ਸਿਮਰੋ ਨੇ ਵਿਆਹ ਤੋਂ ਪਹਿਲਾਂ ਰੀਝਾਂ ਦੇ ਬੜੇ ਸੁਪਨੇ ਸਜਾਏ ਸੀ , ਜਿਵੇਂ ਕਿ ਹਰ ਕੁੜੀ ਦੇ ਮਨ ਵਿੱਚ ਹੁੰਦਾ ਹੀ ਹੈ । ਭਾਵੇਂ ਕਿ ਉਹ ਬਹੁਤਾ ਪੜੀ ਲਿਖੀ ਨਹੀਂ ਸੀ ਪਰ ਘਰ ਦੇ ਹਰ ਕੰਮ ਵਿੱਚ ਉਹ ਪੂਰੀ ਨਿਪੁੰਨ ਸੀ । ਮਾਪਿਆਂ ਨੇ ਉਹਦਾ ਵਿਆਹ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦੇ ਇੱਕ ਸੋਹਣੇ ਨੌਜਵਾਨ ਨਾਲ ਕਰ ਦਿੱਤਾ । ਸਿਮਰੋ ਨੇ ਆਪਣੇ ਕੰਮ ਦੀ ਲਿਆਕਤ ਨਾਲ ਸਾਰੇ ਪਰਿਵਾਰ ਦਾ ਮਨ ਜਿੱਤ ਲਿਆ । ਦੋ ਸਾਲ ਮਗਰੋਂ ਉਨ੍ਹਾਂ ਦੇ ਘਰ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ , ਜਿਸਦਾ ਨਾਂ ਰਾਣੀ ਰੱਖਿਆ ਗਿਆ । ਹੌਲੀ – ਹੌਲੀ ਦਿਨ ਬੀਤਦੇ ਗਏ ਪਰ ਇਸਤੋਂ ਮਗਰੋਂ ਸਿਮਰੋ ਦੀ ਕੁੱਖ ਨੂੰ ਭਾਗ ਨਾ ਲੱਗੇ । ਉਸਦੇ ਪਤੀ ਕਰਨੈਲ ਦੇ ਅੰਦਰ ਪੁੱਤਰ ਪ੍ਰਾਪਤੀ ਦੀ ਡਾਢੀ ਲਾਲਸਾ ਸੀ । ਹੁਣ ਸਿਮਰੋ ਹੋਰ ਔਲਾਦ ਨੂੰ ਜਨਮ ਦੇਣ ਤੋਂ ਅਸਮਰਥ ਤੇ ਆਪਣੇ ਪਤੀ ਦੀ ਤੀਬਰ ਇੱਛਾ ਕਾਰਨ ਉਦਾਸ ਰਹਿਣ ਲੱਗ ਪਈ ਸੀ । ਇਸ ਉਦਾਸੀ ਤੇ ਝੋਰੇ ਕਾਰਨ ਉਸਦਾ ਰੂਪ ਫਿੱਕਾ ਪੈਣ ਲੱਗਾ । ਹੌਲੀ – ਹੌਲੀ ਘਰ ਵਿੱਚ ਕਲੇਸ਼ ਵਧਣ ਲੱਗਾ ਤੇ ਉਸਨੂੰ ਆਪਣੀ ਸੱਸ ਤੇ ਨਨਾਣ ਦੇ ਤਾਅਨੇ ਮਿਹਣੇ ਮਿਲਣੇ ਸ਼ੁਰੂ ਹੋ ਗਏ । ਕਰਨੈਲ ਆਪਣੀ ਪਤਨੀ ਤੋਂ ਨਾਖ਼ੁਸ਼ ਸੁਭਾ ਹੀ ਘਰ ਵਿੱਚੋਂ ਨੌਕਰੀ ਤੇ ਨਿਕਲ ਜਾਂਦਾ ਤੇ ਸ਼ਾਮ ਨੂੰ ਹਨੇਰੇ ਹੋਏ ਪਰਤਦਾ । ਸਿਮਰੋ ਨੂੰ ਕੋਈ ਵੀ ਘਰ ਦਾ ਜੀਅ ਸਿੱਧੇ ਮੂੰਹ ਨਾ ਬੁਲਾਉਂਦਾ । ਉਹ ਵਿਚਾਰੀ ਔਖੀ ਸੌਖੀ ਹੋ ਕੇ ਆਪਣੀ ਧੀ ਰਾਣੀ ਨੂੰ ਪਾਲੀ ਜਾਂਦੀ ਸੀ । ਘਰ ਵਿੱਚ ਚੱਲਦੇ ਕਲੇਸ਼ ਕਾਰਨ ਉਸਦੀ ਧੀ ਦਾ ਵੀ ਚੰਗੀ ਤਰ੍ਹਾਂ ਪਾਲਣ ਪੋਸ਼ਣ ਨਹੀਂ ਹੋ ਰਿਹਾ ਸੀ । ਇੰਝ ਵੱਧਦੇ ਵਿਵਾਦ ਨੂੰ ਦੋ ਸਾਲ ਬੀਤ ਚੁੱਕੇ ਸਨ । ਉਸਦੇ ਪਤੀ ਨੇ ਉਸਨੂੰ ਤਲਾਕ ਤੇ ਦੂਜੇ ਵਿਆਹ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ । ਸਾਰਾ ਦਿਨ ਅੱਖੀਆਂ ਭਰੀ ਉਹ ਆਪਣੀ ਕਿਸਮਤ ਨੂੰ ਕੋਸਦੀ ਰਹਿੰਦੀ । ਉਹ ਆਪਣਾ ਮਨ ਹੌਲਾ ਕਰਨ ਲਈ ਕਈ – ਕਈ ਦਿਨ ਪੇਕੇ ਘਰ ਲਾ ਆਉਂਦੀ । ਹੁਣ ਸਹੁਰੇ ਘਰ ਵਿੱਚ ਉਹਦੀ ਕੋਈ ਪੁੱਛਗਿੱਛ ਨਹੀਂ ਰਹਿ ਗਈ ਸੀ । ਜਦੋਂ ਉਹ ਨਵੀਂ – ਨਵੀਂ ਵਿਆਹੀ ਆਈ ਸੀ ਤਾਂ ਸਾਰੇ ਉਸਦਾ ਗੁਣਗਾਨ ਕਰਦੇ ਸਨ । ਪਿਛਲੇ ਦਿਨਾਂ ਨੂੰ ਯਾਦ ਕਰਕੇ ਉਹ ਮਨ ਨੂੰ ਝੋਰਾ ਲਾਈ ਰੱਖਦੀ ਸੀ । ਉਸਨੂੰ ਆਪਣੀ ਧੀ ਦਾ ਭਵਿੱਖ ਵੀ ਧੁੰਦਲਾ ਹੀ ਜਾਪਦਾ ਸੀ । ਉਸਨੂੰ ਦੂਜੇ ਵਿਆਹ ਦੇ ਖਿਆਲ ਕਾਰਨ ਤਰੇਲੀਆਂ ਆਉਣ ਲੱਗਦੀਆਂ । ਉਸਦੇ ਪਤੀ ਦੇ ਬੈਂਕ ਦੇ ਗੁਆਂਢ ਵਿੱਚ ਕਿਸੇ ਸੋਹਣੀ ਸੁਨੱਖੀ ਲੜਕੀ ਨਾਲ ਪਿਆਰ ਦੇ ਚਰਚੇ ਪਿੰਡ ਵਿੱਚ ਹੋਣੇ ਸ਼ੁਰੂ ਹੋ ਗਏ ਸਨ । ਸਿਮਰੋ ਨੂੰ ਵੀ ਇਸ ਗੱਲ ਦੀ ਭਿਣਕ ਉਨ੍ਹਾਂ ਦੇ ਘਰ ਆਉਂਦੀਆਂ ਗੁਆਢਣਾਂ ਤੋਂ ਮਿਲ ਗਈ ਸੀ । ਉਸਨੇ ਦਿਲ ਤੇ ਪੱਥਰ ਰੱਖ ਕੇ ਕਸੀਸ ਵੱਟ ਲਈ ਸੀ ਕਿ ਉਸਦੀ ਧੀ ਰਾਣੀ ਨੂੰ ਤਾਂ ਪਿਓ ਦਾ ਮਾੜਾ ਮੋਟਾ ਪਿਆਰ ਮਿਲਦਾ ਰਹੇਗਾ। ਉਸਦੀ ਧੀ ਹੁਣ ਤਿੰਨ ਸਾਲਾਂ ਦੀ ਹੋ ਗਈ ਜਦੋਂ ਕਰਨੈਲ ਚੁੱਪ ਚੁਪੀਤੇ ਦੂਜਾ ਵਿਆਹ ਕਰਵਾ ਕੇ ਸਰਕਾਰੀ ਹਸਪਤਾਲ ਵਿੱਚ ਲੱਗੀ ਨਰਸ ਘਰ ਲੈ ਆਇਆ ਸੀ । ਸਿਮਰੋ ਨੇ ਦੜੵ ਵੱਟ ਕੇ ਉਨ੍ਹਾਂ ਤੋਂ ਕਿਨਾਰਾ ਕਰਕੇ ਆਪਣਾ ਨਿਵੇਕਲੇ ਕਮਰੇ ਵਿੱਚ ਡੇਰਾ ਲਾ ਲਿਆ ਸੀ । ਰਾਣੀ ਭੱਜ ਕੇ ਜਦੋਂ ਆਪਣੇ ਡੈਡੀ ਕੋਲ ਜਾਂਦੀ ਤਾਂ ਉਹ ਆਪਣੀ ਦੂਜੀ ਮੰਮੀ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬਲਾਉਣ ਨੂੰ ਕਹਿੰਦੇ । ਭੋਲੀ ਰਾਣੀ ਉਸਦੀ ਗੋਦੀ ਚੜੵ ਜਾਂਦੀ । ਘਰ ਵਿੱਚ ਤਣਾਅ ਦੇ ਮਾਹੌਲ ਕਾਰਨ ਉਸਦੀ ਦੂਜੀ ਪਤਨੀ ਬਲਜੀਤ ਹਸਪਤਾਲ ਦੇ ਨੇੜੇ ਹੀ ਕਿਰਾਏ ਤੇ ਮਕਾਨ ਲੈ ਕੇ ਰਹਿਣ ਦੀ ਕਰਨੈਲ ਨੂੰ...
ਜਿੱਦ ਕਰਨ ਲੱਗੀ , ਜਿਸਦੇ ਫਲਸਰੂਪ ਕਰਨੈਲ ਨੂੰ ਝੁਕਣਾ ਪਿਆ । ਉਨ੍ਹਾਂ ਦੇ ਪਿੰਡ ਤੋਂ ਸ਼ਹਿਰ ਕਰੀਬ ਪੰਜ ਕਿਲੋਮੀਟਰ ਦੂਰ ਸੀ । ਵਿਆਹ ਤੋਂ ਮਗਰੋਂ ਕਰਨੈਲ ਨੇ ਬੈਂਕ ਦੀ ਪ੍ਰਾਈਵੇਟ ਨੌਕਰੀ ਛੱਡ ਦਿੱਤੀ ਤੇ ਪਿੰਡ ਵਿੱਚ ਆਪਣੀ ਖੇਤੀ ਕਰਨ ਲੱਗ ਪਿਆ। ਜਦੋਂ ਉਸਦੀ ਦੂਜੀ ਪਤਨੀ ਬਲਜੀਤ ਹਸਪਤਾਲ ਚਲੀ ਜਾਂਦੀ ਤਾਂ ਕਰਨੈਲ ਪਿੰਡ ਆ ਜਾਂਦਾ ਤੇ ਖੇਤਾਂ ਵਿੱਚ ਕੰਮ ਕਰਕੇ ਸ਼ਾਮ ਨੂੰ ਘਰੋਂ ਮੱਝਾਂ ਚੁਆ ਕੇ ਆਪਣੀ ਵੱਡੀ ਹੋਈ ਧੀ ਰਾਣੀ ਤੋਂ ਦੁੱਧ ਦੀ ਕੇਤਲੀ ਫੜੵ ਕੇ ਸ਼ਹਿਰ ਬਲਜੀਤ ਕੋਲ ਚਲਾ ਜਾਂਦਾ । ਸਿਮਰੋ ਉਸਨੂੰ ਆਪਣੀ ਸੌਂਕਣ ਕੋਲ ਜਾਂਦਾ ਵੇਖ ਕੇ ਸੋਚਦੀ ਰਹਿੰਦੀ ਸੀ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੀ ਗੁਲਾਮੀ ਦਾ ਕਾਰਨ ਔਰਤਾਂ ਖੁਦ ਹੀ ਹਨ ਜੋ ਮਰਦਾਂ ਦੀਆਂ ਕਠਪੁਤਲੀਆਂ ਬਣ ਕੇ ਔਰਤਾਂ ਤੇ ਹੀ ਜ਼ੁਲਮ ਢਾਹੁੰਦੀਆਂ ਹਨ । ਦਹੇਜ ਪ੍ਰਥਾ ਵਿੱਚ ਵੀ ਔਰਤਾਂ ਦੀ ਭੂਮਿਕਾ ਮੋਹਰੀ ਹੁੰਦੀ ਹੈ , ਇਹ ਹੀ ਮਰਦਾਂ ਨੂੰ ਲਾਲਚ ਲਈ ਉਕਸਾਉਂਦੀਆਂ ਹਨ । ਇੰਨ੍ਹਾਂ ਦੀ ਆਪਣੀ ਮਾਨਸਿਕਤਾ ਹੀ ਇੰਨ੍ਹਾਂ ਨੂੰ ਗਿਰਾਵਟ ਵੱਲ ਲਿਜਾ ਰਹੀ ਹੈ । ਇਹ ਮਰਦਾਂ ਦੇ ਪੈਰ ਦੀ ਜੁੱਤੀ ਆਪ ਹੀ ਬਣਨ ਨੂੰ ਤਿਆਰ ਰਹਿੰਦੀਆਂ ਹਨ । ਨਾ ਬਲਜੀਤ ਨੇ ਮੇਰੀ ਸੌਂਕਣ ਬਣ ਕੇ ਮੇਰੇ ਨਾਲ ਵੈਰ ਹੀ ਤਾਂ ਕੱਢਿਆ ਹੈ । ਮਰਦ ਦੀ ਜੇਕਰ ਪਤਨੀ ਮਰ ਜਾਵੇ ਤਾਂ ਇਹ ਝੱਟ ਵਿਆਹ ਕਰਵਾ ਲੈਂਦੇ ਹਨ , ਓਦੋਂ ਸਮਾਜ ਇੰਨ੍ਹਾਂ ਨੂੰ ਕੁੱਝ ਨਹੀਂ ਕਹਿੰਦਾ । ਜਦੋਂ ਔਰਤ ਲਾਚਾਰ ਹੋ ਕੇ ਦੂਜਾ ਪਤੀ ਕਰਦੀ ਹੈ ਤਾਂ ਸਮਾਜ ਇਸਨੂੰ ਬਦਚਲਨ , ਕੁਲੱਛਣੀ ਤੇ ਵਿਭਚਾਰਨ ਆਖ ਕੇ ਫਿਟਕਾਰਦਾ ਹੈ । ਦੁਨੀਆਂ ਭਾਵੇਂ ਚੰਦ ਤੇ ਪਹੁੰਚ ਜਾਵੇ , ਔਰਤ ਨਾਲ ਜ਼ੁਲਮਾਂ ਦੀ ਕਹਾਣੀ ਮੁੱਕਣ ਵਾਲੀ ਨਹੀਂ ਹੈ । ਇਹ ਕਰਨੈਲ ਵਰਗੇ ਸੁਆਰਥੀ ਲੋਕ ਆਪਣੇ ਮਤਲਬ ਲਈ ਬੁੱਢੇ ਹੋ ਕੇ ਵੀ ਭਰ ਜਵਾਨ ਔਰਤਾਂ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੀ ਰਹਿੰਦੇ ਹਨ।ਕੀ ਵਿਦੇਸ਼ੋਂ ਆਉਂਦੇ ਬੁੱਢੇ ਭਰ ਜਵਾਨ ਕੁੜੀਆਂ ਨੂੰ ਵਿਆਹ ਕੇ ਨਹੀਂ ਲਿਜਾਂਦੇ ? ਔਰਤਾਂ ਮਰਦਾਂ ਲਈ ਕੇਵਲ ਭੋਗ ਦਾ ਸਾਧਨ ਹਨ । ਇਹ ਰੂਪ ਦੇ ਪੁਜਾਰੀ ਕੋਈ ਨਾ ਕੋਈ ਬਹਾਨਾ ਬਣਾ ਹੋਰ ਵਿਆਹ ਕਰਵਾਉਣ ਲਈ ਤਿਆਰ ਰਹਿੰਦੇ ਹਨ । ਜਦ ਤੱਕ ਔਰਤ , ਔਰਤ ਦਾ ਵਿਰੋਧ ਕਰਦੀ ਰਹੇਗੀ ਇਹ ਆਪਣੇ ਹੱਕ ਪ੍ਰਾਪਤ ਨਹੀਂ ਕਰ ਸਕਦੀ । ਇਸਨੂੰ ਆਪਣੀ ਸੌੜੀ ਮਾਨਸਿਕਤਾ ਤਿਆਗਣੀ ਪਵੇਗੀ । ਇਸਨੂੰ ਪੁੱਤਰ ਨੂੰ ਜਨਮ ਦੇ ਕੇ ਨਹੀਂ ਸਗੋਂ ਧੀ ਨੂੰ ਜਨਮ ਦੇ ਕੇ ਖ਼ੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ । ਇਸਨੂੰ ਮੇਰੇ ਵਾਂਗ ਘੱਟ ਪੜੵ ਕੇ ਅਬਲਾ ਨਹੀਂ ਬਣਨਾ ਚਾਹੀਦਾ ਸਗੋਂ ਵੱਧ ਤੋਂ ਵੱਧ ਪੜੵ ਕੇ ਮਾਈ ਭਾਗੋ ਤੇ ਝਾਂਸੀ ਦੀ ਰਾਣੀ ਬਣਨਾ ਚਾਹੀਦਾ ਹੈ । ਬਿਮਾਰੀ ਕਾਰਨ ਹੱਡੀਆਂ ਦੀ ਮੁੱਠ ਬਣੀ ਸਿਮਰੋ ਆਪਣੇ ਮਰਨ ਮਗਰੋਂ ਆਪਣੇ ਧੀ ਦੇ ਭਵਿੱਖ ਪ੍ਰਤੀ ਬਹੁਤ ਚਿੰਤਤ ਸੀ ਕਿਉਂਕਿ ਮਤਰੇਈ ਮਾਂ ਦੇ ਜ਼ੁਲਮਾਂ ਦੀ ਕਹਾਣੀ ਉਸਨੇ ਬਹੁਤ ਸੁਣੀ ਸੀ। ਹੁਣ ਬਲਜੀਤ ਦੇ ਵੀ ਇੱਕ ਮੁੰਡਾ ਤੇ ਕੁੜੀ ਨੇ ਜਨਮ ਲੈ ਲਿਆ ਸੀ । ਹੁਣ ਉਸਦਾ ਮੂੰਹ ਉਸਨੂੰ ਚਿੜਾਉਂਦਾ ਦਿੱਸਦਾ ਸੀ । ਰਾਤ ਨੂੰ ਦੋਵੇਂ ਮਾਂ ਧੀ ਇਕੱਲੀਆਂ ਜਗਰਾਤੇ ਕੱਟਦੀਆਂ ਸਨ ਤੇ ਦਿਨੇ ਪਸ਼ੂਆਂ ਦੀ ਦੇਖਭਾਲ ਕਰਦੀਆਂ ਤੇ ਸ਼ਾਮ ਨੂੰ ਕੇਤਲੀ ਭਰ ਕੇ ਲਿਜਾਂਦਾ ਕਰਨੈਲ ਸਿਮਰੋ ਨੂੰ ਕਿਸੇ ਸ਼ਾਹੂਕਾਰ ਵਰਗਾ ਲੱਗਦਾ ਜੋ ਕਿਸਾਨਾਂ ਦੀ ਪਾਲੀ ਪਲਾਈ ਫ਼ਸ਼ਲ ਆਪਣੇ ਘਰ ਸੁੱਟ ਲੈਂਦਾ ਤੇ ਆਪਣਾ ਆਪ ਉਸਨੂੰ ਕਿਸੇ ਲਾਚਾਰ ਮੁਜਾਹਰੇ ਵਰਗਾ ਲੱਗਦਾ ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ – 9464412761
jass
ryt g
Amrit singh
😥😥🙏🏻
Simar Chauhan
ਜਦੋ ਤੱਕ ਔਰਤ ਔਰਤ ਦਾ ਸਾਥ ਨਹੀਂ ਦਿੰਦੀ ਇਹ ਗੁਲਾਮੀ ਉਹਦਾ ਹੀ ਬਣੀ ਰਹਿਣੀ ਆ ਚਾਹੇ ਸੱਸ ਦੇ ਰੂਪ ਵਿਚ ਹੋਵੇ ਯਾ ਨਾਨਣ ਦੇ ਰੂਪ ਇਕ ਦੂਜੇ ਨਾਲ ਖੜਨਾ ਜਰੂਰੀ ਹੈ