More Punjabi Kahaniya  Posts
ਮਾਈ


ਮਾਈ ਹਰਜੋ ਜਦੋਂ ਪਰ੍ਹੇ ‘ਚੋਂ ਲੰਘਦੀ ਧੌਲ਼ੀਆਂ ਦਾੜ੍ਹੀਆਂ ਦੇ ਹੱਥ ਜੁੜ ਜਾਂਦੇ, ਸਿਰ ਝੁਕ ਜਾਂਦੇ। ਜਦੋਂ ਉਹ ਅਜੇ ਤੀਹਾਂ ਕੁ ਵਰ੍ਹਿਆਂ ਦੀ ਸੀ, ਰੱਬੀ ਰੂਹ ਤਾਂ ਉਹਨੂੰ ਉਦੋਂ ਈ ਲੋਕ ਮੰਨਣ ਲੱਗ ਪਏ ਸਨ, ਅੱਧਖੜ ਹੋਣ ਤਾਈਂ ਤਾਂ ਉਹਦੀ ਮੰਨਤਾ ਮਹਾਂਪੁਰਖਾਂ ਵਾਕਣ ਹੋਣ ਲੱਗ ਪਈ। ਕੋਈ ਉਹਤੋਂ ਨਵਜੰਮੇ ਨਿਆਣੇ ਦੇ ਸਿਰ ਹੱਥ ਧਰਾਉਣ ਆਉਂਦਾ, ਕੋਈ ਬਿਮਾਰ ਨੂੰ ਫੂਕ ਮਰਵਾਉਣ, ਉਹਦੀ ਛੁਹ ਭਟਕਦੀਆਂ, ਗਰਕਦੀਆਂ, ਕੁਲਝਦੀਆਂ, ਤਪਦੀਆਂ ਜਿੰਦਾਂ ਨੂੰ ਸਕੂਨ, ਠਹਿਰਾਅ, ਅਰਾਮ, ਖੜੋਤ, ਟਿਕਾਣਾ ਬਖਸ਼ਦੀ ਸੀ।
ਹੋਇਆ ਕੁਝ ਇਉਂ ਸੀ, ਉਹ ਸਾਡੇ ਦਾਦੇ ਦੇ ਥਾਂ ਲੱਗਦੇ ਫੌਜੀ ਬਿੱਕਰ ਸਿਉਂ ਨਾਲ਼ ਮੰਗੀ ਹੋਈ ਸੀ, ਪੈਂਹਟ ਦੀ ਜੰਗ ‘ਚ ਜਦੋਂ ਉਹ ਸ਼ਹੀਦ ਹੋਇਆ ਤਾਂ ਅਜੇ ਕਵਾਰਾ ਸੀ। ਜਦੋਂ ਗਾਰਦ ਉਹਦੀ ਪੇਟੀਬੰਦ ਦੇਹ ਪਿੰਡ ਲੈ ਕੇ ਪਹੁੰਚੀ ਸੀ ਤਾਂ ਸਸਕਾਰ ‘ਤੇ ਉਹਦੇ ਹੋਣ ਵਾਲ਼ੇ ਸਹੁਰੇ ਵੀ ਆਏ, ਵਿੱਚੇ ਲੁਕੀ-ਛਿਪੀ ਹਰਜੋ ਵੀ ਸੀ, ਉਹਨੇ ਗੱਡਿਓਂ ਉੱਤਰਦਿਆਂ ਸਾਰ ਫੌਜੀ ਦੇ ਨਾਂ ਦੀਆਂ ਚੂੜੀਆਂ ਪਾ ਕੇ ਥਾਈਂ ਭੰਨ ਸੁੱਟੀਆਂ! ਲਾਲ਼ ਸਾਲੂ ਲਾਹਕੇ ਪਰ੍ਹਾਂ ਮਾਰਿਆ ਤੇ ਚਿੱਟੀ ਚੁੰਨੀ ਨਾਲ਼ ਸਿਰ ਢਕ ਲਿਆ।
