More Punjabi Kahaniya  Posts
ਫਰੇਬ ਕਿਸ਼ਤ – 3


ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਕਿਸ਼ਤ – 3
ਲੇਖਕ – ਗੁਰਪ੍ਰੀਤ ਸਿੰਘ ਭੰਬਰ

“ਹੈਲੋ!”
“ਹੈਲੋ ਜੀ!”
“ਸਿਵਾਨੀ ਨਾਮ ਹੈ ਤੁਹਾਡਾ?”
“ਹਾਂਜੀ”
“ਮੇਰਾ ਨਾਮ ਜੈਲਦਾਰ ਹੈ”।
“ਓ! ਬੜਾ ਦਮਦਾਰ ਨਾਮ ਹੈ ਤੁਹਾਡਾ!”
“ਹਾ!! ਹਾ!! ਥੈਂ!ਕ! ਜੂ”।
ਇਕ ਦਿਨ ਜੈਲਦਾਰ ਨੇ ਐਵੇਂ ਈ ਇਕ ਕੁੜੀ ਦਾ ਫੇਸਬੁੱਕ ਅਕਾਂਊਟ ਖੋਲਿਆ ਤਾਂ ਦੇਖਿਆ ਕਿ ਉਸਨੂੰ ਇਕ ਕੁੜੀ ਦੀ ਦੋਸਤੀ ਲਈ ਗੁਜ਼ਾਰਿਸ਼ ਆਈ ਹੋਈ ਹੈ। ਜਿਸਨੂੰ ਫੇਸਬੁਕ ਦੀ ਭਾਸ਼ਾ ਵਿੱਚ ਫਰੈਂਡ ਰਿਕਵੈਸਟ ਕਹਿੰਦੇ ਹਾਂ।
ਖੁੱਸ਼ ਹੋਏ ਜੈਲੇ ਨੇ ਉਸ ਕੁੜੀ ਦੀ ਦੋਸਤੀ ਕਬੂਲ ਕੀਤੀ ਅਤੇ ਉਸਨੂੰ ਮੈਸੈਂਜਰ ਉਪਰ ਮੈਸੇਜ ਕਰ ਦਿੱਤਾ। ਓਹ ਅਕਸਰ ਇਹ ਕੰਮ ਕਰਦਾ ਰਹਿੰਦਾ ਸੀ। ਕਿਸੇ ਨਾ ਕਿਸੇ ਕੁੜੀ ਨੂੰ ਫੇਸਬੁੱਕ ਉਪਰ ਮੈਸੇਜ ਕਰ ਦਿੰਦਾ ਸੀ। ਸੋਚਦਾ ਸੀ ਵਿਆਹ ਤਾਂ ਹੁੰਦਾ ਨੀ, ਇਸ ਤਰਾਂ ਹੀ ਸ਼ਾਇਦ ਕਿਸੇ ਕੁੜੀ ਨਾਲ ਦੋਸਤੀ ਹੋ ਜਾਵੇ।
ਪਰ ਇਸ ਵਾਰ ਤਾਂ ਜੈਲੇ ਨੂੰ ਜਿਵੇਂ ਕੋਈ ਖਜ਼ਾਨਾ ਮਿਲ ਗਿਆ ਸੀ। ਪਹਿਲੀ ਵਾਰ ਉਸਨੂੰ ਆਪ ਕਿਸੇ ਕੁੜੀ ਨੇ ਦੋਸਤੀ ਲਈ ਗੁਜ਼ਾਰਿਸ਼ ਕੀਤੀ ਸੀ। ਜੈਲੇ ਨੇ ਉਸ ਕੁੜੀ ਦਾ ਫੇਸਬੁਕ ਖਾਤਾ ਖੋਲ ਕੇ ਦੇਖਿਆ।
