More Punjabi Kahaniya  Posts
ਉਮਰਾਂ ਦੇ ਲੰਬੇ ਕਾਫਲੇ (ਸਮਾਂ 1988-89) -ਭਾਗ ਤੀਜਾ


ਉਮਰਾਂ ਦੇ ਲੰਬੇ ਕਾਫਲੇ (ਸਮਾਂ 1988-89) -ਭਾਗ ਤੀਜਾ ਅਸੀਂ ਘਰ ਵਿੱਚ ਦਾਦਾ ਜੀ ਸਰਦਾਰ ਦੀਵਾਨ ਸਿੰਘ, ਦਾਦੀ ਜੀ ਗੁਰਦੇਵ ਕੌਰ , ਪਿਤਾ ਜੀ ਜਗਵੰਤ ਸਿੰਘ , ਮਾਤਾ ਜੀ ਰਣਜੀਤ ਕੌਰ , ਚਾਚਾ ਜੀ ਬਸੰਤ ਸਿੰਘ ਜਿਨ੍ਹਾਂ ਦਾ 1988 ਵਿੱਚ ਹੀ ਵਿਆਹ ਹੋਇਆ ਸੀ , ਚਾਚੀ ਜੀ ਪਰਮਜੀਤ ਕੌਰ , ਭੈਣ ਰੁਪਿੰਦਰ ਕੌਰ ਜੋ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤੀਜ਼ੀ ਜਮਾਤ ਵਿੱਚ ਪੜ੍ਹਦੀ ਸੀ ਅਤੇ ਮੈਂ ਪਰਮਿੰਦਰ ਸਿੰਘ ਪੂਰੇ ਅੱਠ ਜੀਆਂ ਦਾ ਟੱਬਰ ਸੀ। ਇਸਤੋਂ ਇਲਾਵਾ ਪਿਤਾ ਜੀ ਦੀਆਂ ਛੇਅ ਭੂਆ ਅਤੇ ਇੱਕ ਭੈਣ ਸੀ ਕੋਈ ਨਾ ਕੋਈ ਰਿਸ਼ਤੇਦਾਰ ਮਿਲਣ ਆਇਆ ਹੀ ਰਹਿੰਦਾ ਸੀ ਘਰ ਵਿੱਚ ਹਮੇਸ਼ਾ ਹੀ ਰੌਣਕ ਲੱਗੀ ਰਹਿੰਦੀ ਸੀ। ਘਰ ਪੁਰਾਣਾ ਕੱਚਾ ਸੀ। ਉਸ ਸਮੇਂ ਪਿਤਾ ਜੀ ਅਤੇ ਚਾਚਾ ਜੀ ਨਵਾਂ ਘਰ ਬਣਾਉਣ ਦੀਆਂ ਸਲਾਹਾਂ ਕਰਦੇ ਸਨ ਪਰ ਮੇਰੇ ਦਾਦੀ ਜੀ ਦੇ ਕਹੇ ਬੋਲ ਯਾਦ ਹਨ ,”ਅਖੇ ਬਸੰਤ ਦਾ ਵਿਆਹ ਕਰਕੇ ਨਵਾਂ ਘਰ ਬਣਾਵਾਂਗੇ ਨਹੀਂ ਤਾਂ ਲੋਕ ਕਹਿਣਗੇ ਮੁੰਡੇ ਨੂੰ ਸਾਕ ਨਹੀਂ ਹੁੰਦਾ ਸੀ ਇਸ ਲਈ ਨਵਾਂ ਘਰ ਬਣਾਉਣਾ ਪਿਆ।” ਸੋ ਏਵੇਂ ਹੀ ਕੀਤਾ ਪਹਿਲਾਂ ਚਾਚਾ ਜੀ ਬਸੰਤ ਸਿੰਘ ਦਾ ਵਿਆਹ ਕੀਤਾ। ਡੋਲੀ ਵਾਲੀ ਗੱਡੀ ਫੀਅਟ ਕਾਰ ਸੀ ਅਤੇ ਬਾਕੀ ਬਰਾਤ ਮਿੰਨੀ ਬੱਸ ਤੇ ਪਿੰਡ ਰੱਲੀ ਬੁਢਲਾਡੇ ਕੋਲ਼ ਗੲੀ।