ਵੱਡਿਆਂ ਨੇ ਬਥੇਰਾ ਵਰਜਿਆ,”ਵਿਆਹ ਹੁੰਦੇ ਨੇ ਜਿਉਂਦਿਆਂ-ਜਾਗਦਿਆਂ ਨਾਲ਼! ਲਾਸ਼ਾ, ਸਿਵਿਆਂ, ਫੁੱਲਾਂ, ਅਸਥੀਆਂ ਨਾਲ਼ ਕਾਹਦੇ ਰਿਸ਼ਤੇ?” ਪਰ ਉਹ ਟੱਸ ਤੋਂ ਮੱਸ ਨਾ ਹੋਈ, ਕਹਿੰਦੀ,”ਜਾਨ ਦੇਦੂੰਗੀ, ਪਿਛਾਂਹ ਨੀਂ ਮੁੜਦੀ!” ਤੇ ਇਉਂ ਉਹ ਮੰਗੀ ਤਾਂ ਜਿਉਂਦੇ ਬਿੱਕਰ ਨਾਲ਼ ਗਈ ਸੀ, ਪਰ ਵਿਆਹੀ ਸ਼ਹੀਦ ਦੀ ਦੇਹ ਨਾਲ਼।
ਉਹ ਸਾਡੇ ਪਿੰਡ ਦੀ ਨੂੰਹ ਬਣਕੇ ਪੇਕਿਆਂ ਨੂੰ ਪ੍ਰਦੇਸ ਕਰ ਗਈ। ਨਾ ਉਹਨੇ ਸੁਹਾਗ-ਰਾਤਾਂ ਮਾਣੀਆਂ, ਨਾ ਉਹਨੇ ਕੋਈ ਮੁੰਦਰੀ ‘ਚ ਨਗ ਜੜਾ ਕੇ ਪਾਇਆ, ਨਾ ਅੱਖਾਂ ‘ਚ ਸੁਰਮਾ ਪਾ ਮਟਕਾਇਆ!
ਬਿੱਕਰ ਦੀ ਬੇਬੇ-ਬਾਪੂ ਨੇ ਵੀ ਉਹਨੂੰ ਸਮਝਾਇਆ-ਬੁਝਾਇਆ, “ਧੀਏ, ਤੈਨੂੰ ਆਪਣੀ ਹੋਣੀ ਦਾ ਭਾਗੀਦਾਰ ਬਣਾਕੇ ਅਸੀਂ ਪਾਪੀ ਕਿਉਂ ਬਣੀਏ? ਅਸੀਂ...

ਤੇਰੀ ਜਵਾਨੀ ਕਿਉਂ ਗਾਲ਼ੀਏ? ਪਹਾੜ ਜਿੱਡੀ ਜਿੰਦਗੀ ਸਿਰ ‘ਤੇ ਪਈ ਏ ਤੇਰੇ, ਐਵੇਂ ਜਿਦ ਨਾ ਕਰ, ਆਵਦਾ ਘਰ ਵਸਾ, ਅਗਾਂਹ ਤੋਰ ਜਿੰਦਗੀ!”
