ਜਦੋਂ ਦਾ ਸ਼ੋਸ਼ਲ ਮੀਡੀਆ ਦਾ ਪ੍ਰਚੱਲਣ ਆਮ ਹੋਇਆ ਤਾਂ ਕੁੱਝ ਪੁਰਾਣੇ ਸਹਿਪਾਠੀ ਅਤੇ ਦੋਸਤਾਂ ਨਾਲ ਹੈਲੋ ਹਾਏ ਸ਼ੁਰੂ ਹੋ ਗਈ।ਜਵਾਨੀ ਵੇਲੇ ਦੇ ਵਰਤੋਂ ਵਿਹਾਰ ਯਾਦ ਆਉਣ ਲੱਗੇ।ਉਸ ਸਮੇਂ ਕਿਸੇ ਵੀ ਦੋਸਤ ਦੇ ਖੁਸ਼ੀ ਗਮੀ ਵਿੱਚ ਕਿਵੇਂ ਇਕੱਠੇ ਹੁੰਦੇ ਸੀ ਤੇ ਸਾਰਾ ਕੰਮ ਸਾਂਭ ਲੈਂਦੇ ਸੀ।ਘਰ ਵਾਲਿਆਂ ਨੂੰ ਕੋਈ ਮੁਸ਼ਕਲ ਨਹੀਂ ਸੀ ਆਉਂਣ ਦਿੱਤੀ ਜਾਂਦੀ।ਸਭ ਦੋਸਤਾਂ ਦੇ ਵਿਆਹ ਸ਼ਗਨ ਤੇ ਧੂੰਮ ਧਾਮ ਨਾਲ ਪਹੁੰਚੇ,ਫਿਰ ਸਾਰੇ ਆਪੋ ਆਪਣੇ ਧੰਦਿਆਂ ਵਿੱਚ ਰੁੱਝ ਗਏ ਅਤੇ ਆਉਣ ਜਾਣ ਘਟਦਾ-ਘਟਦਾ ਖਤਮ ਹੋ ਗਿਆ।ਹੁਣ ਸ਼ੋਸ਼ਲ ਮੀਡੀਆ ਤੇ ਦੁਬਾਰਾ ਦੋਸਤੀ ਜਾਗ ਰਹੀ ਸੀ ਅਤੇ ਲੱਗਦਾ ਸੀ ਅਸੀਂ ਫਿਰ ਪੁਰਾਣੇ ਰੰਗਾਂ ਵਿੱਚ ਆ ਰਹੇ ਹਾਂ।ਇੱਕ ਹਿੰਮਤੀ ਦੋਸਤ ਨੇ ਪੁਰਾਣੇ ਦੋਸਤਾਂ ਦੇ ਨੰਬਰ ਇਕੱਠੇ ਕਰ ਇੱਕ ਵਟਸਐਪ ਗਰੁੱਪ ਵੀ ਬਣਾ ਲਿਆ।ਸਭ ਸ਼ਾਮ ਨੂੰ ਅੱਗੇ ਵਾਂਗ ਦੁਬਾਰਾ ਖੁਸ਼ੀ ਗਮੀ ਵਿੱਚ ਇਕੱਠੇ ਹੋਣ ਦਾ ਅਹਿਦ ਕਰਨ ਲੱਗੇ।
ਕੁੱਝ ਦਿਨ ਪਹਿਲਾਂ ਪਾਪਾ ਜੀ ਦੀ ਮੌਤ ਹੋ ਗਈ।ਗਰੁੱਪ ਵਿੱਚ ਸੁਨੇਹਾ ਪਾ ਦਿੱਤਾ, ਮੈਨੂੰ ਉਡੀਕ ਸੀ ਸਭ ਦੋਸਤ ਆਉਣਗੇ।ਦੁਪਹਿਰ...
ਢਲਣ ਲੱਗੀ ਤਾਂ ਇੱਕ ਬਜੁਰਗ ਆ ਕੇ ਕਹਿਣ ਲੱਗਾ ਕਿ ਸਮਾਂ ਬਹੁਤ ਹੋ ਗਿਆ, ਸਸਕਾਰ ਦੀ ਤਿਆਰੀ ਕਰੀਏ।ਮੇਰਾ ਧਿਆਨ ਗੇਟ ਵੱਲ ਵੇਖ ਬਜੁਰਗ ਪੁੱਛਣ ਲੱਗਾ ਕਿ ਕਿਸੇ ਨੇ ਆਉਣਾ।ਮੈਂ ਹਾਂ ਵਿੱਚ ਸਿਰ ਹਲਾਉਂਦਿਆ ਕਿਹਾ ਕਿ ਕੁੱਝ ਜਿਗਰੀ ਦੋਸਤ ਰਹਿੰਦੇ ਹਨ ਤਾਂ ਬਜੁਰਗ ਦੇ ਜਵਾਬ ਨੇ ਮੈਨੂੰ ਝੰਜੋੜ ਦਿੱਤਾ,”ਜਿਗਰੀ ਦੋਸਤ ਹੁੰਦੇ ਤਾਂ ਸਮੇਂ ਤੋਂ ਪਹਿਲਾਂ ਆਉਂਦੇ, ਉਹ ਤਾਂ..।” ਬਜੁਰਗ ਅਧੂਰੀ ਗੱਲ ਵਿੱਚ ਕਈ ਕੁੱਝ ਸਮਝਾ ਗਿਆ। “ਹਾਂ, ਤੁਹਾਡੀ ਗੱਲ ਸਹੀ ਹੈ, ਉਹ ਤਾਂ ਮੇਰੇ ਸ਼ਬਦੀ ਦੋਸਤ ਹਨ।ਸ਼ਾਮ ਨੂੰ ਟਾਈਮ ਪਾਸ ਕਰਨ ਲਈ ਮੋਬਾਈਲ ਤੇ ‘ਬਹੁਤ ਮਾੜਾ ਹੋਇਆ, ਅਫਸੋਸ ਆਦਿ ਲਿਖ ਸੁਨੇਹੇ ਭੇਜ ਦੇਣਗੇ।ਅਜਿਹੇ ਲੋਕ ਆਉਂਦੇ ਥੋੜ੍ਹਾ ਹੁੰਦੇ ਨੇ..ਸ਼ਬਦੀ ਦੋਸਤ ਜੁ ਹੋਏ।” ਮੇਰੇ ਗਮਾਂ ਵਿੱਚ ਇਸ ਦੋਸਤੀ ਨੇ ਹੋਰ ਵਾਧਾ ਕਰ ਦਿੱਤਾ ਸੀ।
ਗੁਰਮੀਤ ਸਿੰਘ ਮਰਾੜ੍ਹ