋਕਾਂ ਦੀ ਆਉਣੀ ਜਾਣੀ ਬਹੁਤ ਘੱਟ ਸੀ।ਦਿਨ ਵੇਲੇ ਵੀ ਜੇਕਰ ਕਿਸੇ ਨੇ ਜਾਣਾ ਤਾਂ ਦੋ ਚਾਰਾਂ ਨੇ ਰਲ ਕੇ ਹੀ ਜਾਣਾ, ਪਰ ਰਾਤ ਨੂੰ ਕੋਈ ਨਹੀਂ ਸੀ ਜਾਂਦਾ।
ਮੇਰੀ ਬੇਬੇ ਨੇ ਮੇਰੇ ਗੁੱਟ ਵਿੱਚ ਲੋਹੇ ਦਾ ਕੜਾ ਪਾਇਆ ਹੋਇਆ ਸੀ ‘ਤੇ ਜਦੋਂ ਮੈਂ ਪੁੱਛਣਾ ਬੇਬੇ ਇਹ ਕੜਾ ਕਿਉਂ ਪਾਇਆ ਹੈ? ਤਾਂ ਬੇਬੇ ਨੇ ਕਹਿਣਾ “ਪੁੱਤ ਲੋਹੇ ਦੇ ਕੜੇ ਤੋਂ ਭੂਤਾਂ ਬਹੁਤ ਡਰਦੀਆਂ ਨੇ ਬੱਸ ਇਸੇ ਕਰਕੇ ‘ਤੇ ਫਿਰ ਮੈਂ ਲੋਹੇ ਦੇ ਕੜੇ ਵੱਲ ਹੀ ਵੇਖੀ ਜਾਣਾ ਕਿ ਅਜਿਹੀ ਕਿਹੜੀ ਗੱਲ ਹੈ ਇਸ ਵਿੱਚ ਕੇ ਇਸ ਤੋਂ ਭੂਤਾਂ ਭੂਤਨੀਆਂ ਡਰਦੀਆਂ ਹਨ।
ਸਾਡੀ ਬੇਬੇ ਸਾਨੂੰ ਕਦੇ ਵੀ ਉਸ ਪਿੱਪਲ ਵੱਲ ਨਾ ਜਾਣ ਦਿੰਦੀ। ਬੇਬੇ ਦੱਸਦੀ ਹੁੰਦੀ ਸੀ ਕਿ ਉਸ ਪਿੱਪਲ ਉੱਪਰ ਰੱਖੋ ‘ਤੇ ਕਰਤਾਰੀ ਦਾ ਭੂਤ ਰਹਿੰਦਾ ਹੈ।
ਜੋ ਛੋਟੇ ਬੱਚਿਆਂ ਨੂੰ ਚੁੱਕ ਕੇ ਆਪਣੇ ਨਾਲ ਪਿੱਪਲ ‘ਤੇ ਲੈ ਜਾਂਦੇ ਨੇ’ ਭਾਵੇਂ ਇਹ ਸਭ ਕਾਲਪਨਿਕ ਗੱਲਾਂ ਹੀ ਸੀ,ਬੇਬੇ ਸਾਨੂੰ ਡਰਾਉਂਦੀ ਸੀ ਕਿ ਅਸੀਂ ਉਸ ਪਿੱਪਲ ਵੱਲ ਨਾ ਜਾਈਏ, ਪਰ ਉਸ ਸਮੇਂ ਸੱਚਮੁੱਚ ਇਹ ਕਾਲਪਨਿਕ ਗੱਲਾਂ ਅਸਲੀਅਤ ਵਾਂਗ ਲੱਗਦੀਆਂ।
ਜਦੋਂ ਕਦੇ ਰਾਤ ਨੂੰ ਪਿੱਪਲ ਵਾਲੀ ਗੱਲ ਯਾਦ ਆ ਜਾਣੀ ਤਾਂ ਮੈਂ ਉੱਠ ਕੇ ਬੇਬੇ ਨਾਲ ਪੈ ਜਾਣਾ ਬੇਬੇ ਵੀ ਸਮਝ ਜਾਂਦੀ ਸੀ ‘ਤੇ ਫਿਰ ਬੇਬੇ ਮੈਨੂੰ ਘੁੱਟ ਕੇ ਜੱਫੀ ਪਾ ਲੈਂਦੀ ‘ਤੇ ਫਿਰ ਮੈਨੂੰ ਨੀਂਦ ਆ ਜਾਣੀ।
