More Punjabi Kahaniya  Posts
ਇੱਕ ਸ਼ਾਇਰ ( ਤੀਸਰਾ )


ਭਾਗ: ਤੀਸਰਾ

ਮੈਂ ਪਿਛਲੇ ਭਾਗ ਤੀਕ ਤੁਹਾਡੇ ਉਹ ਰੁਬਰੂ ਕਰਿਆ ਜੋ ਮੈਂ ਪੜ੍ਹਿਆ, ਬਹੁਤ ਸਾਰੇ ਪਾਠਕਾਂ ਇਸ ਵਿਚ ਉਲਝ ਗਏ ਸਨ,ਕਿ ਜਦੋਂ ਸੁਖ ਨੇ ਤਾਂ ਉਸਨੂੰ ਛੱਡ ਦਿੱਤਾ ਸੀ, ਫੇਰ ਉਸਦਾ ਵਿਆਹ ਕਿਵੇਂ,ਬਾਕੀ ਅਲਫ਼ਨੂਰ ਤਾਂ ਮਰ ਗਈ‌ ਸੀ ਇਹ ਕਿਵੇਂ,ਸੋ ਇਹ ਉਹ ਡਾਇਰੀ ਹੈ,ਜੋ ਅਲਫ਼ਨੂਰ ਨੇ ਸੁਖ ਨੂੰ ਦਿੱਤੀ ਸੀ,ਪਰ ਇਹ ਅਜੇ ਤੀਕ ਮੈਂ ਖੁਦ ਵੀ ਨਹੀਂ ਜਾਣਦੀ ਕਿ ਜਿਸ ਨੇ ਇਹ ਡਾਇਰੀ ਲਿਖੀ ਉਹ ਕੌਣ ਹੈ…

ਮੈਂ ਕੰਮ ਨਿਬੇੜ ਬੈੱਡ ਤੇ ਆ ਬੈਠੀ, ਕੰਨਾਂ ਵਿਚ ਏਅਰਫੋਨ ਲਗਾ ਲਏ, ਬੇਸ਼ੱਕ ਚੱਲ ਕੁਝ ਵੀ ਨਹੀਂ ਰਿਹਾ ਸੀ,ਬਸ‌ ਮੇਰੀ ਸੋਚ ਕਹਿੰਦੀ ਹੈ,ਇਸ ਨਾਲ ਪੜ੍ਹਨ ਵਿਚ ‌ਧਿਆਨ ਕੇਂਦ੍ਰਿਤ ਜ਼ਿਆਦਾ ਹੁੰਦਾ… ਮੈਂ ਡਾਇਰੀ ਖੋਲੀ, ਮੈਂ ਉਹ ਪੰਨਾ ਮੋੜ ਦਿੱਤਾ ਸੀ, ਜਿੱਥੇ ਛੱਡ ਦਿੱਤਾ ਸੀ ਪੜਨਾ,ਪੇਜ ਨੰਬਰ‌ ਸੱਤਵੰਜਾ, ਅਗਲਾ ਪੇਜ ਸਿੱਧਾ ਦੋ ਘੱਟ ਸੱਠ ਤੋਂ ਸ਼ੁਰੂ ਹੁੰਦਾ ਹੈ, ਲੱਗਦਾ ਇਹ ਪੰਨੇ ਕਿਸੇ ਨੇ ਜਾਣਬੁੱਝ ਪਾੜੇ ਹੋਏ ਨੇ… ਮੈਂ ਸ਼ੁਰੂ ਕਰਦੀ ਆ, ਤੁਸੀਂ ਧਿਆਨ ਦੇਵੋ

ਸਾਰੇ ਪਿੰਡ ਵਿੱਚ ਗੱਲ ਫੈਲ ਗਈ,ਮੇਰਾ ਸੋਹਰਾ ਆਇਆ ਬਾਹਿਰੋਂ ਸੁਣ ਕੇ…ਕਿ ਸੂਏ ਵਾਲੇ ‌ਪਿੱਪਲ ਤੇ ਕਿਸੇ ਨੇ ਆਪਣਾ‌ ਮੂੰਹ ਤੇ ਕੱਪੜਾ‌ ਲੈ ਕੇ ਫਾਹਾ‌ ਲੈ ਲਿਆ ਹੈ, ਭਲਾਂ ਜੇ ਫਾਹਾ ਲੈਣਾਂ ਹੀ ਸੀ, ਫੇਰ ਮੂੰਹ ਲੁਕੋਣ ਦੀ ਕੀ ਜ਼ਰੂਰਤ ਸੀ, ਫੇਰ ਭਲਾਂ ਫਾਹਾ ਲਿਆ ਹੀ ਕਿਉਂ, ਜਦੋਂ ਮੇਰੀ ਸੱਸ ਨੇ ਮੈਨੂੰ ਇਹ ਦੱਸਿਆ ਮੇਰੇ ਲੂੰ ਕੰਡੇ ਖੜ੍ਹੇ ਹੋ ਗਏ, ਨਾਲ਼ੇ ਮੈਨੂੰ ਪਤਾ ਨਹੀਂ ਸੀ,ਉਹ ਕੌਣ ਆ, ਕਿਉਂਕਿ ਹਲੇ ਤੀਕ ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ….

ਧੌਣ ਧੜ ਨਾਲੋਂ ਅਲੱਗ ਹੋਣ‌‌ ਤੇ ਆਈ ਪਈ ਸੀ, ਪਰ ਪੁਲਿਸ ਨੇ ਕਿਹਾ ਸੀ ਕਿ ਸਾਡੇ ਤੋਂ ਵੀ ਬਿਨਾਂ ਕੋਈ ਵੀ ਹੱਥ ਨਾ ਲਗਾਵੇ, ਸਵੇਰੇ ਦੇ ਛੇ ਵੱਜ ਗਏ,ਪੁਲਿਸ‌ ਆਈ , ਤਾਂ ਵੇਖਿਆ, ਮੂੰਹ ਪਹਿਚਾਣ ਯੋਗ ਨਹੀਂ ਸੀ,ਕੁੱਟ ਕੁੱਟ ਕੇ ਬੁਰਾ ਹਾਲ ਕੀਤਾ ਹੋਇਆ ਸੀ, ਸਾਰੇ ਸੋਚ ਰਹੇ ਸੀ ਕਿ ਉਹ ਬੰਦੇ ਨੇ ਫਾਹਾ ਲਿਆ ਹੈ, ਪਰ ਫੇਰ ਪਤਾ ਲੱਗਾ… ਨਹੀਂ ਇਸ ਨੂੰ ਮਾਰਿਆ ਗਿਆ ਹੈ, ਮੇਰਾ ਵਿਆਹ ਹੋਏ ਇੱਕ ਮਹੀਨਾ ਹੋਣ ਵਾਲ਼ਾ ਹੈ,ਮੇਰਾ ਘਰਵਾਲਾ ਦੂਰ ਵੱਡੇ ਸ਼ਹਿਰ ਕਿਸੇ ਏਜੰਸੀ ਵਿਚ ਮੁਲਾਜ਼ਮ ਆ, ਉਹ ਪੰਦਰਾਂ ਦਿਨਾਂ ਲਈ ਕਿਸੇ ਬਾਹਰੀ ਟ੍ਰੇਨਿੰਗ ਲਈ ਗਿਆ ਹੋਇਆ ਹੈ, ਉਹ ਸਿਰਫ਼ ਹਫ਼ਤੇ ਵਿਚ ਇੱਕ ਵਾਰ ਹੀ‌ ਫੋਨ ਕਰਦਾ ਹੈ ਉਹ ਵੀ ਸਿਰਫ਼ ਪੰਜ‌ ਮਿੰਟ ,ਪਰ ਏਸ ਹਫਤੇ ਉਸਦਾ ਨਾ ਤਾਂ ਫੋਨ ਆਇਆ ਤੇ ਨਾ ਹੀ‌ ਲੱਗਿਆ, ਕੱਲ੍ਹ ਨੂੰ ਮੇਰਾ ਬਾਪੂ ਮਿਲਣ ਲਈ ਆਵੇਗਾ,ਮੇਰੀ‌ ਸੱਸ ਬੋਲਦੀ ਸੀ,ਕਿ ਤੂੰ ਜਾ ਆਵੀਂ ਪਿੰਡ ਲਗਾ ਆਵੀਂ ਹਫ਼ਤਾ,ਹੋ ਸਕਦਾ ਮੈਂ ਕੱਲ ਨੂੰ ਪਿੰਡ ਚਲੀ ਜਾਵਾਂ…

ਅੱਜ ਬਾਪੂ ਨੇ ਆਉਣਾ ਹੈ, ਮੈਂ ਸਵੇਰੇ ਹੀ ਸਾਰਾ ਕੰਮ ਨਿਬੇੜ ਦਿੱਤਾ, ਅਖ਼ਬਾਰ ਵਾਲ਼ਾ ਅਖ਼ਬਾਰ ਸੁੱਟ ਕੇ ਚਲਾ ਗਿਆ, ਨੌਂ ਵੱਜ ਗਏ ਨੇ, ਮੈਂ ਅਖ਼ਬਾਰ ਚੁੱਕਣ ਲੱਗੀ,ਬੂਹਾ ਖੜਕਿਆ,ਮੇਰੀ ਸੱਸ ਨੇ ਆਵਾਜ਼ ਦਿੱਤੀ, ਪੁੱਤ ਤੇਰਾ ਬਾਪੂ ਹੋਣਾ ਬੂਹਾ ਖੋਲ੍ਹ ਦੇ, ਜਦੋਂ ਮੈਂ ਬੂਹਾ ਖੋਲ੍ਹਿਆ ਤਾਂ ਤਿੰਨ ਪੁਲਿਸ ਮੁਲਾਜ਼ਮ ਸਨ, ਮੈਂ ਸਸਰੀ ਕਾਲ ਬੁਲਾ ਕੇ ਅੰਦਰ ਆਉਣ ਲਈ ਕਿਹਾ, ਮੈਂ ਡਰ ਗਈ,ਮੇਰੀ ਸੱਸ ਦਾ ਵੀ ਮੂੰਹ ਉੱਡ ਗਿਆ ਕਿ ਭਲਾਂ ਕੀ ਹੋ ਗਿਆ, ਇੱਕ ਮੁਲਾਜ਼ਮ ਬੋਲਿਆ ਮਾਤਾ ਬਾਪੂ ਨਹੀਂ ਵਿਖਦਾ ਘਰ,
ਸੱਸ : ਉਹ ਖੇਤ ਗਏ ਨੇ ਜੀ
ਮੁਲਾਜ਼ਮ : ਅੱਛਾ ਜੀ,
ਸੱਸ : ਕੀ ਗੱਲ ਹੋ ਗਈ ਜੀ
ਮੁਲਾਜ਼ਮ : ਗੁਰਮੇਲ ਸਿੰਘ ਤੁਹਾਡਾ ਹੀ ਪੁੱਤਰ ਹੈ ਜੀ,ਜੋ ਏਜੰਸੀ ਵਿਚ ਮੁਲਾਜ਼ਮ ਸੀ
ਸੱਸ : ਹਾਂਜੀ ,ਪਰ ਹੋਇਆ ਕੀ
ਮੁਲਾਜ਼ਮ : ਇੱਕ ਦੂਜੇ ਵੱਲ ਵੇਖਦਿਆਂ ਬੋਲਿਆ, ਮਾਤਾ ਜੋ ਮੁੰਡਾ ਤੁਹਾਡੇ ਪਿੰਡ ਫਾਹਾ ਲੈ ਕੇ ਮਰਿਆ ਹੈ,ਉਹ ਗੁਰਮੇਲ ਸਿੰਘ ਹੀ ਹੈ,ਉਸਤੋਂ ਬਾਅਦ ਜੋ ਹੋਇਆ ਮੈਂ ਕੁਝ ਵੀ ਨਹੀਂ ਲਿਖ ਸਕਦੀ,

