More Punjabi Kahaniya  Posts
ਪ੍ਰੇਮ-ਡੋਰ ਭਾਗ ੨


ਕਹਾਣੀ ਪ੍ਰੇਮ-ਡੋਰ (ਭਾਗ ੨ )
ਪ੍ਰਭਜੋਤ ਦੇ ਚਲੇ ਜਾਣ ਤੋਂ ਬਾਅਦ ਸੁਖਦੇਵ ਦੇ ਅੰਦਰ ਪਤਾ ਨਹੀਂ ਕਿਹੜੀ ਊਰਜਾ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਕਿ ਕੁੱਝ ਕੁ ਦਿਨਾਂ ਵਿੱਚ ਹੀ ਪੂਰੇ ਹੋਸ਼ ਵਿੱਚ ਆ ਗਿਆ ਸੀ । ਡਾਕਟਰ ਵੀ ਹੈਰਾਨ ਸਨ ਕਿਉੰਕਿ ਉਹਨਾਂ ਨੂੰ ਸੁਖਦੇਵ ਦੇ ਬਚਣ ਦੀ ਕੋਈ ਆਸ ਨਹੀਂ ਸੀ । ਇੱਕ ਤਾਂ ਖੂਨ ਬਹੁਤ ਵਹਿ ਚੁਕਿਆ ਸੀ ਦੂਸਰਾ ਨਸ਼ੇ ਨੇ ਸਰੀਰ ਦਾ ਤੰਤ ਮੁਕਾ ਛੱਡਿਆ ਸੀ। ਹਸਪਤਾਲ ਵਿੱਚ ਵੀ ਉਹਨੂੰ ਨਸ਼ੇ ਦੇ ਟੀਕੇ ਲਾ ਲਾ ਕੇ ਟੁੱਟਦੇ ਨਸ਼ੇ ਦੀ ਤੋੜ ਪੂਰੀ ਕਰਦੇ ਸੀ ।
ਹੋਸ਼ ਵਿੱਚ ਆਉੰਣ ਤੋਂ ਬਾਅਦ ਉਹਨੇ ਟੀਕਾ ਲਵਾਉਣ ਤੋਂ ਮਨਾ ਕਰ ਦਿੱਤਾ , ਡਾਕਟਰਾਂ ਬਥੇਰਾ ਸਮਝਾਇਆ ਕਿ ਇਕਦਮ ਨਸ਼ਾ ਛੱਡੇ ਤੋਂ ਤੇਰਾ ਬਰੈਨ ਡੈਮੇਜ ਹੋ ਸਕਦਾ ਹੈ । ਸੁਖਦੇਵ ਉਹਨਾਂ ਨੂੰ ਆਖਦਾ ,”ਤੁਸੀਂ ਫਿਕਰ ਨਾ ਕਰੋ ਜੋ ਆਪਣੇ ਸਾਹਮਣੇ ਉਹਨੂੰ ਰੋਣ ਲਈ ਮਜ਼ਬੂਰ ਕਰ ਦੇਵੇ ਜੀਹਨੂੰ ਪਿਆਰ ਕਰਦਾ ਹੈ ਉਹੋ ਜੇ ਪਾਪੀ ਨੂੰ ਰੱਬ ਇੰਨੀ ਛੇਤੀ ਨਹੀਂ ਮਾਰਦਾ ।”
