ਪੇਪਰ ਦਿੰਦੇ ਬੱਚਿਆਂ ਨੂੰ ਬਹੁਤ ਕਹਿਣ ਦੇ ਬਾਵਜੂਦ ਵੀ ਉਹ ਅੱਖ ਬਚਾ ਕੇ ਇੱਕ ਦੂਜੇ ਤੋਂ ਪੁੱਛਣ ਦੀ ਤਾਕ ਵਿੱਚ ਸਨ। ਥੋੜਾ ਜਿਹਾ ਮੈਂ ਵੀ ਜਾਣ ਬੁੱਝ ਕੇ ਅੱਖੋ ਪਰੋਖੇ ਕਰ ਦਿੱਤਾ ਇਕ ਦੋ ਵਾਰੀ। ਉਹਨਾਂ ਨੂੰ ਕਿਹਾ ਕਿ ਬੇਟਾ ਆਪੋ ਆਪਣਾ ਪੇਪਰ ਕਰਨ ਵਿੱਚ ਹੀ ਫਾਇਦਾ ਹੈ ਤੁਹਾਡਾ ,ਨਕਲ ਮਾਰ ਕੇ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਕਿਹਾ ਕਿ ਜੇਕਰ ਤੁਸੀਂ ਸਿਆਣੇ ਬਣ ਕੇ ਪੇਪਰ ਕਰੋਗੇ ਤਾਂ ਮੈਂ ਤੁਹਾਨੂੰ ਇਕ ਕਹਾਣੀ ਸੁਣਾਵਾਂਗੀ।
ਕਹਾਣੀ ਦਾ ਨਾਮ ਸੁਣ ਕੇ ਸਾਰੇ ਬੱਚੇ ਬਹੁਤ ਖੁਸ਼ ਹੋਏ। ਔਬਜੈਕਟਿਵ ਪੇਪਰ ਸੀ ਇਸ ਲਈ ਬੱਚਿਆ ਨੇ ਟਾਈਮ ਸਿਰ ਪੇਪਰ ਨਿਬੇੜ ਲਿਆ।
ਮੈਂ ਉਹਨਾਂ ਨੂੰ ਫਿਰ ਯਾਦ ਕਰਵਾਇਆ ਕਿ ਮੈਂ ਕਹਾਣੀ ਸੁਣਾਵਾਂਗੀ ਤੁਹਾਨੂੰ। ਬੱਚਿਆਂ ਨੇ ਪੇਪਰ ਫੜਾਇਆ ਤੇ ਬਾਹਰ ਜਾਣ ਲੱਗੇ। ਆਪਣੇ ਸਾਥੀਆਂ ਨੂੰ ਬਾਹਰ ਜਾਂਦਾ ਦੇਖ ਤਿੰਨ ਚਾਰ ਬੱਚਿਆਂ ਨੇ ਮੈਨੂੰ ਪੁੱਛਿਆ, ” ਕਹਾਣੀ ਨਹੀਂ ਸੁਣਾਉਂਣੀ ਜੀ?”
ਮੈਂ ਕਿਹਾ ਕਿ ਸੁਣਾਉਣੀ ਹੈ।
ਕਹਿੰਦੇ ,”ਆਹ ਤਾਂ ਬਾਹਰ ਤੁਰੇ ਆ ਜੀ ਸਾਰੇ?”