ਤਿੰਨ ਮਹੀਨੇ ਬਾਅਦ…. ਇੱਕ ਪੰਨੇ ਤੇ ਲਿਖਿਆ ਹੈ, ਵੱਡੇ ਵੱਡੇ ਅੱਖਰਾਂ ਵਿਚ।

ਮੈਂ ਆਪਣੇ ਘਰ ਵਾਪਿਸ ਆ ਗਈ, ਮੈਂ ਮੇਰੀ ਮਾਂ ਨੂੰ ਸਭ ਕੁਝ, ਕੁਝ ਦਿਨ ਪਹਿਲਾਂ ਸਭ ਦੱਸ ਦਿੱਤਾ ਜੋ ਵੀ ਮੇਰੀ ਜਿੰਦਗੀ ਵਿੱਚ ਹੁਣ ਤੀਕ ਹੋਇਆ ਸੀ, ਉਸ ਅੱਗੋਂ ਚੁੱਪ ਹੋ ਗਈ ਕੁਝ ਨਹੀਂ ਬੋਲੀਂ… ਮੈਨੂੰ ਲੱਗਿਆ ਮੇਰੇ ਤੋਂ ਕੋਈ ਪਾਪ ਹੋ ਗਿਆ, ਮੈਂ ਜਦੋਂ ਵੀ ਕੋਈ ਘਰ‌ ਨਾ ਹੁੰਦਾ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਪਰ ਕਿੱਥੇ, ਮਾਂ ਨੇ ਮੇਰੀ ਇੱਕ ਨਾ ਸੁਣੀਂ….

ਮੈਂ ਸਾਰੀ ਦੁਨੀਆਂ ਨੂੰ ਆਪਣੇ ਖਿਲਾਫ਼ ਖੜਾ, ਬਰਦਾਸ਼ਤ ਕਰ ਸਕਦੀ ਆਂ,ਜੇ ਸਿਰਫ਼ ਮੇਰੀ ਮਾਂ ਮੇਰੇ ਪੱਖ ਵਿੱਚ ਹੋਵੇ, ਮੈਂ ਆਪਣੇ ਆਪ ਨੂੰ ਕੋਸਦੀ ਕਿ ਪਤਾ ਸੀ ਮਾਂ ਨੂੰ ਕਿੰਨੀ ਠੇਸ ਪਹੁੰਚਣੀ ਆ, ਫੇਰ ਤੂੰ ਦੱਸਿਆ ਕਿਉਂ…. ਫੇਰ ਆਖਦੀ ਸੱਚ ਤਾਂ ਸੱਚ ਹੁੰਦਾ, ਮੈਂ ਗੱਲ ਮੁਕਾਉਣ ਦੀ ਕਰ ਰਹੀ ਆਂ, ਮੈਂ ਆਪਣਾ ਸਫ਼ਰ ਪੂਰਾ ਕਰਨਾ ਚਾਹੁੰਦੀ ਆਂ, ਹੁਣ ਮੇਰੀ ਜਿੰਦਗੀ ਦਾ ਇੱਕੋ ਮਕਸਦ ਹੈ,ਉਹ ਹੈ ਮੌਤ…

ਸ਼ਾਮ ਦੇ ਸੱਤ ਵੱਜ ਚੁੱਕੇ ਨੇ, ਮਾਂ ਰਸੋਈ ਵਿਚ ਰੋਟੀ ਬਣਾ ਰਹੀ ਆ,ਸਾਵਣ ਮਹੀਨੇ ਦੀ ਰੁੱਤ ਹੈ, ਬੱਦਲ਼ ਚਾਰੇ ਪਾਸਿਓਂ ਗੱਰਜ ਰਿਹਾ ਹੈ, ਲੱਗਦਾ ਹੈ, ਹਨੇਰੀ ਵੀ ਬਹੁਤ ਅਵੇਗੀ , ਸਾਰਾ ਸਮਾਨ ਜੋ ਵੀ ਸਾਂਭਣ ਵਾਲ਼ਾ ਸੀ, ਮੈਂ ਅੰਦਰ ਸਾਂਭ‌ ਦਿੱਤਾ ਹੈ, ਮਾਂ ਨੇ ਰੋਟੀ ਬਣਾ ,‌ਡੱਬੇ ਵਿਚ ਰੱਖ ਕੇ, ਅਜੇ ਬਾਹਿਰ ਹੀ ਪੈਰ ਪੁੱਟਿਆ ਸੀ, ਕੇ ਤੜਾਕ ਦੀਆਂ ਕਣੀਆਂ ਆਉਣ ਲੱਗ ਪਈਆਂ,ਬਾਪੂ ਅੰਦਰ ਕਮਰੇ ਵਿਚ ਬੈਠਾ ਖਬਰਾਂ ਸੁਣ ਰਿਹਾ ਹੈ,ਵੀਰਾ ਕੋਲ਼ ਹੀ ਬੈਠਾ ਪਤਾ ਨਹੀਂ ਕਿਸ ਚੀਜ਼ ਦੀ ਮਕੈਨਿਕੀ ਕਰ ਰਿਹਾ ਹੈ,ਵੇਖਣ ਤੋਂ ਲੱਗਦਾ ਹੈ,ਦਾਦੇ ਵਾਲ਼ਾ ਪੁਰਾਣਾ ਰੇਡਿਓ ਭੰਨ ਲਿਆ ਹੈ, ਐਨੀ ਜ਼ੋਰ ਦੀ ਬਿਜਲੀ ਕੜਕ ਰਹੀ ਹੈ, ਲੱਗਦਾ ਹੈ ਜਿਵੇਂ ਮੇਰੇ ਹੀ ਸਿਰ ਤੇ ਕੜਕ ਰਹੀ ਹੋਵੇ,ਲਾਇਟ ਚਲੀ ਗਈ,ਅੱਠ ਵੱਜ ਗਏ, ਬੈਟਰੀ ਲਗਾ ਕੇ, ਸਾਰੇ ਰੋਟੀ ਖਾਣ ਲੱਗ ਪਏ, ਮੈਂ ਇੱਕਲੀ ਅੰਦਰ ਬੈਠੀ , ਦੀਵੇ ਦੇ ਚਾਨਣ ਨਾਲ ਇਹ ਡਾਇਰੀ ਲਿਖ ਰਹੀਂ ਆ, ਲਿਖਦਿਆਂ ਲਿਖਦਿਆਂ ਨੀਂਦ ਆ ਗਈ, ਵੇਖਿਆ ਲਾਇਟ ਆ ਚੁੱਕੀ ਹੈ, ਪੌਣੇਂ‌ ਗਿਆਰਾਂ ਵੱਜ ਗਏ ਨੇ, ਸਾਰਾ ਟੱਬਰ ਸੁੱਤਾ ਪਿਆ ਹੈ, ਮਾਂ ਦੇ ਚਿਹਰੇ ਵੱਲ ਕੇ ਮੇਰੀ‌‌ ਭੁੱਬ ਨਿਕਲ ਗਈ, ਮਸਾਂ ਰੋਕਿਆ ਮੂੰਹੋਂ ਚੀਕਾਂ ਨਿਕਲਦੀਆਂ ਨੂੰ, ਪੁੱਛਣ ਲੱਗੀ ਖੁਦ ਨੂੰ ਨਹੀਂ ਨਹੀਂ ਇਹ ਤੇਰੀ ਮਾਂ ਨਹੀਂ ਆ ਇਹ ਤਾਂ ਕੋਈ ਹੋਰ ਏ,ਇਹ ਤੇਰੀ ਮਾਂ ਕਿਵੇਂ ਹੋ ਸਕਦੀ ਏ, ਜੀਹਨੇ ਤੈਨੂੰ ਰੋਟੀ ਖਵਾਏ ਬਿਨਾਂ ਆਪ ਰੋਟੀ ਨਹੀਂ ਖਾਂਦੀ ਸੀ,ਅੱਜ ਰੋਟੀ ਬਿਨਾਂ ਪੁੱਛੇ ਸੋ ਵੀ ਗਈ, ਨਿੱਕੀਆਂ ਨਿੱਕੀਆਂ ਗੱਲਾਂ ਯਾਦ ਕਰ ਕਿੰਨਾਂ ਚਿਰ ਰੋਂਦੀ ਰਹੀਂ…. ਅਖ਼ੀਰ ਕਮਰੇ ਦੀ ਲਾਈਟ ਬੰਦ ਕੀਤੀ,ਤੇ ਦੱਬੇ ਪੈਰੀਂ , ਪਸ਼ੂਆਂ ਵਾਲੇ ਬਰਾਂਡੇ ਵਿੱਚ ਚਲੀ ਗਈ,ਹਲਕੀ ਹਲਕੀ ਭੂਰ ਦੀਆਂ ਕਣੀਆਂ ਨੇ,‌ ਸਾਰੇ ਕੱਪੜੇ ਗਿੱਲੇ ਕਰ ਦਿੱਤੇ ਸੀ, ਨੀਵੇਂ ਬਰਾਂਡੇ ਦੇ ਗਾਰਡ ਵਿਚ ਕੋਲ਼ ਪਏ‌ ਛਿਟੀਆਂ ਵਾਲੇ ਰੱਸੇ ਨੂੰ ਪਾਇਆ ਤੇ ਗਲ਼ ਵਿਚ ਪਾ ਲਿਆ ਤੇ ਆਖਿਆ ਚੱਲ ਗੁਰਨੂਰ ਕਹਿ ਦੇ ਦੁਨੀਆਂ ਨੂੰ ਅਲਵਿਦਾ …ਇਹ ਆਖ ਅੱਖਾਂ ਮੀਚ ਰੱਸਾ ਗਲ਼ ਵਿਚ ਪਾ ਪੈਰ ਉਤਾਂਹ ਨੂੰ ਚੁੱਕੇ ਗਲ਼ ਘੁੱਟਣ ਲੱਗਿਆ , ਫੇਰ ਪੈਰ ਥੱਲੇ ਲਗਾ ਲਏ, ਅੱਧਾ ਘੰਟਾ ਐਦਾਂ ਹੀ ਕਰਦੀ ਰਹੀ,ਪਰ ਅਖੀਰ ਕਿਹਾ ਨਹੀਂ ਗੁਰਨੂਰ , ਤੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ … ਮੂੰਹ ਧੋਇਆ ਤੇ ਪੈਣ ਚਲੀ ਗਈ,
ਮਾਂ : ਕੁੜੀਏ ਰੋਟੀ ਖਾ ਲਈ
ਮੈਂ : ਨਹੀਂ
ਮਾਂ : ਸ਼ੈਲਫ਼ ( ਕੰਨਸ ) ਤੇ ਪਈ ਆ ਖਾ ਲੈ, ਸਬਜ਼ੀ ਵੀ ਉਥੇ ਹੀ ਆ,
ਮੈਂ : ਠੀਕ ਹੈ

