ਵੱਡੀ ਧੀ ਦਾ ਕਾਰਜ ਅਰੰਭਿਆ ਗਿਆ..
ਹਿਸਾਬ ਕਿਤਾਬ ਲਾਇਆ..ਪ੍ਰੋਵਿਡੇੰਟ ਫ਼ੰਡ,ਪੈਲੀ ਦਾ ਥੋੜਾ ਬਹੁਤ ਠੇਕਾ,ਆੜਤੀ ਕੋਲੋਂ ਚੁੱਕੀ ਰਕਮ ਅਤੇ ਕੁਝ ਹੋਰ ਏਧਰੋਂ ਓਧਰੋਂ ਚੁੱਕ ਕੇ ਇੱਕਠੇ ਕੀਤੇ ਰੁਪਈਏ..ਕੁਲ ਮਿਲਾ ਕੇ ਬਣੇ ਪੂਰੇ ਪੰਜ ਲੱਖ!
ਸੁਨਿਆਰੇ ਕੋਲ ਜਾਂਦਿਆਂ ਨਾਲਦੀ ਨੂੰ ਆਖ ਦਿੱਤਾ ਕੇ ਇਸ ਵਾਰ ਚਾਰ ਪੰਜ ਤੋਲਿਆਂ ਤੋਂ ਵੱਧ ਨਹੀਂ ਲਿਆ ਜਾਣਾ..
ਦੋ ਹੋਰ ਵੀ ਨੇ ਅਜੇ ਵਿਆਹੁਣ ਜੋਗੀਆਂ!
ਓਥੇ ਅੱਪੜ ਸੁਨਿਆਰੇ ਨੇ ਵੀ ਅੱਗੇ ਸੋਨਾ ਹੀ ਸੋਨਾ ਖਿਲਾਰ ਦਿੱਤਾ..
ਆਸਾ ਪਾਸਾ ਵੇਖ ਇਸ ਵਾਰ ਸਿਧੀ ਗੁਜਾਰਿਸ਼ ਕੀਤੀ ਕੇ ਧੀਏ ਜਾਂ ਤੇ ਇੱਕ ਭਾਰਾ ਜਿਹਾ ਲੈ ਲੈ ਤੇ ਜਾਂ ਫੇਰ ਦੋ ਹੌਲੇ ਹੌਲੇ..ਏਦੂੰ ਵੱਧ ਤੇਰੇ ਦੀ ਗੁੰਜਾਇਸ਼ ਨਹੀਂ ਏ..!
ਪਰ ਉਹ ਚੁੰਦਿਆਈਆਂ ਅੱਖੀਆਂ ਨਾਲ ਤਿੰਨੋਂ ਹੀ ਪਸੰਦ ਕਰ ਬੈਠੀ..ਜਦੋਂ ਹੌਲੀ ਜਿਹੀ ਆਪਣੀ ਬੇਬਸੀ ਜਿਹੀ ਜਾਹਿਰ ਕੀਤੀ ਤਾਂ ਅੱਗੋਂ ਅੱਖੀਆਂ ਵਿਚ ਪਾਣੀ ਭਰ ਲਿਆ!
ਹੰਜੂ ਵੇਖ ਹੁਣ ਮਾਂ ਦੀ ਵੋਟ...
ਵੀ ਓਧਰ ਹੀ ਸੀ ਤੇ ਮੈਂ ਬਦਲੇ ਹੋਏ ਮਾਹੌਲ ਦੇ ਪ੍ਰਭਾਵ ਹੇਠ ਆਇਆ ਮੂਹੋਂ ਕੁਝ ਨਾ ਆਖ ਸਕਿਆ..!
ਅੱਧੀ ਰਾਤ ਬਾਕੀ ਬਚੇ ਪੈਸਿਆਂ ਦਾ ਹਿਸਾਬ ਕਿਤਾਬ ਲਾਉਂਦਾ ਹੋਇਆ ਸੋਚ ਰਿਹਾ ਸਾਂ ਕੇ ਕਬੀਲਦਾਰੀ ਦੇ ਤਾਣੇ ਬਾਣੇ ਵਿਚ ਬਾਹਰਲੀ ਦੁਨੀਆਂ ਸਾਮਣੇ ਹੁਣ ਤੱਕ ਵਿਕਣਾ ਤੇ ਭਾਵੇਂ ਬਹੁਤਵਾਰ ਪਿਆ ਸੀ ਪਰ ਹੰਜੂਆ ਅਤੇ ਜਜਬਾਤਾਂ ਦੀ ਹਾਜਰੀ ਵਿਚ ਲੱਗੀ ਖੁਦ ਦੀ ਬੋਲੀ ਵਿਚ ਨਿਲਾਮ ਅੱਜ ਪਹਿਲੀ ਹੋਇਆਂ ਸਾਂ!
ਸੋ ਦੋਸਤੋ ਅਜੋਕੇ ਵਰਤਾਰੇ ਵਿਚ ਕੁਝ ਦਾਜ ਭਾਵੇਂ ਅਗਲੇ ਪਾਸੇ ਤੋਂ ਨਾ ਵੀ ਮੰਗੇ ਜਾਣ ਪਰ ਫੇਰ ਵੀ ਇਨਸਾਨ ਨੂੰ ਦੇਣ ਵਾਸਤੇ ਮਜਬੂਰ ਹੋਣਾ ਹੀ ਪੈਂਦਾ ਏ!
ਹਰਪ੍ਰੀਤ ਸਿੰਘ ਜਵੰਦਾ