ਸਫਰ ਦੌਰਾਨ ਤੁਹਾਡਾ ਵਾਹ ਕਈ ਵਾਰ ਘਤੁੱਤੀ ਜਿਹੇ ਬੰਦੇ ਨਾਲ ਪੈ ਜਾਂਦਾ। ਆਹ ਵਾਰਤਾਲਾਪ ਇਕ ਵੰਨਗੀ ਈ ਆ। ਉਮੀਦ ਆ ਪਸੰਦ ਆਊ। ਗੁਰਮੀਤ ਸਿਆਟਲ ਅਮਰੀਕਾ ਤੋਂ।
ਬੱਸ ਐਂਵੇ ਈ
ਗੱਡੀ ਸਟੇਸ਼ਨ ਤੇ ਰੁਕੀ ਤਾਂ ਸਾਰੇ ਨੱਠ ਭੱਜ ਕੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੇ। ਥੋੜੀ ਦੇਰ ਬਾਅਦ ਟਿਕ ਟਿਕਾਅ ਹੋ ਗਿਆ ਤਾਂ ਇਕ ਬੰਦਾ ਪਹਿਲਾਂ ਬੈਠੇ ਬੰਦੇ ਕੋਲ ਗਿਆ।
ਭਾਈ ਸਾਬ, ਮੈਂ ਕਿਹਾ ਥੋੜ੍ਹਾ ਜਿਹਾ।
ਕੀ ਥੋੜ੍ਹਾ ਜਿਹਾ? (ਪਹਿਲਾ ਭੱਜ ਕੇ ਪਿਆ)
ਮੈਂ ਕਿਹਾ ਜੇ ਥੋੜ੍ਹਾ ਜਿਹਾ ਤੁਸੀਂ ਪਾਸਾ ਵੱਟ ਲਵੋਂ ਤਾਂ ਮੈਂ ਵੀ ਬਹਿ ਜਾਵਾਂ।
ਅੱਛਾ ਅੱਛਾ, ਆ ਜਾਓ ਤੁਸੀਂ ਵੀ ਬੈਠੋ।
ਜੀ ਬਹੁਤ ਬਹੁਤ ਸ਼ੁਕਰੀਆ। (ਥੋੜੀ ਦੇਰ ਬਾਅਦ) ਜੇ ਬੁਰਾ ਨਾ ਮਨਾਓ, ਤਾਂ ਤੁਹਾਡਾ ਇਹ ਮੈਗਜ਼ੀਨ ਮੈਂ ਦੇਖ ਲਾਂ?
ਪਹਿਲਾ (ਖਿੱਝਕੇ): ਲਓ ਪਹਿਲਾਂ ਤੁਸੀਂ ਈ ਪੜ੍ਹ ਲਓ ਮੈਂ ਫਿਰ ਈ ਪੜ੍ਹ ਲੂੰ।
ਉਹੋਹੋਹੋਹੋ, ਤੁਸੀਂ ਤਾਂ ਨਾਰਾਜ਼ ਈ ਹੋ ਗੇ। ਖ਼ੈਰ ਕੋਈ ਗੱਲ ਨੀ।ਬੰਦੇ ਤੁਸੀਂ ਵਧੀਆ ਜਾਪਦੇ ਓ। ਨਾਲੇ ਮੈਨੂੰ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਈ। ਐਵੇਂ ਅੱਖਾਂ ਗੱਡ ਕੇ ਬੈਠੇ ਰਹੋ। ਨਿਗਾ ਖਰਾਬ ਵਾਧੂ ਦੀ। ਮੈਂ ਤਾਂ ਮੂਰਤਾਂ ਈ ਦੇਖਣੀਆਂ ਸੀ। ਤੁਹਾਡਾ ਕੀ ਖਿਆਲ ਹੈ?
ਦੇਖੋ, ਜੇ ਤੁਹਾਨੂੰ ਨਹੀਂ ਵਧੀਆ ਲਗਦਾ ਤੇ ਨਾ ਪੜ੍ਹੋ। ਮੈਨੂੰ ਕਿਰਪਾ ਕਰਕੇ ਪੜ੍ਹ ਲੈਣ ਦਿਓ।
ਓਹੋ, ਮੈਂ ਤਾਂ ਐਂਵੇ ਈ ਗੱਲ ਕਰ ਬੈਠਾ। ਲਉ ਮੈਂ ਹੁਣ ਚੁੱਪ ਕਰਕੇ ਬੈਠਾ ਰਹਿਨਾ। (ਥੋੜੀ ਦੇਰ ਬਾਦ) ਵੈਸੇ ਤੁਸੀਂ ਕਹੋਗੇ ਬਈ ਫਿਰ ਬੋਲਦਾ, ਉਂਝ ਤੁਸੀਂ ਕੰਮ ਕੀ ਕਰਦੇ ਹੋ?
