More Punjabi Kahaniya  Posts
ਇੱਟ ਦਾ ਜੁਆਬ, ਕੱਚੇ ਡਲ਼ੇ ਨਾਲ਼


ਇੱਟ ਦਾ ਜੁਆਬ, ਕੱਚੇ ਡਲ਼ੇ ਨਾਲ਼
********************
ਇਹ ਗੱਲ ਸਾਲ 1999 ਦੀ ਹੈ। ਮੈਂ ਉਦੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾਂ ਵਿੱਚੋਂ ਤਾਜ਼ੀ–ਤਾਜ਼ੀ ਬੀ.ਏ. ਕੀਤੀ ਸੀ ਤੇ ਹੁਣ ਕਾਲਜ ਵਿੱਚ ਹੀ ਐਮ.ਏ. ਰਾਜਨੀਤੀ ਸ਼ਾਸਤ੍ਰ ਦਾ ਵਿਦਿਆਰਥੀ ਸਾਂ। ਮਨ ਵਿੱਚ ਜਨੂਨ ਸਵਾਰ ਸੀ ਕਿ ‘ਪੜ੍ਹ–ਲਿਖ ਕੇ ਕਾਲਜ ਦਾ ਲੈਕਚਰਾਰ ਲੱਗਣਾ ਹੈ ਤੇ ਲੱਗਣਾ ਵੀ ਪੰਜਾਬੀ ਦਾ ਹੈ।’ ਮਨ ਵਿੱਚ ਧਾਰਿਆ ਹੋਇਆ ਸੀ ਕਿ ‘ਰਾਜਨੀਤੀ ਦੀ ਐਮ.ਏ. ਨਿੱਬੜਦਿਆਂ ਹੀ ਐਮ.ਏ. ਪੰਜਾਬੀ ਸ਼ੁਰੂ ਕਰ ਦੇਣੀ ਹੈ।” (ਮੈਂ ਐਮ.ਏ. ਰਾਜਨੀਤੀ ਸ਼ਾਸਤ੍ਰ ਵਿੱਚ ਦਾਖ਼ਲਾ ਕਿਉਂ ਲਿਆ, ਇਹ ਇੱਕ ਵੱਖਰਾ ਬਿਰਤਾਂਤ ਹੈ, ਸੋ ਇਹ ਬਿਰਤਾਂਤ ਕਦੇ ਫਿਰ ਸਹੀ।)
ਉਦੋਂ ਸਾਡੇ ਬੀ.ਐੱਡ ਕਰਨ ਦਾ ਬਾਹਲ਼ਾ ਰਵਾਜ ਸੀ ਪਰ ਮੈਂ ਬੀ.ਐੱਡ ਕਰਨੋ ਟਲ਼ਦਾ ਸਾਂ। ਬੀ.ਐੱਡ. ਕਰ ਕੇ ਮੈਂ ਬੱਸ ਸਕੂਲ ਵਿੱਚ ਮਾਸਟਰ ਹੀ ਲੱਗ ਸਕਦਾ ਸਾਂ, ਕਾਲਜ ਵਿੱਚ ਲੈਕਚਰਾਰ ਲੱਗਣ ਦਾ ਸੁਪਨਾ ਅੱਧਵਾਟੇ ਰਹਿ ਜਾਣਾ ਸੀ ਸੋ ਮੈਂ ਬੀ.ਐੱਡ. ਆਲ਼ਾ ਵਰਕਾ ਹੀ ਪਾੜ ਦਿੱਤਾ ਸੀ। ਵੱਡੀ ਭੈਣ ਵੀ ਬੀ.ਐੱਡ. ਦੀ ਤਿਆਰੀ ਕਰ ਰਹੀ ਸੀ ਸੋ ਘਰਦਿਆਂ ਦੇ ਜ਼ੋਰ ਦੇਣ ‘ਤੇ ਮੈਂ ਵੀ ਬੀ.ਐੱਡ. ਦਾ ਪੇਪਰ ਭਰ ਦਿੱਤਾ (ਉਦੋਂ ਬੀ.ਐੱਡ. ਕਾਲਜ ਵਿੱਚ ਦਾਖ਼ਲੇ ਲਈ ਪੇਪਰ ਹੋਇਆ ਕਰਦਾ ਸੀ ਅਤੇ ਮੈਰਿਟ ਦੇ ਆਧਾਰ ‘ਤੇ ਹੀ ਦਾਖ਼ਲਾ ਹੋਇਆ ਕਰਦਾ ਸੀ।) ਹਾਲਾਂਕਿ ਮੈਂ ਆਪਣੇ ਵੱਲ੍ਹੋਂ ਪੂਰਾ ਜ਼ੋਰ ਲਾਇਆ ਸੀ ਕਿ ਮੇਰਾ ਬੀ.ਐੱਡ. ਦਾ ਪੇਪਰ ਕਲੀਅਰ ਨਾ ਹੋਵੇ ਪਰ ਮਾੜੀ ਕਿਸਮਤ, ਮੇਰਾ ਪੇਪਰ ਵੀ ਕਲੀਅਰ ਹੋ ਗਿਆ ਤੇ ਮੈਂ ਮੈਰਿਟ ਵਿੱਚ ਵੀ ਆ ਗਿਆ। ਹੁਣ ਨਵੀਂ ਟੈਨਸ਼ਨ ਪੈ ਗਈ ਕਿ ‘ਘਰਦਿਆਂ ਦਾ ਮਨ ਰੱਖਣ ਲਈ ਇੰਟਰਵਿਊ ਉੱਤੇ ਜਾਣਾ ਹੀ ਪੈਣਾ ਹੈ ਤੇ ਜੇ ਬੀ.ਐੱਡ. ਆਲ਼ੀ ਇੰਟਰਵਿਊ ਫੇਜ਼ ਕੀਤੀ ਤਾਂ ਐਡਮਿਸ਼ਨ ਵੀ ਹੋ ਜਾਣੀ ਐ। ਇੰਟਰਵਿਊ ਤੋਂ ਕਿਵੇਂ ਟਲ਼ੀਏ !!’
ਇੰਟਰਵਿਊ ਪੰਜਾਬੀ ਯੂਨੀਵਰਸਿਟੀ, ਪਟਿਆਲ਼ੇ ਵਿਖੇ ਸੀ। ਇੰਟਰਵਿਊ ‘ਤੇ ਹੀ ਕਾਲਜ ਅਲਾੱਟ ਹੋ ਜਾਣਾ ਸੀ (ਉਦੋਂ ਬੀ.ਐੱਡ. ਕਰਨ ਲਈ ਪੰਜਾਬ ਵਿੱਚ ਗਿਣਤੀ ਦੇ 2–4 ਕਾਲਜ ਹੀ ਹੁੰਦੇ ਸਨ।) ਸੋ ਉਨ੍ਹਾਂ ਨੇ ਕਿਹਾ ਸੀ ‘ਪਹਿਲੀ ਫ਼ੀਸ ਨਾਲ਼ ਲੈ ਕੇ ਆਓ।’ ਫ਼ੀਸ ਦੀ ਪਹਿਲੀ ਕਿਸ਼ਤ ਸੀ ਸ਼ਾਇਦ 1400 ਰੁਪਏ ਜਾਂ 1600 ਰੁਪਏ, ਪ੍ਰੋਪਰ ਯਾਦ ਨਹੀਂ। ਉਦੋਂ ਮੇਰੇ ਡੈਡੀ ਨੌਕਰੀ ਦੇ ਸਿਲਸਿਲੇ ਵਿੱਚ ਚੰਦੌਸੀ ਗਏ ਹੋਏ ਸਨ, ਘਰ ਪੈਸਾ ਕੋਈ ਨਹੀਂ ਸੀ। ਸੋ ਮੈਂ ਸੋਚਿਆ ਕਿ ‘ਚਲੋ ਬਚਾਅ ਹੋ ਗਿਆ।’ ਮੰਮੀ ਨੇ ਕਿਹਾ ਕਿ ‘ਬਠਿੰਡੇ ਆਲ਼ੇ ਮਾਮੇ ਕੋਲ਼ੋਂ ਪੈਸੇ ਫੜ ਕੇ ਤੇ ਤੂੰ ਇੰਟਰਵਿਊ ‘ਤੇ ਜਾ ਆ।’ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਔਖਾ ਕੰਮ ਐ, ਕਿਸੇ ਤੋਂ ਪੈਸੇ ਉਧਾਰ ਮੰਗਣਾ ਤੇ ਉਸ ਤੋਂ ਵੀ ਔਖਾ ਕੰਮ ਐ, ਕਿਸੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਮੰਗਣੇ। ਸੋ ਮੈਂ ਮਾਮੇ ਕੰਨੀਓਂ ਟਲ਼ ਗਿਆ।
