ਸੱਚਾ ਸੁੱਖ
” ਲੋ ਸਰਦਾਰ ਜੀ, ਕਰਤਾ ਥੋੜਾ ਅੱਜ ਦਾ ਸਾਰਾ ਕੰਮ, ਹੁਣ ਮੈਂ ਤੜਕੇ ਫੇਰ ਆਜੂ ਤੇ ਰਹਿੰਦਾ ਕੰਮ ਨਿਬੇੜ ਦੂ। ਹੁਣ ਮੇਰੀ ਮਜ਼ਦੂਰੀ ਦੇ ਦੋ, ਨੇਰਾ ਹੋਣ ਲੱਗੇ ਤੇ ਮੈਂ ਸੌਦਾ ਪੱਤਾ ਲੈ ਕੇ ਘਰ ਵੀ ਜਾਣੈ।’ ਬਿੰਦਰ ਮਜ਼ਦੂਰ ਨੇ ਕੱਪੜੇ ਝਾੜਦਿਆ ਹਰਵੀਰ ਸਿੰਘ ਜ਼ੈਲਦਾਰ ਨੂੰ ਕਿਹਾ।
ਹਰਵੀਰ ਨੇ ਉਸ ਵੱਲ ਦੇਖਦਿਆਂ ਸੌ ਰੁਪਏ ਦਾ ਨੋਟ ਕੱਢ ਕੇ ਉਸਨੂੰ ਫੜਾ ਦਿੱਤਾ।
” ਇਹ ਕੀ ਸਰਦਾਰ ਜੀ, ਮਜ਼ਦੂਰੀ ਤਾ ਡੂਢ ਸੌ ਬਣਦੀ ਐ ਨਾ’ ਬਿੰਦਰ ਬੋਲਿਆ।
‘ ਡੇਢ ਸੌ? ਉਹ ਤਾਂ ਸਾਰੇ ਦਿਨ ਦੀ ਮਜ਼ਦੂਰੀ ਹੁੰਦੀ ਹੈ ਤੇ ਤੂੰ ਤਾਂ ਅੱਜ ਦੋ ਘੰਟੇ ਕੰਮ ਤੇ ਲੇਟ ਆਇਆ, ਏਨੀ ਹੀ ਮਿਲੂ।” ਹਰਵੀਰ ਨੇ ਰੋਅਬ ਨਾਲ ਕਿਹਾ।
” ਉਹ ਤਾਂ ਸਰਦਾਰ ਜੀ, ਅੱਜ ਮੇਰਾ ਮੁੰਡਾ ਬਿਮਾਰ ਹੋ ਗਿਆ ਤਾਂ ਉਹਨੂੰ ਲੈ ਕੇ ਡਾਕਟਰ ਦੇ ਜਾਣਾ ਪਿਆ, ਇਸ ਲਈ ਮੈਂ ਲੇਟ ਹੋ ਗਿਆ। ਡਾਕਟਰ ਕਹਿੰਦਾ ਵੀ ਮੇਰੇ ਮੁੰਡੇ ਨੂੰ ਨਿਮਣੀਆ ਹੋ ਗਿਆ। ਉਹਦੇ ਲਾਜ ਵਾਸਤੇ ਵੀ ਪੈਸੇ ਚਾਹੀਦੇ ਆ। ਤੁਸੀਂ ਮੈਨੂੰ ਅੱਜ ਮੇਰੀ ਪੂਰੀ ਮਜ਼ਦੂਰੀ ਦੇ ਦੋ, ਮੈਂ ਕੱਲ ਛੇਤੀ ਆਜੂ।” ਬਿੰਦਰ ਨੇ ਗਿੜਗਿੜਾਉਦਿਆ ਕਿਹਾ।
” ਫੇਰ ਮੈਂ ਕੀ ਕਰਾਂ ਜੇ ਤੇਰਾ ਮੁੰਡਾ ਬਿਮਾਰ ਹੋ ਗਿਆ? ਮੈਂ ਤੇਰੇ ਮੁੰਡੇ ਦਾ ਇਲਾਜ ਕਰਾਉਣ ਦਾ ਠੇਕਾ ਨਹੀਂ ਲਿਆ।” ਹਰਵੀਰ ਗੁੱਸੇ ਨਾਲ ਬੋਲਿਆ।
ਹਰਵੀਰ ਦਾ ਪੰਜ ਸਾਲ ਦਾ ਪੁੱਤਰ ਪ੍ਰਿੰਸ ਕੋਲ ਬੈਠਾ ਸਭ ਕੁਝ ਦੇਖ ਰਿਹਾ ਸੀ। ਉਹ ਉਠਿਆ ਤੇ ਬਿੰਦਰ ਕੋਲ ਜਾ ਕੇ ਆਪਣੀ ਜੇਬ ਵਿਚ ਪੰਜਾਹ ਰੁਪਏ ਦਾ ਨੋਟ ਕੱਢਦੇ ਹੋਏ ਬੋਲਿਆ,” ਅੰਕਲ ਜੀ, ਇਹ ਲਉ ਪੰਜਾਹ ਰੁਪਏ। ਇਹ ਪੈਸੇ ਡੈਡੀ ਨੇ ਮੈਨੂੰ ਸਵੇਰੇ ਦਿੱਤੇ ਸੀ ਤੇ...
ਕਿਹਾ ਸੀ ਕਿ ਸ਼ਾਮ ਨੂੰ ਗੁਰੂਦੁਆਰੇ ਜਾ ਕੇ ਇਹਨਾਂ ਨਾਲ ਮੱਥਾ ਟੇਕ ਆਵੀਂ, ਤੈਨੂੰ ਪੁੰਨ ਲੱਗੇਗਾ ਤੇ ਸੁਖ ਮਿਲੇਗਾ।”
” ਤਾਂ ਪੁੱਤਰ ਤੂੰ ਇਹਨਾਂ ਨਾਲ ਗੁਰੂਦੁਆਰੇ ਜਾ ਕੇ ਮੱਥਾ ਟੇਕ ਆ।” ਬਿੰਦਰ ਨੇ ਪਿਆਰ ਨਾਲ ਪ੍ਰਿੰਸ ਦੇ ਸਿਰ ਤੇ ਹੱਥ ਰੱਖਦਿਆ ਕਿਹਾ।
” ਨਹੀਂ ਅੰਕਲ ਜੀ, ਸਾਡੇ ਮੈਡਮ ਕਹਿੰਦੇ ਸੀ ਕਿ ਦੂਜਿਆਂ ਦੀ ਸਹਾਇਤਾ ਕਰਨਾ ਹੀ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਤੇ ਦੂਜਿਆਂ ਨੂੰ ਖੁਸ਼ੀ ਤੇ ਮੁਸਕਾਨ ਦੇ ਕੇ ਹੀ ਸੱਚਾ ਸੁਖ ਮਿਲਦਾ ਹੈ।” ਪ੍ਰਿੰਸ ਬਿੰਦਰ ਦੇ ਹੱਥ ਵਿੱਚ ਪੈਸੇ ਦਿੰਦਿਆਂ ਬੋਲਿਆ।
ਆਪਣੇ ਛੋਟੇ ਜਿਹੇ ਪੁੱਤਰ ਦੇ ਮੂੰਹੋਂ ਇੰਨੀਆਂ ਵਧੀਆ ਗੱਲਾ ਸੁਣ ਕੇ ਹਰਵੀਰ ਦਾ ਗਲਾ ਭਰ ਆਇਆ। ਉਸਨੇ ਤੁਰੰਤ ਆਪਣੀ ਜੇਬ ‘ਚੋਂ ਹਜ਼ਾਰ ਰੁਪਏ ਕੱਢੇ ਤੇ ਬਿੰਦਰ ਨੂੰ ਦਿੰਦਿਆ ਕਿਹਾ,’ ਤੇਰੇ ਮੁੰਡੇ ਦੇ ਇਲਾਜ ਦਾ ਸਾਰਾ ਖਰਚਾ ਮੈਂ ਕਰਾਂਗਾ, ਤੂੰ ਫਿਕਰ ਨਾ ਕਰ ਤੇ ਛੇਤੀ ਦਵਾਈ ਲੈ ਕੇ ਘਰ ਜਾ। ਮੈਨੂੰ ਮੇਰੀ ਭੁੱਲ ਦਾ ਅਹਿਸਾਸ ਹੋ ਗਿਆ ਹੈ।” ਬਿੰਦਰ ਖੁਸ਼ੀ ਖੁਸ਼ੀ ਪੈਸੇ ਲੈ ਕੇ ਅਸੀਸਾਂ ਦਿੰਦਾ ਘਰ ਚਲਾ ਗਿਆ।
ਪ੍ਰਿੰਸ ਬੋਲਿਆ,’ ਡੈਡੀ ਅੰਕਲ ਦੀ ਮਦਦ ਕਰਕੇ ਮੈਨੂੰ ਸੱਚੇ ਸੁਖ ਦਾ ਆਨੰਦ ਮਿਲ ਰਿਹਾ ਹੈ।”
‘ਹਾ ਬੇਟਾ, ਤੂੰ ਸਹੀ ਕਹਿੰਦਾ ਸੀ ਕਿ ਦੂਜਿਆਂ ਨੂੰ ਖੁਸ਼ੀ ਦੇਣ ਵਿਚ ਹੀ ਅਸਲ ਸੁਖ ਤੇ ਪੁੰਨ ਹੈ।’ ਹਰਵੀਰ ਬੋਲਿਆ ਤੇ ਉਸਨੇ ਪ੍ਰਿੰਸ ਨੇ ਗਲੇ ਨਾਲ ਲਗਾ ਲਿਆ।
—— ਕੰਚਨ ਬਾਂਸਲ