“ਕਦਰਾਂ ਕੀਮਤਾਂ ਦੇ ਵੇਲੇ”
ਇਹ ਗੱਲ ਸੱਚ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਵਾਪਰੀ ਕਿਸੇ ਵੀ ਘਟਨਾ ਨੂੰ ਵੇਖਕੇ ਹਮਦਰਦ ਬਣਨ ਦੀ ਬਜਾਏ ਅਣਗੌਲਿਆਂ ਕਰਕੇ ਲੰਘ ਜਾਂਦੇ ਹਾਂ। ਆਪਾਂ ਸਭ ਜਾਣਦੇ ਹਾਂ ਕਿ ਅਜੇਹਾ ਹੁਣ ਇਹ ਕਿਉਂ ਹੋਣ ਲੱਗ ਗਿਆ ਹੈ। ਕਿਉਂਕਿ ਕੋਈ ਸਮਾਂ ਸੀ ਜਦ ਸਮਾਜਿਕ ਕਦਰਾਂ ਕੀਮਤਾਂ ਹੋਇਆ ਕਰਦੀਆਂ ਸਨ।ਉਦੋਂ ਲੋਕ ਦਿਲੋਂ ਇਕ ਦੂਜੇ ਦਾ ਦੁੱਖ ਵੰਡਾਇਆ ਕਰਦੇ ਸੀ।
ਪਹਿਲਾਂ ਪਿੰਡਾਂ ਵਿਚਲੇ ਝਗੜੇ ਪੰਚਾਇਤਾਂ ਆਪ ਹੀ ਨਵੇੜ ਲਿਆ ਕਰਦੀਆਂ ਸਨ।ਮੈਂ ਤੁਹਾਡੇ ਨਾਲ ਅਪਣੇ ਬਚਪਨ ਦੀ ਗੱਲ ਸਾਂਝੀ ਕਰਦਾ ਹਾਂ ਕਿ ਮੇਰੇ ਪਿੰਡ ਇਕ ਵਾਰ ਰੌਲਾ ਪੈ ਗਿਆ ਕਿ ਸਰਪੰਚ ਦੇ ਵੇਹੜੇ ਵਿੱਚ ਲੋਕ ਇਕੱਠੇ ਹੋਏ ਹੋਏ ਹਨ।ਪਤਾ ਨੀ ਕੀ ਹੋਇਆ ਹੈ।ਬਸ ਫੇਰ ਕੀ ਸੀ, ਜਿਸ ਨੂੰ ਵੀ ਪਤਾ ਲਗਦਾ ਸਰਪੰਚ ਦੇ ਵੇਹੜੇ ਵੱਲ ਦੌੜਿਆ ਜਾਵੇ। ਅੱਗੇ ਜਾਕੇ ਕੀ ਵੇਖਿਆ ਕਿ ਪਿੰਡ ਦੇ ਹੀ ਦੋ ਮੁੰਡੇ ਧੁੱਪ ਵਿੱਚ ਖੜੇ ਕੀਤੇ ਹੋਏ ਸਨ ਅਤੇ ਗਰਮੀ ਦਾ ਮਹੀਨਾਂ ਸੀ ਪਸੀਨੇ ਨਾਲ ਬੁਰਾ ਹਾਲ ਹੋਇਆ ਪਿਆ ਸੀ। ਏਨੇ ਨੂੰ ਇਕ ਦੇ ਪਿਉ ਨੇ ਆਉਦਿਆਂ ਹੀ ਜੁੱਤੀ ਖੋਲ ਅਪਣੇ ਮੁੰਡੇ ਦਾ ਕਟਾਪਾ ਕਰਨਾ ਸੁਰੂ ਕਰ ਦਿੱਤਾ, ਬਸ ਫੇਰ ਕੀ ਸੀ ਮੋਹਤਬਰ ਬੰਦਿਆਂ ਨੇ ਉਹਨੂੰ ਬਾਹੋਂ ਫੜ ਮਸਾਂ ਹੀ ਬੱਚਿਆਂ ਨੂੰ ਕੁਟਣੋਂ ਹਟਾਇਆ। ਫਿਰ ਬੱਚਿਆਂ ਦੀ...