ਮਾਂ ਨੇ ਬੇਸ਼ੱਕ ਉੱਖੜੇ ਆਵਾਜ਼ ਵਿਚ ਹੀ ਕਿਹਾ ਸੀ,ਪਰ ਫਿਰ ਵੀ ਮੈਨੂੰ ਵਧੀਆ ਲੱਗਾ, ਮੈਂ ਰੋਟੀ ਚੁੱਕੀ ਤੇ ਹਲਕੀ ਸਬਜ਼ੀ ਗਰਮ ਕਰਕੇ ਤਿੰਨ ਫ਼ੁਲਕੇ ਖਾਏ, ਮੈਂ ਜਾ ਦੂਸਰੇ ਕਮਰੇ ਵਿਚ ਇੱਕਲੀ ਹੀ ਪੈ ਗਈ, ਮਾਂ ਦੋ ਵਾਰ ਵੇਖ ਕੇ ਗਈ ਕਿ ਕੁੜੀ ਜਾਗਦੀ ਹੈ ਜਾਂ ਸੋ ਗਈ,ਅੱਧੇ ਕੁ ਘੰਟੇ ਬਾਅਦ ਮੇਰਾ ਗਲ਼ ਘੁੱਟਣ ਲੱਗ ਗਿਆ, ਮੈਨੂੰ ਪਤਾ ਲੱਗ ਗਿਆ ਕਿ ਮੇਰੀ ਮੌਤ ਆ ਗਈ ਹੈ,ਪਤਾ ਨਹੀਂ ਇਹ ਡਾਇਰੀ ਕੋਈ ਅੱਗੇ ਲਿਖੇਗਾ ਜਾਂ ਨਹੀਂ,ਪਤਾ ਨਹੀਂ ਜਿਸ ਲਈ ਲਿਖੀਂ ਹੈ ਉਹ ਪੜੇਗਾ ਜਾਂ ਨਹੀਂ, ਜਾਂ ਉਹਦੇ ਤੀਕ ਇਹ ਉੱਪੜੇਗੀ ਵੀ ਜਾਂ ਨਾ,ਮੈਂ ਆਪਣੇ ਆਖ਼ਰੀ ਸਾਹ ਨਾਲ ਤੇਰੇ ਨਾਂ ਕਵਿਤਾ ਲਿਖਣੀ ਚਾਹੁੰਦੀ ਆਂ…

ਮੇਰੀ ਇਬਾਦਤ ਦੇ ਵਿਚ ਨਾਂ ਤੇਰਾ
ਮੈਂ ਖ਼ੁਦਾ ਸੀ ਮੰਨਿਆ ਤੈਨੂੰ ਵੇ…

ਇਸ ਦੁਨੀਆਂ ਵਿਚ ਬਗਾਨੇ ਨਹੀਂ
ਆਪਣੇ ਵੈਰੀ ਪਤਾ ਲੱਗਿਆ ਮੈਨੂੰ ਵੇ…

ਜੇ ਤੁਹੀਓ ਕੌਲ ਕਰਾਰ ਦਾ ਸੱਚਾ ਹੁੰਦਾ
ਕੀਹਨੇ ਦਿਨ ਆ ਵੇਖਣਾ ਸੀ ਦੀਪ ਸਿਆਂ,

ਮੈਂ ਨਹੀਂ ਕਹਿੰਦੀ ਮੈਂ ਜ਼ਿੰਦਗੀ ਜੀਓਂ ਲੰਘਾਈਂ,
ਮੈਂ ਤੇ ਬੱਸ ਸਮਾਂ ਹੀ ਕਰਿਆ ਬਤੀਤ ਸਿਆਂ,

ਆਪਣਾ ਸਮਝ ਜੇ ਦਰਦ ਫਰੋਲੇ ਮੈਂ,
ਕੋਈ ਬਣ ਕੇ ਬਹਿ ਗਿਆ ਕੀ ਚੰਨ ਵੇ,

ਇੱਕ ਵਾਰੀ ਤਾਂ ਦੱਸਦੇ,ਚਾਹੁੰਦੀ ਸੀ ਹੱਸਦੇ,
ਭਲਾਂ ਸੱਚ ਬੋਲਣਾਂ ਗ਼ਲਤੀ ਸੀ ਚੰਨ ਵੇ

ਮੈਂ ਉਹਨਾਂ ਖ਼ਾਤਰ ਉਹ ਰਾਹ ਤੁਰੀ,
ਜਿਹਨੇ ਮੇਰੀ ਦੇਹ ਨੂੰ ਮਾਰੀ ਸੱਟ ਡੂੰਘੀ,

ਮੈਂ ਕਦੇ ਨਾ ਦੱਸਿਆ ਅੰਮੜੀ ਨੂੰ,
ਅੱਖ ਮੇਰੀ ਮੈਂ ਦਰਦਾਂ ਹੱਥੀਂ ਕਿੰਝ ਪੂੰਜੀ

ਜ਼ਰੂਰੀ ਸੀ ਕਿ ਖ਼ਾਲੀ ਹੱਥ ਚ‌ ਰੇਤ ਭਰਨੀ,
ਜਦੋਂ ਪਤਾ ਸੀ ਪੱਕੇ ਕੋਠੇ ਲਿੱਪਦੇ ਨਹੀਂ,

ਇਹ ਹਿੱਜਰ ਦੇ ਸੂਰਜ ਬਲਦੇ ਰਹਿਣ ਸਦਾ
ਇਹ ਧਰਤ ਮੁੱਕਿਆ ਵੀ ਕਦੇ‌ ਛਿੱਪਦੇ ਨਹੀਂ

ਕੌਣ ਕਰੇਗਾ ਅਖੀਰ ਦੱਸ ਯਾਦ ਤੈਨੂੰ,
ਤੇਰੇ ਜਿਹੇ ਕਈ ਪਹਿਲਾਂ ਸਵਾਹ ਦੀ ਢੇਰੀ ਨੇ

ਮੈਂ ਬੋਲ ਜੋ ਨਹੀਂ ਸੀ ਕਦੇ ਵੀ ਦੱਸ ਸਕਦੀ
ਸਦਕੇ ਜਾਵਾਂ ਲਿਖਿਆ ਉਹ ਕਲਮ ਮੇਰੀ ਨੇ
ਸਦਕੇ ਜਾਵਾਂ ਲਿਖਿਆ ਉਹ ਕਲਮ ਮੇਰੀ ਨੇ

ਅਲਵਿਦਾ

ਉਸਤੋਂ ਬਾਅਦ ਕੁਝ ਪੰਨੇ ਖ਼ਾਲੀ ਨੇ,ਮੰਮੀ ਆਵਾਜ਼ ਲਗਾ ਰਹੇ ਨੇ,
ਮੰਮੀ : ਪੁੱਤ ਚਾਹ ਬਣਾ‌ ਦੇ,ਘੁੱਟ ਕੇ
ਸੁਖਦੀਪ : ਹਾਂ ਜੀ ( ਸੁਖਦੀਪ ਹੁਣ ਵੀ ਇਹੀ ਸੋਚ ਰਹੀ ਸੀ,ਕਿ ਜਦੋਂ ਇਹ ਡਾਇਰੀ ਲਿਖੀਂ, ਗੁਰਨੂਰ ਕੁੜੀ ਨੇ, ਫੇਰ ਅਲਫ਼ਨੂਰ ਨੇ ਸੁਖ ਨੂੰ ਕਿਉਂ ਦਿੱਤੀ, ਭਲਾਂ ਅਲਫ਼ਨੂਰ ਇਹ ਡਾਇਰੀ ਕਿਉਂ ਦੇਵੇਂਗੀ, ਉਸਨੂੰ ਜ਼ਲਦੀ ਸੀ ਕਿ ਉਹ ਜਾ ਕੇ ਜਲਦੀ ਜਲਦੀ ਡਾਇਰੀ ਅੱਜ ਪੂਰੀ ਪੜ ਦੇਵੇ,
ਇਹ ਸੋਚਦਿਆਂ ਸੋਚਦਿਆਂ ਚਾਹ ਬਣ ਗਈ ,ਮੰਮੀ ਨੂੰ ਚਾਹ ਫੜਾ , ਮੈਂ ਫੇਰ ਬੈੱਡ ਤੇ ਜਾ ਬੈਠੀ ਤੇ ਪੜਨਾ ਸ਼ੁਰੂ ਕੀਤਾ

