ਅੱਜ ਸਿੰਮੀ ਫੁੱਲੀ ਨੀ ਸਮਾ ਰਹੀ ਸੀ ਸਹੇਲੀਆਂ ਨੂੰ ਹੱਸ ਹੱਸ ਦੱਸ ਰਹੀ ਸੀ ਕੇ ਅੱਜ ਮੇਰਾ ਚਾਰ ਸਾਲਾਂ ਤੋਂ ਪਿਆ ਪਿਆਰ ਪ੍ਰਵਾਨ ਚੜਨ ਜਾ ਰਿਹਾ ਹੈ । ਅੱਜ ਮੇਰੇ ਡੈਡੀ ਨਸੀਬ ਦੇ ਘਰ ਮੇਰੇ ਰਿਸ਼ਤੇ ਦੀ ਗੱਲ ਪੱਕੀ ਕਰਨ ਗਏ ਹਨ । ਸਾਰਾ ਦਿਨ ਉਡੀਕਦੀ ਰਹੀ ਤੇ ਸ਼ਾਮੀ ਜਦੋਂ ਸਿੰਮੀ ਦੇ ਡੈਡੀ ਘਰ ਆਏ ਤਾਂ ਉਹ ਉਸਨੂੰ ਨਿਰਾਸ਼ ਜਾਪੇ । ਸਿੰਮੀ ਆਪਣੇ ਡੈਡੀ ਦੇ ਦੁਆਲੇ ਆਨੀ ਬਹਾਨੇ ਚੱਕਰ ਮਾਰਨ ਲੱਗੀ ਕੇ ਡੈਡੀ ਕੋਈ ਖੁਸ਼ਖਬਰੀ ਸੁਣਾਉਣਗੇ .. ਪਰ ਉਹਨਾਂ ਦੀ ਖਾਮੋਸ਼ੀ ਤੋਂ “ਕੁਝ ਸਹੀ ਨਹੀਂ ਹੋਇਆ “ ਦਾ ਅੰਦਾਜਾ ਲਗਾ ਰਹੀ ਸੀ । ਸਿੰਮੀ ਦੀ ਮਾਂ ਦੇ ਪੁੱਛਣ ਤੇ ਉਹਨਾਂ ਇਹ ਕਹਿ ਟਾਲ-ਮਟੋਲ ਕਰ ਦਿੱਤੀ ਕੇ ਇਹ ਰਿਸ਼ਤੇ ਐਨੇ ਸੁਖਾਲੇ ਨਹੀਂ ਨੇਪਰੇ ਚੜਦੇ ਹੁੰਦੇ …ਰਾਤ ਨੂੰ ਸਾਰਿਆਂ ਨੇ ਰੋਟੀ ਖਾਧੀ ਤੇ ਸੌਂ ਗਏ । ਜਦੋਂ ਸਵੇਰੇ ਸਿੰਮੀ ਤੇ ਉਸਦੇ ਡੈਡੀ ਆਪਣੀ ਆਪਣੀ ਡਿਉਟੀ ਤੇ ਇਕੱਠੇ ਜਾ ਰਹੇ ਸਨ ਤਾਂ ਸਿੰਮੀ ਦੇ ਡੈਡੀ ਨੇ ਉਸਨੂੰ ਹਸਪਤਾਲ ਉਸਦੀ ਡਿਉਟੀ ਲਈ ਉਤਾਰ ਦਿੱਤਾ ਤੇ ਇਹ ਕਹਿ ਕੇ ਆਪਣੀ ਡਿਉਟੀ ਚਲੇ ਗਏ ਕੇ ਸਿੰਮੀ ਅੱਜ ਤੋਂ ਬਾਅਦ ਤੂੰ ਨਸੀਬ ਨੂੰ ਨਹੀਂ ਬੁਲਾਏਂਗੀ …ਜੋ ਤੂੰ ਸੋਚ ਰਹੀ ਸੀ ..ਉਹ ਗਲਤ ਸੀ । ਹੁਣ ਇੱਕ ਘਟਨਾ ਸਮਝ ਸਦਾ ਲਈ ਭੁੱਲ ਜਾਹ… !
