More Punjabi Kahaniya  Posts
ਖਾਲੀ ਹੱਥ


ਤਕਰੀਬਨ ਪੰਝੀ ਸਾਲ ਪਹਿਲਾਂ ਦੀ ਗੱਲ ਏ..
ਰੋਜ ਸੁਵੇਰੇ ਬਟਾਲਿਓਂ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..
ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਕੁਝ ਲੋਕ ਸੀਟਾਂ ਤੇ ਤਾਸ਼ ਖੇਡ ਰਹੇ ਹੁੰਦੇ..ਕੁਝ ਗੱਪਾਂ ਮਾਰ ਰਹੇ ਹੁੰਦੇ ਤੇ ਕੁਝ ਉੱਪਰਲੀ ਸੀਟ ਤੇ ਸੁੱਤੇ ਹੋਏ ਹੁੰਦੇ..!
ਇਸੇ ਗੱਡੀ ਵਿਚ ਸਵਾਰੀਆਂ ਦਾ ਇੱਕ ਵਿਲੱਖਣ ਜਿਹਾ ਗਰੁੱਪ ਉਚੀ ਉਚੀ ਪਾਠ ਕਰਦਾ ਹੋਇਆ ਸਫ਼ਰ ਤਹਿ ਕਰਿਆ ਕਰਦਾ..ਉਹ ਡੱਬਾ ਹੀ “ਪਾਠ ਵਾਲੇ ਡੱਬੇ” ਨਾਲ ਮਸ਼ਹੂਰ ਹੋ ਗਿਆ..!
ਕੱਥੂਨੰਗਲ ਤੋਂ ਇੱਕ ਕੁੜੀ ਚੜਿਆ ਕਰਦੀ ਸੀ..ਪੋਲੀਓ ਨਾਲ ਇੱਕ ਲੱਤ ਖਰਾਬ ਸੀ..ਗੱਡੀ ਦਾ ਬੱਸ ਮਿੰਟ ਕੂ ਦਾ ਹੀ ਰੋਕਾ ਸੀ ਇਥੇ..!
ਏਨੇ ਥੋੜੇ ਟਾਈਮ ਅਤੇ ਲੋਹੜੇ ਦੀ ਭੀੜ ਵਿਚ ਉਸ ਕੋਲੋਂ ਮਸਾਂ ਹੀ ਚੜਿਆ ਜਾਂਦਾ..
ਅਕਸਰ ਹੀ ਬੂਹੇ ਕੋਲ ਖਲੋਤੇ ਕਈ ਰੱਬ ਤਰਸੀ ਲੋਕ ਉਸਦਾ ਡੰਡਾ ਫੜ ਲਿਆ ਕਰਦੇ..ਤੇ ਉਹ ਕੋਸ਼ਿਸ਼ ਕਰ ਅੰਦਰ ਆ ਜਾਇਆ ਕਰਦੀ..!
ਤੂੜੀ ਵਾਂਙ ਡੱਕੇ ਹੋਏ ਡੱਬੇ ਵਿਚ ਉਹ ਅਕਸਰ ਹੀ ਗੁਸਲਖਾਨੇ ਕੋਲ ਭੁੰਝੇ ਬੈਠ ਬਾਕੀ ਰਹਿੰਦਾ ਸਫ਼ਰ ਤਹਿ ਕਰਿਆ ਕਰਦੀ..ਸੀਟ ਲੱਭਣ ਦੀ ਕੋਸ਼ਿਸ਼ ਵੀ ਨਾ ਕਰਿਆ ਕਰਦੀ..!
ਇੱਕ ਦਿਨ ਜੁਲਾਈ ਦੇ ਬਰ ਚੁਮਾਸੇ ਵਿਚ ਓਸੇ ਪਾਠ ਵਾਲੇ ਡੱਬੇ ਵਿਚ ਖਲੋਤਾ ਹੋਇਆ ਮੈਂ ਬੂਹੇ ਵੱਲੋਂ ਆਉਂਦੀ ਠੰਡੀ ਹਵਾ ਵੱਲ ਨੂੰ ਮੂੰਹ ਕਰ ਤਾਜੀ ਹਵਾ ਲੈਣ ਦੀ ਕੋਸ਼ਿਸ਼ ਵਿਚ ਸਾਂ..
ਕੱਥੂਨੰਗਲ ਟੇਸ਼ਨ ਤੇ ਓਹੀ ਕੁੜੀ ਇੱਕ ਵਾਰ ਫੇਰ ਗੱਡੀ ਵਿਚ ਸਵਾਰ ਹੋਈ..
ਇਸ ਵਾਰ ਉਸਦਾ ਬਾਪ ਵੀ ਨਾਲ ਹੀ ਸੀ..ਉਸ ਦੀ ਵੀ ਲੱਤ ਵਿਚ ਨੁਕਸ ਸੀ ਤੇ ਥੋੜਾ ਬਿਮਾਰ ਜਿਹਾ ਵੀ ਲੱਗ ਰਿਹਾ ਸੀ..ਮਸਾਂ ਹੀ ਖਲੋਤਾ ਜਾ ਰਿਹਾ ਸੀ ਉਸ ਤੋਂ..!
