ਖਾਲੀ ਥਾਂ ਭਰੋ।
ਸਕੂਲ ਚ ਹਿਸਾਬ ਜਾਂ ਦੂਜੇ ਵਿਸ਼ਿਆਂ ਚ ਆਮ ਈ ਇਕ ਸਵਾਲ ਹੁੰਦਾ ਸੀ “ਖ਼ਾਲੀ ਥਾਂ ਭਰੋ”। ਅੱਟੇ ਸਟੇ ਜਾਂ ਜਿਵੇਂ ਵੀ ਹੋਣਾ ਹੱਲ ਕਰਕੇ ਸਵਾਦ ਜਿਹਾ ਆਉਂਦਾ ਸੀ।ਥਾਂ ਖ਼ਾਲੀ ਛੱਡਕੇ ਨੀ ਸੀ ਆਉਂਦੇ। ਜਿਓਂ ਜਿਓਂ ਵੱਡੇ ਹੋਈ ਗਏ ਜ਼ਿੰਦਗੀ ਦੇ ਸਵਾਲ ਵੀ ਔਖੇ ਹੁੰਦੇ ਗਏ ਅਤੇ ਅਧਿਆਪਕ ਵੀ ਮਨਫੀ਼ ਹੋ ਗਏ ਜਿਹੜੇ ਜਵਾਬ ਦੀ ਤਸਦੀਕ ਕਰ ਦਿੰਦੇ। ਦੋਸਤੀਆਂ ਦੀਆਂ, ਰਿਸ਼ਤਿਆਂ ਦੀਆਂ, ਮੁਹੱਬਤਾਂ ਦੀਆਂ ਥਾਂਵਾ ਖਾਲੀ ਹੁੰਦੀਆਂ ਗਈਆਂ ਪਰ ਭਰ ਨੀ ਹੋਈਆਂ। ਕੁੱਝ ਕੁ ਨੂੰ ਭਰਨ ਦਾ ਸਮਾਂ ਈ ਨੀ ਮਿਲਿਆ ਪੇਪਰ ਪਹਿਲਾਂ ਈ ਖੋਹ ਲਿਆ ਗਿਆ।ਥਾਂ ਸਦਾ ਲਈ ਖ਼ਾਲੀ ਰਹਿ ਗਈ। ਕੁੱਝ...
ਕੁ ਨੂੰ ਭਰਨ ਲੱਗਿਆ ਮੋਹ ਪਿਆਰ ਦੀ ਸਿਆਹੀ ਈ ਮੁੱਕ ਗਈ। ਅੱਧਵਾਟੇ ਈ। ਬਹੁਤੀਆਂ ਖ਼ਾਲੀ ਈ ਰਹਿ ਗਈਆਂ ਕਿਉਂਕਿ ਸਵਾਲ ਹੋਰ ਈ ਕੱਢਣ ਲੱਗ ਪਏ। ਇਹ ਅਣਭਰੀਆਂ ਖ਼ਾਲੀ ਥਾਂਵਾਂ ਜ਼ਿੰਦਗੀ ਚ ਬਹੁਤ ਨੰਬਰ ਕੱਟ ਲੈਂਦੀਆਂ। ਭਾਵੇਂ ਗ਼ਲਤ ਜਵਾਬ ਈ ਹੋਵੇ ਇਹ ਭਰੀਆਂ ਈ ਚੰਗੀਆਂ। ਹੁਣ ਸਮਝ ਲੱਗੀ ਆ ਕਿ “ਖ਼ਾਲੀ ਥਾਂ ਭਰੋ” ਕਿਓਂ ਜਰੂਰੀ ਸਵਾਲ ਹੁੰਦੇ ਸੀ।
ਗੁਰਮੀਤ ਸਿਆਟਲ ਅਮਰੀਕਾ ਤੋਂ।