ਮੈਂ ਲੇਟ ਹੋ ਰਿਹਾਂ ਹਾਂ ਮੇਰਾ ਪੁੱਤ..” ਤੂੰ ਦਿਲ ਤੇ ਗੱਲ ਨਹੀਂ ਲਾਉਣੀ ਤੇ ਹੌਸਲੇ ਨਾਲ ਰਹਿਣਾ ਹੈ “ ਕਹਿ ਕੇ ਚਲੇ ਗਏ ।
ਸੋਚਾਂ ਵਿੱਚ ਗੁੰਮ ਸਿੰਮੀ ਨਿਰਾਸ਼ ਮਨ ਵਿੱਚ ਅਨੇਕਾਂ ਸਵਾਲ ਘੜਦੀ ਸਾਰਾ ਦਿਨ ਬੇਚੈਨ ਰੋਂਦੀ ਰਹੀ ਤੇ ਸ਼ਾਮ ਨੂੰ ਨਸੀਬ ਦੇ ਘਰ ਲੈਡ ਲਾਈਨ ਤੇ ਫੋਨ ਕਰਲਿਆ । ਪਹਿਲਾਂ ਤਾਂ ਕਈ ਕਾਲਾਂ ਰਿਸੀਵ ਨਾ ਹੋਈਆਂ ਤਾਂ ਅੰਤ ਇੱਕ ਕਾਲ ਰਿਸੀਵ ਹੋਂਈ ਤਾਂ ਸਿੰਮੀ ਨੇ ਨਸੀਬ ਦਾ ਪੁੱਛਿਆ ,
ਅੱਗੋ ਆਵਾਜ਼ ਆਈ ਕੇ ਸਾਰੇ ਘਰ ਵਾਲੇ ਨਸੀਬ ਸਮੇਤ ਅੱਜ ਕੁੜੀ ਵੇਖਣ ਗਏ ਸੀ …ਉਹਨਾਂ ਨੂੰ ਕੁੜੀ ਪਸੰਦ ਆ ਗਈ ਤੇ ਚੁੰਨੀ ਚੜਾਵਾ ਕਰ ਲੈਣਾ ਹੈ… ਪਰ ਅਜੇ ਵਿਆਹ ਕੇ ਘਰ ਨਹੀਂ ਆਏ ..ਇਹ ਸੁਣ ਸਿੰਮੀ ਗਸ਼ ਖਾ ਕੇ ਡਿੱਗ ਪਈ .. ਹਸਪਤਾਲ ਵਿੱਚ ਇਲਾਜ ਕੀਤਾ ਗਿਆ ਤੇ ਕਈ ਘੰਟਿਆਂ ਦੇ ਬਾਅਦ ਹੋਸ਼ ਵਿੱਚ ਆਈ … ।
“ਕਈ ਵਾਰ ਅਸੀਂ ਰਿਸ਼ਤਿਆਂ ਦੀਆਂ ਕੱਚੀਆਂ ਤੰਦਾਂ ਨੂੰ ਪੱਕੀਆਂ ਸਮਝ ਜਿੰਦਗੀ ਦਾ ਨੁਕਸਾਨ ਕਰ ਲੈਂਦੇ ਹਾਂ ..ਰਿਸ਼ਤੇ ਬੇਸ਼ੱਕ ਦਿਲ ਦੇ ਕਿੰਨੇ ਕਰੀਬ ਹੋਣ …ਪਰ ਜਦੋਂ ਤੱਕ ਸਮਾਜ ਦੀ ਮੋਹਰ ਨਹੀਂ ਲੱਗਦੀ , ਉਹਨਾਂ ਨੂੰ ਨਜ਼ਾਇਜ਼ ਹੀ ਸਮਝਿਆ ਜਾਂਦਾ ਹੈ ।”
ਹੋਸ਼ ਆਉਣ ਤੋਂ ਬਾਅਦ ਉਹ ਪੱਥਰ ਹੋ ਚੁੱਕੀ ਸੀ । ਵਿਆਹ ਤੋਂ ਅਗਲੇ ਦਿਨ ਨਸੀਬ ਸ਼ਰਾਬ ਨਾਲ ਗੁੱਟ ਹਸਪਤਾਲ ਸਿੰਮੀ ਨੂੰ ਮਿਲਣ ਆਇਆ ਤਾਂ ਉਸਨੂੰ ਵੇਖ ਸਿੰਮੀ ਨੇ ਕਦਮ ਪਿਛਾਂਹ ਕਰ ਲਏ । ਉਸਨੂੰ ਅਣਗੌਲਿਆ ਕਰ ਆਪਣੇ ਹੋਸਟਲ ਚਲੀ ਗਈ । ਨਸੀਬ ਰੋਜ਼ ਸ਼ਰਾਬ ਨਾਲ ਰੱਜ ਕੇ ਹਸਪਤਾਲ ਦੇ ਮੂਹਰੇ ਬਣੇ ਹੋਟਲ ਵਿੱਚ ਬੈਠਾ ਰਹਿੰਦਾ ਜਦੋਂ ਤੱਕ ਸਿੰਮੀ ਦੀ ਡਿਉਟੀ ਦੀ ਸ਼ਿਫਟ ਪੂਰੀ ਨਾ ਹੁੰਦੀ । ਹੁਣ ਦੋਨਾਂ ਦੀ ਬੋਲਚਾਲ ਪੂਰੀ ਬੰਦ ਹੋ ਚੁੱਕੀ ਸੀ ਨਾ ਇੱਕ ਦੂਜੇ ਦੀ ਸੁਣੀ ਤੇ ਨਾਂ ਕਹੀ …।