ਮੈਂ ਇੱਕ ਦਿਨ ਚੁਬਾਰਾ ਸਾਫ਼ ਕਰ ਰਹੀ ਸੀ,ਦਾਦੀ ਦੇ ਸੰਦੂਕ ਵਿੱਚ ਇੱਕ ਲੁਕੋਈ ਹੋਈ ਕਿਤਾਬ ਪਈ ਸੀ, ਮੈਂ ਮੰਮੀ ਨੂੰ ਬਹੁਤੀ ਵਾਰ ਪੁੱਛਿਆ ਵੀ ਹੈ ਕਿ ਇਹ ਕਿਸਦੀ ਹੈ,ਕੀ ਲਿਖਿਆ ਹੈ, ਇਸ ਵਿੱਚ ਮੰਮੀ ਕਹਿ ਦੇਂਦੀ ਕਿ ਪਤਾ ਨਹੀਂ ਤੇਰੀ ਦਾਦੀ ਦੀ ਸਾਂਭੀ ਹੋਈ ਆ, ਮੈਂ ਚੁਬਾਰਾ ਸਾਫ਼ ਕਰਦੀ ਕਰਦੀ ਨੇ, ਉਹ ਡਾਇਰੀ ਬਾਹਿਰ ਕੱਢ ਲਈ, ਕਾਫ਼ੀ ਸਮਾਂ ਹੋ ਚੁੱਕਿਆ ਸੀ,ਲੱਗਦਾ ਕਿਸੇ ਨੇ ਖੋਲ੍ਹੀ ਵੀ ਨਹੀਂ ਸੀ,ਕਈ ਪੰਨੇ ਆਪਸ ਵਿੱਚ ਜੁੜੇ ਪਏ‌ ਸੀ, ਮੰਮੀ ਅੱਜ ਸ਼ਹਿਰ ਗਈ ਹੋਈ ਸੀ, ਤਾਂ ਕਰਕੇ ਮੈਂ ਇਹ ਸਾਰੀ ਪੜ੍ਹ ਸਕਦੀ ਸੀ, ਮੈਂ ਸ਼ੁਰੂ ਤੋਂ ਲੈਕੇ ਆਖਰੀ ਲਿਖਤ ਤੀਕ ਸਾਰੀ ਪੜ੍ਹੀ, ਹੁਣ ਮੈਨੂੰ ਇਹ ਨਹੀਂ ਪਤਾ ਕਿ ਗੁਰਨੂਰ ਕੌਂਣ ਆ, ਕਿਉਂਕਿ ਦਾਦੀ ਦਾ ਨਾਂ ਤਾਂ ਕੁਝ ਹੋਰ ਸੀ, ਮੈਂ ਸ਼ਾਮੀ ਮਾਂ ਨੂੰ ਸੁੱਤੇ ਸਵਾਹ ਹੀ ਕਿਹਾ, ਮਾਂ ਜੇ ਮੇਰਾ ਨਾਂ ਗੁਰਨੂਰ ਹੁੰਦਾ ਫੇਰ,ਕਿੰਨਾ ਸੋਹਣਾ ਨਾਮ ਹੈ ਹਨਾਂ…. ਦਾਦੀ ਅੜਬ ਜਿਹੇ ਸੁਭਾਅ ਵਿਚ ਬੋਲੀ ਕਿਉਂ ਅਲਫ਼ਨੂਰ ਸੋਹਣਾ ਨਹੀ ਹੈਗਾ, ਨਾਲ਼ੇ ਵੇਖਲਾ ਦੋਵੇਂ ਗੁੱਤਾਂ ਪੱਟ ਦੇਊਂ ਜੇ ਹੁਣ ਲਿਆ ਇਹ ਚੰਦਰਾ ਜਿਹਾ ਨਾਂ, ਮੈਂ ਦਾਦੀ ਦੀ ਝੋਲੀ ਵਿਚ ਜਾ ਬੈਠ ਗਈ, ਦਾਦੀ ਕਿੰਨਾ ਚਿਰ ਮੇਰੇ ਮੂੰਹ ਵੱਲ ਵੇਖਦੀ ਰਹੀਂ, ਮੈਂ ਕਿਹਾ ਦਾਦੀ ਇੱਕ ਗੱਲ ਪੁੱਛਾਂ ਸੱਚ ਸੱਚ ਦੱਸੇਂਗੀ, ਦਾਦੀ ਹਾਂ ਪੁੱਛ ਪੁੱਛ, ਦਾਦੀ ਆਪਣੇ ਗੁਰਨੂਰ ਕੌਂਣ ਸੀ, ਦਾਦੀ ਦੀ ਅੱਖ ਭਰ ਆਈ, ਮੈਂ ਕਿਹਾ ਕੀ ਹੋ ਗਿਆ ਦਾਦੀ, ਤੁਸੀਂ ਰੋ ਕਿਉਂ ਪਏ, ਨਹੀਂ ਪੁੱਤ ਰੋਂਦੀ ਨਹੀਂ,ਉਈਂ ਪਾਣੀ ਆ ਗਿਆ, ਚੱਲੋ ਫੇਰ ਦੱਸੋ ਕੋਣ‌ ਸੀ,ਦਾਦੀ ਨੇਂ ਕਰੜਾ ਜਾ ਦਿਲ ਕਰਕੇ ਕਿਹਾ …. ਪੁੱਤ ਤੇਰੀ ਭੂਆ ਸੀ ਗੁਰਨੂਰ… ਮੇਰੇ ਹੁਣ ਸਾਰੀ ਡਾਇਰੀ ਸਮਝ ਵਿਚ ਆ ਗਈ ,‌ਮੈਂ ਦਾਦੀ ਨੂੰ ਕਿਹਾ ਸੱਚੀ, ਹਾਂ ਪੁੱਤ ,ਪਰ ਤੂੰ ਇਹ ਨਾਂ ਕਿੱਥੋਂ ਸੁਣਿਆ, ਮੈਂ ਦਾਦੀ ਨੂੰ ਦੱਸ ਦਿੱਤਾ ਕਿ ਮੈਂ ਭੂਆ ਦੀ ਡਾਇਰੀ ਪੜੀ ਸੀ, ਦਾਦੀ ਕਿੰਨਾ ਚਿਰ ਰੋਂਦੀ ਰਹੀਂ, ਮਾਂ ਨੇ ਕਿੰਨੀਆਂ ਗਾਲਾਂ ਦਿੱਤੀਆਂ,ਪਰ ਦਾਦੀ ਨੇ ਕਿਹਾ ਨਿਆਣੀ ਆ ਇਹਨੂੰ ਕੀ ਪਤਾ, ਆਪਣੇ ਖੂਨ ਨੂੰ ਆਪਣੇ ਹੱਥਾਂ ਨਾਲ ਰਾਖ਼ ਕਰਨਾ ਕੀਹਨੂੰ ਕਹਿੰਦੇ ਨੇ,ਪਰ ਮੇਰੇ ਸਾਰਾ ਕੁਝ ਸਮਝ ਆ ਚੁੱਕਾ ਸੀ।

ਮੈਂ ਸਕੂਲੋਂ ਆ ਕਿੰਨੀ ਵਾਰ ਇਹ ਡਾਇਰੀ ਪੜੀ, ਮੈਂ ਆਪਣੀ ਸਹੇਲੀ ਨੂੰ ਵੀ ਦੱਸਿਆ, ਮੈਂ ਇਸ ਡਾਇਰੀ ਨੂੰ ਇੱਕ ਨਵੀਂ ਡਾਇਰੀ ਤੇ ਉਤਾਰਨਾ ਸ਼ੁਰੂ ਕਰ ਦਿੱਤਾ, ਮੈਂ ਇਹ ਡਾਇਰੀ ਦੁਬਾਰਾ ਲਿਖਦੇ ਲਿਖਦੇ ਬਹੁਤ ਕੁਝ ਆਪਣੇ ਵੱਲੋਂ ਐਡ ਕੀਤਾ,ਇਹ ਡਾਇਰੀ ਨੇ ਹੀ‌ ਮੈਨੂੰ ਇਹ ਸਕੂਲੀ ਕਿਤਾਬਾਂ ਦੀ ਦੁਨੀਆਂ ਨੂੰ ਛੱਡ ਕੇ ਬਾਹਰਲੀ ਦੁਨੀਆਂ ਦੀਆਂ ਕਿਤਾਬਾਂ ਦੇ ਰੁਬਰੂ ਕਰਾਇਆ, ਮੈਂ ਹੌਲੀ ਹੌਲੀ ਲਿਖਣਾਂ ਸ਼ੁਰੂ ਕਰ ਦਿੱਤਾ…

ਬੂੰਦਾਂ ਦੇ ਸਦਕੇ, ਇੱਟਾਂ ਖੁਰ ਗਈਆਂ ਕੰਧ ਦੀਆਂ
ਗੂੜ੍ਹੀਆਂ ਹੁੰਦੀਆਂ ਲੱਗਣ ਤਰੇੜਾਂ, ਅੱਜ ਚੰਦ ਦੀਆਂ

ਜੀਹਨੇ ਜੀਹਨੇ ਭੇਦ ਖੋਲੇ,ਉਹੀ ਅੰਦਰੋਂ ਟੁੱਕੜੇ ਆ
ਲੱਕੜਾਂ ਵਾਂਗੂੰ ਸੁੱਕੇ, ਬਾਹਰੋਂ ਹੱਸਦੇ ਮੁੱਖੜੇ ਆ

ਖੂਨ ਦਾ ਛਿੱਟਾ,ਸਭ ਫਿੱਕੇ ਕਰਦਾ‌ ਰੰਗਾਂ ਨੂੰ,
ਕੋਈ ਰੇਸ਼ਮ ਨੀ ਸਾਫ਼ ਕਰਦਾ ਇਹਨਾਂ ਥੰਦਾਂ‌ ਨੂੰ

ਮੈਨੂੰ ਪਤਾ ਇਹ ਬਹੁਤ ਸੋਹਣਾ ਤੇ ਨਹੀਂ ਆ,ਪਰ ਹਾਂ ਇਹ ਹੈ ਬਹੁਤ ਮੇਰੇ ਲਈ, ਮੈਂ ਕਿਤਾਬਾਂ ਕਹਾਣੀਆਂ ਪੜ੍ਹਦੀ ਪੜ੍ਹਦੀ ਇੱਕ ਦਿਨ ਐਸੀ ਕਿਤਾਬ ਪੜ੍ਹ ਬੈਠੀ,ਜੋ ਮੈਨੂੰ ਲੱਗਿਆ ਇਹ ਉਹੀ ਸੁਖਦੀਪ ਨੇ ਲਿਖੀ ਹੈ,ਜਿਸ ਨੂੰ ਭੂਆ ਜਾਣਦੀ ਸੀ,ਉਸਦੀ ਕਹਾਣੀ ਦਾ ਨਾਮ ਤੇ ਯਾਦ ਨਹੀਂ,ਪਰ ਕੋਈ ਹਰਫ਼ਨੂਰ ਕੁੜੀ ਦਾ ਜ਼ਿਕਰ ਸੀ, ਮੈਨੂੰ ਹਰਫ਼ਨੂਰ ਤੇ ਗੁਰਨੂਰ ਸ਼ਬਦ ਇੱਕੋ ਜਿਹਾ ਲੱਗਾ, ਐਦਾਂ ਲੱਗਿਆ ਜਿਵੇਂ ਉਹ ਮੇਰੇ ਭੂਆ ਬਾਰੇ ਹੀ ਲਿਖ ਰਹੇ ਹੋਣ, ਉਹਨਾਂ ਦਾ‌‌ ਨੰਬਰ ਕਹਾਣੀ ਵਿਚ ਦਿੱਤਾ ਹੋਇਆ ਸੀ, ਮੈਂ ਉਹਨਾਂ ਨਾਲ਼ ਗੱਲਬਾਤ ਕੀਤੀ, ਉਹਨਾਂ ਨੇ ਬੜੇ ਹੀ ਸਲੀਕੇ ਨਾਲ ਗੱਲਬਾਤ ਕੀਤੀ ।

ਇਸੇ ਤਰ੍ਹਾਂ ਮੈਂ ਉਹਨਾਂ ਨਾਲ ਜੁੜੀ, ਮੈਨੂੰ ਕਈ ਦਿਨ ਗੱਲ ਬਾਤ ਕਰਨ ਤੋਂ ਬਾਅਦ ਪਤਾ ਲੱਗ ਗਿਆ ਕਿ...