ਮੈਂ ਉਦੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦਾ ਸਟੂਡੈਂਟ ਸੀ ਸੋ ਸੋਚਿਆ ਕਿ ‘ਆਪਣੇ ਕਿਸੇ ਪ੍ਰੋਫ਼ੈਸਰ ਸਾਹਬ ਤੋਂ ਪੈਸੇ ਮੰਗ ਲੈਨਾਂ।’ ਯੁਵਕ ਮੇਲਿਆਂ ਵਿੱਚ ਭਾਗ ਲੈਣ ਕਰਕੇ ਮੇਰੀ ਕਾਲਜ ਵਿੱਚ ਪੂਰੀ ਟੌਹਰ ਸੀ। ਸਾਰਾ ਕਾਲਜ ਹੀ ਮੈਨੂੰ ਜਾਣਦਾ ਸੀ ਤੇ ਮੈਨੂੰ ਇਹ ਵੀ ਭੁਲੇਖਾ ਸੀ ਸ਼ਾਇਦ ਸਾਰੇ ਮੇਰੇ ਲਈ ਸਹਾਈ ਵੀ ਹੋਣਗੇ ਪਰ ਮੇਰਾ ਇਹ ਭਰਮ ਛੇਤੀ ਹੀ ਟੁੱਟ ਗਿਆ ਜਦੋਂ ਯੁਵਕ ਮੇਲੇ ਵਿੱਚ ਸਾਡੇ ਅੰਗ–ਸੰਗ ਰਹਿੰਦੇ ਇੱਕ ਪ੍ਰੋ. ਸਾਹਬ ਕੋਲ਼ੋਂ ਮੈਂ 1500 ਰੁਪਏ ਦੀ ਮੰਗ ਕੀਤੀ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਬੰਦਾ ਮੇਰਾ ਮਾਣ ਨਹੀਂ ਤੋੜੇਗਾ ਪਰ ਉਹਨੇ ਮੇਰਾ ਮਾਣ ਨਹੀਂ ਰੱਖਿਆ। ਪਹਿਲਾਂ ਤਾਂ ਪ੍ਰੋ. ਸਾਹਬ ਨੇ 1500 ਦਾ ਸੁਣ ਕੇ ਇੰਝ ਰਿਐਕਟ ਕੀਤਾ ਜਿਵੇਂ ਮੈਂ ਡੇਢ ਕਰੋੜ ਮੰਗ ਲਿਆ ਹੋਵੇ !! ਫੇਰ ਲੱਗ ਪਿਆ ਕਹਾਣੀਆਂ ਜਿਹੀਆਂ ਪਾਉਣ। ਹਾਲਾਂਕਿ ਉਦੋਂ ਓਸ ਪ੍ਰੋ. ਦੀ ਤਨਖ਼ਾਹ 40, 50 ਹਜ਼ਾਰ ਦੇ ਨੇੜੇ–ਤੇੜੇ ਹੋਊ, ਬਾਕੀ ਟਿਊਸ਼ਨਾਂ ਕਰ ਕੇ ਵੀ ਖਾਸੇ ਪੈਸੇ ਕਮਾ ਲੈਂਦਾ ਸੀ। ਕਹਿੰਦਾ, “ਸਵਾਮੀ ਤੈਨੂੰ ਨਹੀਂ ਪਤਾ, ਘਰਾਂ ਵਿੱਚ ਕਿੰਨੇ ਛੋਟੇ–ਛੋਟੇ ਖਰਚੇ ਹੁੰਦੇ ਆ। ਤਰੀਕਾਂ ਵੀ ਆਖ਼ਰੀ ਚੱਲ ਰਹੀਆਂ। ਮੈਂ ਤਾਂ ਆਪ ਟਿਊਸ਼ਨ ਆਲ਼ੇ ਵਿਦਿਆਰਥੀਆਂ ਤੋਂ ਐਡਵਾਂਸ ਫੜ ਕੇ ਇਹ ਮਹੀਨੇ ਦਾ ਗੁਜ਼ਾਰਾ ਚਲਾ ਰਿਹਾਂ। ਜੇ 100, 200 ਦੀ ਗੱਲ ਹੁੰਦੀ ਤਾਂ ਆਪਾਂ ਕਰ ਲੈਂਦੇ। ਆਹ 1500 ਤਾਂ ਬਾਹਲ਼ੇ ਆ। ਤੂੰ ਐਂ ਕਰ ਮੈਥੋਂ 100 ਰੁਪਈਆ ਲੈਜਾ, ਬਾਕੀ ਸੌ–ਸੌ ਹੋਰ ਪ੍ਰੋਫ਼ੈਸਰਾਂ ਤੋਂ ‘ਕੱਠਾ ਕਰਲਾ।”