ਇੰਝ ਹੀ ਚਾਰ ਮਹੀਨੇ ਬੀਤ ਗਏ .. ਇੱਕ ਦਿਨ ਸਰਦੀਆਂ ਵਿੱਚ ਸਿੰਮੀ ਦੀ ਨਾਈਟ ਸ਼ਿਫਟ ਸੀ ਤੇ ਰਾਤ ਨੂੰ ਦਸ ਵਜੇ ਇੱਕ ਐਕਸੀਡੈਂਟ ਕੇਸ ਆਇਆ .. ਐਮਰਜੈਸੀ ਸੀਰੀਅਸ ਕੇਸ ਸੁਣ ਸਾਰੇ ਹਸਪਤਾਲ ਵਿੱਚ ਹਫੜਾ ਦੱਫੜੀ ਮੱਚ ਗਈ .. ਸਾਰੇ ਪੇਸ਼ੈਟਾਂ ਦੀ ਮੱਦਦ ਕਰਨ ਲਈ ਭੱਜੇ । ਜਿਉ ਹੀ ਸਿੰਮੀ ਨੇ ਐਬੂਲੈਸ ਕੋਲ ਜਾ ਕੇ ਵੇਖਿਆ ਤਾਂ ਸਿੰਮੀ ਗ਼ਸ਼ ਖਾ ਕੇ ਡਿੱਗ ਪਈ । ਡਾਕਟਰ ਨੇ ਐਬੂਲਸ ਵਿੱਚ ਪਏ ਮਰੀਜ਼ਾਂ ਨੂੰ ਮਿ੍ਰਤਕ ਐਲਾਨ ਦਿੱਤਾ ਸੀ । ਅਤੇ ਉਹਨਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਸੀ । ਉਹ ਦੋਵੇਂ ਲਾਸ਼ਾਂ ਨਸੀਬ ਤੇ ਉਸਦੇ ਜੀਜੇ ਦੀਆਂ ਸਨ । ਸਾਰੇ ਹਸਪਤਾਲ ਵਿੱਚ ਸੋਗ ਦਾ ਮਾਹੌਲ ਬਣ ਗਿਆ ।ਸਿੰਮੀ ਨੂੰ ਉੱਥੇ ਹੀ ਦਾਖਲ ਕੀਤਾ ਗਿਆ । ਅਗਲੇ ਦਿਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇੱਕ ਵਜੇ ਦੋਨਾਂ ਦਾ ਸੰਸਕਾਰ ਹੋਣਾ ਸੀ । ਪਹਿਲਾਂ ਨਸੀਬ ਦੇ ਜੀਜੇ ਦਾ ਸਸਕਾਰ ਕੀਤਾ ਤੇ ਬਾਅਦ ਵਿੱਚ ਨਸੀਬ ਨੂੰ ਉਸਦੇ ਪਿੰਡ ਲਿਜਾਇਆ ਗਿਆ । ਸਾਰੇ ਹਸਪਤਾਲ ਦੇ ਸਟਾਫ ਮੈਂਬਰ ਸਿੰਮੀ ਕਰਕੇ ਨਸੀਬ ਤੋਂ ਵਾਕਿਫ਼ ਸਨ । ਹਸਪਤਾਲ ਦਾ ਸਟਾਫ ਵੀ ਸਿੰਮੀ ਨੂੰ ਨਾਲ ਲੈ ਕੇ ਉਸਦੇ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਗਿਆ । ਜਿਉਂ ਹੀ ਨਸੀਬ ਦੀ ਮਾਂ ਨੂੰ ਪਤਾ ਲੱਗਾ ਕੇ ਸਿੰਮੀ ਵੀ ਪਹੁੰਚੀ ਹੈ ਤਾਂ ਉਸਦੀ ਮਾਂ ਨੇ ਸਿੰਮੀ ਨੂੰ ਵੇਖ ਘਟੀਆ ਸ਼ਬਦਾਵਲੀ ਵਿੱਚ ਵੈਣ ਪਾਉਣੇ ਸ਼ੁਰੂ ਕਰ ਦਿੱਤੇ । ਉਹ ਕਹਿ ਰਹੀ ਸੀ “ਮੇਰੇ ਪੁੱਤ ਨੂੰ ਖਾਣ ਵਾਲੀ ਡੈਣ ਵੀ ਆ ਪਹੁੰਚੀ … ਮੇਰੇ ਪੁੱਤ ਦੇ ਕਈ ਸਾਲਾਂ ਤੋਂ ਮਗਰ ਪਈ ਸੀ ਚੰਦਰੀ ….ਅੰਤ ਖਾ ਲਿਆ ਮੇਰਾ ਪੁੱਤ ਪਾਪਣ ਨੇ .. “
ਐਨੀ ਕਹਿਰ ਵਿੱਚ ਸਾਰਿਆਂ ਦੇ ਵੈਣ ਸੁਣ ਰੌਂਗਟੇ ਖੜੇ ਹੋ ਗਏ .. ਨਸੀਬ ਦੀਆਂ ਭੈਣਾਂ ਨੇ ਆਵਦੀ ਮਾਂ ਨੂੰ ਬਥੇਰਾ ਸਮਝਾਇਆ ਕੇ ਇਸ ਤਰ੍ਹਾਂ ਨਾ ਕਹੇ.. ਪਰ ਉਹ ਰੁਕੀ ਨਹੀਂ । ਸਿੰਮੀ ਚੁੱਪ-ਚਾਪ ਸਟਾਫ ਦੇ ਨਾਲ ਬੈਠ ਚੁੱਪਚਾਪ ਜਰਦੀ ਰਹੀ ਤੇ ਬਣੇ ਹਾਲਾਤਾਂ ਮੁਤਾਬਿਕ ਲਹੂ-ਲੁਹਾਣ ਹੋਈ ਸਿੰਮੀ ਨੇ ਮਨ ਹੀ
ਮਨ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਸੀ…!ਨਸੀਬ ਦੀ ਮਾਂ ਦੇ ਤੀਰ ਵਾਂਗ ਵੱਜੇ ਬੋਲਾਂ ਦਾ ਹਿਸਾਬ ਚੁੱਕਦਾ ਕਰੇਗੀ ਜੋ ਨਸੀਬ ਦੇ ਸੰਸਕਾਰ ਉੱਪਰ ਬੋਲੇ ਸਨ…!!
