ਗੱਲਾਂ ਕਰਦੀ ਮੇਰੀ ਮਾਂ ਬੀਤੇ ਵਰ੍ਹਿਆਂ ਦੀਆਂ ਪਰਤਾਂ ਫਰੋਲਦੀ ਤੀਹ-ਪੈਂਤੀ ਵਰੇ ਪਿੱਛੇ ਜਾ ਅੱਪੜੀ!
ਦੱਸਣ ਲੱਗੀ ਕੇ ਇੱਕ ਵਾਰ ਕਿਸੇ ਲੰਘਦੇ ਆਉਂਦੇ ਹੱਥ ਸੁਨੇਹਾ ਮਿਲਿਆ ਕੇ ਤੇਰੀ ਨਾਨੀ ਬਹੁਤ ਢਿੱਲੀ ਹੈ..ਲੰਗੀ ਰਾਤ ਸੁਫਨਾ ਵੀ ਚੰਗਾ ਨਹੀਂ ਸੀ ਆਇਆ!
ਸੁਨੇਹਾ ਮਿਲਦਿਆਂ ਹੀ ਰੇਲ ਗੱਡੀ ਚੜ ਵੱਡੇ ਮਾਮੇ ਦੇ ਸ਼ਹਿਰ ਉਸਦੀ ਕੋਠੀ ਅੱਪੜ ਗਈ!
ਓਹਨੀ ਦਿਨੀ ਨਾਨੀ ਨਾਲ ਚੰਗਾ ਸਲੂਕ ਨਹੀਂ ਸੀ ਹੋਇਆ ਕਰਦਾ..!
ਵੱਡੀ ਸਾਰੀ ਕੋਠੀ ਦੀ ਨੁੱਕਰ ਵਿਚ ਬਣੇ ਡੰਗਰਾਂ ਦੇ ਢਾਹਰੇ ਕੋਲ ਨਿੱਕਾ ਜਿਹਾ ਰੈਣ ਬਸੇਰਾ ਸੀ ਨਾਨੀ ਦਾ!
ਮਾਮੇ ਲਈ ਕੋਈ ਵੀ ਗੱਲ ਆਖਣ ਤੋਂ ਪਹਿਲਾਂ ਮਾਮੀਂ ਵੱਲ ਦੇਖ ਉਸਦੀ ਇਸ਼ਾਰੇ ਨਾਲ ਚੁੱਪ ਚੁਪੀਤੀ ਪ੍ਰਵਾਨਗੀ ਲੈਣੀ ਜਰੂਰੀ ਹੁੰਦੀ ਸੀ..!
ਖੈਰ ਉਸ ਦਿਨ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਦੇਖ ਸੋਚਣ ਲੱਗੀ ਕੇ ਬੀਜੀ ਗਈ ਤੇ ਗਈ ਕਿਥੇ ਹੋਵੇਗੀ?
ਬਾਹਰ ਨਿੱਕਲ ਆਏ..ਗੁਆਂਢੀ ਦੱਸਣ ਲਗੇ ਕੇ ਅੱਜ ਸੁਵੇਰੇ ਹੀ ਮਸੋਸੀ ਜਿਹੀ ਕੱਲੀ ਕਾਰੀ ਤੁਰੀ ਜਾਂਦੀ ਨੂੰ ਦੇਖਿਆ!
ਇਹ ਸੋਚ ਹਾਉਕਾ ਨਿੱਕਲ ਗਿਆ ਕੇ ਬੁਖਾਰ ਤੇ ਏਨੀ ਗਰਮੀਂ ਵਿਚ ਕੱਲੀ ਕਾਰੀ ਪਤਾ ਨੀ ਕਿਥੇ-ਕਿਥੇ ਠੇਡੇ ਖਾਦੀ ਹੋਊ..ਓਸੇ ਵੇਲੇ ਰਿਕਸ਼ਾ ਫੜ ਬੱਸ ਅੱਡੇ ਨੂੰ ਹੋ ਤੁਰੀ!
ਰਾਹ ਵਿਚ ਖਲੋ ਖਲੋ ਵਾਕਿਫ ਰੇਹੜੀਆਂ ਤੋਂ ਪੁੱਛਦੀ ਜਾਵਾਂ ਕੇ ਵੱਡੀ ਕੋਠੀ ਵਾਲ਼ਿਆਂ ਦੀ ਮਾਤਾ ਤੇ ਨੀ ਦੇਖੀ ਤੁਰੀ ਜਾਂਦੀ?
ਅੱਡੇ ਤੇ ਪਹੁੰਚ ਇੱਕ ਇੱਕ ਨੁੱਕਰ ਫਰੋਲੀ..ਕੋਈ ਸੁਰਾਗ ਨਾ ਮਿਲਿਆ ਤਾਂ ਹਾਰ ਕੇ ਨਿੱਕੇ ਮਾਮੇ ਦੇ ਪਿੰਡ ਨੂੰ ਜਾਣ ਵਾਲੀ ਬੱਸ ਵਿਚ ਜਾ ਬੈਠੀ!