(ਬੇਰੁੱਖੀ ਨਾਲ) ਮੈਂ ਸਰਕਾਰੀ ਦਫਤਰ ਚ ਕੰਮ ਕਰਦਾਂ।
ਤਾਂ ਹੀ, ਤਾਂ ਹੀ, ਮੈਂ ਵੀ ਕਿਹਾ ਕਿ ਬੰਦੇ ਪੜ੍ਹੇ-ਲਿਖੇ ਲੱਗਦੇ ਆ। ਮੈਂ ਤਾਂ ਸ਼ਕਲ ਦੇਖ ਕੇ ਪਛਾਣ ਲੈਨਾਂ ਕਿ ਕੋਈ ਕੀ ਕੰਮ ਕਰਦਾ। ਨਾਲ਼ੇ ਮੇਰੀ ਆਦਤ ਆ ਬਈ ਮੈਂ ਅਗਲੇ ਨਾਲ ਬੜੀ ਛੇਤੀ ਘੁਲ ਮਿਲ ਜਾਨਾ। ਓਪਰਾਪਨ ਤਾਂ ਮੇਰੇ ਕੋਲੋ ਦੀ ਨੀ ਲੰਘਦਾ।(ਪਹਿਲੇ ਬੰਦੇ ਦੇ ਬੈਗ ਤੇ ਹੱਥ ਮਾਰਕੇ) ਬੱਲੇ ਬੱਲੇ ਆਹ ਡੱਬੇ ਚ ਕੀ ਆ? ਲਗਦਾ ਭਰਜਾਈ ਨੇ ਬੜਾ ਵਧੀਆ ਖਾਣਾ ਬਣਾ ਕੇ ਰੱਖਿਆ ਹੋਊ?
ਆਹੋ ਖੋਏ ਦੀਆਂ ਪਿੰਨੀਆਂ ਨੇ।
ਬਈ ਵਾਹ ਵਾਹ, ਭਰਜਾਈ ਹੋਵੇ ਤਾਂ ਐਹੋ ਜਿਹੀ। ਲਿਆਓ ਖਾਂ ਉਰੇ ਜ਼ਰਾ ਸਵਾਦ ਦੇਖੀਏ। (ਇਕ ਪਿੰਨੀ ਖਾਂਦਾ ਹੋਇਆ) ਵਾਹ ਵਾਹ ਐਨੀਆਂ ਸਵਾਦ ਪਿੰਨੀਆਂ ਤਾਂ ਮੈਂ ਸਾਰੀ ਉਮਰ ਨੀ ਖਾਧੀਆਂ।
ਭਾਈ ਸਾਹਿਬ, ਤੁਸੀਂ ਸਾਰੀਆਂ ਈ ਖਾ ਲੋ ਪਰ...
ਮੈਨੂੰ ਸ਼ਾਂਤੀ ਨਾਲ ਪੜ੍ਹਨ ਦਿਓ। ਕਿਰਪਾ ਕਰਕੇ ਚੁੱਪ ਕਰਕੇ ਬੈਠੋ।
ਜ਼ਰੂਰ ਜਰੂਰ ਤੁਹਾਨੂੰ ਪੜ੍ਹਨ ਤੋਂ ਭਲਾ ਕੌਣ ਰੋਕਦਾ। ਲਓ ਮੈਂ ਇੱਥੇ ਬੈਠਕੇ ਖ਼ਿਆਲ ਰੱਖਦਾਂ ਕਿ ਕੋਈ ਰੌਲਾ ਨਾ ਪਾਵੇ। (ਹੋਰ ਪਿੰਨੀ ਖਾਂਦਾ ਹੋਇਆ) ਵਾਹ ਵਾਹ ਵਾਹ ਮਜਾ ਆ ਗਿਆ। ਮੈਨੂੰ ਪਤਾ, ਪੜ੍ਹਨ ਲਿਖਣ ਵਾਲੇ ਖਾਣ-ਪੀਣ ਦੇ ਘੱਟ ਈ ਸ਼ੌਕੀਨ ਹੁੰਦੇ ਆ ਪਰ ਭਾਈ ਸਾਬ ਤੂਹਾਨੂੰ ਖਾਣਾ ਪੀਣਾ ਜਰੂਰ ਚਾਹੀਦਾ। ਉਂਜ ਸਿਹਤ ਤਾਂ ਤੁਹਾਡੀ ਠੀਕ ਲੱਗਦੀ ਆ। ਖਾਂਦੇ-ਪੀਂਦੇ ਪਰਿਵਾਰ ਚੋਂ ਲੱਗਦੇ ਓ। (ਖਚਰਾ ਹਾਸਾ) ਹੋਵੇ ਵੀ ਕਿਉਂ ਨਾ। ਸਰਕਾਰੀ ਨੌਕਰੀ, ਨਾ ਫ਼ਿਕਰ ਨਾ ਫਾਕਾ। ਵੈਸੇ ਗੁੱਸਾ ਨਾ ਕਰਿਓ, ਉਪਰੋਂ ਕਿੰਨੇ ਕੁ ਪੈਸੇ ਬਣ ਜਾਂਦੇ ਨੇ?