ਚਾਚਾ ਜੀ ਦੇ ਵਿਆਹ ਮਗਰੋਂ ਜਦੋਂ ਭੂਆ ਜੀ ਛਿੰਦਰਪਾਲ ਕੌਰ ਆਪਣੇ ਸਹੁਰੇ ਪਿੰਡ ਘੁੰਨਸ ਤੋਂ ਸਾਨੂੰ ਮਿਲਣ ਆਏ ਹੋਏ ਸਨ ਤਾਂ ਪਿਤਾ ਜੀ ਨੇ ਮੌਕਾ ਜਿਹਾ ਵੇਖ ਕੇ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣ ਦੀ ਗੱਲ ਭੂਆ ਜੀ ਦਾ ਸਹਾਰਾ ਲੈਕੇ ਤੋਰੀ ਕਿਉਂਕਿ ਉਹ ਮੇਰੇ ਦਾਦਾ ਜੀ ਤੋਂ ਡਰਦੇ ਪੁਰਾਣਾ ਘਰ ਢਾਹੁਣ ਲਈ ਆਪ ਨਹੀਂ ਕਹਿ ਸਕਦੇ ਸਨ ਤਾਂ ਭੂਆ ਜੀ ਨੇ ਤੁਰੰਤ ਹਾਮੀ ਭਰ ਦਿੱਤੀ ਤੇ ਪਿਤਾਜੀ ਅਤੇ ਚਾਚਾ ਜੀ ਨਾਲ ਦੀ ਨਾਲ ਸੀਰੀ ਨੂੰ ਨਾਲ ਲੈਕੇ ਕਹੀਆਂ ਸੱਬਲਾਂ ਲੈਕੇ ਕੱਚੀਆਂ ਸਬਾਤਾਂ ਅਤੇ ਦਰਵਾਜ਼ਾ ਢਾਹੁਣ ਲਈ ਜਾ ਕੋਠੇ ਤੇ ਚੜ੍ਹੇ। ਅਸਲ ਚ ਪਿਤਾ ਜੀ ੳੁਦੋਂ ਦੇ ਗਰੈਜੂਏਟ , ਹਾਕੀ ਦੇ ਬਹੁਤ ਵਧੀਆ ਖਿਡਾਰੀ ਅਤੇ 1982-83 ਵਿੱਚ ਇੱਕ ਸਾਲ ਦੇ ਕਰੀਬ ਕੈਨੇਡਾ ਵੀ ਲਗਾ ਕੇ ਆਏ ਸਨ, ਪਰ ਉਨ੍ਹਾਂ ਆਪਣਾ ਕਿੱਤਾ ਖੇਤੀਬਾੜੀ ਹੀ ਜਾਰੀ ਰੱਖਿਆ। ਫਿਰ ਜੋ ਪੁਰਾਣੀ ਇੱਟ ਨਿੱਕਲੀ ਉਹ ਨੀਹਾਂ ਵਿੱਚ ਚਿਣਵਾ ਦਿੱਤੀ ਅਤੇ ਜੋ ਲੱਕੜ ਚੀਲ ਅਤੇ ਬਿਆਰ ਦੀ ਨਿਕਲੀ ਉਸ ਨਾਲ ਪੂਰੀ ਕੋਠੀ ਦੇ ਦਰਵਾਜ਼ੇ- ਖਿੜਕੀਆਂ ਲੱਗ ਗੲੇ।