ਕੁੜੀ ਨੇ ਅੱਜ ਹਿੰਮਤ ਕੀਤੀ ਤੇ ਖੁੱਲੇ ਹੋ ਕੇ ਬੈਠੇੇ ਇੱਕ ਮੈਂਬਰ ਤੋਂ ਸੀਟ ਮੰਗ ਲਈ..
ਚੌਂਕੜੀ ਮਾਰ ਕੇ...

ਬੈਠੇ ਅੰਕਲ ਜੀ ਨੇ ਗੱਲ ਅਣਸੁਣੀ ਜਿਹੀ ਕਰਕੇ ਹੋਰ ਉਚੀ ਵਾਜ ਵਿਚ ਪਾਠ ਕਰਨਾ ਸ਼ੁਰੂ ਕਰ ਦਿੱਤਾ..ਤੇ ਅੱਖੀਆਂ ਵੀ ਹੋਰ ਘੁੱਟ ਕੇ ਮੀਟ ਲਈਆਂ..
ਕੁੜੀ ਨੇ ਇਕ ਦੋ ਵਾਰ ਫੇਰ ਆਖਿਆ..
ਅਖੀਰ ਉਸਦਾ ਬਾਪ ਬੇਬਸ ਜਿਹਾ ਹੋ ਕੇ ਭੁੰਜੇ ਹੀ ਬੈਠ ਗਿਆ..ਤੇ ਸਾਰੇ ਡੱਬੇ ਵਿਚ ਰੱਬ ਦਾ ਗੁਣਗਾਣ ਇਸੇ ਤਰਾਂ ਹੀ ਉਚੀ ਅਵਾਜ ਵਿਚ ਚੱਲਦਾ ਰਿਹਾ..
ਗੱਡੀ ਅਮ੍ਰਿਤਸਰ ਅੱਪੜ ਗਈ..ਤੇ ਸਾਰੇ ਆਪੋ ਆਪਣੇ ਰਾਹ ਪੈ ਗਏ!
ਅੱਜ ਉਹ ਮੰਜਰ ਚੇਤੇ ਆਉਂਦਾ ਏ ਤਾਂ ਅਕਸਰ ਸੋਚਦਾ ਹਾਂ ਕੇ ਜੇ ਉਸ ਵੇਲੇ ਮੇਰੀ ਬੋਧਿਕਤਾ ਤੇ ਬੇਬਾਕੀ ਅੱਜ ਵਾਲੇ ਪੱਧਰ ਦੀ ਹੁੰਦੀ ਤਾਂ ਵਾਹਿਗੁਰੂ ਦਾ ਗੁਣਗਾਣ ਕਰਦੇ ਓਹਨਾ ਦੇਵ ਪੁਰਸ਼ਾਂ ਨੂੰ ਜਰੂਰ ਆਖ ਦਿੰਦਾ ਕੇ ਗੁਰਮੁਖੋ ਜਿਸ ਰੱਬ ਨੂੰ ਏਨੇ ਚਿਰ ਤੋਂ ਅੱਖਾਂ ਮੀਟ ਉਚੀ ਉਚੀ ਵਾਜਾਂ ਮਾਰ ਰਹੇ ਓ ਉਹ ਤਾਂ ਕਦੇ ਦਾ ਤੁਹਾਡੇ ਕੋਲ ਖਲੋਤਾ ਤੁਹਾਥੋਂ ਸੀਟ ਮੰਗ ਰਿਹਾ ਏ..
ਨਾਨੀ ਅਕਸਰ ਆਖਿਆ ਕਰਦੀ ਕੇ ਜਦੋਂ ਕਦੀ ਵੀ ਉਹ ਇਨਸਾਨੀ ਰੂਪ ਧਾਰ ਕੇ ਦਰ ਤੇ ਹੋਕਾ ਦੇਣ ਆਉਂਦਾ ਏ ਤਾਂ ਉਸਦੇ ਥੱਲੇ ਮਹਿੰਗੀ ਕਾਰ ਨਹੀਂ ਹੁੰਦੀ ਸਗੋਂ ਉਸਦੇ ਗੱਲ ਪਾਟੇ ਪੁਰਾਣੇ ਕੱਪੜ ਹੋਇਆ ਕਰਦੇ ਨੇ ਤੇ ਕਦੀ ਕਦਾਈਂ ਉਹ ਲੱਤੋਂ ਵੀ ਲੰਗਾ ਹੁੰਦਾ ਏ!
ਤਾਂ ਹੀ ਸ਼ਾਇਦ ਉਹ ਬਾਰ ਤੇ ਦਸਤਕ ਹੁੰਦਿਆਂ ਹੀ ਸੱਤ ਕੰਮ ਵਿਚੇ ਛੱਡ ਭਜੀ ਆਉਂਦੀ ਤੇ ਉਸਨੇ ਸਾਰੀ ਜਿੰਦਗੀ ਜਿਉਂਦੇ ਜੀ ਦਰ ਤੇ ਆਏ ਕਿਸੇ ਨੂੰ ਵੀ ਕਦੇ ਖਾਲੀ ਹੱਥ ਨਹੀਂ ਸੀ ਮੋੜਿਆ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)