ਪਹਿਲਾ (ਗੁੱਸੇ ਚ): ਕੀ ਮਤਲਬ ਤੁਹਾਡਾ?
ਉਹੋਹੋਅਅ ਮੇਰਾ ਮਤਲਬ ਇਹ ਥੋੜਾ ਸੀ? ਵੈਸੇ ਨਹੀ ਦੱਸਣਾ ਤਾਂ ਨਾ ਦੱਸੋ ਤੁਹਾਡਾ ਆਪਣਾ ਮਾਮਲਾ । ਨਾਲੇ ਕੀਹਦਾ ਜੀਅ ਨੀ ਕਰਦਾ ਪੈਸੇ ਕਮਾਉਣ ਨੂੰ। ਮੈਂ ਤਾਂ ਬਸ ਐਂਵੇ ਈਈਈ। ਹੀ ਹੀ ਹੀ। ਨਾਲੇ ਬਈ ਅੱਜ ਕੱਲ੍ਹ ਤਨਖਾਹ ਤੇ ਗੁਜਾਰਾ ਹੁੰਦਾ ਈ ਕਿੱਥੇ ਆ। ਘਰ ਦਾ ਖਰਚ। ਫਿਰ ਬੱਚਿਆਂ ਦੀ ਪੜ੍ਹਾਈ-ਲਿਖਾਈ ਈ ਨੀ ਮਾਨ। ਲੈ, ਮੈਂ ਵੀ ਕੀ ਗੱਲਾਂ ਲੈ ਬੈਠਾ। ਬੱਚਿਆਂ ਦਾ ਤਾਂ ਪੁੱਛਿਆ ਈ ਨੀ। ਕਿੰਨੇ ਕੁ ਬੱਚੇ ਨੇ ਆਪਣੇ?
ਪਹਿਲਾ: ਇਕ ਲੜਕਾ ਇਕ ਲੜਕੀ।
(ਹੈਰਾਨੀ ਨਾਲ) ਲੈ, ਹੱਦ ਹੋ ਗਈ। ਉਮਰ ਤਾਂ ਤੁਹਾਡੀ ਕੋਈ ਪੈਂਤੀ ਚਾਲੀਆਂ ਦੀ ਈ ਲੱਗਦੀ ਹੈ। ਕੀ ਗੱਲ? ਕਿਸੇ ਡਾਕਟਰ ਨੂੰ ਦਿਖਾਉਣਾ ਸੀ। ਮੇਰੇ ਸੁੱਖ ਨਾਲ ਪੰਜ ਬੱਚੇ ਆ।
ਹੱਦ ਤਾਂ ਭਾਈ ਸਾਹਿਬ ਤੁਹਾਡੀ ਹੋਈ ਪਈ ਹੈ। ਜਨਸੰਖਿਆ ਏਨੀ ਵਧੀ ਪਈ ਆ। ਬੇਰੁਜ਼ਗਾਰੀ ਤੇ ਮਹਿੰਗਾਈ ਸਾਹ ਨੀ ਲੈਣ ਦਿੰਦੀਆਂ ਤੇ ਤੁਸੀਂ ਕਹਿੰਦੇ ਹੋ ਕਿ ਡਾਕਟਰ ਨੂੰ ਦਿਖਾਉਣਾ ਸੀ। ਮੈਨੂੰ ਨਹੀਂ, ਡਾਕਟਰ ਕੋਲ ਜਾਣ ਦੀ ਲੋੜ ਤੁਹਾਨੂੰ ਹੈ। ਤੁਹਾਡੇ ਵਰਗੇ ਹੀ ਦੇਸ਼ ਤੇ ਭਾਰ ਵਧਾਉਂਦੇ ਆ।
ਲਓ ਭਾਈ ਸਾਬ ਆ ਕੀ ਗੱਲ ਕਰਤੀ? ਬੱਚੇ ਤਾਂ ਰੱਬ ਦੀ ਦੇਣ ਹੁੰਦੇ ਆ।ਇਹ ਕੀਹਦੇ ਵੱਸ ਹੈ? ਨਾਲੇ ਮੈਂ ਤਾਂ ਸੋਚਿਆ ਚਲੋ ਗੱਲਾਂ ਬਾਤਾਂ ਕਰਕੇ ਸਫਰ ਵਧੀਆ ਲੰਘ ਜੂ। ਤੁਸੀਂ ਤਾਂ ਨਾਰਾਜ਼ ਈ ਹੋ ਗਏ। ਮੈਂ ਤਾਂ ਬੱਸ ਐਵੇਂ ਈ ਈ ਈ। ਹੀ ਹੀ ਹੀ।