ਇਹ ਸੁਖਦੀਪ ਕੋਈ ਹੋਰ ਹੈ,ਇਹ ਤਾਂ ਅਜੇ ਸਿਰਫ਼ ਮੇਰੀ ਉਮਰ ਦੇ ਹਾਣ ਦੇ ਹੀ ਨੇ, ਮੈਂ ਬਿਨਾਂ ਵਜ੍ਹਾ ਉਹਨਾਂ ਨੂੰ ਫੋਨ ਵਿਚੋਂ ਬਲੌਕ ਕਰ ਦਿੱਤਾ,ਪਤਾ ਨਹੀਂ ਕਿਉਂ ਮੈਂ ਬਲੌਕ ਕਰਨ ਤੋਂ ਬਾਅਦ ਕਿੰਨਾਂ ਚਿਰ ਉਹਨਾਂ ਬਾਰੇ ਸੋਚਦੀ ਰਹੀ,ਕਿ ਕੀ ਪਤਾ ਉਹ ਕੀ ਸੋਚਦੇ ਹੋਣਗੇ,ਵੀ‌ ਕਿਉਂ ਕੁੜੀ ਬਲੌਕ ਕਰਕੇ ਚੱਲੀ ਗਈ,ਪਰ ਉਹਨਾਂ ਨਾਲ ਤਾਂ ਹੋਰ ਬਹੁਤ ਜਾਣੇ ਹੋਵਣਗੇ,ਕੀ ਪਤਾ ਉਹਨਾਂ ਨੂੰ ਪਤਾ ਵੀ ਨਾ ਲੱਗਾ ਹੋਵੇ ਕਿ ਮੈਂ ਉਹਨਾਂ ਨੂੰ ਬਲੌਕ ਕਰ ਦਿੱਤਾ ਹੈ, ਮੈਂ ਤਿੰਨ ਦਿਨ ਉਹਨਾਂ ਨੂੰ ਬਲੌਕ ਰੱਖਿਆ ਤੇ ਤਿੰਨੇ ਦਿਨ ਹੀ ਮੈਂ ਉਹਨਾਂ ਬਾਰੇ ਸੋਚਦੀ ਨੇ ਕੱਢ ਦਿੱਤੇ,ਲਾਕਡਾਊਨ ਦਾ ਕਰਕੇ ਸਕੂਲ ਦਾ ਸਾਰਾ‌‌ ਕੰਮ ਫੋਨ ਉੱਪਰ ਹੀ ਆਉਂਦਾ ਸੀ, ਜਿਸ ਕਰਕੇ ਫੋਨ ਸਾਰਾ ਦਿਨ ਮੇਰੇ ਕੋਲ ਹੀ ਹੁੰਦਾ ਸੀ,

ਮੈਂ ਅਖੀਰਕਾਰ ਉਹਨਾਂ ਨੂੰ ਦੁਬਾਰਾ ਮੈਸਜ਼ ਕਰਿਆ, ਉਹਨਾਂ ਨੇ ਮੇਰੇ ਨਾਲ ਓਦਾਂ ਹੀ ਗੱਲ ਕਰੀ, ਜਿਦਾਂ ਪਹਿਲੀ ਵਾਰ ਕਰੀ ਸੀ, ਮੈਨੂੰ ਚੰਗਾ ਇਹ ਸਭ, ਹੌਲ਼ੀ ਹੌਲ਼ੀ ਮੇਰੀ ਆਦਤ ਬਣ ਗਈ, ਮੈਂ ਹਰਰੋਜ਼ ਗੱਲ ਕਰਨੀ ਸ਼ੁਰੂ ਕਰ ਦਿੱਤੀ, ਮੈਂ ਇੱਕ ਦਿਨ ਉਹਨਾਂ ਨੂੰ ਲਿਖਣ ਦੀ ਸ਼ੁਰੂਆਤ ਦਾ ਕਾਰਨ ਪੁੱਛਿਆ, ਉਹਨਾਂ ਨੇ ਬੜੇ ਰਹੱਸਮਈ ਤਰੀਕੇ ਨਾਲ ਜਵਾਬ ਦਿੱਤਾ ਤੇ ਕਿਹਾ ਕਿ ਤੁਸੀਂ ਸਿਰਫ ਉਹ ਜਾਣਦੇ ਹੋ,ਜੋ ਮੈਂ ਤੁਹਾਨੂੰ ਦੱਸਿਆ ਹੈ,ਪਰ ਮੈਂ ਉਹ ਜਾਣਦਾਂ ਹਾਂ,ਜੋ ਤੁਸੀਂ ਦੱਸਿਆ ਵੀ ਨਹੀਂ,ਪਤਾ ਨਹੀਂ ਇਸ ਗੱਲ ਵਿਚ ਕੀ ਰਾਜ਼ ਹੈ, ਪਰ ਮੈਨੂੰ ਗੁੱਸਾ ਬਹੁਤ ਆਇਆ, ਮੈਂ ਫਿਰ ਤੋਂ ਦੁਬਾਰਾ ਬਲੌਕ ਕਰ ਦਿੱਤਾ, ਨਾਲ਼ੇ ਸੋਚਦੀ ਵੀ ਰਹੀ ਪਰ ਗ਼ੁੱਸਾ ਵੀ ਸੀ, ਮੈਨੂੰ ਏਵੇਂ ਸੀ ਕਿ ਉਹ ਖੁਦ ਮੈਸਜ਼ ਕਰਨਗੇ ਪਰ ਉਹਨਾਂ ਨੇ ਨਾ ਕਰਿਆ, ਅਖਿਰਕਾਰ ਮੈਂ ਹੀ ਮੈਸਜ਼ ਕਰ ਦਿੱਤਾ ਇੱਕ ਹਫ਼ਤੇ ਬਾਅਦ, ਮੈਂ ਇਸ ਗੱਲ ਤੇ ਹੈਰਾਨ ਸੀ, ਮੈਂ ਉਹਨਾਂ ਨੂੰ ਬਿਨਾਂ ਦੱਸੇ ਬਲੌਕ ਕਰ ਦਿੱਤਾ ਸੀ, ਪਰ ਮੇਰੇ ਪਹਿਲੇ ਮੈਸਜ਼ ਤੇ ਹੀ ਉਹਨਾਂ ਨੇ ਮੈਨੂੰ ਮੈਸਜ਼ ਦਾ ਸਵਿੱਚ ਦੇ ਦਿੱਤਾ, ਮੈਂ ਉਹਨਾਂ ਨੂੰ ਉਹ ਸਾਰਾ ਕੁਝ ਦੱਸ ਦਿੱਤਾ ਜੋ ਮੇਰਾ ਦਿਲ ਉਹਨਾਂ ਬਾਰੇ ਸੋਚਦਾ ਸੀ, ਮੈਂ ਇੱਕ ਲਿਖਤ ਲਿਖ ਕੇ ਭੇਜੀ….

ਹਾਲੇ ਤੀਕ ਨਾ ਲੱਗੀਆਂ ਸਮਝਾਂ,ਕੀ ਰਿਸ਼ਤਾ ਤੇਰਾ ਮੇਰੇ ਨਾਲ,
ਜਦ ਵੀ ਉੱਠਦੀ ਬੈਠਦੀ, ਮੈਨੂੰ ਘੇਰਾ ਪਾ ਲੈਵਣ ਤੇਰੇ ਖਿਆਲ,

ਮੇਰੇ ਚਿੱਤ ਨੂੰ ਕੰਬਣੀ ਛਿੜ ਗਈ, ਕੱਲ੍ਹ ਦੇਖਿਆ ਤੈਨੂੰ ਜ਼ਰਾ,
ਮੈਨੂੰ ਸਮਝ ਨੀਂ ਆਉਂਦੀ ਹਾਣੀਆਂ, ਦੱਸ ਕਿਦਾਂ ਬਿਆਨ ਕਰਾਂ

ਮੈਂ ਬਦਲ ਬਦਲ ਸੂਟ ਪਾਂਵਦੀ,ਜਦ ਵੀ ਜਾਣਾਂ ਮਸਜਿਦ ਵੱਲ ਨੂੰ,
ਵੇ ਅੱਜ ਵਿਖਿਆ ਨਾ ਵਿਚ ਰਾਹ ਦੇ, ਖ਼ਬਰੇ ਖੜ੍ਹਾ ਹੋਵੇਂ ਤੂੰ ਕੱਲ੍ਹ ਨੂੰ,

ਵੇ ਮੈਨੂੰ ਨੀਂਦਰ ਨਾ ਆਵੇ ਰਾਤ ਨੂੰ, ਲੰਘੇ ਸੋਚਾਂ ਵਿਚ ਦੁਪਹਿਰ,
ਵੇ ਮੈਨੂੰ ਛੋਟੇ ਲੱਗਣ ਲੱਗ ਗੲੇ, ਜੇ ਸੱਚ ਦੱਸਾਂ ਅੱਠੇ ਪਹਿਰ,

ਕੀ ਤੂੰ ਵੀ ਉਹੀਓ ਸੋਚਦਾ,ਜੋ ਸੋਚੇ ਦਿਲ ਮੇਰੇ ਦਾ‌ ਖ਼ਿਆਲ,
ਜੇ ਰੱਬ ਤੋਂ ਮੰਗਲਾਂ ਤੈਨੂੰ,ਮੇਰਾ ਕਰੇਂਗਾ ਤਾਂ ਨੀਂ ਬੁਰਾ ਹਾਲ,

ਮੈਂ ਇੱਕ ਗੱਲ ਦੱਸਣੀ ਤੈਨੂੰ ,ਜੇ ਭਰੇ ਹੁੰਗਾਰਾ ਰੱਜ ਕੇ
ਜੇ ਤੂੰ ਚਾਹੁਣਾ ਚੰਨਾ ਸਾਂਭਣੀ,ਕੀ ਤਸਵੀਰ ਭੇਜਾਂ ਤੈਨੂੰ ਸੱਜ ਕੇ,

ਤੇਰਾ ਗੁਰੂਘਰ ਤੇ ਮੇਰੀ ਮਸਜਿਦ ਮਿਲਾ ਬਣਾਉਣਾ ਨਵਾਂ ਹੈ ਮੰਦਰ ਵੇ,
ਮੈਂ ਲੈ ਕੇ ਜਾਵਣਾਂ ਮੱਕੇ ਵੱਲ ਨੂੰ, ਤੂੰ ਲੈ ਜਾਵੀਂ ਮੈਨੂੰ ਹਰਿਮੰਦਰ ਵੇ ..