.” ਜਦੋਂ ਅਣਖ ਜਾਗ ਪਵੇ ਤਾਂ ਸਾਰੀਆਂ ਇੱਛਾਵਾਂ ਮਰ ਜਾਂਦੀਆਂ ਹਨ “।
ਸਾਰੇ ਇਕੱਠ ਦਾ ਧਿਆਨ ਸਿੰਮੀ ਵਿੱਚ ਸੀ । ਖਾਮੋਸ਼ ਹੋਏ ਗਮ ਦੇ ਸਾਏ ਹੇਠ ਸਾਰੇ ਸਟਾਫ ਮੈਬਰ ਸੰਸਕਾਰ ਕਰਵਾ ਸਿੰਮੀ ਨੂੰ ਨਾਲ ਲੈ ਕੇ ਵਾਪਿਸ ਹਸਪਤਾਲ ਆ ਗਏ । ਸਿੰਮੀ ਨੇ ਹਫਤੇ ਦੀ ਛੁੱਟੀ ਲੈ ਲਈ ਤੇ ਘਰੇ ਵੀ ਨਸੀਬ ਦੀ ਮੌਤ ਬਾਰੇ ਜ਼ਿਕਰ ਨਾ ਕੀਤਾ ਤੇ ਨਾ ਘਰ ਗਈ ।
ਆਪਣੇ ਮਨ ਵਿੱਚ ਜਿੰਦਗੀ ਦੇ ਕੀਤੇ ਅਨਿਆਂ ਨਾਲ ਨਜਿੱਠਦੀ ਕਈ ਦਿਨ ਚੁੱਪ ਰਹੀ ।
ਉੱਧਰ ਦੂਜੇ ਪਾਸੇ ਅੰਗੀਠਾ ਇਕੱਠਾ ਕਰਨ ਦੀ ਰਸਮ ਮੌਕੇ ਨਸੀਬ ਦੇ ਸਹੁਰਿਆਂ ਨੇ ਆਪਂਣੀ ਧੀ ਨੂੰ ਰਿਸ਼ਤਾ ਤੋੜ ਆਵਦੇ ਘਰ ਲਿਜਾਣ ਦੀ ਕੋਸ਼ਿਸ਼ ਕੀਤੀ । ਨਸੀਬ ਦੀ ਪਤਨੀ ਚਾਰ ਮਹੀਨੇ ਤੋਂ ਗਰਭਵਤੀ ਸੀ.. ਪਰ ਉਸਦੇ ਸਹੁਰਿਆਂ ਨੇ ਉਸ ਬੱਚੇ ਨੂੰ ਜਨਮ ਦੇਣ ਤੋਂ ਇਨਕਾਰ ਕਰ ਦਿੱਤਾ । ਤੇ ਆਵਦੀ ਧੀ ਨੂੰ ਉਸੇ ਦਿਨ ਵਾਪਿਸ ਲਿਜਾਣ ਦੀ ਜਿੱਦ ਕੀਤੀ ।
ਦੋਨੋ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਸਲਾ ਨਾ ਸੁਲਝਿਆ ਤਾਂ ਫਿਰ ਵਿਮਨ ਸੈੱਲ ਨੇ ਆ ਕੇ ਮੌਕੇ ਤੇ ਫੈਸਲਾ ਕੀਤਾ ਕੇ ਨਸੀਬ ਦੀ ਪਤਨੀ ਬੱਚੇ ਨੂੰ ਜਨਮ ਦੇ ਕੇ ਵਾਪਿਸ ਪੇਕੇ ਪਰਤ ਜਾਵੇਗੀ । ਬੱਚੇ ਦੇ ਹੱਕਦਾਰ ਨਸੀਬ ਦੇ ਮਾਪੇ ਹੋਣਗੇ ।
ਨਸੀਬ ਦੀ ਭੈਣ ਹਰ ਹਫਤੇ ਸਿੰਮੀ ਨੂੰ ਮਿਲ਼ਣ ਆਇਆ ਕਰਦੀ ਤੇ ਉਸਤੋਂ ਮਾਂ ਦੀ ਕੀਤੀ ਗਲਤੀ ਦੀ ਮੁਆਫੀ ਮੰਗਦੀ । ਸਿੰਮੀ ਨੂੰ ਹੌਸਲਾ ਦਿੰਦੀ । ਸਿੰਮੀ ਦੇ ਮਨ ਵਿੱਚ ਅਨੇਕਾਂ ਸਵਾਲ ਅਣ ਸੁਣੇ ਰਹਿ ਗਏ ਸਨ...
