More Punjabi Kahaniya  Posts
ਜਨਮ ਦਿਨ


ਪੰਜ ਸੌ ਪਚਵਿੰਜਾ ਨੇ ਰੁੰਡਿਆ ਜਿਹਾ ਖਾਲ ਲੰਘਣ ਲੰਘਿਆਂ ਮੱਠੀ ਜਿਹੀ ਅੜੀ ਕੀਤੀ , ਉਹਨੇ ਰੇਸ ਤੇ ਪੈਰ ਦਾ ਥੋੜਾ ਹੋਰ ਦਬਾਅ ਪਾਇਆ ਤੇ ਖਾਲ ਦੀ ਤਾਜ਼ੀ ਮਿੱਟੀ ਨਾਲ ਫੱਟੀ ਖਹਾਉਂਦਾ ਟਰੈਕਟਰ ਖੇਤ ਵਿੱਚ ਵੜ ਗਿਆ । ਹੁਲਾਰਾ ਵੱਜਣ ਕਰਕੇ ਗੇਅਰ ਨੂੰ ਵਲ ਪਾ ਕੇ ਬੰਨ੍ਹੇ ਯੂਰੀਆ ਖਾਦ ਦੇ ਸੀਤੇ ਝੋਲੇ ‘ਚੋਂ ਮਿੱਠੇ ਚੌਲਾਂ ਦੇ ਕੁਝ ਦਾਣੇ , ਡੱਬਾ ਖੁੱਲ੍ਹੇ ਤੋਂ ਵਿੱਚੇ ਡਿੱਗ ਪਏ । ਫਲਾਹੀ ਦੇ ਛਾਂਵੇਂ ਟਰੈਕਟਰ ਖਲਿਆਰ ਉਹਨੇ ਸੱਜੇ ਹੱਥ ਦੀ ਓਟ ਮੱਥੇ ਤੇ ਬਣਾਈ ਤੇ ਬਾਪੂ ਨੂੰ ਲੱਭਣ ਲੱਗ ਪਿਆ ।
ਨੌਂਵੀ ਜਮਾਤ ਵਿੱਚ ਪੜ੍ਹਦਾ , ਅੱਜ ਉਹ ਅਜੇ ਸਕੂਲੋਂ ਮੁੜਿਆ ਹੀ ਸੀ ਜਦੋਂ ਮਾਂ ਨੇ ਚੁੰਨੀ ਦੇ ਲੜ ਨਾਲੋਂ ਵੀਹਾਂ ਦਾ ਅੱਧ – ਮਰਿਆ ਨੋਟ ਖੋਲ ਕੇ ਉਹਦੇ ਹੱਥ ਤੇ ਧਰਿਆ । ਹੱਟੀ ਤੱਕ ਪਹੁੰਚਦਿਆਂ ਉਹਨੇ ਮਾਂ ਦੀ ਹਦਾਇਤ ਪਕਾ ਲਈ , ‘ਪੰਦਰਾਂ ਦਾ ਖੱਟੇ ਚੌਲਾਂ ਦਾ ਰੰਗ ਤੇ ਪੰਜਾਂ ਦੀਆਂ ਭੁਜੀਆ – ਫੁੱਲੀਆਂ ਤੇਰੇ ਲਈ’ । ਉਹਨੇ ਘਰ ਆ ਕੇ ਰੰਗ ਮਾਂ ਨੂੰ ਫੜਾਇਆ ਤੇ ਆਪ ਬਾਟੀ ਵਿੱਚ ਭੁਜੀਆ – ਫੁੱਲੀਆਂ ਰਲਾਉਣ ਲੱਗ ਪਿਆ । ਏਨੇ ਨੂੰ ਦੋ ਬਾਬੂ ਸਰਪੰਚ ਦੇ ਨਾਲ ਉਹਨਾਂ ਦੇ ਘਰ ਆਏ ਤੇ ਸਰਪੰਚ ਨੂੰ ਨਾਲ ਲੈ ਕੇ ਉਹਨਾਂ ਦੇ ਖੇਤ ਵਲ ਨੂੰ ਚਲੇ ਗਏ । ਚਾਹ ਤੇ ਚੌਲ ਲੈ ਕੇ ਉਹ ਵੀ ਛੇਤੀ ਉਹਨਾਂ ਦੇ ਮਗਰ ਚਲਾ ਗਿਆ ।