ਤਿੰਨ ਹਫਤੇ ਹਸਪਤਾਲ ਵਿੱਚ ਰਹਿਣ ਮਗਰੋਂ ਉਹਨੂੰ ਛੁੱਟੀ ਮਿਲ ਗਈ , ਏਸ ਸਾਰੇ ਸਮੇਂ ਵਿੱਚ ਉਹ ਬਹੁਤ ਰੋਇਆ , ਜਿੰਨਾ ਸਮਾ ਵੀ ਉਹ ਇੱਕਲਾ ਹੁੰਦਾ ਉਹਦੀ ਅੱਖ ਛਲਕ ਪੈਂਦੀ । ਉਹਦੇ ਮੂਹਰੇ ਰੋਂਦੀ ਹੋਈ ਪ੍ਰਭਜੋਤ ਦਾ ਚਿਹਰਾ ਆਉੰਦਾ ਰਹਿੰਦਾ । ਪਰ ਇਹਨਾਂ ਹੰਝੂਆਂ ਨੇ ਉਹਦਾ ਸਾਰਾ ਮਨ ਧੋ ਦਿੱਤਾ , ਹੁਣ ਉਹਦੇ ਸਾਹਮਣੇ ਇੱਕ ਰੋਸ਼ਨ ਜਿੰਦਗੀ ਸੀ ਲੰਘੇ ਦਿਨ ਦਾ ਕਾਲਾ ਹਨੇਰਾ ਨਹੀਂ ।
ਪੂਰੀ ਤਰ੍ਹਾਂ ਠੀਕ ਹੋ ਜਾਣ ਤੋਂ ਬਾਅਦ ਉਹਨੂੰ ਰੀ ਹੈੱਬ ਸੈਂਟਰ ਵਿੱਚ ਦਾਖਲ ਕਰਵਾ ਦਿੱਤਾ ਗਿਆ , ਹਾਲਾਂਕਿ ਇੰਨੇ ਸਾਰੇ ਸਮੇਂ ਵਿੱਚ ਉਹਨੂੰ ਨਸ਼ੇ ਦੀ ਕਦੇ ਖਿੱਚ ਨਹੀਂ ਹੋਈ ਪਰ ਮਨ ਫੇਰ ਵੀ ਮਨ ਹੁੰਦਾ ਹੈ ਸੋ ਉਹਦੇ ਪਿਤਾ ਜੀ ਨੇ ਉਹਨੂੰ ਮੈਨਟਲੀ ਕਾਉੰਸਲਿੰਗ ਦਵਾਉਣੀ ਜਰੂਰੀ ਸਮਝੀ ਤਾਂ ਜੋ ਉਹਦਾ ਚਿੱਤ ਜੋ ਸਾਰੇ ਕਾਸੇ ਲਈ ਆਪਣੇ ਆਪ ਨੂੰ ਦੋਸ਼ੀ ਜਿਹਾ ਸਮਝ ਰਿਹਾ ਸੀ ਕੁੱਝ ਸ਼ਾਂਤ ਹੋਣਾ ਸ਼ੁਰੂ ਹੋਵੇ।
ਰੀ- ਹੈੱਬ ਸੈਂਟਰ ਵਿੱਚ ਉਹਦਾ ਕਾਊਂਸਲਰ ਡਾ. ਹਰਦਰਸ਼ਨ ਸਿੰਘ ਕੈਂਥ ਸੀ । ਪਤਾ ਨੀ ਉਹਦਾ ਕੋਲ ਹੋਣਾ ਸੁਖਦੇਵ ਨੂੰ ਬਹੁਤ ਚੰਗਾ ਲੱਗ ਰਿਹਾ ਸੀ । ਡਾ . ਹਰਦਰਸ਼ਨ ਸਿੰਘ ਰੱਬ ਨੂੰ ਮੰਨਣ ਆਲਾ ਬੰਦਾ ਸੀ , ਬੜਾ ਪੋਜੀਟਿਵ ਔਰਾ ਸੀ ਉਸਦਾ । ਸੁਖਦੇਵ ਦੀ ਉਹਨੇ ਜਦ ਕਹਾਣੀ ਸੁਣੀ ਤਾਂ ਜਿਵੇਂ ਉਹਨੂੰ ਆਪਣਾ ਬੀਤਿਆ ਕੱਲ ਯਾਦ ਆ ਗਿਆ , ਸ਼ਾਇਦ ਉਹਦੇ ਨਾਲ ਵੀ ਇਹੋ ਕਹਾਣੀ ਬੀਤੀ ਹੋਵੇ..!
ਡਾਕਟਰ ਸਾਹਿਬ ਬਹੁਤ ਸਾਰਾ ਸਮਾਂ ਸੁਖਦੇਵ ਨਾਲ ਬਿਤਾਉੰਦੇ ।ਉਹਦੀਆਂ ਰੁਚੀਆਂ ਬਾਰੇ ਪੁੱਛਦੇ , ਆਪਣੇ ਲਾਇਫ ਦੇ ਤਜ਼ਰਬੇ ਸਾਂਝੇ ਕਰਦੇ ਤੇ ਧਾਰਮਿਕ ਸਾਖੀਆਂ ਸੁਣਾਉੰਦੇ ਰਹਿੰਦੇ ।
ਇੱਕ ਦਿਨ ਬੈਠੇ ਬੈਠੇ “ਹੀਰ” ਚੱਕ ਲਿਆਏ ਉਹਦਾ ਵਖਿਆਣ ਸੁਖਦੇਵ ਨੂ ਸੁਣਾਉਣ ਲੱਗ ਪਏ । ਹੀਰ ਰਾਂਝੇ ਦੀ ਪ੍ਰੇਮ ਕਹਾਣੀ ਸੁਣ ਉਹਨੂੰ ਲੱਗਣ ਲੱਗਾ ਕਿ ਪ੍ਰਭਜੋਤ ਸੱਚ ਮੁੱਚ ਹੀਰ ਮਾਈ ਜਿਹੀ ਹੈ ਜੀਹਨੇ ਦਿਲ ਤੇ ਇੰਨੇ ਪੱਥਰ ਰੱਖ ਪ੍ਰੀਤ ਨਿਭਾਈ ਪਰ ਮੈਂ ..ਸਿਰਫ਼ ਉਹਦੇ ਚਲੇ ਜਾਣ ਕਰਕੇ ਈ ਉਹਦੀ ਮੁਹੱਬਤ ਤੇ ਸਵਾਲ ਖੜ੍ਹੇ ਕਰ ਦਿੱਤੇ ।
ਹੌਲੀ ਹੌਲੀ ਹੀਰ ਦੇ ਪਾਠ ਤੋਂ ਸ਼ੁਰੂ ਹੋਇਆ ਕਿੱਸਾ ਬਾਣੀ ਉੱਤੇ ਪਹੁੰਚ ਗਿਆ । ਇੰਨੇ ਸਾਰੇ ਸਮੇਂ ਵਿੱਚ ਸੁਖਦੇਵ ਨੇ ਬਹੁਤ ਕਿਤਾਬਾਂ ਪੜ੍ਹੀਆਂ , ਉਹਦਾ ਝੁਕਾਅ ਧਰਮ ਵੱਲ ਹੋ ਗਿਆ । ਸ਼ਾਇਦ ਕਿਸੇ ਕੱਟੜਤਾ ਜਾਂ ਹੋਰ ਕਾਰਨ ਕਰਕੇ ਨਹੀਂ ਪਰ ਪੰਜ ਸਾਲ ਮਹਿਬੂਬ ਦੇ ਬਿਨਾਂ ਕੱਢਣੇ ਇਹਦੇ ਲਈ ਕਿਸੇ ਸਹਾਰੇ ਦੀ ਵੀ ਤਾਂ ਲੋੜ ਸੀ । ਸੋ ਇਹ ਸਹਾਰਾ ਉਹਨੂੰ ਮਹਾਰਾਜ ਦੀ ਬਾਣੀ ਨੇ ਦਿੱਤਾ ।
ਡਾਕਟਰ ਹਰਦਰਸ਼ਨ ਨੇ ਇੱਕ ਵੇਰ ਤਾਂ ਜਿਵੇਂ ਧਰਤੀ ਦਾ ਧੁਰਾ ਬਦਲ ਦਿੱਤਾ , ਨਸ਼ਿਆਂ ਦੀ ਦਲਦਲ ਵਿੱਚ ਫਸਿਆ ਮੁੰਡਾ ਹੁਣ ਦਿਨ ਵਿੱਚ ਕਿੰਨੇ ਕਿੰਨੇ ਪਾਠ ਜਪੁ ਜੀ ਸਾਹਿਬ ਦੇ ਕਰਨ ਲੱਗ ਪਿਆ ।
ਰੀ ਹੈੱਬ ਵਿੱਚ ਉਹਨੂੰ ਸਾਲ ਵਾਂਗ ਹੋ ਗਿਆ , ਇੰਨਾ ਚਿਰ ਰਹਿਣ ਦੀ ਉਹਨੂੰ ਲੋੜ ਨਹੀਂ ਸੀ ਪਰ ਡਾਕਟਰ ਹਰਦਰਸ਼ਨ ਨਾਲ ਉਹ ਕੁੱਝ ਸਮਾਂ ਹੋਰ ਬਿਤਾਉੰਣਾ ਚਾਹੁੰਦਾ ਸੀ ਏਸੇ ਲਈ ਇੱਕ ਸਾਲ ਰਹਿ ਪਿਆ ।
ਰੀਹੈੱਬ ਤੋਂ ਘਰ ਆ , ਉਹ ਤੇ ਉਹਦੇ ਘਰਦੇ ਦਮਦਮਾ ਸਾਹਿਬ ਗਏ ਜਿੱਥੇ ਉਹਨੇ ਅਮ੍ਰਿਤ ਛਕ ਲਿਆ ।ਘਰ ਦਿਆਂ ਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਦਾ ਇਕਲੌਤਾ ਮੁੰਡਾ ਸਿੱਧੇ ਰਾਹ ਤੁਰ ਪਿਆ ਇੰਨੇ ਠੇਡੇ ਖਾਣ ਤੋਂ...