ਇੱਕ ਸ਼ਿਵਾਨੀ ਕੱਕੜ ਨਾਮ ਦਾ ਅਕਾਂਊਟ ਉਸਨੂੰ ਮਿਲਿਆ। ਫੋਟੋ ਵੀ ਅਸਲ ਲੱਗੀ ਜਾਪੀ। ਅਕਾਂਊਟ ਵੀ ਲੌਕ ਨਹੀਂ ਸੀ। ਜੈਲਦਾਰ ਨੇ ਅਕਾਂਊਟ ਵਿੱਚ ਹੋਰ ਫੋਟੋਆਂ ਦੇਖੀਆਂ ਤਾਂ ਸਾਰੀਆਂ ਉਸ ਕੁੜੀ ਦੀਆਂ ਹੀ ਸਨ। ਜੈਲਦਾਰ ਨੂੰ ਕੁੜੀ ਬਹੁਤ ਸੋਹਣੀ ਲੱਗੀ। ਉਸਨੇ ਝੱਟ ਮੈਸੇਜ ਭੇਜ ਦਿੱਤਾ।
ਸ਼ਿਵਾਨੀ ਨਾਮ ਦੀ ਇਸ ਕੁੜੀ ਦਾ ਜਵਾਬ ਉਸੇ ਵਕਤ ਆ ਗਿਆ। ਇੱਧਰੋਂ ਜੈਲਦਾਰ ਨੇ ਅੰਗਰੇਜੀ ਵਿੱਚ “ਹੈਲੋ!” ਲਿਖ ਕੇ ਭੇਜਿਆ ਅਤੇ ਓਧਰੋਂ ” ਹੈਲੋ ਜੀ!” ਦਾ ਜਵਾਬ ਆ ਗਿਆ।
ਜੈਲਦਾਰ ਤਾਂ ਬਾਗੋ-ਬਾਗ ਹੋ ਗਿਆ।
“ਤਾਂ ਦੱਸੋ ਜੈਲਦਾਰ ਜੀ! ਤੁਸੀਂ ਮੈਨੂੰ ਮੈਸੇਜ ਕਿਓਂ ਕਰਿਆ?”
“ਵੈਸੇ ਈ ਕੀਤਾ ਜੀ! ਤੁਆਡੇ ਨਾਲ ਗੱਲ ਕਰਨ ਲਈ!” ਜੈਲਦਾਰ ਨੇ ਮੈਸੈਂਜਰ ਤੇ ਟਾਈਪ ਕਰਿਆ।
ਓਧਰੋਂ ਸ਼ਿਵਾਨੀ ਨੇ ਹਾਸੇ ਵਾਲਾ ਇਮੋਜੀ ਭੇਜ ਦਿੱਤਾ। ਜੈਲਦਾਰ ਹੋਰ ਖੁੱਸ਼ ਹੋ ਗਿਆ। ਉਸਨੇ ਵੀ ਹਵਾ ਵਿੱਚ ਆਏ ਨੇ ਇਕ ਦਿਲ ਵਾਲਾ ਇਮੋਜੀ ਭੇਜ ਦਿੱਤਾ। ਓਧਰੋਂ ਸ਼ਿਵਾਨੀ ਨੇ ਵੀ ਦਿਲ ਵਾਲਾ ਇਮੋਜੀ ਭੇਜ ਦਿੱਤਾ।
ਜੈਲਦਾਰ ਫੋਨ ਹੱਥ ਵਿੱਚ ਫੜੀ ਮੁਸਕੁਰਾ ਰਿਹਾ ਸੀ। ਛੜੇ ਬੰਦੇ ਦੀ ਜਿੰਦਗੀ ਵਿੱਚ ਜਨਾਨੀ ਦਾ ਪਿਆਰ ਆਉਣ ਦੀ ਉਮੀਦ ਜੋ ਜਗੀ ਸੀ।
“ਤੁਸੀਂ ਬਹੁਤ ਸੋਹਣੇ ਓ ਜੀ!!” ਜੈਲਦਾਰ ਨੇ ਕਾਹਲੀ ਵਿੱਚ ਟਾਈਪ ਕਰਿਆ।
“ਥੈਂਕਸ ਜੀ!” ਸ਼ਿਵਾਨੀ ਦਾ ਮੈਸੇਜ ਆਇਆ।