ਇਹ ਮਜ਼ਹਬ ਤੇ ਜਾਤ ਵਾਲ਼ੀ ਤਾਂ ਹੈ ਦੁਨੀਆਂ ਦੀ ਖੇਡ ਪੁਰਾਣੀ ਵੇ,
ਜੇ ਇਸ ਜਨਮ ਇੱਕਠੇ ਨਾ ਹੋ ਸਕੇ, ਅਗਲੇ ਜਨਮ ਮਿਲਾਂਗੇ ਹਾਣੀ ਵੇ,

ਮੈਂ ਪੜਿਆ ਬਹੁਤੀ ਵਾਰ ਵੇ,ਬੜਾ ਸੋਹਣਾ ਹੈ ਤੂੰ ਲਿਖਦਾਂ
ਮੇਰੀ ਅਰਜ਼ ਤੂੰ ਮੇਰੀ ਵੀ ਲਿਖੀ ਹਾੜੇ ਇੱਕ ਕਹਾਣੀ ਵੇ…

ਤੇਰੇ ਲਈ ਬੇਸ਼ੱਕ ਇਹ ਕੋਈ, ਗ਼ਜ਼ਲ, ਕਵਿਤਾ, ਨਜ਼ਮ ਦਾ ਟੁਕੜੇ ਜਾਂ ਹਿੱਸਾ ਹੋਣਾਂ,ਪਰ ਮੇਰੇ ਤਾਂ ਦਿਲ ਦੀ ਰੀਝ ਸੀ,
ਤੂੰ ਆਇਆ ਮੇਰੀ ਜਿੰਦਗੀ ਵਿੱਚ ਤਾਂ ਮੈਨੂੰ ਪਤਾ ਲੱਗਿਆ,
ਕਿ ਮੁਹੱਬਤ ਨਾਂ ਦੀ ਵੀ ਦੁਨੀਆਂ ਤੇ ਹੈ ਕੋਈ ਚੀਜ਼ ਸੀ…

ਉਸਤੋਂ ਬਾਅਦ ਇੱਕ ਨਵੀਂ ਦੁਨੀਆਂ ਦੀ ਸ਼ੁਰੂਆਤ ਹੋਈ, ਬੇਸ਼ੱਕ ਮੇਰੇ ਕੋਲ ਸੁਖ ਦੀਆਂ ਬਹੁਤ ਤਸਵੀਰਾਂ ਸਨ, ਪਰ ਉਹਨੇ ਮੈਨੂੰ ਕਦੇ ਵੀ ਨਹੀਂ ਸੀ ਵੇਖਿਆ,ਜੋ ਤਸਵੀਰ ਮੈਂ ਭੇਜੀ ਸੀ, ਉਹ ਤਾਂ ਮੇਰੀ ਸਹੇਲੀ ਦੀ ਸੀ,ਜੋ ਕਿ ਬਹੁਤ ਹੀ ਪੁਰਾਣੀ ਤਸਵੀਰ ਸੀ,ਜਿਸ ਤੇ ਚੱਜ ਨਾਲ ਕੁਝ ਵਿਖਦਾ ਵੀ ਨਹੀਂ ਸੀ, ਮੈਂ ਆਪਣੀ ਸਾਰੀ ਗੱਲ ਆਪਣੀ ਸਹੇਲੀ ਨੂੰ ਦੱਸੀ, ਜਿਸਨੂੰ ਮੈਂ ਪਹਿਲਾਂ ਵੀ ਸਾਰੀਆਂ ਗੱਲਾਂ ਦੱਸ ਦੇਣੀਂ, ਉਹਨੇ ਮੈਨੂੰ ਕੁਝ ਅਜਿਹਾ ਦੱਸਿਆ ਜੋ ਬਾਕਿਆ ਵਿਚ ਮੈਨੂੰ ਸਹੀ ਲੱਗਿਆ, ਮੈਂ ਸੁਖ ਨੂੰ ਕਿਹਾ ਕਿ ਉਹ ਮੈਨੂੰ ਮਿਲਣ ਆ ਸਕਦਾ ਹੈ, ਉਸਨੇ ਇਨਕਾਰ ਕਰ ਦਿੱਤਾ ਪਰ ਮੈਂ ਫੇਰ ਜ਼ੋਰ ਪਾਇਆ, ਉਹ ਮੰਨ ਗਿਆ,ਉਸ ਦਿਨ ਕੀ ਹੋਇਆ ਜੋ ਮੇਰੀ ਸਹੇਲੀ ਮੇਰੇ ਨਾਲ ਜਾ ਰਹੀ ਸੀ,ਉਸ ਦੇ ਸੂਟ ਉੱਪਰ ਪ੍ਰੈੱਸ ਲੱਗ ਗਈ,ਜਿਸ ਕਰਕੇ ਉਹਨੇ ਮੇਰਾ ਮੋਰਾਂ ਵਾਲ਼ਾ ਸੂਟ ਪਾ ਲਿਆ, ਉਸਨੇ ਮੈਨੂੰ ਕਿਹਾ ਕਿ ਤੂੰ ਸੁਖ ਨੂੰ ਨਾ ਦੱਸੀਂ ਕਿ ਅਲਫ਼ਨੂਰ ਕੌਣ ਹੈ, ਵੇਖਦੇ ਹਾਂ ਕਿ ਉਹ ਤੈਨੂੰ ਪਹਿਚਾਣਦਾ ਹੈ ਜਾਂ ਨਹੀਂ ,ਜੇ ਉਹਨੇ ਤੈਨੂੰ ਪਹਿਚਾਣ ਲਿਆ ਤਾਂ ਸਮਝ ਲਵੀਂ,ਉਹ ਤੈਨੂੰ ਸੱਚੀਂ, ਸੱਚਾ ਪਿਆਰ ਕਰਦਾ , ਨਹੀਂ ਤਾਂ ਬਸ ਉਹ…. ਸਮਾਂ ਬਤੀਤ ਕਰ ਰਿਹਾ ਹੈ

ਅਸੀਂ ਇੱਕ ਪਾਰਕ ਵਿਚ ‌ਪਹੁੰਚ ਗਈਆਂ ਤੇ ਸੁਖ ਦਾ ਇੰਤਜ਼ਾਰ ਕਰਨ ਲੱਗੀਆਂ, ਪੰਦਰ੍ਹਾਂ ਮਿੰਠ ਬਾਅਦ ਸੁਖ ਦਾ ਫੋਨ ਆਇਆ, ਮੈਂ ‌ਉਸਨੂੰ‌ ਜਗਾਹ ਦਾ ਪਤਾ ਭੇਜਿਆ ਉਹ ਆ ਗਿਆ ਦੱਸ ਹੀ ਮਿੰਟਾ ਚ, ਠੀਕ ਠਾਕ ਜਾ ਕੱਦ,ਰੰਗ ਕਣਕ ਬੰਨਾ, ਵਲਾਂ ਵਾਲ਼ੀ ਪੱਗ, ਚਿਹਰੇ ਤੇ ਸਾਊ ਪਣਾ ਰੱਜ ਕੇ… ਫੋਟੋ ਤੋਂ ਕਈ ਗੁਣਾ ਵੱਖਰਾ,ਉਹਨੇ ਆ ਕਿ ਸਤਿ ਸ੍ਰੀ ਆਕਾਲ ਬੁਲਾਈ, ਮੈਂ ਬੈਠੀ ਸੀ ਤੇ ਮੇਰੀ ਸਹੇਲੀ ਖੜੀ ਸੀ, ਉਸਨੂੰ ਲੱਗਿਆ ਕਿਤੇ ਉਹ ਹੀ ਅਲਫ਼ਨੂਰ ਹੈ, ਉਸਨੇ ਬਾਅਦ ਵਿਚ ਮੇਰਾ ਵੀ ਹਾਲ ਚਾਲ ਪੁੱਛਿਆ ਪਰ ਉਹ ਮੇਰੀਆਂ ਅੱਖਾਂ ਨਾ ਪੜ ਸਕਿਆ, ਉਹ ਤੇ ਮੇਰੀ ਸਹੇਲੀ ਕਿੰਨ੍ਹਾਂ ਚਿਰ ਗੱਲਾਂ ਕਰਦੇ ਰਹੇ,ਮੇਰਾ ਅੰਦਰੋਂ ਅੰਦਰੀ ਦਿਲ ਟੁੱਕੜੇ ਟੁੱਕੜੇ ਹੋ ਰਿਹਾ ਸੀ, ਜਦੋਂ ਮੇਰੇ ਤੋਂ ਰੋਕ ਨਾ ਹੋਇਆ,ਮੇਰੀ ਅੱਖ ਭਰ ਆਈ, ਕੋਲ਼ ਹੀ ਬੈਠੇ ਉਸਦੇ ਦੋਸਤ ਨੇ ਇਸ ਦਾ ਕਾਰਨ ਪੁੱਛਿਆ ਮੈਂ ਪਹਿਲਾਂ ਤਾਂ ਗੱਲ ਟਾਲਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿਚ ਸਭ‌ ਦੱਸ ਦਿੱਤਾ, ਉਹਦੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਕਿ ਉਹਨੂੰ ਬਹੁਤ ਬੁਰਾ ਲੱਗਿਆ,ਸੁਖ ਦਾ ਇਸ ਤਰ੍ਹਾਂ ਦਾ ਵਿਵਹਾਰ, ਮੈਂ ਸਾਹਮਣੇ ਬੈਠੀ ,ਸੁਖ ਦੇ ਲਈ , ਸਾਹਮਣੇ ਬੀਤ ਰਹੇ ਪਲਾਂ ਨੂੰ ਲਿਖ ਰਹੀ ਸੀ,ਤੇ ਇੱਕ ਸੁਖ ਸੀ ਜਿਸ ਨੂੰ ਇਸ ਗੱਲ ਦੀ ਭਣਕ ਤੀਕ ਵੀ ਨਹੀਂ…. ਮੈਂ ਡਾਇਰੀ ਖ਼ਤਮ ਕਰਨਾ‌ ਚਾਹੁੰਦੀ ਆਂ, ਮੈਂ ਅੱਜ ਤੋਂ ਬਾਅਦ ਮਰ ਚੁੱਕੀ ਹਾਂ, ਮੈਨੂੰ ਆਪਣੀ ਜ਼ਿੰਦਗੀ ਸ਼ੁਰੂ ਕਰਨ ਦਾ ਮਕਸਦ ਮਿਲ ਚੁੱਕਾ ਹੈ, ਮੈਂ ਬਹੁਤ ਪੜਿਆ, ਸੁਣਿਆ ਸੀ ਕਿ ਇਹ ਪਿਆਰ ਮੁਹੱਬਤ ਸਿਰਫ਼ ਕਿਤਾਬਾਂ ਵਿਚ ਹੀ ਸੋਹਣਾਂ ਲੱਗਦਾ,ਪਰ ਦਿਲ ਦੀ ਰੀਝ ਸੀ ਨਾ, ਕਹਿੰਦਾ ਫੱਟ ਤਾਂ ਖਾ ਕੇ ਹੀ ਵੇਖਣਾਂ ਹੈ,ਸੋ ਖਾ ਲਿਆ…