ਬਾਅਦ ਵੀ ।
ਸੁਖਦੇਵ ਦੇ ਪਿਤਾ ਜੀ ਦਾ ਇੱਕ ਦੋਸਤ ਐਡਮਿੰਟਨ ਰਹਿੰਦਾ ਸੀ , ਬੜਾ ਤਕੜਾ ਬਿਜਨੈੱਸ ਸੀ ਉਹਨਾਂ ਦਾ ਉੱਥੇ । ਉਹਨਾਂ ਸੁਖਦੇਵ ਨੂੰ ਉਹਨਾਂ ਕੋਲ ਭੇਜਣ ਦਾ ਕਹਿ ਦਿੱਤਾ । ਦੋ ਕੁ ਮਹਿਨਿਆਂ ਵਿੱਚ ਸਾਰੇ ਕਾਗਜ਼ ਪੱਤਰ ਤਿਆਰ ਕਰਵਾ ਸੁਖਦੇਵ ਨੂੰ ਉਸੇ ਮੁਲਖ ਦੇ ਜਹਾਜ਼ ਦੀ ਬਾਰੀ ਬਿਠਾ ਦਿੱਤਾ ਜਿੱਥੇ ਉਹਦਾ ਸਭ ਕੁੱਝ ਰਹੀ ਪ੍ਰਭ ਗਈ ਸੀ ।
ਚਾਰ ਸਾਲ ਕਿਵੇਂ ਬੀਤ ਗਏ ਕਨੈਡਾ ਰਹਿੰਦਿਆਂ ਪਤਾ ਈ ਨਹੀਂ ਚੱਲਿਆ । ਸੁਖਦੇਵ ਨੂੰ ਸਾਲ ਹੋ ਗਿਆ ਸੀ ਪੀਆਰ ਲਏ ਹੋਏ । ਉਹਦਾ ਪਿੰਡ ਜਾਣ ਨੂੰ ਕਿੰਨੇ ਸਮੇਂ ਦਾ ਜੀ ਕਰ ਰਿਹਾ ਸੀ ਪਰ ਕੰਮ ਵਿੱਚ ਕੰਨ ਖੁਰਕਣ ਦੀ ਵਿਹਲ ਹੀ ਨਹੀਂ ਸੀ ਮਿਲ ਰਹੀ । ਵਿੱਚ ਵਿੱਚ ਦੀ ਉਹਨੂੰ ਪਤਾ ਲੱਗਦਾ ਰਹਿੰਦਾ ਕਿ ਪ੍ਰਭਜੋਤ ਵੀ ਪੱਕੀ ਹੋ ਗਈ ਐ । ਤੇ ਘਰ ਦੇ ਉਹਦੇ ਵਿਆਹ ਲਈ ਮੁੰਡਾ ਲੱਭ ਰਹੇ ਨੇ । ਉਹਦੇ ਕੋਲ ਜਦ ਕੋਈ ਪ੍ਰਭਜੋਤ ਦਾ ਨਾਂ ਲੈਂਦਾ ਤਾਂ ਇੱਕ ਪਲ ਲਈ ਉਹਨੂੰ ਆਪਾ ਗੁਆਚਦਾ ਦਿਸਦਾ , ਕਾਲਜ ਆਲੇ ਗਰਾਉੰਡ ਤੋਂ ਲੈਕੇ ਹਸਪਤਾਲ ਵਿੱਚ ਰੋਂਦੀ ਪ੍ਰਭ ਉਹਦੇ ਮੂਹਰੇ ਚੱਕਰ ਬਣ ਕੇ ਘੁੰਮ ਜਾਂਦਾ । ਉਹਦਾ ਜੀਅ ਕਰਦਾ ਉਹ ਉੱਚੀ ਦੇਣੇ ਧਾਹ ਮਾਰ ਦੇਵੇ ।ਪਰ ਫੇਰ। ਆਪਣੇ ਆਪ ਨੂੰ ਸੰਭਾਲਦਾ ਤੇ ਕੋਈ ਫਰਕ ਨਾ ਪੈਣ ਦਾ ਨਾਟਕ ਕਰਨ ਲੱਗ ਜਾਂਦਾ ।