ਸਾਡੇ ਸੁਪਨਿਆਂ ਦੀ ਕੋਠੀ ਉਸਰਨ ਲੱਗੀ ਸਾਰਾ ਪਰਿਵਾਰ ਉਸਾਰੀ ਦੇ ਕੰਮ ਵਿੱਚ ਹਿੱਸਾ ਪਾਉਂਦਾ ਸੀ।ਉਸ ਸਮੇਂ ਮਜ਼ਦੂਰ ਦੀ ਦਿਹਾੜੀ 20 ਰੁਪਏ ਅਤੇ ਮਿਸਤਰੀ ਦੀ ਦਿਹਾੜੀ 50 ਰੁਪੲੇ ਹੁੰਦੀ ਸੀ। ਪਰ ਉਨ੍ਹਾਂ ਦਾ ਖਾਣਾ ਸਾਡੇ ਘਰੋਂ ਚਲਦਾ ਸੀ। ਭੁੱਕੀ ਡੋਡੇ 200 ਰੁਪਏ ਕਿਲੋ ਸੀ ਜੋ ਮਜ਼ਦੂਰਾਂ ਨੂੰ ਖੁਆਉਣੀ ਪੈਂਦੀ ਸੀ। ਉਸਾਰੀ ਵਾਲ਼ਾ ਮਿਸਤਰੀ ਜਰਨੈਲ ਸਿੰਘ, ਕੇਵਲ ਸਿੰਘ ਅਤੇ ਰਘਵੀਰ ਸਿੰਘ ਤੁੰਗਵਾਲੀ ਤੋਂ ਅਤੇ ਲੱਕੜ ਵਾਲਾ ਮਿਸਤਰੀ ਹਰਬੰਸ ਸਿੰਘ ਪਰਿੰਦਾ ਰੋਡ ਬਠਿੰਡੇ ਤੋਂ ਸੀ।ਹਰਬੰਸ ਤੇ ਉਸਦੇ ਸਹਾਇਕ ਮਿਸਤਰੀ ਸਾਡੇ ਕੋਲ ਹੀ ਪਿੰਡ ਰਹਿਣ ਲੱਗੇ ਤੇ ਪੂਰੀ ਤੇਜ਼ੀ ਨਾਲ ਕੰਮ ਕਰਕੇ 1989 ਵਿੱਚ ਨਵਾਂ ਮਕਾਨ ਬਣ ਕੇ ਤਿਆਰ ਹੋ ਗਿਆ।
ਚਾਚੀ ਜੀ ਦਾਜ਼ ਵਿੱਚ ਟੈਕਸਲਾ ਦਾ ਰੰਗੀਨ ਟੀਵੀ ਲੈਕੇ ਆਏ ਸਨ। ਕੋਠੇ ਉਪਰ ਪਾਇਪਾਂ ਲਗਾ ਕੇ ਲੱਗਭਗ 30 ਫੁੱਟ ਉੱਚਾ ਅਨਟੀਨਾ ਲਗਾਇਆ ਗਿਆ ਜਿਸ ਉਪਰ ਦੋ ਛਤਰੀਆਂ ਜਿਹੀਆਂ ਕਰਾਸ ਬਣਾ ਕੇ ਫਿੱਟ ਕੀਤੀਆਂ ਗਈਆਂ ਸਨ।ਉਪਰੋ ਦੋ ਤਾਰਾਂ ਟੀਵੀ ਤੇ ਪੲੇ ਬੂਸਟਰ ਵਿੱਚ ਆਉਂਦੀਆਂ ਸਨ ਤੇ ਬੁਸਟਰ ਦੇ ਦੋ ਬੈਂਡਾਂ ਵਾਲੀ ਸਵਿੱਚ ਲੱਗੀ ਹੁੰਦੀ ਸੀ ਜਦੋਂ ਚੈਨਲ ਬਦਲਣਾ ਤਾਂ ਉਠ ਕੇ ਬੈਂਡ ਬਦਲਣਾ ਪੈਂਦਾ ਸੀ। ਜਲੰਧਰ, ਦਿੱਲੀ ਅਤੇ ਲਾਹੌਰ ਤਿੰਨ ਹੀ ਸਟੇਸ਼ਨ ਚਲਦੇ ਹੁੰਦੇ ਸਨ।ਭਾਈ ਮੰਨਾ ਸਿੰਘ , ਲਫਾਫੀ...