ਮੈਂ ਕਿੰਨੀ ਹੀ ਦੇਰ ਹੈਰਾਨ–ਪਰੇਸ਼ਾਨ ਹੋਇਆ ਓਸ ਪ੍ਰੋਫ਼ੈਸਰ ਦੇ ਮੂੰਹ ਕੰਨ੍ਹੀਂ ਝਾਕਦਾ ਰਿਹਾ। ਦਿਲ ਕੀਤਾ ਕਿ ‘ਹੁਣੇ ਲਾਹਣਤਾਂ ਪਾਵਾਂ।’ ਹਫ਼ਤੇ ਕੁ ਪਹਿਲਾਂ ਉਹ ਆਪਣੇ ਮੁੰਡੇ ਦਾ ਜਨਮਦਿਨ ਮਨਾ ਕੇ ਹਟਿਆ ਸੀ ਤੇ ਹੁੱਬ ਕੇ ਦੱਸ ਰਿਹਾ ਸੀ ਕਿ ‘ਲੱਖ ਰੁਪਈਆ ਲਵਾਤਾ ਰਿਸ਼ਤੇਦਾਰਾਂ ਨੇ।’ ਮੈਂ ਕਹਿਣ ਲੱਗਾ ਸਾਂ ਕਿ ‘ਹੋਲੀ ਗ਼ੈਰਾਂ ਨਾਲ਼ ਖੇਡੀ ਤੂੰ ਬਥੇਰੀ, ਸਾਡੀ ਆਰੀ ਰੰਗ ਮੁੱਕਿਆ।’ ਪਰ ਕਹਿ ਨਾ ਸਕਿਆ। ਸੁੱਕਾ ਸ਼ੁਕਰਾਨਾ ਕਰ ਕੇ ਵਾਪਸ ਆ ਗਿਆ। ਫੇਰ ਮੈਂ ਕਾਲਜ ਦੀ ਇੱਕ ਨੁੱਕਰੇ ਬਹਿ ਕੇ ਖ਼ੂਬ ਰੋਇਆ। ਮੈਨੂੰ ਆਸ ਨਹੀਂ ਸੀ ਕਿ ਦੁਨੀਆ ਇੰਨੀ ਜ਼ਾਲਮ ਹੈ, ਮੈਂ ਤਾਂ ਇਹਨੂੰ ਆਪਣੇ ਅਰਗੀ ਭੋਲ਼ੀ–ਭਾਲ਼ੀ ਮੰਨਦਾ ਸੀ। ਮੈਨੂੰ ਇਹ ਵੀ ਲਗਦਾ ਸੀ ਕਿ ‘ਕਾਲਜ ਵਿੱਚ ਮੇਰੀ ਪੂਰੀ ਠੁੱਕ ਹੈ, ਇੰਨੇ ਪ੍ਰੋਫ਼ੈਸਰਾਂ ਨਾਲ਼ ਮੇਰੀ ਜਾਣ–ਪਛਾਣ ਹੈ, ਮੈਂ ਸਭ ਦਾ ਚਹੇਤਾ ਹਾਂ।’ ਉਸ ਦਿਨ ਮੇਰੇ ਬਹੁਤ ਸਾਰੇ ਭਰਮ ਦੂਰ ਹੋ ਗਏ। ‘ਕੀ ਹਾਲ ਵੇ ਭਮੱਕੜਾ ਤੇਰਾ, ਦੀਵੇ ਵਿੱਚੋਂ ਤੇਲ ਮੁੱਕਿਆ !!’
ਖ਼ੈਰ ਮੈਂ ਆਖ਼ਰੀ ਹੱਲਾ ਮਾਰਨ ਲਈ ਤੇ ਯਾਰਾਂ ਦੇ ਯਾਰ ਫ਼ਿਲਾਸਫ਼ੀ ਦੇ ਪ੍ਰੋ. ਗੁਰਜੀਤ ਮਾਨ (ਮੇਰੇ ਗੁਰੂਦੇਵ) ਨੂੰ ਪਰਖਣ ਲਈ ਪਹੁੰਚ ਗਿਆ। ਜੇ ਪ੍ਰੋ. ਗੁਰਜੀਤ ਮਾਨ ਵੀ ਮਨ੍ਹਾ ਕਰ ਦਿੰਦੇ ਤਾਂ ਮੇਰਾ ਇਸ ਦੁਨੀਆ ਤੋਂ, ਇਮਾਨਦਾਰੀ ਤੋਂ, ਮਿਹਨਤ ਤੋਂ, ਕਲਾਕਾਰੀ ਤੋਂ ਵਿਸ਼ਵਾਸ ਚੁੱਕਿਆ...