ਫੇਰ ਛੜੇ ਜੇਲੈ ਨੂੰ ਸਮਝ ਨਾ ਆਵੇ ਕਿ ਕੀ ਗੱਲ ਕਰੇ। ਓਹ ਚੁੱਪ ਜਿਹਾ ਹੋ ਗਿਆ। ਐਵੇਂ ਕੁੱਛ ਗਲਤ ਨਾ ਬੋਲਿਆ ਜਾਵੇ। ਅਗਲੀ ਬੁਰਾ ਈ ਨਾ ਮੰਨ ਜਾਵੇ।
“ਬੋਲੋ ਜੀ ਕੁੱਛ। ਤੁਸੀਂ ਤਾਂ ਚੁੱਪ ਈ ਹੋ ਗਏ?” ਸ਼ਿਵਾਨੀ ਦਾ ਫੇਰ ਮੈਸੇਜ ਆਇਆ।
“ਮੈਨੂੰ ਸਮਝ ਨੀ ਆਂਓਦੀ ਮੈਂ ਕੀ ਗੱਲ ਕਰਾਂ। ਤੁਸੀਂ ਹੀ ਬੋਲੋ ਕੁੱਛ”। ਜੈਲੇ ਨੇ ਮੈਸੇਜ ਭੇਜਿਆ।
“ਚਲੋ ਕੋਈ ਨਾ! ਆਪਾਂ ਫੇਰ ਗੱਲ ਕਰਾਂਗੇ। ਮੈਂ ਵੀ ਹਜੇ ਕੰਮ ਤੇ ਜਾਣਾ”। ਸ਼ਿਵਾਨੀ ਬੋਲੀ।
“ਅੱਛਾ ਜੀ”।
“ਬਾਏ ਜੈਲਦਾਰ ਜੀ”।
“ਬਾਏ ਜੀ ਸ਼ਿਵਾਨੀ ਜੀ!!”
ਜੈਲੇ ਦਾ ਤਾਂ ਪੈਰ ਈ ਧਰਤੀ ਤੇ ਨਹੀਂ ਸੀ ਲੱਗਦਾ। ਓਹ ਬਹੁਤ ਖੁੱਸ਼ ਸੀ। ਉਸਨੇ ਸੋਚਿਆ ਹੁੱਣ ਤਾਂ ਓਹ ਸ਼ਿਵਾਨੀ ਨਾਲ ਹੀ ਵਿਆਹ ਕਰੇਗਾ। ਇੰਨੀ ਸੋਹਣੀ ਕੁੜੀ ਰੱਬ ਨੇ ਉਸਦੀ ਕਿਸਮਤ ਵਿੱਚ ਲਿਖੀ ਸੀ। ਤਾਂ ਹੀ ਉਸਦਾ ਵਿਆਹ ਨਹੀਂ ਸੀ ਹੋ ਰਿਹਾ ਹਜੇ ਤੱਕ!!
“ਕਾਲੀ ਬੋਲ!! ਇਹ ਸੁਆਹ ਤੂੰ ਖਿਲਾਰੀ ਸੀ ਆਪਣੀ ਮਾਂ ਦੇ ਮੰਜੇ ਥੱਲੇ!!?” ਜਾਗਰ ਮਿਸਤਰੀ ਬੋਲਿਆ।
ਪਿਛਲੀ ਕਿਸ਼ਤ ਵਿੱਚ ਇੱਕ ਤਾਂ ਆਪਾਂ ਅਮਰ ਬਾਰੇ ਪੜ ਰਹੇ ਸੀ। ਕਿ ਉਸਦੀ ਜੈਲੇ ਨੇ ਮੱਦਦ ਕਰੀ ਅਤੇ ਓਹ ਵਾਪਸ ਸ਼ਹਿਰ ਚਲਿਆ ਗਿਆ। ਅਮਰ ਦੇਖਣ ਨੂੰ ਬੜਾ ਨਰਮ ਬੰਦਾ ਲੱਗਿਆ। ਜੈਲਾ ਉਸਨੂੰ ਦੇਖ ਸੋਚ ਰਿਹਾ ਸੀ ਕਿ ਇੰਨਾ ਨਰਮ ਬੰਦਾ ਇਸ ਧੱਕੜ ਸਮਾਜ ਵਿੱਚ ਕਿਵੇਂ ਰਹਿੰਦਾ ਹੋਏਗਾ?