ਮਸੋਸਿਆ ਚੇਹਰਾ ਦੇਖ ਨਾਲਦੀ ਸੀਟ ਤੇ ਬੈਠਾ ਬਜ਼ੁਰਗ ਸਿਰ ਤੇ ਹੱਥ ਰੱਖ ਪੁੱਛਣ ਲੱਗਾ ਧੀਏ ਸਭ ਸੁੱਖ ਤੇ...
ਹੈ ਨਾ..ਕਿੱਧਰ ਨੂੰ ਚੱਲੀ ਏਂ?
ਮੂੰਹੋਂ ਮਸੀਂ ਏਨਾ ਹੀ ਨਿੱਕਲਿਆ ਮੇਰੀ ਮਾਂ ਕਿਧਰੇ ਗੁਆਚ ਗਈ ਹੈ..ਅੱਗੋਂ ਗੱਚ ਭਰ ਆਇਆ!
ਹੌਂਸਲਾ ਦਿੱਤਾ ਕਿ ਕੋਈ ਨੀ ਧੀਏ ਲੱਭ ਜੂ ਤੇਰੀ ਬੇਬੇ..ਇੰਜ ਲੱਗਾ ਜਿਦਾਂ ਮੇਰਾ ਬਾਪ ਮੜੀਆਂ ਵਿਚੋਂ ਉੱਠ ਹੋਂਸਲਾ ਦੇਣ ਮੇਰੇ ਨਾਲ ਆਣ ਬੈਠਾ ਹੋਵੇ!
ਓਹੀ ਗੱਲ ਹੋਈ ਪਿੰਡ ਅੱਡੇ ਤੇ ਉਤਰਦਿਆਂ ਹੀ ਸਾਮਣੇ ਰੁੱਖ ਨਾਲ ਢੋ ਲਾਈ ਟਾਂਗਾ ਉਡੀਕਦੀ ਨਾਨੀ ਦਿਸ ਪਈ!
ਪ੍ਰਤੀਤ ਹੋਇਆ ਜਿਦਾਂ ਤਪਦੇ ਰੇਗਿਸਤਾਨ ਵਿਚ ਕਿਸੇ ਨੂੰ ਠੰਡੇ ਪਾਣੀ ਦਾ ਝਰਨਾ ਲੱਭ ਪਿਆ ਹੋਵੇ..ਧੂ ਕੇ ਜਾ ਜੱਫੀ ਪਾਈ ਪਰ ਇਹ ਨੀ ਦੱਸਿਆ ਕੇ ਕਿਥੇ ਕਿਥੇ ਖੱਜਲ ਖੁਆਰ ਹੁੰਦੀ ਆਈ ਹਾਂ!
ਫੇਰ ਸਹਿ ਸੁਭਾ ਹੀ ਪੁੱਛ ਲਿਆ..ਕੋਠੀਓਂ ਕਿਦਾਂ ਆਈ ਸੈਂ ਬੱਸ ਅੱਡੇ ਤੱਕ..?
ਅੱਖਾਂ ਵਿਚ ਲਿਸ਼ਕ ਆ ਗਈ..ਆਖਣ ਲੱਗੀ ਧੀਏ ਤੇਰਾ ਵੀਰ ਚਾੜ ਕੇ ਗਿਆ ਉਹ ਵੀ ਸਰਕਾਰੀ ਗੱਡੀ ਵਿਚ..ਬੜਾ ਜ਼ੋਰ ਪਾਉਂਦਾ ਸੀ ਕੇ ਪਿੰਡ ਹੀ ਛੱਡ ਆਉਂਦਾ ਹਾਂ ਕਿਥੇ ਬੱਸਾਂ ਤੇ ਧੱਕੇ ਖਾਂਦੀ ਜਾਵੇਂਗੀ..ਪਰ ਮੈਂ ਹੀ ਆਖਿਆ ਨਹੀਂ ਪੁੱਤ ਮੈਂ ਚਲੀ ਜਾਊਂ ਆਪੇ!
ਅੱਗੇ ਜਦੋਂ ਕਦੇ ਸੱਚ ਪਹਿਲਾਂ ਹੀ ਪਤਾ ਹੁੰਦਾ ਓਦੋਂ ਝੂਠ ਸੁਣਨ ਦਾ ਬੜਾ ਲੁਤਫ਼ ਆਇਆ ਕਰਦਾ ਪਰ ਉਸ ਦਿਨ ਉਸਦੇ ਕੋਲ ਛਾਵੇਂ ਬੈਠ ਬੜਾ ਰੋਈ..!
ਪੂਰਾਣੇ ਲੋਕ ਐਵੇਂ ਤੇ ਨੀ ਇਹ ਗੱਲ ਆਖਿਆ ਕਰਦੇ ਕੇ ਪੁੱਤ ਕਪੁੱਤ ਜਰੂਰ ਹੋ ਸਕਦੇ ਪਰ ਮਾਪੇ ਕੁਮਾਪੇ ਨੀ!
ਹਰਪ੍ਰੀਤ ਸਿੰਘ ਜਵੰਦਾ