ਰੌਣਕ ਵਿੱਚ ਹੋ ਕੇ ਵੀ ਇਕੱਲਾ, ਬਾਪ ਗਿਆਨ ਸਿੰਘ ਦਾ ‘ਪੁੱਤ’ ਪਿੱਪਲ :
ਸੁਖਨਾ ਝੀਲ ਤੇ ਜਾਣ ਵਾਲੇ ਇਸ ਪਿੱਪਲ ਨੂੰ ਚੰਗੀ ਤਰਾਂ ਜਾਣਦੇ ਹੋਣਗੇ। ਹੋ ਸਕਦਾ ਹੈ ਕਿ ਇਸਦੀ ਛਾਂ ਵੀ ਮਾਣੀ ਹੋਵੇ ਪਰ ਇਹ ਪਿੱਪਲ ਆਪਣੇ ਆਪ ਵਿੱਚ ਇੱਕ ਕਹਾਣੀ ਹੈ। ਮੈਂਨੂੰ ਬਹੁਤ ਚਿਰ ਪਹਿਲਾਂ ਹੀ ਸੋਹਾਣੇ ਪਿੰਡ ਇੱਕ ਵੀਰ ਨੇ ਇਹ ਕਿੱਸਾ ਦੱਸਿਆ ਸੀ ਪਰ ਬਾਅਦ ਵਿੱਚ ਯੂਟੂਇਬ ਤੇ ਵੀਡਿਓ ਵੀ ਆ ਗਈਆਂ ਸੀ।
ਪਿੰਡ ਰਾਮਨਗਰ ਭੰਗੀਮਾਜਰੇ ਦਾ ਗਿਆਨ ਸਿੰਘ ਫੌਜ਼ ਵਿੱਚੋ ਬਿਨਾਂ ਪੈਨਸ਼ਨ ਦੇ ਹੀ ਆ ਗਿਆ ਸੀ ਕਿਉਕੀ ਟੀ.ਬੀ ਦੀ ਬਿਮਾਰੀ ਹੋ ਗਈ ਸੀ। ਵਿਆਹ ਦੇ ਦਹਾਕਿਆਂ ਬਾਅਦ ਵੀ ਰੱਬ ਨੇ ਕੋਈ ਔਲਾਦ ਨਾ ਦਿੱਤੀ। ਮਨ ਚ ਸੋਚਿਆ “ਚਲੋ ਜੇ ਕੋਈ ਔਲਾਦ ਨਹੀਂ, ਪਿੰਡ ਦੀ ਸ਼ਾਮਲਾਟ ਚ ਆਪਣੀ ਨਿਸ਼ਾਨੀ ਵਜੋ ਪਿੱਪਲ ਹੀ ਲਾ ਦੇਵਾਂ!” ਹੋਣੀ ਨੂੰ ਕੌਣ ਟਾਲੇ ?
ਕੁਝ ਸਾਲਾਂ ਬਾਅਦ ਹੀ ਗਿਆਨ ਸਿੰਘ ਦੁਨਿਆਂ ਤੋਂ ਰੁਖ਼ਸਤ ਹੋ ਗਿਆ ਪਰ ਉਸਦੇ ਪਿਤਾ ਨੰਦ ਸਿੰਘ ਨੇ ਆਪਣੇ ਪੁੱਤ ਦੀ ਨਿਸ਼ਾਨੀ ਦਾ ਆਪਣੇ...
‘ਪੋਤੇ’ ਵਾਂਗ ਹੀ ਖਿਆਲ ਰੱਖਿਆ ਤੇ ਹਰਾ ਭਰਾ ਰੱਖਿਆ।
ਚੰਡੀਗੜ ਲਈ ਪਹਿਲਾਂ ਉਠਾਲਾ ਹੋਇਆ ਤਾਂ ਰਾਮਨਗਰ ਭੰਗੀਮਾਜਰੇ ਨੂੰ ਤਹਿਸ ਨਹਿਸ ਕਰ ਦਿੱਤਾ। ਝੀਲ ਦੇ ਕੰਢਾ ਹੋਣ ਕਰਕੇ ਸਾਰੇ ਰੁੱਖ ਵੱਢੇ ਜਾ ਰਹੇ ਸੀ ਤੇ ਅਖੀਰ ਬਾਪੂ ਗੁਰਨਾਮ ਦੇ ’ਪੁੱਤ’ ਦੀ ਵਾਰੀ ਵੀ ਆਉਣੀ ਸੀ।
ਚੰਗੀ ਕਿਸਮਤ ਸੀ ਕਿ ਇਸ ਯੋਜਨਾਂ ਵਿੱਚ ਕੰਮ ਕਰਦੇ ਕੁਲਵੰਤ ਸਿੰਘ ਅਲਾਪੁਰ ਨੂੰ ਇਸ ਪਿੱਪਲ ਦੀ ਕਹਾਣੀ ਪਤਾ ਸੀ ਕਿਉਕੀ ਉਹ ਰਾਮਨਗਰ ਪਿੰਡ ਦਾ ਦੋਹਤਾ ਸੀ। ਉਸਨੇ ਝੀਲ ਦੇ ਨਕਸ਼ੇ ਨੂੰ ਇੰਝ ਮੋੜਿਆ ਕਿ ਇਸ ਪਿੱਪਲ ਨੂੰ ਬਚਾ ਲਿਆ ਗਿਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਪਿੱਪਲ ਅਡੋਲ ਖੜਾ ਹੈ।
ਮੈਨੂੰ ਸੱਚੀਂ ਕਦੇ ਕਦੇ ਲੱਗਦਾ ਹੈ ਕਿ ਇਹ ‘ਬੇਜ਼ੁਬਾਨ ਪੁੱਤ’ ਆਪਣੇ ਬਾਪੂ ਗੁਰਨਾਮ ਸਿੰਘ ਨੂੰ ਯਾਦ ਕਰ ਰਿਹਾ ਹੈ।
– ਅਰਸ਼ ਸਿੱਧੂ –