ਗਲਤੀ ਬਦਲੇ ਬਜੁਰਗ ਨੂੰ ਹੱਥ ਜੋੜ ਕੇ ਪੰਚਾਇਤ ਤੋਂ ਮਾਫੀ ਮੰਗਣੀ ਪਈ।ਕਿਉਕਿ ਇਹਨਾਂ ਦੋਨੋਂ ਸਰਾਰਤੀਆਂ ਨੇ ਲੰਬੜਦਾਰਾਂ ਦੇ ਬਾਹਰਲੇ ਡੰਗਰਾਂ ਵਾਲੇ ਤਬੇਲੇ ਵਿੱਚੋਂ ਕੱਖ (ਪੱਠੇ) ਕਈ ਵਾਰ ਚੋਰੀ ਕਰਨ ਮਗਰੋਂ ਅਜ ਮੌਕੇ ਤੇ ਫੜ ਲਏ ਗਏ ਸੀ। ਬਸ ਏਨੀ ਹੀ ਗੱਲ ਸੀ ਅੱਗੋ ਸਭ ਨੂੰ ਕੰਨ ਹੋ ਗਏ ਕਿ ਚੋਰੀ ਕਰਨ ਦਾ ਇਹ ਨਤੀਜਾ ਹੁੰਦਾ ਹੈ।
ਉਹਨਾਂ ਸਮਿਆਂ ਵਿੱਚ ਪਿੰਡਾਂ ਦੇ ਰਸਤੇ ਕੱਚੇ ਹੋਇਆ ਕਰਦੇ ਸੀ ਇਹਨਾਂ ਕੱਚਿਆਂ ਰਾਹਾਂ ਵਿੱਚ ਗੱਡਿਆਂ ਨਾਲ ਪਈਆਂ ਅੱਖਲੀਆਂ (ਟੋਏ) ਨੂੰ ਪਿੰਡ ਦੇ ਲੋਕ ਇਕੱਠੇ ਹੋਕੇ ਮਿੱਟੀ ਨਾਲ ਭਰ ਦਿਆ ਕਰਦੇ ਸੀ। ਸਾਨੂੰ ਸਾਡੇ ਬਜੁਰਗ ਦਸਿਆ ਕਰਦੇ ਸੀ ਕਿ ਜੇ ਤੁਹਾਨੂੰ ਰਸਤੇ ਵਿੱਚ ਰੋੜਾ ਪਿਆ ਦਿਸ ਜਾਵੇ ਤਾਂ ਉਸਨੂੰ ਰਸਤੇ ਵਿੱਚੋਂ ਪਾਸੇ ਕਰ ਦਿਉ। ਤੁਹਾਡੇ ਕਦੀ ਕੰਮ ਵਿੱਚ ਰੋੜਾ ਨਹੀਂ ਅਟਕੇਗਾ। ਭਾਵ ਜਿੰਦਗੀ ਵਿੱਚ ਕਦੀ ਤੁਹਾਡੇ ਕੰਮ ਵਿੱਚ ਰੁਕਾਵਟ ਨਹੀਂ ਆਵੇਗੀ। ਬਚਪਨ ਵਿੱਚ ਬਜੁਰਗਾਂ ਤੋਂ ਸਿੱਖੀਆਂ ਗੱਲਾਂ ਅਜੇ ਤੱਕ ਅਸੀਂ ਨਿਭਾਉਂਦੇ ਹੋਏ ਸੋਚੀ ਦਾ ਹੈ ਕਿ ਕਿਨੇ ਭਲੇ ਲੋਕ ਸੀ ਜੋ ਦੂਜਿਆਂ ਲਈ ਹਮੇਸ਼ਾਂ ਭਲਾ ਲੋਚਦੇ ਸੀ।
“ਧੰਨਵਾਦ ਜੀ”
(ਜਸਵੰਤ ਸਿੰਘ ਢੀਂਡਸਾ)੪.੫.੨੧