ਸਾਡੇ ਪਿੰਡ ਸਵੇਰੇ ਹੀ ਗੁਰਦੁਆਰੇ ਵਾਲਾ ਪਾਠੀ ਪਾਠ ਕਰਨਾ ਸ਼ੁਰੂ ਕਰ ਦਿੰਦਾ ਸੀ। ਮੇਰੀ ਬੇਬੇ ਬਹੁਤ ਧਾਰਮਿਕ ਖਿਆਲਾਂ ਵਾਲੀ ਸੀ ‘ਤੇ ਪਾਠੀ ਦੀ ਆਵਾਜ਼ ਸੁਣ ਕੇ ਜਾਗ ਜਾਂਦੀ ‘ਤੇ ਚੁੱਲ੍ਹੇ ‘ਤੇ ਚਾਹ ਧਰ ਕੇ ਮੈਨੂੰ ਵੀ ਉਠਾ ਦਿੰਦੀ। ਕਿਉਂਕਿ ਮੈਂ ਵੀ ਹਰ ਰੋਜ਼ ਬੇਬੇ ਨਾਲ ਗੁਰਦੁਆਰੇ ਮੱਥਾ ਟੇਕਣ ਜਾਂਦਾ ਹੁੰਦਾ ਸੀ।
ਸਿਵਿਆਂ ਵਾਲਾ ਪਿੱਪਲ ਸਾਡੇ ਸਕੂਲ ਤੋਂ ਥੋੜ੍ਹੀ ਹੀ ਦੂਰ ਸੀ ‘ਤੇ ਜੇਕਰ ਕਦੇ ਕਿਸੇ ਬੱਚੇ ਨੇ ਸਕੂਲ ਦਾ ਕੰਮ ਨਾ ਕਰਨਾ ਤਾਂ ਮਾਸਟਰਾਂ ਨੇ ਕਹਿਣਾ,”ਜੇਕਰ ਕੱਲ੍ਹ ਨੂੰ ਸਕੂਲ ਦਾ ਕੰਮ ਨਾ ਕੀਤਾ ਤਾਂ ਉਹ ਪਿੱਪਲ ਦੇ ਥੱਲੇ ਛੱਡ ਆਵਾਂਗੇ ‘ਤੇ ਇਸ ਤਰ੍ਹਾਂ ਅਸੀਂ ਡਰਦੇ ਮਾਰੇ ਹਰ ਰੋਜ਼ ਸਕੂਲ ਦਾ ਕੰਮ ਕਰਦੇ।
ਮੈਨੂੰ ਯਾਦ ਹੈ ਮੈਂ ਆਪਣੇ ਪੰਜਾਬੀ ਵਾਲੇ ਮਾਸਟਰ ਗੁਰਮੇਲ ਸਿੰਘ ਨੂੰ ਪੁੱਛਿਆ ਸੀ ਕਿ ਮਾਸਟਰ ਜੀ ਸੱਚਮੁੱਚ ਉਸ ਸਿਵਿਆਂ ਵਾਲੇ ਪਿੱਪਲ ਉੱਪਰ ਭੂਤਾਂ ਰਹਿੰਦੀਆਂ ਹਨ ਤਾਂ ਮਾਸਟਰ ਜੀ ਨੇ ਮੈਨੂੰ ਪਿਆਰ ਨਾਲ ਸਮਝਾਇਆ ਕਿ ਭੂਤਾਂ ਪ੍ਰੇਤਾਂ ਕੁਝ ਵੀ ਨਹੀਂ ਹੁੰਦੀਆਂ ਇਹ ਸਭ ਸਾਡੇ ਮਨ ਦਾ ਵਹਿਮ ਹੁੰਦਾ ਹੈ।ਪਰ ਮਾਸਟਰ ਜੀ, ਬੇਬੇ ਦੱਸਦੀ ਹੁੰਦੀ ਆ ਕੇ ਪਿੱਪਲ ਉੱਪਰ ਰੱਖੋ ‘ਤੇ ਕਰਤਾਰੀ ਦਾ ਭੂਤ ਰਹਿੰਦਾ ਹੈ।ਜੋ ਛੋਟੇ ਬੱਚਿਆਂ ਨੂੰ ਚੁੱਕ ਕੇ ਪਿੱਪਲ ਉੱਪਰ ਲੈ ਜਾਂਦੇ ਹਨ। ਇਹ ਸੁਣ ਕੇ ਮਾਸਟਰ ਜੀ ਬਹੁਤ ਹੱਸੇ ‘ਤੇ ਕਹਿਣ ਲੱਗੇ ਕਿ ਤੂੰ ਹਾਲੇ ਨਿਆਣਾ ਏਂ ਜਦੋਂ ਵੱਡਾ ਹੋ ਗਿਆ ਆਪੇ ਪਤਾ ਲੱਗ ਜਾਵੇਗਾ ਕਿ ਭੂਤਾਂ ਪ੍ਰੇਤਾਂ ਕੁਝ ਵੀ ਨਹੀਂ ਹੁੰਦੀਆਂ।
ਸਾਡੇ ਪਿੰਡ ਵਿੱਚ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਨਹੀਂ ਸੀ ‘ਤੇ ਨਾ ਹੀ ਸਾਡੇ ਪਿੰਡ ਨੂੰ ਸਰਕਾਰ...

ਵੱਲੋਂ ਕੋਈ ਸਹੂਲਤ ਸੀ।ਸਾਰੇ ਪਿੰਡ ਦੀਆਂ ਗਲੀਆਂ ਕੱਚੀਆਂ ਸਨ। ਜੇਕਰ ਕਿਸੇ ਨੇ ਜਾਣਾ ਤਾਂ ਪੈਦਲ ਜਾਂ ਫਿਰ ਟਾਂਗੇ ‘ਤੇ
ਪਿੰਡ ਵਿੱਚ ਟੀ ਵੀ ਕਿਸੇ ਦੇ ਵੀ ਨਹੀਂ ਸੀ, ਸਿਰਫ ਰੇਡੀਓ ਸੀ, ਉਹ ਵੀ ਟਾਵੇਂ ਟੱਲੇ ਕੋਲ ਹੀ ਸੀ। ਪਿੰਡ ਵਿੱਚ ਕੋਈ ਚੰਗੇ ਸਕੂਲ ਦਾ ਪ੍ਰਬੰਧ ਨਹੀਂ ਸੀ ਜਿਸ ਕਰਕੇ ਜ਼ਿਆਦਾਤਰ ਲੋਕ ਅਨਪੜ੍ਹ ਹੋਣ ਕਰਕੇ ਬਹੁਤ ਅੰਧ ਵਿਸ਼ਵਾਸੀ ਬਣ ਚੁੱਕੇ ਸੀ। ਬੱਸ ਇਸੇ ਕਰਕੇ ਲੋਕ ਉਸ “ਸਿਵਿਆਂ ਵਾਲੇ ਪਿੱਪਲ” ਦਾ ਡਰ ਮੰਨਦੇ ਸਨ।
ਪਰ ਮੇਰੇ ਮਨ ਵਿੱਚ ਸਾਰਾ ਦਿਨ ਸਵਾਲ ਚੱਲਦੇ ਰਹਿੰਦੇ ਕਿ ਇਹ ਭੂਤਾਂ ਕਿਹੋ ਜਿਹੀਆਂ ਹੁੰਦੀਆਂ ਨੇ
ਜਦੋਂ ਗਰਮੀਆਂ ਦੀ ਰੁੱਤ ਹੁੰਦੀ ਤਾਂ ਤੇਜ਼ ਹਵਾ ਚੱਲਣ ਨਾਲ ਪਿੱਪਲ ਦੇ ਪੱਤਿਆਂ ਦੀ ਖੜ ਖੜ ਹੋਣ ਲੱਗ ਪੈਂਦੀ ‘ਤੇ ਕਈ ਵਾਰ ਉਹ ਆਵਾਜ਼ ਪਿੰਡ ਵਿੱਚ ਵੀ ਮੱਧਮ ਜਿਹੀ ਸੁਣਦੀ ‘ਤੇ ਲੋਕਾਂ ਨੇ ਕਹਿਣਾ ਕੇ ਭੂਤਨੀਆਂ ਪਿੱਪਲ ਉੱਪਰ ਨੱਚ ਰਹੀਆਂ ਹਨ। ਭਾਵੇਂ ਮੈਂ ਬਹੁਤ ਛੋਟਾ ਸੀ ‘ਤੇ ਭੂਤਾਂ ਤੋਂ ਡਰਦਾ ਸੀ।
ਪਰ ਉਸ ਪਿੱਪਲ ਬਾਰੇ ਜਾਨਣ ਦੀ ਇੱਛਾ ਇੱਕ ਦਿਨ ਮੈਨੂੰ ਸਿਵਿਆਂ ਵਾਲੇ ਪਿੱਪਲ ਕੋਲ ਲੈ ਹੀ ਗਈ।
ਮੈਂ ਹੌਲੀ ਹੌਲੀ ਪਿੱਪਲ ਦੇ ਥੱਲੇ ਚਲਾ ਗਿਆ। ਪਿੱਪਲ ਇੰਨਾ ਸੰਘਣਾ ਸੀ ਕਿ ਸੂਰਜ ਦੀ ਇੱਕ ਵੀ ਕਿਰਨ ਉਸ ਵਿੱਚ ਦੀ ਨਹੀਂ ਸੀ ਲੰਘ ਰਹੀ।ਦਿਨ ਵੇਲੇ ਵੀ ਉਸ ਦੀ ਛਾਂ ਰਾਤ ਵਾਂਗ ਸੀ।