ਖੈਰ! ਅਮਰ ਚਲਿਆ ਗਿਆ। ਦੂਸਰਾ ਆਪਾਂ ਪਿਛਲੀ ਕਿਸ਼ਤ ਵਿੱਚ ਇਹ ਪੜ ਰਹੇ ਸਾਂ ਕਿ ਕਾਲੀ ਨਾਮ ਦੀ ਇਕ ਕੁੜੀ ਜੈਲਦਾਰ ਨੂੰ ਬਹੁਤ ਪਿਆਰ ਕਰਦੀ ਹੈ। ੳਸਦੀ ਸੌਤੇਲੀ ਮਾਂ ਬੰਤ ਕੌਰ ਉਸਦਾ ਰਿਸ਼ਤਾ ਕਿਤੇ ਹੋਰ ਕਰਨਾ ਚਾਹੁੰਦੀ ਹੈ। ਜਿੱਥੇ ਕਾਲੀ ਦਾ ਰਿਸ਼ਤਾ ਹੋ ਰਿਹਾ ਹੈ, ਓਹ ਮੁੰਡਾ ਸਿਰੇ ਦਾ ਸ਼ਰਾਬੀ ਹੈ। ਕਾਲੀ ਦਾ ਪਿਤਾ ਜਾਗਰ ਮਿਸਤਰੀ ਵੀ ਬੰਤ ਕੌਰ ਨੂੰ ਕਾਫੀ ਵਾਰ ਮਨਾ ਕਰ ਚੁੱਕਿਆ ਹੈ।
ਕਾਲੀ ਇਕ ਬਾਬੇ ਕੋਲ ਵੀ ਜਾਂਦੀ ਹੈ। ਜਿਸ ਨੇ ਕਾਲੀ ਨੂੰ ਸਿਵਿਆਂ ਵਿੱਚੋਂ ਚੱਕੀ ਸਵਾਹ ਦਿੱਤੀ ਅਤੇ ਕਿਹਾ ਕਿ ਇਹ ਆਪਣੀ ਮਾਂ...

ਦੇ ਮੰਜੇ ਥੱਲੇ ਖਿਲਾਰ ਦਵੀਂ। ਫੇਰ ਓਹ ਤੇਰਾ ਵਿਆਹ ਹੋਰ ਕਿਸੇ ਨਾਲ ਨਹੀਂ ਕਰ ਸਕੇਗੀ। ਕਾਲੀ ਨੇ ਉਸੇ ਤਰਾਂ ਕੀਤਾ।
ਬੰਤ ਕੌਰ ਨੇ ਜਦੋ ਆਪਣੇ ਮੰਜੇ ਥੱਲੇ ਸਵਾਹ ਦੇਖੀ ਤਾਂ ਰੌਲਾ ਪਾ ਕੇ ਬੈਠ ਗਈ। ਉਸਨੇ ਕਾਲੀ ਨੂੰ ਸੋਟੀ ਨਾਲ ਵੀ ਕੁੱਟਿਆ। ਜਾਗਰ ਮਿਸਤਰੀ ਨੇ ਵੀ ਕਾਲੀ ਨੂੰ ਪੁੱਛਿਆ ਕਿ ਓਹ ਸੱਚ-ਸੱਚ ਦੱਸੇ!
“ਬੋਲਦੀ ਨੀ ਤੂੰ!! ਇਹ ਸਵਾਹ ਦੱਸ ਕੀਹਨੇ ਖਿਲਾਰੀ ਆ!!? ਤੂੰ ਕੀਤਾ ਇਹ ਕੰਮ!!?” ਜਾਗਰ ਸਿੰਘ ਗੁੱਸੇ ਵਿੱਚ ਸੀ।
“ਮੈਂ ਕੁੱਛ ਨੀ ਕੀਤਾ ਬਾਪੂ!! ਤੂੰ ਵੀ ਮੈਨੂੰ ਈ ਗਲਤ ਸਮਝੀ ਜਾਨਾ!!” ਕਾਲੀ ਬੋਲੀ, “ਇੰਨੇ ਆਪ ਈ ਆਪਣੇ ਮੰਜੇ ਥੱਲੇ ਇਹ ਸਵਾਹ ਖਿਲਾਰੀ ਆ!!!”
ਬੋਲਦੀ ਹੋਈ ਕਾਲੀ ਰੋਣ ਲੱਗ ਗਈ। ਓਹ ਨਾਟਕ ਕਰ ਰਹੀ ਸੀ। ਆਵਾਜ਼ ਜਿਆਦਾ ਕਰਦੀ ਸੀ ਤੇ ਰੋਂਦੀ ਘੱਟ ਸੀ।
“ਆਪ ਸੁਆਹ ਖਿਲਾਰ ਕੇ ਤੇ ਇਲਜਾਮ ਹੁੱਣ ਮੇਰੇ ਤੇ ਲਾਈ ਜਾਂਦੀ ਆ!!!” ਕਾਲੀ ਬੋਲੀ।
“ਝੂਠ ਬੋਲਦੀ ਆ ਇਹ!!!” ਬੰਤ ਕੌਰ ਨੇ ਕਾਲੀ ਨੂੰ ਗੁੱਤੋਂ ਫੜ ਲਿਆ।
ਫੇਰ ਉਸਨੂੰ ਕੌਡੀ ਕਰਕੇ ਉਸਦੀ ਢੂਹੀ ਤੇ ਲੱਗੀ ਮੁੱਕੀਆਂ ਮਾਰਨ। ਜਾਗਰ ਸਿੰਘ ਨੇ ਬੰਤ ਕੌਰ ਨੂੰ ਰੋਕਿਆ। ਕਾਲੀ ਦੇ ਵਾਲ-ਵੂਲ ਸਭ ਖੁੱਲ ਗਏ ਸਨ। ਬੰਤ ਕੌਰ ਉਸਨੂੰ ਗੰਦੀਆਂ ਗਾਲਾਂ ਕੱਢ ਰਹੀ ਸੀ ਜਦੋਂ ਜਾਗਰ ਉਸਨੂੰ ਕਮਰੇ ਅੰਦਰ ਲੈ ਗਿਆ। ਚਲੋ ਕੁੱਟ ਤਾਂ ਪੈ ਗਈ ਕਾਲੀ ਦੇ ਪਰ ਓਹ ਅੰਦਰੋਂ ਖੁੱਸ਼ ਸੀ। ਹੁੱਣ ਬੰਤ ਕੌਰ ਉਸਦਾ ਵਿਆਹ ਨਹੀਂ ਕਰ ਸਕੇਗੀ।
ਜਿਸ ਮੁੰਡੇ ਨਾਲ ਕਾਲੀ ਵਿਆਹ ਕਰਨ ਲਈ ਇੰਨੇ ਜ਼ੁਲਮ ਸਹਿ ਰਹੀ ਸੀ, ਬਾਬਿਆਂ ਕੋਲ ਜਾ ਰਹੀ ਸੀ, ਓਹ ਮੁੰਡਾ ਤਾਂ ਆਪ ਸ਼ਿਵਾਨੀ ਦੇ ਪਿਆਰ ਵਿੱਚ ਕੈਦ ਹੁੰਦਾ ਜਾ ਰਿਹਾ ਸੀ।
ਜੈਲਾ ਸ਼ਿਵਾਨੀ ਦੇ ਮੈਸੇਜ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਸੀ। ਉਸ ਦੀਆਂ ਫੋਟੋਆਂ ਦੇਖ-ਦੇਖ ਜੈਲਦਾਰ ਨੇ ਮਸਾਂ ਹੀ ਦਿਨ ਗੁਜ਼ਾਰਿਆ। ਸ਼ਾਮ ਢਲੀ ਤੇ ਓਹ ਛਿੰਦੇ ਅਤੇ ਘੋਕੀ ਨੂੰ ਮਿਲਣ ਤਾਜਪੁਰ ਗਿਆ। ਓਥੇ ਜਾ ਕੇ ਉਸਨੇ ਓਨਾ ਨੂੰ ਸ਼ਿਵਾਨੀ ਕੱਕੜ ਦੀ ਫੇਸਬੁੱਕ ਉਪਰ ਤਸਵੀਰ ਦਿਖਾਈ। ਛਿੰਦਾ ਤੇ ਘੋਕੀ ਦੇਖਦੇ ਰਹਿ ਗਏ।
“ਓ ਭਰਾ ਇਹ ਤਾਂ ਪਰੀਆਂ ਵਰਗੀ ਸੋਹਣੀ ਐ ਯਾਰ!!” ਛਿੰਦਾ ਬੋਲਿਆ।
“ਸਾਲਿਆ ਭਾਬੀ ਐ ਤੇਰੀ!!” ਸ਼ਰਾਬ ਦਾ ਰੱਜਿਆ ਜੈਲਦਾਰ ਬੋਲਿਆ, “ਹੁੱਣ ਮੈਨੂੰ ਪਤਾ ਲੱਗਿਆ ਵਈ ਹਜੇ ਤੱਕ ਮੇਰਾ ਵਿਆਹ ਕਿਓਂ ਨੀ ਸੀ ਹੁੰਦਾ!! ਮੈਨੂੰ ਇਹ ਕੁੜੀ ਮਿਲਣੀ ਸੀ!!”