ਸੋਹਣੇ ਚਿਹਰੇ ਹੋਰ ਬਥੇਰੇ,
ਜਾਂ ਲੱਭ ਲਾ ਜਾ ਕੇ ਭੀੜਾਂ ਚ,

ਮੈਂ ‌ਕਣਕ ਦੀ‌ ਬੱਲੀ ਵਰਗੀ,
ਨਾ ਲੱਭੀ ਸਹਿਬਾਂ, ਹੀਰਾਂ ਚ,

ਜਿਸ ਅੱਖ ਨੂੰ ਕਦੇ ਵੇਖ ਕੇ,
ਮੈਂ ਗੂੜ੍ਹੀ ਨੀਂਦਰ ਸੋਂਦੀ ਸੀ,

ਕਿਤੇ ਹੋ ਨਾ ਜਾਵੇ ਦੂਰ‌‌ ਮੇਰੇ ਤੋਂ,
ਚੇਤੇ ਕਰ ਕਰ ਰੋਂਦੀ ਸੀ,

ਅੱਜ ਉਹਨੇ ਹੀ ਮੇਰੀ ਅੱਖ ਨਾ ਵੇਖੀਂ,
ਡੁੱਲਦੀ ਹੈ ਜਾਂ ਸੁੱਕੀ ਹੈ,

ਇਹ ਪੱਥਰ ਵਰਗੀ ਰੂਹ ਹੋਈ,
ਨਾ ਜਿਉਂਦੀ ਹੈ ਨਾ ਮੁੱਕੀ ਹੈ,

ਮੈਂ ਖ਼ੁਦਾ ਤੋਂ ਤੈਨੂੰ ਮੰਗਿਆ,
ਤੂੰ ਖ਼ੁਦਾ ਬਣ ਕੇ ਲੁੱਟਿਆ ਏ,

ਕੋਈ ਚਾਵਾਂ ਦਾ ਕਾਤਲ ਨਹੀਂ,
ਮੈਂ ਖ਼ੁਦ ਹੱਥੀਂ ਗਲ਼ ਘੁੱਟਿਆ ਹੈ

ਮੈਂ ਇਹ ਲਿਖਤ ਲਿਖ ਡਾਇਰੀ ਬੰਦ ਕਰ ਇੱਕ ਸਾਈਡ ਉੱਪਰ ਧਰ ਦਿੱਤੀ, ਜਿਵੇਂ ਮੈਂ ਸਹੇਲੀ ਨੂੰ ਦੱਸਿਆ ਸੀ, ਉਸਨੇ ਇਹ ਡਾਇਰੀ ਸੁਖ ਨੂੰ ਬਣਾ ਦੇਣੀ ਹੈ,

ਅਲਫ਼ਨੂਰ….

ਸੁਖਦੀਪ ਇਹ ਪੜ ਕੇ ਹੈਰਾਨ ਸੀ ਕਿ ਇਹ ਕੀ ਹੋ ਗਿਆ, ਸੁਖ ਜਿਸ ਕੁੜੀ ਨੂੰ ਅਲਫ਼ਨੂਰ ਸਮਝ ਰਿਹਾ ਹੈ ਉਹ ਅਲਫ਼ਨੂਰ ਨਹੀਂ ਸੀ, ਉਸਨੇ ਫੋਨ ਚੁੱਕਿਆ ਤੇ ਸੁਖ ਨੂੰ ਫੋਨ ਲਗਾਉਣ ਹੀ ਲੱਗੀ ਸੀ, ਫੇਰ ਸੋਚਿਆ ਨਹੀਂ ਜਦੋਂ ਸੁਖ ਸ਼ਾਮ ਨੂੰ ਘਰ ਆਵੇਗਾ ਤਦ ਹੀ ਦੱਸਾਂਗੀ, ਸੁਖਦੀਪ ਇਹ ਸੋਚ ਸੋਚ ਕੇ ਬੜੀ ਅਸਚਰਜਤ ਹੋਈ ਕਿ ਯਰ ਕਿਦਾਂ ਦੀ ਕੁੜੀ ਸੀ, ਬੰਦੇ ਨੂੰ ਕਈ ਵਾਰ ਭੁਲੇਖਾ ਵੀ ਪੈ ਜਾਂਦਾ, ਨਾਲ਼ੇ ਸੁਖ ਨੂੰ ਸਹੀ‌‌ ਤਸਵੀਰ ਵਿਖਾਉਣਾ ਉਸਦਾ ਫਰਜ਼ ਸੀ, ਸੁਖਦੀਪ ਨੂੰ ਪਈ‌ ਪਈ ਨੂੰ ਪਤਾ ਹੀ ਨਾ ਲੱਗਾ ਕਦ ਨੀਂਦ ਆ ਗਈ,

ਉਹ ਉੱਠੀ ਤਾਂ ਚਾਰ ਵੱਜ ਗਏ ਸਨ,ਘਰ ਦੇ ਨਿੱਕੇ ਨਿੱਕੇ ਕੰਮਾਂ ਕਾਰਾਂ ਵਿੱਚ ਰੁੱਝ‌ ਗਈ,ਸੁਖ ਅੱਜ ਸਾਢੇ ਸੱਤ ਘਰ ਆਇਆ , ਦੁਕਾਨ ਤੇ ਕੰਮ ਜ਼ਿਆਦਾ ਹੋਣ ਕਰਕੇ ਸਮਾਂ ਜ਼ਿਆਦਾ ਲੱਗ ਗਿਆ, ਜਦੋਂ ਸੁਖਦੀਪ ਨੇ ਸਾਰਾ ਕੰਮ ਨਿਬੇੜ ਲਿਆ ਤੇ ਸੁਖ ਵੀ ਰੋਟੀ ਖਾ ਕੇ ਬਿਲਕੁਲ ਵੇਹਲਾ ਹੋ ਗਿਆ ਉਸਨੇ ਸੁਖ ਨੂੰ ਦੱਸਿਆ ਕਿ ਉਸਨੇ ਸਾਰੀ ਡਾਇਰੀ ਪੜ ਦਿੱਤੀ,ਸੁਖ ਸੁਣ ਕੇ ਹੈਰਾਨ ਹੋਇਆ,ਅੱਛਾ ਫੇਰ ਕੀ ਲਿਖਿਆ ਹੋਇਆ ਸੀ,ਇਹ ਤਾਂ ਨਹੀਂ ਪਤਾ,ਪਰ ਉਹ ਕੁੜੀ ਅਲਫ਼ਨੂਰ ਨਹੀਂ ਸੀ,
ਸੁਖ : ਹਾ ਹਾ , ਤੈਂਨੂੰ ਕਿਸਨੇ ਕਿਹਾ
ਸੁਖਦੀਪ: ਜਿਸ ਨੂੰ ਤੁਸੀਂ ਮਿਲਕੇ ਆਏ ਸੀ
ਸੁਖ : ਮੈਂ ਮਿਲ਼ਕੇ ਆਇਆ ਮੈਨੂੰ ਪਤਾ ਉਹ ਅਲਫ਼ਨੂਰ ਸੀ,
ਸੁਖਦੀਪ: ਪਰ ਉਸਨੇ ਤਾਂ ਲਿਖਿਆ ਉਹ ਉਸਦੀ ਸਹੇਲੀ ਸੀ,ਜਿਸ ਨੂੰ ਤੁਸੀਂ ਮਿਲੇ
ਸੁਖ : ਹਾਂ ਫੇਰ ਉਸਦੀ ਸਹੇਲੀ ਦਾ ਨਾਂ ਹੀ ਅਲਫ਼ਨੂਰ ਹੈ,ਉਸਦਾ ਖੁਦ ਦਾ‌ ਨਾਮ ਤਾਂ ਅੱਜ ਤੀਕ ਉਸਤੋਂ ਬਿਨਾਂ ਕੋਈ ਨਹੀਂ ਜਾਣਦਾ
ਸੁਖਦੀਪ : ਲੈ ਇਹ ਵੀ ਕੋਈ ਗੱਲ ਉਹੀ,ਨਾਮ ਦੱਸਣ‌ ਨਾਲ ਕੀ ਹੁੰਦਾ,
ਸੁਖ : ਮੈਨੂੰ ਕੀ ਪਤਾ
ਸੁਖਦੀਪ: ਨਾਲ਼ੇ ਉਹ ਤਾਂ ਤੁਹਾਨੂੰ ਪਿਆਰ ਕਰਦੀ ਸੀ,ਤੇ ਤੁਸੀਂ ਵੀ
ਸੁਖ : ਹਾ ਹਾ , ਨਹੀਂ ਉਹ ਕਹਾਣੀਕਾਰ ਸੀ ਕਹਾਣੀ ਰਚ ਰਹੀ ਸੀ,ਤੇ ਰਚਦੀ ਰਚਦੀ ਮੈਨੂੰ ਲਿਖਣ ਦਾ ਵਲ਼ ਦੱਸ ਗਈ