ਜਾਣਾ ਸੀ। ਮੈਂ ਜਾ ਕੇ ਪ੍ਰੋ. ਸਾਹਬ ਨੂੰ ਆਪਣੀ ਸਮੱਸਿਆ ਦੱਸੀ ਕਿ ‘ਡੈਡੀ ਘਰ ਨਹੀਂ ਹਨ ਇਸੇ ਵਜ੍ਹਾ ਪੈਸੇ ਦੀ ਤੋੜ ਹੈ, ਇੰਟਰਵਿਊ ਲਈ ਚਾਹੀਦੇ ਨੇ, ਡੈਡੀ ਦੇ ਆਉਂਦਿਆਂ ਹੀ ਵਾਪਸ ਕਰ ਦਿਆਂਗਾ।’ ਪ੍ਰੋ. ਗੁਰਜੀਤ ਮਾਨ ਨੇ ਕਿਹਾ, “ਲਵਲੀ, ਇੰਨੇ ਤਾਂ ਜੇਬ ਵਿੱਚ ਹੈ ਨਹੀਂ। ਬੈਂਕ ਵੀ ਬੰਦ ਹੋਣ ਦਾ ਟਾਈਮ ਹੋ ਗਿਆ, ਤੂੰ ਇੰਨੀ ਦੇਰ ਕਿੱਧਰ ਘੁੰਮਦਾ–ਫਿਰਦਾ ਰਿਹਾ। ਸਵੇਰੇ ਈ ਆ ਜਾਣਾ ਸੀ ਮੇਰੇ ਕੋਲ਼…. ਚੱਲ ਕੋਈ ਨਾ ਮੈਂ ਕਰਦਾਂ ਕੋਈ ਜੁਗਾੜ।” ਪਤਾ ਨਹੀਂ ਕਿੱਧਰੋਂ ਗੁਰੂਦੇਵ ਗੁਰਜੀਤ ਮਾਨ ਨੇ ਲਿਆ ਕੇ 1500 ਰੁਪਈਆ ਮੇਰੇ ਹੱਥ ਉੱਤੇ ਧਰ ਦਿੱਤਾ। ਮੈਂ ਉਨ੍ਹਾਂ ਦੇ ਪੈਰੀਂ ਹੱਥ ਲਾਏ ਤੇ ਕਾਲਜੋਂ ਘਰੇ ਆ ਗਿਆ।
ਅਗਲੇ ਦਿਨ ਇੰਟਰਵਿਊ ਲਈ ਪਟਿਆਲ਼ੇ ਗਿਆ ਸਾਂ ਪਰ ਕੋਈ ਡਿਸਕ੍ਰਿਮੀਨੇਸ਼ਨ ਦੀ ਵਜ੍ਹਾ ਕਰਕੇ ਸਾਰਾ ਕੁਝ ਚੌਪਟ ਹੋ ਗਿਆ। ਉਸ ਦਿਨ ਪੰਜਾਬੀ ਯੂਨੀਵਰਸਿਟੀ ਵਿੱਚ ਮੁਰਦਾਬਾਦ ਦੇ ਨਾਹਰੇ ਵੀ ਲੱਗੇ। ਅਸੀਂ ਯੂਨੀਵਰਸਿਟੀ ਦੇ ਸਾਹਮਣੇ ਲੰਘਦੀ ਪਟਿਆਲ਼ਾ–ਚੰਡੀਗੜ੍ਹ ਰੋਡ ਉੱਤੇ ਧਰਨਾ ਲਾ ਕੇ, ਪੁਲਿਸ ਆਲ਼ਿਆਂ ਤੋਂ ਡਾਂਗਾਂ ਖਾ ਕੇ ਆਪੋ–ਆਪਣੇ ਘਰੀਂ ਵਾਪਸ ਆ ਗਏ। ਸੋ ਮੇਰਾ ਬੀ.ਐੱਡ. ਕਰਨ ਵਾਲ਼ਾ ਚੈਪਟਰ ਇੱਥੇ ਹੀ ਕਲੋਜ਼ ਹੋ ਗਿਆ। ਮੈਂ ਅਗਲੇ ਦਿਨ 1500 ਰੁਪਈਏ ਲਿਆ ਕੇ ਪ੍ਰੋ. ਗੁਰਜੀਤ ਮਾਨ ਨੂੰ ਵਾਪਸ ਕਰ ਦਿੱਤੇ।