ਆਦਿ ਪੰਜਾਬੀ ਨਾਟਕ ਚਲਦੇ ਸਨ। ਚਿਤਰਹਾਰ , ਲਿਸ਼ਕਾਰਾ , ਸੰਦਲੀ ਪੈੜਾਂ ਆਦਿ ਹਰਮਨ ਪਿਆਰੇ ਪ੍ਰੋਗਰਾਮ ਚਲਦੇ ਸਨ। ਘੁੱਲੇ ਸ਼ਾਹ, ਜਸਪਾਲ ਭੱਟੀ, ਭਗਵੰਤ ਮਾਨ ਤੇ ਜਸਵਿੰਦਰ ਭੱਲਾ ਦੀ ਕਮੇਡੀ ਚਲਦੀ ਸੀ। ਮਹਾਂਭਾਰਤ ਅਤੇ ਰਮਾਇਣ ਸੀਰੀਅਲ ਵੀ ਬੜੇ ਚਾਅ ਨਾਲ ਵੇਖਦੇ ਸੀ। ਅੱਧਾ ਪਿੰਡ ਸ਼ਾਮ ਨੂੰ ਟੈਲੀਵਿਜ਼ਨ ਵੇਖਣ ਆਉਂਦਾ ਅਸੀਂ ਵੀ ਟੈਲੀਵਿਜ਼ਨ ਵੇਖਦੇ ਨਾਲੇ ਨਰਮੇ ਦੇ ਟੀਂਡੇ ਕੱਢਦੇ। ਮੈਨੂੰ ਰੰਗੀਨ ਟੈਲੀਵਿਜ਼ਨ ਸੈੱਟ ਕਰਨ ਦਾ ਪੂਰਾ ਐਕਸਪਰਟ ਮੰਨਿਆ ਜਾਂਦਾ ਸੀ। ਉਦੋਂ ਜਿਸ ਘਰ ਵਿਆਹ ਹੋ ਕੇ ਹਟਿਆ ਹੁੰਦਾ ਉਹ ਵਿਆਹ ਦੀ ਮੂਵੀ ਵੇਖਣ ਲਈ ਕਿਰਾਏ ਤੇ ਵੀ ਸੀ ਆਰ ਲਿਆਉਂਦੇ ਸਨ ਜਿਸ ਵਿੱਚ ਵਿਆਹ ਦੀ ਮੂਵੀ ਸਮੇਤ ਹੋਰ ਫ਼ਿਲਮਾਂ ਵੀ ਵੇਖਣ ਲਈ ਲਿਆਂਦੀਆਂ ਜਾਂਦੀਆਂ। ਇਸ ਲਈ ਉਸ ਘਰ ਪੱਲੀਆਂ ਵਿਛਾਅ ਕੇ ਕੋਈ 100 ਬੰਦਿਆਂ ਦੇ ਬੈਠਣ ਦਾ ਪ੍ਰਬੰਧ ਕਰਨਾ ਪੈਂਦਾ ਸੀ। ਕੲੀ ਘਰ ਤਾਂ ਦੇਗਾ ਚੜਾ ਕੇ ਸਾਰਿਆਂ ਨੂੰ ਚਾਹ ਵੀ ਬਣਾ ਦਿੰਦੇ ਸੀ।ਪਰ ਦਰਸ਼ਕ ਇਨੇ ਅਕਿ੍ਤਘਣ ਹੁੰਦੇ ਸਨ ਕਿ ਜਿੰਨਾ ਚਿਰ ਵਿਆਹ ਦੀ ਮੂਵੀ ਚਲਦੀ ਉਨ੍ਹਾਂ ਚਿਰ ਪੱਲੀਆਂ ਤੇ ਲੰਬੇ ਪੈ ਕੇ ਨੀਂਦ ਲਾਹੁਣ ਲੱਗ ਜਾਂਦੇ। ਸੱਭ ਬਿਨਾਂ ਬੁਲਾਏ ਹੀ ਪਹੁੰਚਦੇ ਸੀ। ਕੋਈ ਘਰ ਨਾਂ ਵੜਨ ਦਿੰਦਾ ਤਾਂ ਟ੍ਰਾਂਸਫਾਰਮਰ ਦੀ ਸਵਿੱਚ ਬੰਦ ਕਰਕੇ ਖਰਲ ਪੈਦਾ ਕਰ ਦਿੰਦੇ ਸੀ। ਵੀਸੀਆਰ ਦੇ ਨਾਲ ਆਇਆ ਉਪਰੇਟਰ ਜਾਂ ਤਾਂ ਸੌਂ ਜਾਂਦਾ ਜਾਂ ਘਰ ਵਾਲੇ ਉਸਨੂੰ ਖੁਸ਼ੀ ਵਿੱਚ ਦਾਰੂ ਵੱਧ ਪਿਲਾ ਦਿੰਦੇ ਜਾਂ ਫਿਰ ਉਹ ਵਾਪਸ ਚਲਿਆ ਜਾਂਦਾ। ਅਜਿਹੀ ਸਥਿਤੀ ਵਿੱਚ ਮੈਨੂੰ ਵੀਸੀਆਰ ਉਪਰੇਟ ਕਰਨ ਦੀਆਂ ਸੇਵਾਵਾਂ ਨਿਭਾਉਣੀਆ ਪੈਂਦੀਆਂ। ਫਿਰ ਮੈਨੂੰ ਸਿਫਾਰਸ਼ਾਂ ਪਹੁੰਚਣ ਲੱਗ ਜਾਂਦੀਆਂ,” ਇਹ ਨੰਬਰਿੰਗ ਜਿਹੀ (ਮੂਵੀ ਦੇ ਸ਼ੁਰੂ ਵਿੱਚ ਦਿੱਤੇ ਘਰ ਵਾਲਿਆਂ ਦੇ ਨਾਂ) ਲੰਘਾ ਦੇ, ਲਾਵਾਂ ਤੇਜ਼ੀ ਨਾਲ ਲੰਘਾ ਦੇ , ਕੲੀ ਵਾਰ ਲਾਵਾਂ ਵੇਲੇ ਮੂਵੀ ਰਿਵਰਸ ਕਰਕੇ ਸਾਰੀਆਂ ਲਾਵਾਂ ਉਧੇੜ ਦਿੰਦੇ ਤਾਂ ਸਾਰੇ ਹਾਸੜ ਪੈ ਜਾਂਦਾ। ਜਾਂ ਫਿਰ ਆਹ ਸ਼ਗਨ ਜੇ ਦਾ ਕੀ ਵੇਖਣਾ ਲੰਘਾ ਦੇ ਇਹ ਵੀ ਜਾਂ ਫਿਰ ਖਾਣਾ ਖਾਣ ਵੇਲੇ ਮੂਵੀ ਤੇਜ਼ ਕਰ ਦਿੰਦੇ ਤਾਂ ਸਾਰੇ ਹਾਬੜਿਆ ਵਾਂਗੂੰ ਖਾਂਦੇ ਤਾਂ ਬਹੁਤ ਹਾਸਾ ਆਉਂਦਾ।ਗੱਲ ਕੀ ਤਿੰਨ ਘੰਟੇ ਦੀ ਵਿਆਹ ਦੀ ਮੂਵੀ ਵੱਧ ਤੋਂ ਵੱਧ ਦੋ ਘੰਟਿਆਂ ਵਿੱਚ ਮੁਕਾ ਦਿੰਦੇ। ਜਦੋਂ ਜੰਞ ਰਸਤੇ ਵਿੱਚ ਜਾਂਦੀ ਤਾਂ ਪਰਮਿੰਦਰ ਸੰਧੂ ਦਾ ਗੀਤ ਉੱਡ ਕੇ ਸੋਹਣਿਆ ਆਜਾ ਵੇ ਚਲਦਾ ਜਾਂ ਸਾਜਨ ਮੇਰਾ ਉਸ ਪਾਰ ਹੈ ਮਿਲਣੇ ਕੋ ਦਿਲ ਬੇਕਰਾਰ ਹੈ ਚਲਦਾ ਨਾਲ਼ੇ ਪਾਨ ਪੱਤੇ ਜਿਹੇ ਵਿੱਚੋਂ ਵਿਆਂਹਦੜ ਕੁੜੀ ਦੀ ਮਹਿੰਦੀ ਵਾਲੇ ਹੱਥਾਂ ਦੀ ਫੋਟੋ ਜਿਹੀ ਬਾਹਰ ਨੂੰ ਨਿਕਲਦੀ। ਜਦੋਂ ਵਿਆਹ ਵਾਲੀ ਮੂਵੀ ਵੇਖ ਹੱਟਦੇ ਜਾਂ ਕਹਿ ਲਵੋ ਵੇਖਣ ਤਾਂ ਕਿਹੜੀ ਦਿੰਦੇ ਸੀ ਫਾਹਾ ਹੀ ਵੱਡਦੇ ਸੀ ਕਿਉਂਕਿ ਅੰਦਰੋਂ ਕਾਹਲ ਤਾਂ ਵਰਿੰਦਰ , ਗੱਗੂ ਗਿੱਲ, ਯੋਗਰਾਜ ,ਮੇਹਰ ਮਿੱਤਲ, ਸਤੀਸ਼ ਕੌਲ ਦੀਆਂ ਫਿਲਮਾਂ ਵੇਖਣ ਦੀ ਹੁੰਦੀ ਸੀ। ਫਿਰ ਕਿਹੜੀ ਫ਼ਿਲਮ ਪਹਿਲਾਂ ਵੇਖੀ ਜਾਵੇ ਇਸ ਤੇ ਇੱਕ ਰਾਏ ਨਾ ਬਣਦੀ। ਅਖੀਰ ਘਰ ਵਾਲਿਆਂ ਦੇ ਪ੍ਰਾਹੁਣੇ ਧਰੌਣੇ ਦੀ ਸਿਫਾਰਸ਼ ਕੀਤੀ ਫਿਲਮ ਪਹਿਲਾਂ ਚਲਦੀ। ਉਸ ਵੇਲੇ ਦੀਆਂ ਫਿਲਮਾਂ ਬਲਵੀਰੋ ਭਾਬੀ, ਜੱਟ ਜਿਓਣਾ ਮੌੜ, ਬਦਲਾ ਜੱਟੀ ਦਾ ,ਪੁੱਤ ਜੱਟਾਂ ਦੇ ਆਦਿ ਸਨ।ਇਸ ਤਰ੍ਹਾਂ ਦਾ ਜ਼ਮਾਨਾ ਸੀ ਭਾਈ।
ਜੋ ਰੇਤੇ ‘ਚ ਰਚ ਗਏ ਨੇ ਹੱਡਾਂ ਦੇ ਟੁਕੜੇ,
ਜੋ ਬਣ ਗਏ ਵਰੋਲੇ ਗੁਲਾਬੀ ਜਿਹੇ ਮੁਖੜੇ,
ਉਹ ਨਵਿਆਂ ਆਕਾਰਾਂ ‘ਚ ਢਲਦੇ ਹੀ ਰਹਿਣੇ,
ਇਹ ਚੱਕਰ ਅਨੋਖੇ ਨੇ ਚਲਦੇ ਹੀ ਰਹਿਣੇ। ~ਰਾਣੀਤੱਤ
(ਬਾਕੀ ਕੱਲ੍ਹ)
ਲਿਖਤ
ਪਰਮਿੰਦਰ ਸਿੰਘ ਸਿੱਧੂ
MD/Principal
Victorious Convent school Chak Ram Singh Wala

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)