ਜੋ ਨਸੀਬ ਤੋਂ ਦੂਰੀ ਬਣਨ ਕਾਰਨ ਜਿਉ ਦੇ ਤਿਉ ਖੜੇ ਸਨ ।
ਸਿੰਮੀ ਦੀ ਜਿੰਦਗੀ ਮੌਨ ਦੇ ਮੰਜਰ ਹੇਠ ਉਦਾਸੀ ਦੇ ਰਾਹ ਤੁਰਨ ਲੱਗੀ । ਵਕਤ ਬੀਤਦਾ ਗਿਆ ਨਸੀਬ ਦੀ ਪਤਨੀ ਨੇ ਧੀ ਨੂੰ ਜਨਮ ਦੇ ਕੇ ਪੇਕਿਆਂ ਦਾ ਰਾਹ ਮੱਲ ਸਦਾ ਲਈ ਨਸੀਬ ਦੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ…!
ਧੀ ਨੂੰ ਭੂਆ ਦੀ ਝੋਲੀ ਪਾ ਕੇ ਆਪ ਹੋਰ ਵਿਆਹ ਕਰਵਾ ਲਿਆ ।
ਨਸੀਬ ਦੀ ਭੈਣ ਅਕਸਰ ਸਿੰਮੀ ਕੋਲ ਨਸੀਬ ਦੀ ਧੀ ਜਿਸ ਦਾ ਨਾਮ “ ਅਸੀਸ “ ਸੀ ਨੂੰ ਲੈ ਕੇ ਆਉਦੀ । ਤੇ ਉੱਸੇ ਹਸਪਤਾਲ ਤੋਂ ਟੀਕਾਕਰਨ ਕਰਵਾਉਦੀ । ਸਿੰਮੀ ਅਸੀਸ ਵਿੱਚੋਂ ਨਸੀਬ ਨੂੰ ਵੇਖਦੀ ਤੇ ਉਸਨੂੰ ਆਪਣੀ ਧੀ ਸਮਝਦੀ । ਵਕਤ ਬੀਤਦਾ ਗਿਆ ਉੱਧਰ ਸਿੰਮੀ ਦੇ ਘਰਦਿਆਂ ਦੇ ਪੂਰਾ ਜ਼ੋਰ ਲਾਉਣ ਤੇ ਵੀ ਸਿੰਮੀ ਨੇ ਵਿਆਹ ਨਾ ਕਰਵਾਇਆ । ਨਸੀਬ ਦੀ ਭੈਣ ਅਕਸਰ ਆਵਦੀ ਮਾਂ ਨੂੰ ਸਿੰਮੀ ਬਾਰੇ ਦੱਸਦੀ ਤੇ ਉਸਦੀ ਮਾਂ ਆਪਣੀ ਅਕਲ ਦੇ ਕੱਢੇ ਜਨਾਜੇ ਤੇ ਝੂਰਦੀ ।
ਸਿੰਮੀ ਨੇ ਅੰਮਿ੍ਰਤ ਛੱਕ ਕੇ ਆਪਣੇ ਆਪ ਨੂੰ ਧਾਰਮਿਕ ਬਿਰਤੀ ਵਿੱਚ ਜੋੜ ਲਿਆ ਸੀ ।
ਲੋੜਵੰਦ ਬੱਚਿਆਂ ਦੀਆਂ ਫੀਸਾਂ ਭਰਦੀ .. “ਅਸੀਸ “ਦੇ ਜਨਮ ਦਿਨ ਤੇ ਮੁਫਤ ਬੱਚਿਆਂ ਨੂੰ ਕਿਤਾਬਾਂ ਵੰਡਦੀ ।
ਸਿੰਮੀ ਨੇ ਆਪਣਾ ਸ਼ਹਿਰ ਵਿੱਚ ਛੋਟਾ ਜਿਹਾ ਮਕਾਨ ਖਰੀਦ ਲਿਆ ਸੀ । ਜਦੋਂ ਅਸੀਸ ਤੇ ਉਸਦੀ ਭੂਆ ਸਿੰਮੀ ਨੂੰ ਮਿਲਣ ਆਉਦੀਆਂ ਤਾਂ ਸਾਰਾ ਦੁੱਖ ਸੁੱਖ ਕਰਦੀਆ ।
ਨਸੀਬ ਦੀ ਭੈਣ ਨੇ ਅਸੀਸ ਨੂੰ ਇਹ ਦੱਸਿਆ ਸੀ ਕੇ ਅਸੀਸ ਦੇ ਮਾਪੇ ਅਸੀਸ ਨੂੰ ਜਨਮ ਦੇਣ ਤੋਂ ਦੋ ਮਹੀਨੇ ਬਾਅਦ ਐਕਸੀਡੈਟ ਵਿੱਚ ਮਰ ਗਏ ਸਨ ਪਰ ਇਕੱਲੀ ਅਸੀਸ ਬਚੀ ਸੀ । ਬਾਈ ਸਾਲ ਬੀਤ ਜਾਣ ਉਪਰੰਤ ਜਦੋਂ ਅਸੀਸ ਨੇ ਡਿਗਰੀ ਕਰ ਲਈ ਤਾਂ ਨਸੀਬ ਦੀ ਮਾਂ ਨੇ ਅਸੀਸ ਦਾ ਬਾਹਰਲੇ ਮੁੰਡੇ ਨਾਲ ਵਿਆਹ ਤਹਿ ਕਰ ਦਿੱਤਾ । ਅਸੀਸ ਨੇ ਜੋ ਸਿੰਮੀ ਨੂੰ ਮਾਸੀ ਕਹਿੰਦੀ ਸੀ ਆਪਣੇ ਵਿਆਹ ਤੇ ਆਉਣ ਦਾ ਸੱਦਾ ਦਿੱਤਾ । ਨਸੀਬ ਦੀ ਭੈਣ ਨੂੰ ਮਾਂ ਦੀ ਸਿੰਮੀ ਨਾਲ ਕੀਤੀ ਬਦਸਲੂਕੀ ਹਮੇਸ਼ਾਂ ਸ਼ਰਮਿੰਦਾ ਕਰਦੀ ਤੇ ਉਹ ਜਾਣ ਚੁੱਕੀ ਸੀ ਕੇ ਸਿੰਮੀ ਅਸੀਸ ਦੇ ਵਿਆਹ ਵਿੱਚ ਕਦੇ ਸ਼ਾਮਿਲ ਨਹੀਂ ਹੋਵੇਗੀ । ਨਸੀਬ ਦੀ ਮਾਂ ਜਦੋਂ ਆਵਦੇ ਪੁੱਤ ਦਾ ਵਿਰਲਾਪ ਕਰਦੀ ਤਾਂ ਸਿੰਮੀ ਨੂੰ ਮੁਆਫ ਕਰਨ ਦੀ ਗੱਲ ਕਰਦੀ । ਆਵਦੀ ਧੀ ਨੂੰ ਕਹਿੰਦੀ ਕੇ ਮੈਂ ਸਿੰਮੀ ਤੋਂ ਗਲਤ ਕੀਤੇ ਵਿਹਾਰ ਦੀ ਮੁੁਆਫੀ ਮੰਗਣੀ ਹੈ ।
“ਕਈ ਵਾਰ ਇਨਸਾਨ ਆਪਣੀ ਹੋਛੀ ਮੱਤ ਸਦਕਾ ਖੁਦ ਨੂੰ ਰੱਬ ਸਮਝ ਗਲਤ ਫੈਸਲੇ ਕਰ ਬੈਠਦਾ ਹੈ …ਜਿਸ ਦਾ ਜਵਾਬ ਰੱਬ ਖੁਦ ਵਕਤ ਦੇ ਬੀਤ ਜਾਣ ਮਗਰੋਂ ਦਿੰਦਾ ਹੈ ਤੇ ਅੰਤ ਪਛਤਾਵੇ ਦੇ ਸੇਕ ਵਿੱਚ ਤੜਫਦਾ ਹੈ । “
ਅਸੀਸ ਦੇ ਵਿਆਹ ਵਾਲੇ ਦਿਨ ਉਸਦੀ ਦਾਦੀ ਅਤੇ ਭੂਆ ਸਵੇਰੇ ਸਿੰਮੀ ਨੂੰ ਵਿਆਹ ਵਿੱਚ ਸ਼ਾਮਿਲ ਕਰਨ ਲਈ ਲੈਣ ਗਈਆਂ .. ਸਿੰਮੀ ਨੇ ਬਥੇਰੀ ਨਾਂਹ ਨੁੱਕਰ ਕੀਤੀ ਪਰ ਨਸੀਬ ਦੀ ਮਾਂ ਨੇ ਗਲਤੀ ਦੀ ਮੁਆਫੀ ਮੰਗਦਿਆ ਸਿੰਮੀ ਨੂੰ ਵਿਆਹ ਵਿੱਚ ਜਾਣ ਲਈ ਮਿੰਨਤ ਤਰਲਾ ਕੀਤਾ । ਅਖੀਰ ਸਿੰਮੀ ਨੂੰ ਰਾਜ਼ੀ ਕਰ ਲਿਆ । ਅਸੀਸ ਦੇ ਆਨੰਦ ਕਾਰਜ ਹੋਏ ਤੇ ਜਦੋਂ ਸ਼ਗਨ ਦੀ ਰਸਮ ਚੱਲ ਰਹੀ ਸੀ ਤਾਂ ਅਸੀਸ ਦੀ ਸਹੇਲੀ ਕਾਹਲੀ ਨਾਲ ਭੱਜੀ ਆਈ ਤੇ ਅਸੀਸ ਦੇ ਕੰਨ ਵਿੱਚ ਕਹਿਣ ਲੱਗੀ , ਅਸੀਸ ਤੈਨੂੰ ਖਸ਼ਖਬਰੀ ਦੱਸ ਰਹੀਂ ਹਾਂ …ਤੇਰੀ ਮਾਂ ਅੱਜ ਵਿਆਹ ਵਿੱਚ ਆਈ ਹੈ ਮੇਰੀ ਮਾਂ ਨੇ ਮੈਨੂੰ ਦੱਸਿਆ ਹੈ । ਅਸੀਸ ਨੇ ਕਿਹਾ ਕੇ ਮੇਰੀ ਮਾਂ ਤਾ ਮਰ ਗਈ ਸੀ… ਮੇਰੀ ਮਾਂ ਕਿਵੇਂ ਹੋ ਸਕਦੀ ਹੈ ??