ਇਸ ਘਟਨਾ ਤੋਂ ਕੁਝ ਸਮਾਂ ਬਾਅਦ ਡੈਡੀ ਨੇ ਨਵਾਂ ਸਕੂਟਰ ਖ਼ਰੀਦਿਆ; ਨੰਬਰ ਸੀ PB 11 R 5225. ਮੈਨੂੰ ਸਕੂਟਰ ਦਾ ਬੜਾ ਚਾਅ। ਮੈਂ ਡੈਡੀ ਦਾ ਮਿਣਤ–ਤਰਲਾ ਕਰ ਕੇ ਸਕੂਟਰ ਕਾਲਜ ਲੈ ਕੇ ਆਇਆ। ਪਾਰਕਿੰਗ ਵਿੱਚ ਲਾਉਣ ਦੀ ਥਾਏਂ ਮੈਂ ਸਕੂਟਰ ਕਾਲਜ ਦੇ ਗੇਟ ਤੋਂ ਬਾਹਰ ਹੀ ਖੜ੍ਹਾ ਦਿੱਤਾ। ਕਾਲਜ ਦੀ ਰਾਊਂਡੀ ਲਾ ਕੇ ਵਾਪਸ ਆਇਆ ਤਾਂ ਦੇਖਿਆ ਕਿ ਮੇਰੇ ਸਕੂਟਰ ਦੀ ਕੋਈ ਸਟਿੱਪਣੀ ਲਾਹ ਕੇ ਲੈ ਗਿਆ ਹੈ। ਮੇਰੇ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ਼ ਗਈ। ਡੈਡੀ ਤੋਂ ਮਿਲਣ ਵਾਲ਼ੀਆਂ ਲਾਹਨਤਾਂ, ਜ਼ਲਾਲਤਾਂ ਹੁਣੇ ਕੰਨਾਂ ਵਿੱਚ ਗੂੰਜਣ ਲੱਗ ਪਈਆਂ ਸਨ। ਪਹਿਲੇ ਦਿਨ ਹੀ ਸਕੂਟਰ ਦੀ ਨਵੀਂ ਸਟਿੱਪਣੀ ਗਵਾ ਦਿੱਤੀ ਸੀ। ਮੇਰੀ ਇਸ ਪਰੇਸ਼ਾਨੀ ਨੂੰ ਮੇਰੇ ਦੋਸਤ ਰਾਜੇ (ਸ਼ਿਵਰਾਜ) ਨੇ ਭਾਂਪ ਲਿਆ। ਉਹ ਕਹਿੰਦਾ, “ਕੋਈ ਫੈਂਸੜ ਲਾਹ ਕੇ ਲੈ ਗਿਆ ਹੋਊ, ਹੁਣ ਨਹੀਂ ਮਿਲਦੀ ਉਹ।” ਇਹ ਸੁਣ ਕੇ ਮੇਰੀ ਹਾਲਤ ਹੋਰ ਬੁਰੀ ਹੋ ਗਈ। ਮੇਰੀ ਦੁਖੀ ਹਾਲਤ ਦੇਖ ਕੇ ਰਾਜਾ ਕਹਿੰਦਾ, “ਚੱਲ ਆਪਾਂ ਅਦਲਾ–ਬਦਲੀ ਕਰ ਲੈਨੇ ਆਂ !!”