ਮੇਰੇ ਦੋਸਤ ਨੇ ਮੈਨੂੰ ਰਸਤੇ ਵਿਚ ਹੀ ਸਭ‌ ਦਿੱਤਾ ਸੀ,ਪਰ ਮੈਂ ਫਿਰ ਵੀ ਉਸਨੂੰ ਨਹੀਂ ਦੱਸਿਆ ਕਿ ਮੈਨੂੰ ਸਭ ਪਤਾ ਹੈ,ਉਸਨਾਲ ਉਸਤੋਂ ਬਾਅਦ ਵੀ ਗੱਲ ਕਰਦਾ ਰਿਹਾ, ਮੇਰੇ ਵਿਆਹ ਦਾ ਵੀ ਉਸਨੂੰ ਪਹਿਲਾਂ ਪਤਾ ਲੱਗ ਗਿਆ ਸੀ,ਪਰ ਉਸਨੇ ਇਹ ਗੱਲ ਮੇਰੇ ਤੋਂ ਲਕੋਈ ਕਿ ਮੇਰੇ ਵਿਆਹ ਤੋਂ ਪਹਿਲਾਂ ਉਸਦਾ ਵਿਆਹ ਹੋ ਚੁੱਕਾ ਸੀ, ਮੈਨੂੰ ਮੇਰੇ ਦੋਸਤ ਨੇ ਸਭ ਦੱਸ ਦਿੱਤਾ ਸੀ, ਤਾਂ ਹੀ ਮੈਂ ਉਸਨੂੰ ਫੋਨ ਕਰਕੇ ਖੁਦ ਨਹੀਂ ਦੱਸਿਆ, ਉਹ ਅੱਜ ਵੀ ਆਪਣੀ ਨਵੇਕਲੀ ਜ਼ਿੰਦਗੀ ਜੀ ਰਹੀ ਹੈ ਤੇ ਮੈਂ ਆਪਣੀਂ… ਮੈਂ ਉਹਦੇ ਲਈ ਕੁਝ ਲਿਖਿਆ ਸੀ ਸੁਣਾਵਾਂ…

ਇਹ ਨਹੀਂ ਕਿ ਉਹ ਬੱਚੀ ਸੀ
ਕੁਝ ਜਾਣਦੀ ਨਹੀਂ

ਮੈਨੂੰ ਪਤਾ, ਪਤਾ ਉਹਨੂੰ ਵੀ
ਕਿ ਉਹ ਮੇਰੇ ਹਾਣਦੀ ਨਹੀਂ

ਲਕੋ ਸਕਦੀ ਹੈ ਜੇ ਚਾਹਵੇ ਤਾਂ
ਪਰ ਚੁੰਨੀਂ ਅਸਮਾਨੀ ਤਾਣਦੀ ਨਹੀਂ

ਕੱਦ ਵਿਚ ਲੰਮੀ ਹੈ ਤੇ ਅਕਲ ਵੀ
ਪਰ ਕਹਿੰਦੀ ਇਹ ਗੱਲ ਮਾਣਦੀ ਨਹੀਂ

ਜੋ ਪੁੱਛਦੀ ਹੈ ਮੈਂ ਦੱਸ ਦੇਨਾਂ ਹਾਂ
ਨਾਲ਼ੇ ਆਖੇ ਮੈਂ ਤੈਨੂੰ ਜਾਣਦੀ ਨਹੀਂ

ਮਹਿਲ ਬੁਣਨਾ ਨਹੀਂ ਚਾਹੁੰਦੀ ਆਉਂਦਾ ਤਾਂ ਹੈ
ਨਾਲ਼ੇ ਗੱਲ ਇਹ ਮਿਨਾਰਾਂ ਢਾਣਦੀ ਨਹੀਂ

ਅਸਲ ਚ ਰੰਗ ਹਲੇ ਚੜਿਆ ਹੀ ਨਹੀਂ
ਇਹ ਰੰਗ ਗੱਲ ਲਾਣਦੀ ਨਹੀਂ

ਸੱਚ ਜਿੰਨੀਂ ਬੋਲੀਂ ਵਿਚ ਮਿਠਾਸ ਉਹਦੇ
ਨਾ ਨਾ ਐਨੀ ਪਾਨ ਦੀ ਨਹੀਂ

ਫ਼ਿਕਰ ਹੈ ਰੋਟੀ ਬਣਾਉਣੀਂ ਨਹੀਂ ਆਉਂਦੀ
ਉਂਝ ਗੱਲ ਇਹ ਖਾਣ ਦੀ ਨਹੀਂ

ਧੁੰਦਲਾ ਹੈ,ਲੱਗਦਾ ਮੌਖੁਟ ਹੋਣਾਂ ਪਾਇਆ
ਗੱਲ ਇਹ ਉਡਦੇ ਧੂੰਏ ਧਾਣ ਦੀ ਨਹੀਂ

ਉਹ ਹਲੇ ਜਾਣਦੀ ਨਹੀਂ
ਉਹ ਹਲੇ ਹਾਣਦੀ ਨਹੀਂ

ਵਧੀਆ ਸੀ, ਸੁਖਦੀਪ ਨੇ ਜਵਾਬ ਦਿੱਤਾ,ਸੁਖ ਨੇ ਕਿਹਾ ਐਵੇਂ ਨਾ‌ ਕਿਸੇ ਦੀ ਡਾਇਰੀ ਪੜਿਆ ਕਰ, ਦੋਵੇਂ ਹੱਸੇ ਤੇ ਲਾਇਟ ਬੰਦ ਕਰ ਸੋ ਗਏ….

ਇਸ ਕਹਾਣੀ ਵਿਚ ਪਾਤਰਾਂ ਦਾ ਨਾਮ ਵਾਰ ਵਾਰ ਇੱਕ ਹੋਣ ਕਰਕੇ, ਪਾਠਕਾਂ ਨੂੰ ਕਾਫ਼ੀ ਉਲਝਣਾਂ ਮਹਿਸੂਸ ਉਹੀ,ਸੋ ਇਸ ਕਹਾਣੀ ਨੂੰ ਲਿਖਣ ਦਾ ਖ਼ਾਸ ਕਾਰਨ ਇਹ ਸੀ ਕਿ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਮੁੰਡੇ ਕੁੜੀਆਂ ਸੋਸ਼ਲ ਮੀਡੀਆ ਉੱਪਰ ਇੱਕ ਦੂਸਰੇ ਨਾਲ ਐਨਾ ਜ਼ਿਆਦਾ ਖੁੱਲ੍ਹ ਜਾਂਦੇ ਨੇ, ਕਿ ਉਹਨਾਂ ਨੂੰ ਉਹੀ ਅਸਲ ਜ਼ਿੰਦਗੀ ਲੱਗਣ ਲੱਗਦੀ ਹੈ, ਬੇਸ਼ੱਕ ਉਹਨਾਂ ਨੇ ਉਹਨਾਂ ਦੀ ਅਸਲ ਤਸਵੀਰ ਤੱਕ ਵੀ ਨਹੀਂ ਵੇਖੀ ਹੁੰਦੀਂ, ਕਈ ਲੋਕ ਬਹੁਤ ਸਾਰੇ ਗ਼ਲਤ ਕਦਮ ਚੁੱਕੇ ਲੈਂਦੇ ਨੇ, ਜਿਹਨਾਂ ਦਾ ਇਲਜਾਮ ‌ਬਹੁਤ ਹੀ ਬੁਰਾ ਹੁੰਦਾ ਹੈ, ਜਿਹਨਾਂ ਦੀ ਗ਼ਲਤੀ ਦੀ ਸਜ਼ਾ ਬਾਅਦ ਵਿਚ ਘਰਦਿਆਂ ਨੂੰ ਭੁਗਤਨੀ ਪੈਂਦੀ ਹੈ, ਲੋਕਾਂ ਕੋਲੋਂ ਬਹੁਤ ਕੁਝ ਸੁਣਨ ਨੂੰ ‌ਮਿਲਦਾ ਹੈ, ਕੋਈ ਵੀ‌ ਮਾਂ ਬਾਪ ਆਪਣੇ ਬੱਚਿਆਂ ਦਾ‌ ਬੁਰਾ ਨਹੀਂ ਚਾਹੁੰਦਾ ਹੁੰਦਾ, ਕੋਈ ਵੀ ਔਰਤ ਆਪਣੀ ਘਰਵਾਲੀ ਤੋਂ ਜ਼ਿਆਦਾ ਖੂਬਸੂਰਤ ਨਹੀਂ ਹੁੰਦੀ,ਸੋ ਇਹ ਗੱਲਾਂ ਅੱਜ ਬਹੁਤ ਲੋਕ ਨਹੀਂ ਸਮਝਦੇ, ਜਿਹਨਾਂ ਕਰਕੇ ਬਹੁਤ ਜ਼ਿਆਦਾ ਰਿਸ਼ਤੇ ਟੁੱਟ ਚੂਰ ਹੋ ਜਾਂਦੇ,ਤੇ ਕੋਈ ਨਹੀਂ ਚਾਹੁੰਦਾ ਕਿਸੇ ਦਾ ਪਰਿਵਾਰ, ਕਿਸੇ ਦਾ ਬੱਚਾ ਕੁਝ ਅਜਿਹਾ ਕਦਮ ਪੁੱਟੇ ਜਿਸ ਨਾਲ ਉਹ ਆਪਣੀ ਜ਼ਿੰਦਗੀ ਤਾਂ ਤਬਾਹ ਕਰੇ ਹੀ ਨਾਲ ਦੂਸਰਿਆਂ ਦੀ ਵੀ ਰੋਲ ਦੇਵੇ…

*****

ਖ਼ਾਸ ਨੋਟ : ਜਲਦੀ ਹੀ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼, ਇੱਕ ਨਵੀਂ ਸ਼ੁਰੂਆਤ ( ਕਾਵਿ-ਸੰਗ੍ਰਹਿ ) ਕਿਤਾਬ ਰਾਹੀਂ ਤੁਹਾਡੇ ਰੁਬਰੂ ਹੋ ਰਹੀ ਆ,ਆਸ ਹੈ ਤੁਸੀਂ ਸਾਡੀਆਂ ਇਹਨਾਂ ਕਹਾਣੀਆਂ ਵਾਂਗ ਇਸ ਕਿਤਾਬ ਨੂੰ ਵੀ ਪਿਆਰ ਦੇਵੋਂਗੇ,ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਲਈ ਤੇ ਇਸ ਕਿਤਾਬ ਨੂੰ ਘਰ ਮੰਗਵਾਉਣ ਲਈ, ਤੁਸੀਂ ਹੇਠ ਲਿਖੇ ਨੰਬਰ ਤੇ ਸੰਪਰਕ ਜਾਂ ਮੈਸਜ਼ ਕਰ ਸਕਦੇ ਹੋ ।

✍️ ਸੁਖਦੀਪ ਸਿੰਘ ਰਾਏਪੁਰ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਸੁਖਦੀਪ ਸਿੰਘ ਰਾਏਪੁਰ ( 8699633924 )

ਈ-ਮੇਲ : writersukhdeep@gmail.com

ਇੰਸਟਾਗ੍ਰਾਮ : s_u_k_h_d_e_p

ਯੂਟਿਊਬ : kaav sangreh ( ਇਸ ਕਹਾਣੀ ਵਿਚਲੇ ਗੀਤਾਂ ਨੂੰ ਸੁਣਨ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਨਾਲ ਵੀ ਜੁੜ ਸਕਦੇ ਹੋ )

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)