ਮੈਂ ਚੁੱਪ ਕਰ ਕੇ ਪੇਪਰ ਇਕੱਠੇ ਕਰਦੀ ਰਹੀ,ਬਾਕੀ ਬੱਚੇ ਬਾਹਰ ਜਾ ਰਹੇ ਤੇ ਸੱਤ ਬੱਚੇ ਕਲਾਸ ਵਿੱਚ ਹੀ ਬੈਠੇ ਰਹੇ।
ਜਦੋਂ ਬਾਕੀ ਦੇ ਬੱਚੇ ਬਾਹਰ ਚਲੇ ਗਏ ਤਾਂ ਬੱਚਿਆਂ ਨੂੰ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਵਿੱਚ ਕੁਝ ਸਿੱਖਣ ਦੀ ਚਾਹ ਹੈ,ਪਿਆਸ ਹੈ ।ਸੁਣੋ ਕਹਾਣੀ
ਅਫਰੀਕਾ ਵਿੱਚ ਇਕ ਕਬੀਲਾ ਸੀ। ਉਸ ਕਬੀਲੇ ਦੇ ਲੋਕਖੇਤੀ ਕਰਦੇ,ਮੱਝਾਂ ਚਾਰਦੇ। ਖੇਤੀ ਮੀਂਹ ਤੇ ਨਿਰਭਰ ਸੀ ਤੇ ਬਹੁਤੀ ਫਸਲ ਨਹੀਂ ਸੀ ਨਿਕਲਦੀ।
ਇੱਕ ਵਾਰ ਮੌਸਮ ਬਹੁਤ ਵਧੀਆ ਰਿਹਾ ।ਬਹੁਤ ਭਰਵੀਂ ਫਸਲ ਹੋਈ।ਕਬੀਲੇ ਦੇ ਸਰਦਾਰ ਨੇ ਫਸਲ ਦੀ ਵਾਢੀ ਦੇ ਅਖੀਰਲੇ ਦਿਨ ਜਸ਼ਨ ਕਰਨ ਦਾ ਐਲਾਨ ਕਰ ਦਿੱਤਾ ਕਿ ਫਲਾਣੀ ਰਾਤ ਨੂੰ ਸਾਰੇ ਪਿੰਡ ਦੇ ਲੋਕ ਪਿੰਡ ਦੇ ਸਾਂਝੇ ਪਿੜ ਵਿੱਚ ਇਕੱਠੇ ਹੋਣਗੇ ਅਤੇ ਸਾਰਿਆਂ ਨੂੰ ਘਰ ਵਿੱਚ ਬਣਾਈ ਗੰਨੇ ਦਾ ਰਹੁ ਵਰਤਾਇਆ ਜਾਵੇਗਾ। ਉਸ ਪਿੰਡ ਦਾ ਰਿਵਾਜ਼ ਸੀ ਉਹ।
ਇਸ ਲਈ ਉਸਨੇ ਇੱਕ ਵੱਡਾ ਮੱਟ ਰਖਵਾ ਦਿੱਤਾ ਕਿ ਜਿਸਦਾ ਜਿੰਨਾਂ ਵਿੱਤ ਹੈ,ਆਪਣੀ ਸ਼ਰਧਾ ਮੁਤਾਬਿਕ, ਗੰਨੇ ਦਾ ਰਹੁ ਇਸ ਵਿੱਚ ਮੱਟ ਵਿੱਚ ਪਾ ਜਾਵੇ।
ਸਾਰੇ ਪਿੰਡ ਦੇ ਲੋਕਾਂ ਨੇ ,ਕਿਸੇ ਨੇ ਗਿਲਾਸ,...
ਕਿਸੇ ਨੇ ਜੱਗ,ਕਿਸੇ ਨੇ ਗੜਵੀ ਉਸ ਮੱਟ ਵਿੱਚ ਜਾ ਪਾਇਆ।।
ਸ਼ਾਮ ਹੋਈ। ਸਾਰਾ ਪਿੰਡ ਪਿੜ ਵਿੱਚ ਇਕੱਠਾ ਹੋਇਆ। ਸਰਦਾਰ ਵੀ ਆ ਗਿਆ। ਜਸ਼ਨ ਸ਼ੁਰੂ ਹੋਏ। ਖਾਣਾ ਖਾਣ ਤੋਂ ਪਿੱਛੋਂ ਰਸ ਵਰਤਾਉਣ ਦਾ ਸਮਾਂ ਆ ਗਿਆ। ਹਰ ਕੋਈ ਬਹੁਤ ਖੁਸ਼ ਸੀ।ਸਰਦਾਰ ਦੇ ਇਸ਼ਾਰੇ ਤੇ ਲੋਕਾਂ ਦੁਆਰਾ ਬਣਾਈ ਤੇ ਲਿਆਂਦੀ ਗਈ ਵਸਤੂ ਲੋਕਾਂ ਵਿੱਚ ਤੇ ਸਰਦਾਰ ਵਿੱਚ ਵਰਤਾਈ ਗਈ।
ਪਰ ਸਰਦਾਰ ਸਮੇਤ ਸਾਰੇ ਇਕ ਦੂਜੇ ਦੇ ਮੂੰਹਾਂ ਵੱਲ ਦੇਖ ਰਹੇ ਸਨ ਤੇ ਬੋਲ ਕੋਈ ਨਹੀਂ ਰਿਹਾ ਸੀ।
ਅਖੀਰ ਕਬੀਲੇ ਦੇ ਸਰਦਾਰ ਨੇ ਚੁੱਪੀ ਤੋੜੀ ਤੇ ਕਿਹਾ ,” ਮੈਂ ਤੁਹਾਨੂੰ ਪਾਣੀ ਲਿਆਉਣ ਲਈ ਨਹੀਂ ਸੀ ਕਿਹਾ? ਪਰ ਇਹ ਇਸ ਲਈ ਹੋਇਆ ਕਿ ਕਿਸੇ ਨੇ ਵੀ ਆਪਣੀ ਜਿੰਮੇਵਾਰੀ ਨਹੀਂ ਸਮਝੀ ਤੇ ਆਪਣਾ ਫਰਜ਼ ਦੂਜੇ ਦੇ ਮੋਢਿਆਂ ਤੇ ਸੁੱਟਿਆ ।”
ਹਰ ਇਕ ਨੇ ਇਹੀ ਸਮਝਿਆ ਕਿ ਮੇਰੇ ਇਕ ਗਿਲਾਸ ਪਾਣੀ ਦਾ ਐਨੇ ਵੱਡੇ ਮੱਟ ਵਿੱਚ ਕੀ ਪਤਾ ਚਲਦਾ ਹੈ,ਸਾਰਾ ਪਿੰਡ ਤਾਂ ਗੰਨੇ ਦਾ ਰਸ ਲਿਆਵੇਗਾ?