ਮੈਂ ਜਦੋਂ ਹੋਰ ਥੋੜ੍ਹਾ ਅਗਾਂਹ ਹੋਇਆ ਤਾਂ ਅਚਾਨਕ ਇੱਕ ਚਮਗਿੱਦੜ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ,ਮੈਂ ਬਹੁਤ ਡਰ ਗਿਆ।ਜਦ ਮੈਂ ਪਿੱਪਲ ਦੇ ਉੱਪਰ ਵੱਲ ਦੇਖਿਆ ਤਾਂ ਅਨੇਕਾਂ ਹੀ ਚਮਗਿੱਦੜ ਉਲਟੇ ਲਮਕ ਰਹੇ ਸੀ।
ਸ਼ਾਇਦ ਉਹ ਚਮਗਿੱਦੜ ਮੇਰੇ ਤੋਂ ਡਰਦੇ ਹੀ ਚੀਕ ਚਿਹਾੜਾ ਪਾਉਣ ਲੱਗੇ।ਪਰ ਮੈਨੂੰ ਇਸ ਤਰ੍ਹਾਂ ਲੱਗਣ ਲੱਗਾ ਕੇ ਰੱਖੋ ਤੇ ਕਰਤਾਰੀ ਦਾ ਭੂਤ ਮੈਨੂੰ ਪਿੱਪਲ ਉੱਪਰ ਲੈ ਜਾਵੇਗਾ।
ਮੈਂ ਚੀਕਾਂ ਮਾਰਦਾ ਹੋਇਆ ਉਥੋਂ ਭੱਜ ਆਇਆ ‘ਤੇ ਸਿੱਧਾ ਬੇਬੇ ਦੀ ਬੁੱਕਲ ਵਿੱਚ ਆ ਕੇ ਡਿੱਗ ਪਿਆ।ਮੈਨੂੰ ਯਾਦ ਹੈ ਉਸ ਘਟਨਾ ਤੋਂ ਬਾਅਦ ਮੈਨੂੰ ਪੂਰਾ ਇੱਕ ਹਫਤਾ ਬੁਖਾਰ ਚੜ੍ਹਦਾ ਰਿਹਾ ‘ਤੇ ਮੇਰੇ ਮੂੰਹੋਂ ਸੁੱਤੇ ਪਏ ਦੇ ਇਹੋ ਨਿਕਲਦਾ
ਕੇ ਪਿੱਪਲ ‘ਤੇ ਰੱਖੋ ‘ਤੇ ਕਰਤਾਰੀ ਦਾ ਭੂਤ ਮੈਨੂੰ ਲੈ ਜਾਵੇਗਾ ‘ਤੇ ਫੇਰ ਮੇਰੀ ਬੇਬੇ ਨੇ ਕਹਿਣਾ,” ਪੁੱਤ ਕੋਈ ਭੂਤ ਭਾਤ ਨੀ ਹੁੰਦਾ। ਕਿਸੇ ਭੂਤ ਦੀ ਕੀ ਹਿੰਮਤ ਜਿਹੜਾ ਮੇਰੇ ਲਾਲ ਨੂੰ ਮੇਰੇ ਕੋਲੋਂ ਲੈ ਜਾਵੇ ‘ਤੇ ਫਿਰ ਬੇਬੇ ਨੇ ਮੈਨੂੰ ਘੁੱਟ ਕੇ ਹਿੱਕ ਨਾਲ ਲਾ ਲੈਣਾ। ਕੁਝ ਦਿਨਾਂ ਵਿੱਚ ਹੀ ਮੇਰਾ ਬੁਖ਼ਾਰ ਬਿਲਕੁਲ ਠੀਕ ਹੋ ਗਿਆ ‘ਤੇ ਮੈਂ ਫਿਰ ਕਦੇ ਵੀ ਉਸ “ਸਿਵਿਆਂ ਵਾਲੇ ਪਿੱਪਲ” ਵੱਲ ਮੂੰਹ ਨਾ ਕੀਤਾ।
ਪਰ ਅੱਜ ਸਭ ਕੁਝ ਬਦਲ ਗਿਆ ਸੀ
ਕੱਚਿਆਂ ਰਸਤਿਆਂ ਤੋਂ ਪੱਕੀਆਂ ਸੜਕਾਂ ਟਾਂਗਿਆਂ ਤੋਂ ਬੱਸਾਂ ਕਾਰਾਂ ਸਮੇਂ ਦੇ ਨਾਲ ਨਾਲ ਮੈਂ ‘ਤੇ ਮੇਰਾ ਪਿੰਡ ਵੀ।
ਅੱਜ ਮੈਂ ਕਈ ਸਾਲਾਂ ਬਾਅਦ ਆਪਣੇ ਪਿੰਡ ਆਇਆ ਸੀ। ਮੇਰਾ ਸਕੂਲ ਅੱਜ ਵੱਡਾ ਸਕੂਲ ਬਣ ਗਿਆ ਹੈ। ਪਿੰਡ ਦੀਆਂ ਕੱਚੀਆਂ ਗਲੀਆਂ ਸੜਕਾਂ ਵਿਚ ਤਬਦੀਲ ਹੋ ਚੁੱਕੀਆਂ ਸਨ।
ਪਰ ਮੈਂ ਸਭ ਤੋਂ ਪਹਿਲਾਂ ਉਸ ਸਿਵਿਆਂ ਵਾਲੇ ਪਿੱਪਲ ਕੋਲ ਗਿਆ। ਜਿਸ ਨੂੰ ਮੈਂ ਕਦੇ ਨਹੀਂ ਭੁੱਲ ਸਕਿਆ।
ਮੈਂ ਉਹ ਨਜ਼ਾਰਾ ਦੇਖ ਬੇਹੱਦ ਹੈਰਾਨ ਸੀ।ਹੁਣ ਉਹ “ਸਿਵਿਆਂ ਵਾਲਾ ਪਿੱਪਲ” ਨਹੀਂ ਸੀ ਰਿਹਾ। ਉਸ ਦੇ ਆਸੇ ਪਾਸੇ ਇੱਟਾਂ ਦਾ ਪੱਕਾ ਥੜਾ ਬਣ ਗਿਆ ਸੀ।ਜਿਸ ਉੱਪਰ ਪਿੰਡ ਦੇ ਬਜ਼ੁਰਗ ਬੈਠ ਕੇ ਤਾਸ਼ ਖੇਡ ਰਹੇ ਸੀ।
ਹੁਣ ਉਸ ਪਿੱਪਲ ਦੇ ਟਾਹਣਿਆਂ ਨਾਲ ਚਮਗਿੱਦੜ ਨਹੀਂ ਲਮਕ ਰਹੇ ਸੀ। ਸਗੋਂ ਪਿੰਡ ਦੀਆਂ ਕੁੜੀਆਂ ਨੇ ਪੀਂਘਾਂ ਪਾ ਲਈਆਂ ਸੀ ‘ਤੇ ਉਸ ਪਿੱਪਲ ਦੀ ਠੰਢੀ ਛਾਂ ਹੇਠ ਚਰਖੇ ਕੱਤ ਰਹੀਆਂ ਸੀ ‘ਤੇ ਮੈਂ ਉੱਥੇ ਕਿੰਨਾ ਸਮਾਂ ਖੜਾ ਸੋਚਦਾ ਰਿਹਾ ਕਿ ਇਹ ਉਹੀ “ਸਿਵਿਆਂ ਵਾਲਾ ਪਿੱਪਲ” ਹੈ। ਜਿਸ ਉੱਪਰ ਭੂਤਨੀਆਂ ਰਹਿੰਦੀਆਂ ਸਨ।
ਕੁਲਵੰਤ ਘੋਲੀਆ
95172-90006

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)