“ਬਾਈ ਬਹੁਤ ਵਧੀਆ!! ਖੁੱਸ਼ ਰਹਿ ਭਰਾਵਾ ਖੁੱਸ਼ ਰਹਿ!!” ਘੋਕੀ ਬੋਲਿਆ, “ਹੁੱਣ ਤਾਂ ਵਿਆਹ ਦੀ ਡੇਟ ਫਿਕਸ ਕਰੋ!!”
ਘੋਕੀ ਵੀ ਸ਼ਰਾਬ ਦਾ ਰੱਜਿਆ ਹੋਇਆ ਸੀ।
“ਬੱਸ ਡੇਟ ਈ ਫਿਕਸ ਕਰਨੀ ਆ ਬਾਈ!! ਓਦਾ ਮੈਸੇਜ ਆ ਜਾਣਾ ਕੱਲ ਸਵੇਰ ਥਾਈਂ!!” ਜੈਲਦਾਰ ਬੋਲਿਆ।
ਓਥੇ ਬੈਠਾ ਓਹ ਸ਼ਿਵਾਨੀ ਦੀਆਂ ਗੱਲਾਂ ਕਰ ਹੀ ਰਿਹਾ ਸੀ ਕਿ ਸ਼ਿਵਾਨੀ ਦਾ ਹੀ ਮੈਸੇਜ ਆ ਗਿਆ। ਇਕਦਮ ਜੈਲੇ ਦੀ ਖਾਧੀ-ਪੀਤੀ ਸਾਰੀ ਉਤਰ ਗਈ। ਮੈਸੈਂਜਰ ਉਪਰ ਆਏ ਇਸ ਮੈਸੇਜ ਵਿੱਚ ਲਿਖਿਆ ਸੀ-
“ਹੈਲੋ ਜੈਲਦਾਰ ਜੀ!”
ਜੈਲੇ ਨੇ ਅੱਖਾਂ ਚੰਗੀ ਤਰਾਂ ਖੋਲ ਕੇ ਦੇਖਿਆ। ਫੋਨ ਉਪਰ ਸ਼ਿਵਾਨੀ ਕੱਕੜ ਹੀ ਲਿਖਿਆ ਹੋਇਆ ਸੀ।
“ਓ! ਤੇਰੀ!!” ਜੈਲਾ ਬੋਲਿਆ, “ਇਹ ਤਾਂ ਤੇਰੀ ਭਾਬੀ ਦਾ ਮੈਸੇਜ ਆ ਗਿਆ ਓਏ!!”
ਇਹ ਸੁੱਣ ਛਿੰਦਾ ਤੇ ਘੋਕੀ ਭੱਜਕੇ ਉਠੇ ਤੇ ਜੈਲੇ ਦੇ ਫੋਨ ਵਿੱਚ ਦੇਖਣ ਲੱਗੇ। ਜੈਲੇ ਨੇ ਕਾਹਲੀ-ਕਾਹਲੀ ਵਿੱਚ ਮੈਸੇਜ ਖੋਲ ਲਿਆ।
“ਹੈਲੋ ਸ਼ਿਵਾਨੀ ਜੀ!”
“ਫਰੀ ਓ ਤੁਸੀਂ?” ਸ਼ਿਵਾਨੀ ਨੇ ਟਾਈਪ ਕੀਤਾ।
“ਤੁਹਾਡੇ ਲਈ ਤਾਂ ਫਰੀ ਹੀ ਫਰੀ ਆ ਜੀ”। ਜੈਲੇ ਨੇ ਮੈਸੇਜ ਭੇਜਿਆ।
ਇਹ ਦੇਖ ਘੋਕੀ ਤੇ ਛਿੰਦਾ ਜੈਲਦਾਰ ਨੂੰ ਛੇੜਨ ਲੱਗੇ।
“ਓ ਬੱਲੇ ਬਾਈ ਓਏ!!” ਛਿੰਦਾ ਬੋਲਿਆ, “ਇਹ ਤਾਂ ਗੱਡੀ ਪਟੜੀ ਤੇ ਆਗੀ ਆਪਣੇ ਬਾਈ ਦੀ!!”