ਦਸ ਦਿਸੰਬਰ ਨੂੰ ਉਹਨੇ ਇੰਡੀਆ ਦੀ ਟਿਕਟ ਕਰਾ ਲਈ , ਮਨੋਜਤ ਜੋ ਉਹਦਾ ਹਰ ਗੱਲ ਦਾ ਭੇਤੀ ਸੀ ਉਹ ਵੀ ਆਪਣੇ ਜਿਗਰ ਦੇ ਟੋਟੇ ਨੂੰ ਮਿਲਣਾ ਚਾਹੁੰਦਾ ਸੀ । ਮਨਜੋਤ ਨੂੰ ਉਹਨੇ ਬਹੁਤ ਕਿਹਾ ਕਿ ਮੇਰੇ ਕੋਲ ਆ ਜਾ । ਪਰ ਮਨਜੋਤ ਦੋਹਾਂ ਘਰਾਂ ਵਿੱਚ ਇਕੱਲਾ ਸੀ ਜੋ ਉਮਰ ਦੀ ਅੱਧੀ ਵਾਟ ਤਹਿ ਕਰ ਚੁੱਕੇ ਤਾਇਆ ਤਾਈ ਤੇ ਆਪਣੇ ਮਾਂ ਬਾਪ ਦਾ ਜੀਅ ਪਰਚਾ ਸਕਦਾ ਸੀ । ਬਾਕੀ ਮਨਜੋਤ ਨੂੰ ਬਾਹਰ ਜਾਣ ਨਾਲੋਂ ਨੌਕਰੀ ਦਾ ਵੱਧ ਚਾਅ ਸੀ ।
ਸਾਰਾ ਟੱਬਰ ਸੁਖਦੇਵ ਨੂੰ ਦਿੱਲੀ ਏਅਰਪੋਰਟ ਤੋਂ ਲੈਕੇ ਆਇਆ , ਮਾਂ ਦਾ ਇੰਨੇ ਚਿਰ ਬਾਅਦ ਪੁੱਤ ਨੂੰ ਦੇਖ ਜਿਵੇਂ ਕਲੇਜ਼ਾ ਫਟ ਗਿਆ ਹੋਵੇ । ਗਲੇ ਲੱਗ ਕਿੰਨਾ ਚਿਰ ਰੋਂਦੀ ਰਹੀ , ਫੇਰ ਹੱਸ ਕੇ ਕਹਿੰਦੀ ਹੁਣ ਨਹੀ ਤੈਨੂੰ ਜਾਣ ਦੇਣਾ, ਤੇਰਾ ਵਿਆਹ ਕਰੂੰਗੀ ਤੇ ਫੇਰ ਭਾਵੇਂ ਰੱਬ ਜਦੋਂ ਮਰਜ਼ੀ ਲੈ ਜਾਵੇ । ਸੁਖਦੇਵ ਨੇ ਮਾਂ ਦਾ ਮੂੰਹ ਘੁੱਟ ਦਿੱਤਾ ਕਿਹਾ” ਮਾਂ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ।”
ਆਉਣ ਤੋਂ ਚਾਰ ਦਿਨ ਬਾਅਦ ਸ਼ਾਮ ਨੂੰ ਉਹ ਤੇ ਮਨਜੋਤ ਅੱਜ ਸਟੇਸ਼ਨ ਤੇ ਬੈਠੇ ਆਪਣੇ ਚੰਗੇ ਮਾੜੇ ਦਿਨ ਯਾਦ ਕਰ ਰਹੇ ਸੀ। ਫੋਨ ਤੇ ਨੋਟੀਫਿਕੇਸ਼ਨ ਆਉੰਦਾ ਹੈ । ਵਟਸ ਐਪ ਤੇ ਮੈਸੇਜ ਸੀ ,”ਹੈਲੋ ਸੁੱਖ! ਮੈਂ ਪ੍ਰਭ । ਮੈਨੂੰ ਪਤਾ ਤੂੰ ਠੀਕ ਹੋਵੇਂਗਾ , ਤੇ ਮੈਨੂੰ ਉਡੀਕ ਰਿਹਾ ਹੋਵੇਂਗਾ । ਤੇਰੇ ਤੇ ਬਹੁਤ ਗੁੱਸਾ ਹੈ ਕਿ ਤੂੰ ਪਿਛਲੇ ਪੰਜ ਸਾਲਾਂ ਵਿੱਚ ਇੱਕ ਵਾਰ ਵੀ ਮੇਰੇ ਨਾਲ ਕਨਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਫੇਰ ਸੋਚ ਲੈਂਦੀ ਆਂ ਕਿ ਕਿਹਾ ਵੀ ਤਾਂ ਮੈਂ ਈ ਸੀ । ਖੈਰ…ਅਗਲੇ ਵੀਕ ਮੈਂ ਇੰਡੀਆ ਆ ਰਹੀਂ ਆ ਮੇਰੀ ਦੋਸਤ ਨੇ ਦੱਸਿਆ ਕਿ ਤੂੰ ਵੀ ਇੰਡੀਆ ਹੀ ਐਂ ।
ਮੇਰੇ ਡੈਡ ਮੇਰੇ ਵਿਆਹ ਦੀ ਗੱਲ ਕਰ ਰਹੇ ਸੀ ਤਾਂ ਮੈਂ ਆਪਣੇ ਵਾਰੇ ਦੱਸ ਦਿੱਤਾ ਹੈ। ਮੇਰੇ ਆਉੰਣ ਤੋਂ ਬਾਅਦ ਅਸੀਂ ਸਾਰੇ ਥੋਡੇ ਘਰ ਆਵਾਂਗੇ , ਆਪਣੇ ਵਿਆਹ ਦੀ ਗੱਲ ਕਰਨ ….ਕਿਸਮਤ ਨੇ ਆਪਣਾ ਸਾਥ ਨਹੀਂ ਛੱਡਿਆ ..ਆਪਾਂ ਜਲਦ ਮਿਲਾਂਗੇ ਸੁੱਖ। ਬਹੁਤ ਸਾਰਾ ਪਿਆਰ ,
ਤੇਰੀ ਪ੍ਰਭ।”
ਸੁਖਦੇਵ ਮੈਸੇਜ ਦਾ ਰਿਪਲਾਈ ਕਰਨਾ ਚਾਹੁੰਦਾ ਸੀ ਪਰ ਅੱਖਾਂ ਵਿੱਚ ਇੰਨੇ ਸਾਲ ਦੀ ਤਪੱਸਿਆ ਦਾ ਫਲ ਮਿਲਣ ਕਰਕੇ ਆਏ ਖੁਸ਼ੀ ਦੇ ਹੰਝੂਆਂ ਨੇ ਸਕਰੀਨ ਧੁੰਧਲੀ ਦਿਸਣ ਲਗਾ ਦਿੱਤਾ।
ਸੁਖਦੇਵ ਨੂੰ ਰਹਿਰਾਸ ਦੀ ਪੰਕਤੀ ਯਾਦ ਆਈ-“ਤੁਧੁ ਆਪਿ ਵਿਛੋੜਿਆ ਆਪ ਮਿਲਾਇਆ।।”
ਉਹਨੇ ਅੱਖ ਪੂੰਝੀ ਤੇ ਮਨਜੋਤ ਨੂੰ ਕਿਹਾ,”ਚੱਲ ਯਰ ਚੱਲੀਏ ਘਰ …ਰਹਿਰਾਸ ਦਾ ਟਾਇਮ ਹੋ ਗਿਆ ਹੈ।”
ਘਰ ਜਾਂਦੇ ਸੁਖਦੇਵ ਨੂੰ ਸਾਰਾ ਕੁੱਝ ਹਵਾ ਵਿੱਚ ਉੱਡਿਆ ਉੱਡਿਆ ਮਹਿਸੂਸ ਹੋ ਰਿਹਾ ਸੀ।
ਸਮਾਪਤ~
ਅਰਸ਼ਦੀਪ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)