ਹਰਜੋ ਅੱਗੋਂ ਕਹਿੰਦੀ,”ਬੇਬੇ, ਮੰਨਿਆ ਮੈਂ ਥੋਡੀ ਸਿਹਰਿਆਂ ਨਾਲ਼ ਵਿਆਹ ਕੇ ਨੀਂ ਲਿਆਂਦੀ ਹੋਈ ਪਰ ਮੈਂ ਮੰਗ ਤਾਂ ਸੀ ਉਹਦੀ, ਕੁਝ ਸੌਦੇ ਇੱਕੋ ਵਾਰ ਹੁੰਦੇ ਨੇ, ਹੁਣ ਏਸ ਘਰੋਂ ਪੈਰ ਪੁੱਟਣਾ ਮੇਰੇ ਲਈ ਹਰਾਮ ਏ, ਮੇਰੀ ਅਰਥੀ ਈ ਉੱਠੂ ਏਥੋਂ!” ਤੇ ਬੇਬੇ-ਬਾਪੂ ਉਹਦੇ ਸਿਰੜ, ਉਹਦੇ ਸਿਦਕ ਅੱਗੇ ਗੋਡੇ ਟੇਕ ਗਏ।
ਬਿੱਕਰ ਦੇ ਭਰਾ ਲੱਗਦੇ ਮੁੰਡਿਆਂ ‘ਚੋਂ ਇੱਕ ਨੇ ਵੀ ਉਹਨੂੰ ਕਦੇ ਭਾਬੀ ਨੀਂ ਆਖਿਆ ਹੋਣਾ, ਉਹਦੇ ਲਈ ਬਣਦਾ ਸ਼ਬਦ ‘ਭੈਣ’ ਸੀ, ਫਿਰ ਉਹਨੂੰ ‘ਬੀਬੀ’ ਕਹਿਣ ਲੱਗ ਪਏ ਤੇ ਅੰਤ ਉਹ ‘ਮਾਈ’ ਹੋ ਨਿੱਬੜੀ।
ਪੰਜ ਫੇਰਿਆਂ ਤੋਂ ਬਗ਼ੈਰ ਉਮਰਾਂ ਦੇ ਨਾਤੇ ਉਹ ਵੀ ਉਸ ਬੰਦੇ ਨਾਲ਼ ਪੁਗਾਉਣੇ-ਨਿਭਾਉਣੇ ਜੋ ਏਸ ਦੁਨੀਆ ‘ਚ ਰਿਹਾ ਈ ਨਾ ਹੋਵੇ ਕਿਸੇ ਕਰਾਮਾਤ ਤੋਂ ਘੱਟ ਨਹੀਂ। ਇੱਕ ਕੰਜਕ ਦਾ ਕੂੰਜ ਤੇ ਅੰਤ ਅਸਮਾਨ ਬਣਨ ਦਾ ਅਮਲ ਇੱਕ ਕੌਤਕ ਸੀ, ਸਾਮਰਤੱਖ !
ਫ਼ੱਕਰ ਹੁੰਦੀਆਂ ਨੇ ਕੁਝ ਰੂਹਾਂ, ਇੱਕੋ ਵਾਰ ਜਨਮ ਲੈਂਦੀਆਂ, ਇੱਕੋ ਵਾਰ ਪਿਆਰ ਕਰਦੀਆਂ ਤੇ ਇੱਕੋ ਵਾਰ ਮਰਦੀਆਂ ਨੇ, ਆਵਾਗਮਨ ‘ਚ ਨੀਂ ਪੈਂਦੀਆਂ। ਸ਼ਾਇਦ ਅਜਿਹੇ ਲੋਕ ਕੋਈ ਦੂਤ ਜਾਂ ਮੁਸਾਫਿਰ ਹੁੰਦੇ ਨੇ, ਕੋਈ ਪੀਰ-ਪੈਗੰਬਰ ਜਾਂ ਮਸੀਹੇ ! ਏਸ ਜਹਾਨ ‘ਤੇ ਕੁਝ ਖੱਟਣ-ਕਮਾਉਣ, ਖਾਣ-ਹੰਢਾਉਣ ਨਹੀਂ ਆਉਂਦੇ, ਮਹਜ਼ ਫੇਰਾ ਪਾਉਣ ਆਉਂਦੇ ਨੇ! ਨਾ ਇਹ ਜੰਮਦੇ ਨੇ, ਨਾ ਇਹ ਮਰਦੇ ਨੇ!
ਬਲਜੀਤ ਖ਼ਾਨ ਪੁੱਤਰ ਮਾਂ ਬਸ਼ੀਰਾਂ। ਪੰਦਰਾਂ ਜੂਨ, ਵੀਹ ਸੌ ਬਾਈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)