ਜਨਵਰੀ ਮਹੀਨੇ ਦੇ ਆਖਰੀ ਦਿਨ ਸਨ ।ਦਿਨ , ਰਾਤ ਵੱਲ ਨੂੰ ਤੁਰ ਪਿਆ ਸੀ , ਸੂਰਜ ਦੀ ਰੌਸ਼ਨੀ ਪਹਿਲਾਂ ਨਾਲੋਂ ਫਿੱਕੀ ਹੋ ਗਈ ਸੀ । ਸੀਤ ਲਹਿਰ ਕਦੇ ਕੋਸੀ ਹੋ ਜਾਂਦੀ ਤੇ ਕਦੇ ਕੋਸੀ ਤੋਂ ਹਲਕੀ ਠੰਡੀ । ਕਣਕਾਂ ਨਿੱਸਰ ਕੇ ਕੱਦ ਕੱਢ ਰਹੀਆਂ ਸਨ । ਹਵਾ ਵਿੱਚ ਕਣਕਾਂ ਨੂੰ ਹੁੰਦੀ ਸਪਰੇਅ ਦੀ ਬਕਬਕੀ ਸਾਹ ਲਏ ਤੋਂ ਸੁੰਘੀ ਜਾ ਸਕਦੀ ਸੀ ।
ਆਮ ਕਰਕੇ ਬਾਪੂ ਇਸ ਵੇਲੇ ਵਾਣ ਦੇ ਤਿੰਨ ਪਾਵਿਆਂ ਵਾਲੇ ਮੰਜੇ(ਚੌਥੇ ਦੀ ਜਗ੍ਹਾ ਚਾਰ ਇੱਟਾਂ ਸਨ) ਤੇ ਬੈਠਾ ਲੌਢੇ ਵੇਲੇ ਦੀ ਚਾਹ ਉਡੀਕਦਾ ਹੁੰਦਾ ਸੀ । ਉਹ ਖੇਤ ਦੇ ਅਖੀਰਲੇ ਦੋ ਏਕੜਾਂ ਵਿੱਚ ਪਹੰਚ ਗਿਆ , ਬਾਪੂ ਦਾ ਸ਼ਰਦੱਈ ਪਰਨਾ ਉਹਦੀ ਨਜ਼ਰੀਂ ਪਿਆ ਤੇ ਉਹ ਖੁਸ਼ ਹੋ ਕੇ ਕਾਹਲੇ ਕਦਮੀ ਤੁਰਨ ਲੱਗਾ ।
ਅਚਾਨਕ ਉਹਦੇ ਪੈਰਾਂ ਤੇ ਪਤਲੇ ਲੋਹ ਦਾ ਬਣਿਆ ਕੁਝ ਫਿਰਨ ਲੱਗਾ । ਇਹ ਲੋਹੇ ਦਾ ਫੀਤਾ ਸੀ । ਜਿਹੜੇ ਬਾਬੂ ਉਹਨਾਂ ਦੇ ਘਰ ਆਏ ਸੀ ਉਹ ਖੇਤ ਦੀ ਮਿਣਤੀ ਕਰ ਰਹੇ ਸੀ । ਆਪਣਾ ਕੰਮ ਨਿਬੇੜ ਉਹਨਾਂ ਬਾਪੂ ਦਾ ‘ਗੂਠਾ ਲਵਾਇਆ ਤੇ ਦੋ ਛੱਲੀਆਂ ਭੰਨ ਕੇ ਨਾਲ ਲੈ ਗਏ ।
‘ਕੌਣ ਸੀ ਬਾਪੂ ਇਹ ?’
‘ਜੋਕਾਂ’ – ਬਾਪੂ ਦਾ ਉੱਤਰ ਸੀ ।
‘ਰੁੱਕ ਜਾਂਦੇ ਘੜੀ...

, ਚਾਹ ਪੀ ਜਾਂਦੇ’ ।
‘ਇਹ ਖੂਨ ਪੀਂਦੇ ਆ ਪੁੱਤ’ ।
ਉਹਦੇ ਸਮਝ ਆ ਗਿਆ । ਇਹ ਬੈਂਕ ਵਾਲੇ ਸੀ ਤੇ ਟੈਮ ਤੇ ਕਰਜ਼ਾ ਨਾ ਮੋੜਨ ਕਰਕੇ ਉਹਨਾਂ ਦੇ ਖੇਤ ਦੀ ਕੁਰਕੀ ਹੋ ਗਈ ਸੀ । ਪਰ ਉਹ ਸੋਚਦਾ ਕਿ ਉਹ ਤਾਂ ਹਰ ਛੇ ਮਹੀਨੇ ਵਧੀਆ ਫ਼ਸਲ ਬੀਜਦੇ ਸੀ । ਫਿਰ ਕਰਜ਼ਾ ਕਿਉਂ ।ਉਹਨੇ ਬਾਪੂ ਵਲ ਮੂੰਹ ਕਰਕੇ ਪੁੱਛਣਾ ਬਿਹਤਰ ਸਮਝਿਆ ,
‘ਬਾਪੂ , ਪਰ ਆਪਾਂ ਤਾਂ ਵਧੀਆ ਹਰ ਵਾਰੀਂ ਸ਼ਹਿਰੋਂ ਵਧੀਆ ਬੀਜ ਲਿਆ ਕੇ ਬੀਜਦੇ ਹਾਂ , ਫੇਰ ਵੀ ਫ਼ਸਲ ਘੱਟ ਪੈ ਜਾਂਦੀ ਏ , ਏਦਾਂ ਕਿਉਂ ?’
‘ਸ਼ੇਰਾ ! ਦਾਣੇ ਬੀਜਦੇ ਹਾਂ , ਪਰ ਫ਼ਸਲ ਨਹੀਂ , ਵਿਆਜ ਉੱਗਦਾ ਏ , ਉਹ ਵੀ ਦੂਣਾ – ਤੀਣਾ ,,, ਚੱਲ ਛੱਡ ,,, ਚਾਹ ਪਾ’ ।ਏਨਾ ਆਖਦਿਆਂ ਬਾਪੂ ਦਾ ਗੱਚ ਭਰ ਆਇਆ ।
ਬਾਪੂ ਨੂੰ ਲੱਭਦਾ ਚਾਹ ਤਾਂ ਉਹ ਟਰੈਕਟਰ ਤੇ ਹੀ ਭੁੱਲ ਆਇਆ ਸੀ । ਬਾਪੂ ਮੂੰਹ – ਹੱਥ ਧੋਣ ਲੱਗ ਪਿਆ ਤੇ ਉਹ ਚਾਹ ਲੈਣ ਚਲਾ ਗਿਆ । ਵਾਪਸ ਮੁੜਦਿਆਂ ਇੱਕ ਵਾਰੀਂ ਤੇ ਉਹਨੇ ਸੋਚਿਆ ਕਿ ਅੱਜ ਰਾਤ ਜਾ ਕੇ ਬੈਂਕ ਲੂਹ ਆਵੇ , ਸੜ ਜਾਣ ਸਾਰੇ ਪਿੰਡ ਦੀਆਂ ਵਹੀਆਂ – ਖਾਤੀਆਂ ਮੂਲ – ਵਿਆਜ ਸਹਿਤ ਤੇ ਦਿਨ ਚੜ੍ਹਦੇ ਨੂੰ ਸਾਰਾ ਪਿੰਡ ਕਰਜ਼ੇ ਤੋਂ ਸੁਰਖੁਰੂ ਹੋ ਜਾਵੇ ।
ਝੋਲੇ ਦੀ ਗੰਢ ਗੇਅਰ ਨਾਲ ਪੀਚੀ ਗਈ ਸੀ । ਉਹਨੇ ਕਿਸੇ ਤਰਾਂ ਖੋਲ੍ਹੀ ਤੇ ਬਾਪੂ ਵਲ ਨੂੰ ਤੁਰ ਪਿਆ । ਬਾਪੂ ਉਹਦੇ ਵੱਲ ਨੂੰ ਪਿੱਛਾ ਕਰ ਵੱਟ ਤੇ ਬੈਠਾ ਸੀ ।
ਉਹਨੇ ਚੌਲਾਂ ਵਾਲਾ ਡੱਬਾ ਖੋਲ੍ਹਿਆ ਤੇ ਗਿਲਾਸ ‘ਚ ਚਾਹ ਪਾ ਕੇ ਬਾਪੂ ਨੂੰ ਅਵਾਜ਼ ਮਾਰੀ , ਇੱਕ ‘ਵਾਜ , ਦੋ ਵਾਜ , ਬਾਪੂ ਕੁਝ ਬੋਲਿਆ ਨਾ, ਉਹਨੇ ਚੌਲਾਂ ਦੀਆਂ ਬਾਟੀਆਂ ਹੱਥ ਵਿੱਚ ਫੜ ਜਾਂ ਸਾਹਮਣੇ ਹੋ ਵੇਖਿਆ ਤਾਂ ਬਾਪੂ ਦੀ ਗੋਦੀ ‘ਚ ਮੋਨੇਸਿਲ ਦੀ ਖਾਲੀ ਸ਼ੀਸ਼ੀ ਪਈ ਸੀ । ਮੂੰਹ ‘ਚੋਂ ਨਿਕਲਦੀ ਝੱਗ ਦੀ ਲਾਰ ਨੇ ਉਹਦੇ ਬਾਪੂ ਦਾ ਕੁੜਤਾ ਲਬੇੜ ਦਿੱਤਾ । ਉਹ ਧਾਹ ਦੇਣੀ ਆਪਣੇ ਬਾਪੂ ਉੱਤੇ ਆਣ ਡਿੱਗਾ । ਚੌਲ ਖੇਤ ਵਿੱਚ ਖਿੱਲਰ ਕੇ ਦਾਣਾ – ਦਾਣਾ ਹੋ ਗਏ ।
ਉਹਨੂੰ ਯਕਦਮ ਚੁੱਲ੍ਹੇ ਉੱਤੇ ਸਾਗ ਘੋਟਦੀ ਆਪਣੀ ਮਾਂ ਯਾਦ ਆਈ ਜੀਹਨੇ ਤੁਰਨ ਲੱਗੇ ਨੂੰ ਕਿਹਾ ਸੀ ,
“ਮਿੱਠੇ ਚੌਲ ਖਾਸ ਤੇਰੇ ਬਾਪੂ ਲਈ ਬਣਾਏ ਆ , ਉਹਨੂੰ ਇਹ ਬਹੁਤ ਪਸੰਦ ਆ , ਧਿਆਨ ਨਾਲ ਲੈ ਕੇ ਜਾਈਂ , ਅੱਜ ਉਹਦਾ ਜਨਮ ਦਿਨ ਆ”…….!!!!!!!
(ਰਣਜੀਤ ਸੰਧੂ)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)