“ਤੇ ਹੋਰ ਕੀ!!” ਘੋਕੀ ਬੋਲਿਆ।
“ਐਨੇ ਵੀ ਫਰੀ ਨਾ ਰਿਹਾ ਕਰੋ!!” ਓਧਰੋਂ ਫੇਰ ਮੈਸੇਜ ਆਇਆ।
“ਮੈਂ ਸਵੇਰ ਦਾ ਥੋਡਾ ਮੈਸੇਜ ਉਡੀਕੀ ਜਾਂਦਾ ਸੀ”। ਜੈਲੇ ਨੇ ਟਾਈਪ ਕਰਿਆ।
ਟਾਈਪ ਕਰਦਾ-ਕਰਦਾ ਜੈਲਾ ਘੋਕੀ ਤੇ ਛਿੰਦੇ ਤੋਂ ਅਲੱਗ ਹੋ ਗਿਆ। ਓਹ ਨਹੀਂ ਸੀ ਚਾਹੁੰਦਾ ਕਿ ਉਸਦੀ ਸ਼ਿਵਾਨੀ ਨਾਲ ਹੁੰਦੀ ਗੱਲਬਾਤ ਕੋਈ ਹੋਰ ਦੇਖੇ।
“ਅੱਛਾ ਜੀ!! ਸਵੇਰ ਦੇ ਮੇਰਾ ਮੈਸੇਜ ਉਡੀਕੀ ਜਾਂਦੇ ਸੀ!”
“ਹਾਂਜੀ ਸ਼ਿਵਾਨੀ!”
“ਮੈਂ ਬਿਜ਼ੀ ਸੀ, ਇਸ ਲਈ ਨੀ ਕਰ ਹੋਇਆ ਮੈਸੇਜ”।
“ਮੈਂ ਤਾਂ ਤੁਹਾਡੇ ਬਾਰੇ ਈ ਸੋਚਦਾ ਰਿਹਾ ਸਾਰਾ ਦਿਨ!”
“ਕੀ ਸੋਚਦੇ ਸੀ?”
“ਇਹੀ ਵਈ ਤੁਸੀਂ ਕਿੰਨੇ ਸੋਹਣੇ ਓ ਜੀ!”
ਬਦਲੇ ਵਿੱਚ ਸ਼ਿਵਾਨੀ ਨੇ ਹੱਸਣ ਵਾਲਾ ਇਮੋਜੀ ਭੇਜ ਦਿੱਤਾ।
“ਤੁਸੀਂ ਕੀ ਕਰਦੇ ਸੀ?” ਸ਼ਿਵਾਨੀ ਨੇ ਮੈਸੇਜ ਭੇਜਿਆ।
“ਮੈਂ ਤਾਜਪੁਰ ਆਇਆ ਸੀ ਆਪਣੇ ਬੇਲੀਆਂ ਕੋਲ”।
“ਵਟ! ਬੇਲੀ ਮਤਲਬ?”
“ਬੇਲੀ ਮਤਲਬ ਦੋਸਤ!”
“ਅੱਛਾ!”
“ਤੁਸੀਂ ਕੀ ਕਰਦੇ ਸੀ?” ਜੈਲਦਾਰ ਨੇ ਸ਼ਿਵਾਨੀ ਨੂੰ ਪੁੱਛਿਆ।
“ਮੈਂ ਤਾਂ ਤੁਹਾਨੂੰ ਯਾਦ ਕਰਦੀ ਸੀ!!”
ਹਾਏ ਓਏ ਰੱਬਾ!! ਜਦੋਂ ਸ਼ਿਵਾਨੀ ਨੇ ਇਹ ਕਿਹਾ ਨਾ!! ਤਾਂ ਜੈਲੇ ਦੇ ਦਿਲ ਵਿੱਚ ਐਡਾ ਕੁ ਵੱਡਾ ਹੌਲ ਪਿਆ ਕਿ ਓਹ ਖੜਾ-ਖੜਾ ਈ ਬੇਹੋਸ਼ ਹੋ ਗਿਆ!!
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)