“ਉਹ ਕਿਵੇਂ ?” ਮੈਂ ਨਾ ਸਮਝਦਿਆਂ ਪੁੱਛਿਆ।
ਰਾਜਾ ਕਹਿੰਦਾ, “ਆਪਣੀ ਕੋਈ ਲਾਹ ਕੇ ਲੈ ਗਿਆ, ਆਪਾਂ ਕਿਸੇ ਹੋਰ ਦੀ ਲਾਹ ਲੈਨੇ ਆਂ।”
ਮੈਂ ਇਸ ਕਾਰਜ ਵਾਸਤੇ ਰਾਜ਼ੀ ਨਾ ਹੋਇਆ। ਮੈਂ ਕਿਹਾ, “ਕੋਈ ਨਈਂ ਯਾਰ ਬਾਪੂ ਤੋਂ ਤੱਤੀਆਂ–ਠੰਢੀਆਂ ਸੁਣਲੂੰ, ਪਰ ਆਹ ਕੰਮ ਨਈਂ ਹੋਣ ਆਪਾਂ ਤੋਂ….. ਜਿੰਨਾ ਹੁਣ ਮੈਂ ਦੁਖੀ ਹੋ ਰਿਹਾਂ, ਓਨਾ ਉਹ ਬੰਦਾ ਵੀ ਦੁਖੀ ਹੋਊ ਜਿਹਦੀ ਆਪਾਂ ਸਟਿੱਪਣੀ ਲਾਹਾਂਗੇ…. ਸੋ ਰਹਿਣ ਦੇ।”
ਮੈਂ ਅਜੇ ਗੱਲ ਮੁਕਾਈ ਹੀ ਸੀ ਕਿ ਤਦੇ ਖਟਾਰਾ ਜਿਹੇ ਚੇਤਕ ਸਕੂਟਰ ਉੱਤੇ ਓਹੀ ਪ੍ਰੋ. ਸਾਹਬ ਆਹ ਪਹੁੰਚੇ, ਜਿਨ੍ਹਾਂ ਨੇ ਮੈਨੂੰ 1500 ਦੇਣ ਤੋਂ ਨਾਂਹ ਕਰ ਦਿੱਤੀ ਸੀ। ਅਸੀਂ ਲੋਕਾਚਾਰੀ ਹਿੱਤ ਜਾ ਕੇ ਉਹਦੇ ਗੋਡੀਂ ਹੱਥ ਲਾਏ। ਉਹ ਵੀ ਆਪਣਾ ਖਟਾਰਾ ਸਕੂਟਰ ਕਾਲਜ ਦੇ ਗੇਟ ਬਾਹਰ ਖੜ੍ਹਾ ਕੇ, ਚੌੜਾ ਹੋ ਕੇ ਕਾਲਜ ਵਿੱਚ ਚਲਿਆ ਗਿਆ। ਰਾਜੇ ਨੇ ਉਹਦੇ ਸਕੂਟਰ ਉੱਤੇ ਪਿਛਵਾੜਾ ਟਿਕਾਉਂਦਿਆਂ ਕਿਹਾ, “ਓਏ ਘੁੱਗ, ਇਹਦੇ ਸਕੂਟਰ ਆਲ਼ੀ ਸਟਿੱਪਣੀ ਤਾਂ ਬਣਦੀ ਐ ਯਰ।”
ਪਤਾ ਨਹੀਂ ਕੀ ਸੋਚ ਕੇ ਮੈਂ ਵੀ ਹਾਮੀ ਭਰ ਦਿੱਤੀ। ਫੇਰ ਮੈਂ ਡਰਦਿਆਂ ਪੁੱਛਿਆ, “ਯਰ ਲਾਹਾਂਗੇ ਕਿਮੇਂ ? ਜੇ ਕਿਸੇ ਨੇ ਦੇਖ ਲਿਆ ? ਜੇ ਫੜੇ ਗਏ ?”
“ਤੂੰ ਮੋਕ ਨਾ ਮਾਰ…. ਤੂੰ ਬੱਸ ਕਾਲਜ ਦੇ ਗੇਟ ‘ਤੇ ਨਿਗ੍ਹਾ ਰੱਖੀਂ, ਬਾਕੀ ਮੈਂ ਜਾਣਾ ਮੇਰਾ, ਕੰਮ ਜਾਣੇ।” ਇੰਨਾ ਆਖ ਕੇ ਰਾਜਾ ਮੇਰੇ ਸਕੂਟਰ ਦੀ ਚਾਬੀ ਲੈ ਗਿਆ। ਮੇਰੇ ਸਕੂਟਰ ਦੀ ਟੂਲ ਕਿੱਟ ਵਿੱਚੋਂ ਪਾਨਾ ਚੁੱਕ ਲਿਆਇਆ। ਫੇਰ ਆ ਕੇ ਉਹਨੇ ‘ਓਸੇ ਪ੍ਰੋ.’ ਦੇ ਸਕੂਟਰ ਦੇ ਸਟਿੱਪਣੀ ਉੱਤੇ ਚੜ੍ਹਿਆ ਕਵਰ ਉਧੇੜਿਆ। ਮਿੰਟੀ–ਸਕਿੰਟੀ ਸਟਿੱਪਣੀ ਦੇ ਨਟ ਖੋਲ੍ਹੇ ਤੇ ਲਿਆ ਕੇ ਸਟਿੱਪਣੀ ਮੇਰੇ ਸਕੂਟਰ ਉੱਤੇ ਜੜ ਦਿੱਤੀ।
ਉਸ ਤੋਂ ਬਾਅਦ ਅਸੀਂ ਹਫੜਾ–ਦਫੜੀ ਵਿੱਚ ਫਟਾਫਟ ਸਕੂਟਰ ਭਜਾ ਕੇ ਹਾਸਟਲ ਮੇਰੇ ਕਮਰੇ ਵਿੱਚ ਆ ਗਏ ਤੇ ਖ਼ੂਬ ਹੱਸੇ। ਬਾਕੀ ਯਾਰਾਂ–ਮਿੱਤਰਾਂ ਨੂੰ ਇਸ ਘਟਨਾ/ਦੁਰਘਟਨਾ ਦਾ ਦੱਸਿਆ ਤਾਂ ਉਹ ਵੀ ਬਹੁਤ ਹੱਸੇ ਤੇ ਕਹਿੰਦੇ, “ਰਾਈਟ ਡਿਸੀਜ਼ਨ, ਉਹਦੇ ਨਾਲ਼ ਤਾਂ ਐਂ ਬਣਦੀ ਓ ਸੀ।”
ਮੈਨੂੰ ਲੱਗਿਆ ਗ਼ਲਤ ਭਾਵੇਂ ਸਹੀ ਮੈਂ ਉਹਦੀ ਕਮੀਨਗੀ ਦਾ ਜੁਆਬ ਜ਼ਰੂਰ ਦਿੱਤਾ ਹੈ।
ਖ਼ੈਰ, ਮੈਂ ਓਸ ਪੁਰਾਣੀ ਸਟਿੱਪਣੀ ਉੱਤੇ ਨਵਾਂ ਕਵਰ ਚੜ੍ਹਾ ਕੇ ਘਰ ਲਿਆਇਆ ਪਰ ਡੈਡੀ ਦੀ ਪਾਰਖੀ ਨਜ਼ਰ ਨੇ ਛਿਣਾਂ ਵਿੱਚ ਹੀ ਚਲਾਕੀ ਫੜ ਲਈ। ਕਹਿੰਦੇ, “ਆਹ ਕੀ !! ਨਵੀਂ ਸਟਿੱਪਣੀ ਕਿੱਥੇ ਆ !! ਆਹ ਪੁਰਾਣੀ ਸਟਿੱਪਣੀ ਕਿਹਦੀ ਐ !!”
ਮੈਂ ਵੀ ਆਪਣੀ ਜਾਣੇ ਹੈਰਾਨੀ ਪਰਗਟ ਕਰਦਿਆਂ ਕਿਹਾ, “ਓ ਹੋ…. ਆਹ ਕੀ ਹੋ ਗਿਆ !! ਮੈਨੂੰ ਲਗਦੈ ਜੀ ਕੋਈ ਨਵੀਂ ਸਟਿੱਪਣੀ ਲਾਹ ਕੇ ਤੇ ਆਪਣੀ ਪੁਰਾਣੀ ਸਟਿੱਪਣੀ ਜੜ ਗਿਆ, ਬੜੇ ਕਮੀਨੇ ਆ ਜੀ ਲੋਕ।”
ਡੈਡੀ ਕਹਿੰਦੇ, “ਯਰ ਐਡੇ ਇਮਾਨਦਾਰ ਚੋਰ ਪਹਿਲੀ ਆਰੀ ਦੇਖੇ ਆ, ਜਿਹੜੇ ਚੋਰੀ ਦੇ ਸਮਾਨ ਵੱਟੇ, ਹੋਰ ਸਮਾਨ ਵੀ ਧਰ ਕੇ ਗਏ ਆ !!”
ਹੁਣ ਬਾਪੂ ਨੂੰ ਕੀ ਦੱਸਾਂ ਕਿ ‘ਉਹਦੇ ਪੁੱਤ ਨਾਲ਼ ਜ਼ਿੰਦਗੀ ਵਿੱਚ ਕੀ ਕੀ ਹੋਇਐ !!’
– ਡਾ. ਸਵਾਮੀ ਸਰਬਜੀਤ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)