ਏਸੇ ਤਰ੍ਹਾਂ ਤੁਸੀਂ ਪੜਦੇ ਨਹੀਂ ਕਿਓਂਕਿ ਤੁਸੀਂ ਸੋਚਦੇ ਹੋ ਕਿ ਮੇਰਾ ਦੋਸਤ ਸਾਰਾ ਪੜ੍ਹ ਕੇ ਆਵੇਗਾ ਤੇ ਮੈਂ ਉਸਦੀ ਨਕਲ ਮਾਰ, ਪੇਪਰ ਕਰਾਂਗਾ। ਜਦੋਂਕਿ ਸੋਚ ਕੇ ਉਹ ਵੀ ਇਹੀ ਆਉਂਦਾ ਹੈ ਤੇ ਨਤੀਜਾ ਨਿਕਲਦਾ ਹੈ ਇਕ ਦੂਜੇ ਦੀ ਨਕਲ । ਜਦੋਂਕਿ ਨਾ ਉਸਨੂੰ ਕੁਝ ਆਉਂਦਾ ਹੁੰਦਾ ਹੈ ਤੇ ਨਾ ਤੁਹਾਨੂੰ। ਤੇ ਅਖੀਰ ਵਿੱਚ ਸਾਰਿਆਂ ਦੇ ਸਾਰੇ ਪ੍ਰਸ਼ਨ ਉੱਤਰ ਗਲਤ ਤੇ ਨਾਮੋਸ਼ੀ ਪੱਲੇ ਪੈਂਦੀ ਹੈ।ਸ਼ਰਮਸਾਰ ਹੋਣਾ ਪੈਂਦਾ ਹੈ।
ਅੱਗੇ ਤੋਂ ਕਦੇ ਵੀ ਕਿਸੇ ਤੇ ਆਸ ਨਹੀਂ ਰੱਖਣੀ ਤੇ ਆਪਣਾ ਕੰਮ ਇਓਂ ਕਰੋ ਜਿਵੇਂ ਦੂਜੇ ਨੂੰ ਇਸ ਬਾਰੇ ਕੋਈ ਗਿਆਨ ਨਹੀਂ।
ਦੂਜੇ ਦਾ ਸਹਾਰਾ ਤੱਕਣਾ ਜੀਵਨ ਵਿਚ ਕਦੇ ਸਫਲ ਨਹੀਂ ਹੋਣ ਦਿੰਦਾ।
ਮੈਨੂੰ ਖੁਸ਼ੀ ਵੀ ਬਹੁਤ ਹੋਈ ਕਿ ਚਲੋ ਸੱਤ ਬੱਚਿਆਂ ਨੇ ਕੁਝ ਸਿੱਖਿਆ ਤੇ ਦੁੱਖ ਵੀ ਹੋਇਆ ਕਿ ਬਾਕੀ ਦੇ ਬੱਚੇ ਵੀ ਦੇਸ਼ ਦਾ ਭਵਿੱਖ ਹਨ।
ਸੱਚਮੁੱਚ ਜੂਸ ਦੀ ਦੁਕਾਨ ਤੇ ਕਦੇ ਭੀੜ ਨਹੀਂ ਹੁੰਦੀਂ।
ਕਿਰਨ ਪੂਨੀਆ ਬਰਾੜ
11/12/2021