ਅਸੀਸ ਸੋਚਾਂ ਵਿੱਚ ਪੈ ਗਈ ਤੇ ਆਵਦੀ ਮਾਂ ਨੂੰ ਵੇਖਣ ਦੀ ਜ਼ਿੱਦ ਕੀਤੀ ।ਅੱਜ ਫਿਰ ਨਸੀਬ ਦੀ ਮੌਤ ਦੇ ਬਾਈ ਵਰ੍ਹੇ ਬੀਤ ਜਾਣ ਮਗਰੋਂ ਸਾਰਿਆਂ ਦਾ ਧਿਆਨ ਸਿੰਮੀ ਦੇ ਸਿਦਕ ਦੀ ਪ੍ਰਸੰਸਾ ਕਰ ਰਿਹਾ ਸੀ । ਸਾਰਿਆਂ ਦਾ ਧਿਆਨ ਖਿੱਚ ਰਿਹਾ ਸਾਦਗੀ ਭਰਿਆ ਸਿਰੜੀ ਹੁਸਨ ਵਾਹ ਵਾਹ ਖੱਟ ਰਿਹਾ ਸੀ । ਅਸੀਸ ਨੇ ਆਵਦੀ ਭੂਆ ਨੂੰ ਬੁਲਾਇਆ ਅਤੇ ਆਵਦੀ ਮਾਂ ਬਾਰੇ ਪੁੱਛਿਆ … ਭੂਆ ਨੇ ਸ਼ਗਨ ਦੀ ਰਸਮ ਵਿੱਚ ਬਿਜ਼ੀ ਹੋਣ ਕਰਕੇ ਟਾਲਮਟੋਲ ਕਰ ਦਿੱਤੀ । ਜਦੋਂ ਸ਼ਗਨ ਦੀ ਰਸਮ ਖਤਮ ਹੋਈ ਤਾਂ ਅਸੀਸ ਆਵਦੀ ਸਹੇਲੀ ਦੀ ਬਾਂਹ ਫੜ ਆਵਦੀ ਮਾਂ ਨੂੰ ਮਿਲਣ ਗਈ । ਸਿੰਮੀ ਨਸੀਬ ਦੀ ਮਾਂ ਕੋਲ ਨੀਵੀ ਪਾਈ ਬੈਠੀ ਸੀ ਤੇ ਨਸੀਬ ਦੀ ਮਾਂ ਉਸਦਾ ਹੱਥ ਫੜ ਉਸਦੇ ਸਿਦਕ ਤੋਂ ਕੁਰਬਾਨ ਹੋ ਰਹੀ ਸੀ ।
ਜਦੋਂ ਅਸੀਸ ਨੇ ਆਵਦੀ ਦਾਦੀ ਤੇ ਭੂਆ ਨੂੰ ਆਵਦੀ ਮਾਂ ਬਾਰੇ ਪੁੱਛਿਆ ਤਾਂ ਉਸਦੀ ਸਹੇਲੀ ਕਹਿੰਦੀ ਆਹੀ ਤੇਰੀ ਮਾਂ ਹੈ ਜਿਸਦਾ ਹੱਥ ਤੇਰੀ ਦਾਦੀ ਨੇ ਫੜਿਆ ਹੈ । ਅਸੀਸ ਹੱਕੀ ਬੱਕੀ ਰਹਿ ਗਈ ਕੇ ਇਹ ਮੇਰੀ ਮਾਂ ਕਿਵੇਂ ਹੋ ਸਕਦੀ ਹੈ ??ਇਹ ਤਾਂ ਮੇਰੀ ਭੂਆ ਦੀ ਸਹੇਲੀ ਮੇਰੀ ਮਾਸੀ ਹੈ …ਜਿਸ ਨੂੰ ਮੈਂ ਅਕਸਰ ਮਿਲਦੀ ਰਹਿੰਦੀ ਹਾਂ ।
ਅਸੀਸ ਨੇ ਸਾਰੀ ਹਕੀਕਤ ਜਾਨਣੀ ਚਾਹੀ ਤਾਂ ਉਸਦੀ ਦਾਦੀ ਨੇ ਦੱਸਿਆ ਕੇ ਅਸੀਸ ਤੇਰੀ ਅਸਲ ਮਾਂ ਇਹ ਹੈ .. ਤੇਰਾ ਪਿਉ ਨਸੀਬ ਸਿੰਮੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਮੈਂ ਉਸਨੂੰ ਧੋਖੇ ਵਿੱਚ ਰੱਖਿਆ ਸੀ ਜਦੋਂ ਸਿੰਮੀ ਦਾ ਪਿਉ ਵੇਖਣ ਆਇਆ ਸੀ ਤਾਂ ਮੈਂ ਉਸ ਨੂੰ ਇਹ ਕਹਿ ਜਵਾਬ ਦੇ ਦਿੱਤਾ ਸੀ ਕੇ ਭਾਈ ਆਵਦੀ ਕੁੜੀ ਨੂੰ ਸਮਂਝਾ ਲਓ ਸਾਨੂੰ ਇਹ ਰਿਸ਼ਤਾ ਮਨਜੂਰ ਨਹੀਂ ਅਸੀਂ ਤਾਂ ਬਹੁਤੀ ਪੜੀ ਲਿਖੀ ਅਫਸਰ ਦੀ ਧੀ ਨਾਲ ਵਿਆਹ ਨਹੀਂ ਕਰਨਾ ਆਵਦੇ ਪੁੱਤ ਦਾ .. ਮੈਂ ਆਵਦੀ ਭੈਣ ਨੂੰ ਜੁਬਾਨ ਫੜਾ ਅਗਲੇ ਦਿਨ ਕੁੜੀ ਵਿਖਾਉਣ ਦਾ ਬਹਾਨਾ ਕਰ ਚੁੰਨੀ ਚੜਾ ਕੇ ਵਿਆਹ ਲਿਆ ਸੀ ਨਸੀਬ ਨੂੰ …ਜੋ ਵਿਆਹ ਲਈ ਰਾਜ਼ੀ ਨਹੀਂ ਸੀ । ਜਿਸ ਕਰਕੇ ਦਿਨ ਰਾਤ ਸ਼ਰਾਬ ਪੀਣ ਲੱਗਾ ਤੇ ਐਕਸੀਡੈਟ ਵਿੱਚ ਖਤਮ ਹੋ ਗਿਆ । ਤੇਰੀ ਮਾਂ ਤੈਨੂੰ ਜਨਮ ਦੇ ਕੇ ਛੱਡ ਗਈ ਸੀ ਤੇ ਹੋਰ ਵਿਆਹ ਕਰਵਾ ਲਿਆ ।
ਸਿੰਮੀ ਨੇ ਨਸੀਬ ਨਾਲ ਆਵਦੇ ਕੀਤੇ ਵਾਅਦੇ ਮੁਤਾਬਿਕ ਨਸੀਬ ਦੇ ਜਾਣ ਮਗਰੋਂ ਵੀ ਰਿਸ਼ਤੇ ਨੂੰ ਜਿੰਦਾ ਰੱਖਿਆ …
“ਸਿੰਮੀ ਤੇ ਅਸੀਸ ਤੁਸੀਂ ਮੈਨੂੰ ਮੁਆਫ ਕਰ ਦਿਉ… ਮੈਂ ਤੁਹਾਡੀ ਗੁਨਾਹਗਾਰ ਹਾਂ “
ਨਸੀਬ ਦੀ ਮਾਂ ਨੇ ਕਿਹਾ ।
ਮੁੱਦਤਾਂ ਬਾਅਦ ਆਵਦੀ ਕੁਆਰੀ ਮਾਂ ਨੂੰ ਜਿੰਦਾ ਵੇਖ ਦੁਬਾਰਾ ਮਿਲਣ ਦਾ ਵਾਅਦਾ ਕਰ ਅਸੀਸ ਚਾਈ ਚਾਈਂ ਡੋਲੀ ਚੜ ਗਈ ਤੇ ਸਿੰਮੀ ਅਸੀਸ ਨੂੰ ਤੋਰ ਆਪਣਾ ਫਰਜ਼ ਨਿਭਾ ਸਿਦਕਾਂ ਦੇ ਪੰਧ ਨੂੰ ਤੁਰ ਪਈ ।
ਰੂਹਾਂ ਦੇ ਰਿਸ਼ਤੇ ਲੱਖ ਹਨ੍ਹੇਰੀਆਂ ਝੁੱਲ ਜਾਣ ਨਾਲ ਵੀ ਕਦੇ ਮਰਦੇ ਨਹੀਂ ਹੁੰਦੇ .. ਜੋ ਰਿਸ਼ਤਿਆਂ ਦਾ ਨਾਮ ਨਾ ਮਿਲਣ ਤੇ ਵੀ ਸਫਰ ਤਹਿ ਕਰ ਜਾਂਦੇ ਹਨ …ਜਰੂਰੀ ਨਹੀਂ ਹੁੰਦਾ ਹਰ ਰਿਸ਼ਤੇ ਦਾ ਨਾਮ ਹੋਵੇ…!!
ਰਾਜਵਿੰਦਰ ਕੌਰ ਵਿੰੜਿੰਗ