More Punjabi Kahaniya  Posts
ਜਮੀਰਾਂ


ਹੱਥ ਨਾਲ ਚੱਲਣ ਵਾਲੀ ਵਹੀਲ ਚੇਅਰ..
ਦਿੱਲੀ ਤੋਂ ਕੁਝ ਕਿਲੋਮੀਟਰ ਹਟਵਾਂ..ਉਹ ਉੱਤੇ ਬੈਠਾ ਹੱਸੀ ਜਾ ਰਿਹਾ ਸੀ..
ਕੁਝ ਜੁਆਨਾਂ ਰੋਕਿਆ..ਪੁੱਛਿਆ ਬਾਬਾ ਜੀ ਕਦੋਂ ਤੇ ਕਿਥੋਂ ਤੁਰੇ ਸੀ?

ਅਖੇ ਪਿਛਲੇ ਵੀਰਵਾਰ ਜਲੰਧਰੋਂ..ਅੱਜ ਮੰਗਲਵਾਰ..
ਬੱਸ ਲਗਾਤਾਰ ਪੰਜ ਦਿਨ ਰਵਾਂ ਰਵੀਂ ਤੁਰਿਆ ਆਇਆ!
ਰਾਹ ਵਿਚ ਕਦੇ ਹੋਟਲ ਵਾਲੇ ਨੇ ਤੇ ਕਦੀ ਢਾਬੇ ਵਾਲੇ ਨੇ ਰੋਟੀ ਖਵਾਈ..ਸੌਣ ਵਾਸਤੇ ਥਾਂ ਵੀ ਦਿੱਤੀ..
ਸਭ ਅਣਜਾਣ ਸਨ ਪਰ ਮੈਨੂੰ ਵੇਖਦਿਆਂ ਹੀ ਆਪਣੇ ਬਣ ਗਏ!
ਪੁੱਛਿਆ ਜਮੀਨ ਕਿੰਨੀ ਏ?
ਆਖਣ ਲੱਗੇ “ਯਾਰ ਜਮੀਨ ਤੇ ਹੈਨੀ ਪਰ ਜਮੀਰ ਜਾਗਦੀ ਦਾ ਮਾਲਕ ਹਾਂ..ਨਹੀਂ ਰਿਹਾ ਗਿਆ ਬੱਸ”
ਏਨੀ ਗੱਲ ਸੁਣ ਆਸੇ ਪਾਸੇ ਚੁੱਪ ਵਰਤ ਗਈ!

ਓਹੀ ਚੁੱਪ ਜਿਹੜੀ ਕਦੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਵਰਤ ਜਾਇਆ ਕਰਦੀ ਸੀ..
ਜਦੋਂ ਵੀ ਉਹ ਜਾਗਦੀ ਜਮੀਰ ਦੀ ਗੱਲ ਕਰਿਆ ਕਰਦਾ..!
ਸਟੇਜ ਤੇ ਨੀਵੀਆਂ ਪੈ ਜਾਇਆ ਕਰਦੀਆਂ..
ਕੋਲ ਬੈਠਿਆਂ ਕਈਆਂ ਦੇ ਮਨ ਵਿਚ ਚੋਰ ਸੀ..ਡਰ ਸੀ..ਖਦਸ਼ੇ ਸਨ..ਸਿਆਸਤ ਸੀ..ਕਿਧਰੇ ਦਿੱਲੀ ਸਾਨੂੰ ਵੀ ਇਸਦੇ ਨਾਲ ਦਾ ਹੀ ਨਾ ਸਮਝ ਲਵੇ!
ਉਹ ਇਹ ਵੀ ਅਕਸਰ ਆਖਿਆ ਕਰਦਾ..ਜਾਗਦੀ ਜਮੀਰ ਵਾਲਿਆਂ ਨੂੰ ਅਖੀਰ ਵਿਚ ਇੱਕ ਦਿਨ ਮਰਨਾ ਪੈਂਦਾ..ਜਿੰਦਗੀ ਥੋੜ ਚਿੜੀ ਹੁੰਦੀ ਏ ਓਹਨਾ ਦੀ..!

ਰਣਦੀਪ ਹੁਡਾ..
ਸਾਰਾਗੜੀ ਤੇ ਫਿਲਮ ਬਣਾਉਣੀ ਸੀ ਤਾਂ ਦੱਸਦੇ ਇੱਕ ਸਾਲ ਦਾਹੜੀ ਨਹੀਂ ਕਟਵਾਈ..ਦਸਤਾਰ ਵੀ ਬੰਨੀ..ਗੁਰਬਾਣੀ ਦਾ ਉਚਾਰਨ ਕੀਤਾ..ਖੁਦ ਸੁਵੇਰੇ ਸ਼ਾਮ ਗੁਰੂ ਘਰ ਜਾ ਕੇ ਹਾਜਰੀ ਭਰੀ..!
ਪਰ ਕਰਨ ਜੌਹਰ ਟੋਲੇ ਨੂੰ ਪਤਾ ਲੱਗਾ..
ਅਕਸ਼ੇ ਕੁਮਾਰ ਨੂੰ ਨਕਲੀ ਦਾਹੜੀ ਲਵਾ ਦਿੱਤੀ..ਫੇਰ ਨਕਲੀ ਪੱਗ ਬਣਾ ਤਕਰੀਬਨ ਛੇ ਮਹੀਨੇ ਵਿਚ ਅੰਦਰਖਾਤੇ ਇਸ ਪਲਾਟ...

ਤੇ ਫਿਲਮ ਬਣਾ ਕੇ ਰਿਲੀਜ ਵੀ ਕਰਵਾ ਦਿੱਤੀ..!
ਮੈਨੂੰ ਇਸ ਧੋਖੇ ਦਾ ਪਤਾ ਲੱਗਾ..ਤਾਂ ਮਨ ਨੂੰ ਠੇਸ ਪੁੱਜੀ..ਅੰਦਰੋਂ ਟੁੱਟ ਭੱਜ ਗਿਆ..
ਕੁਝ ਆਖਣ ਇਹ ਹੁਣ ਪੱਕਾ ਖ਼ੁਦਕੁਸ਼ੀ ਕਰੂ..ਜਿੱਦਾਂ ਮਗਰੋਂ ਸੁਸ਼ਾਂਤ ਨੇ ਕੀਤੀ ਸੀ..ਪਰ ਇੱਕ ਚੜ੍ਹਦੀ ਕਲਾ ਦੇ ਸੋਮੇ ਨੇ ਜਿਉਂਦਾ ਰਖਿਆ!

ਰਿਪੋਰਟਰ ਪੁੱਛਣ ਲੱਗੇ ਕੁਝ ਆਖਣਾ ਚਾਹੁੰਦੇ ਹੋ..?
ਕਹਿੰਦਾ ਕਮਲਿਓ ਛੇ ਮਹੀਨੇ ਨਕਲੀ ਦਾਹੜੀ ਅਤੇ ਨਕਲੀ ਪੱਗ ਬੰਨ ਕੇ ਅਤੇ ਬਾਕੀ ਦੁਨੀਆ ਤੋਂ ਚੋਰੀ ਰੱਖ ਫਿਲਮ ਬਣਾ ਕੇ ਕਰੋੜਾ ਕਮਾ ਜਰੂਰ ਲਏ ਪਰ ਅਸਲੀ ਦਾਹੜੇ ਤੇ ਅਸਲੀ ਪੱਗ ਨਾਲ ਗੁਰੂ ਦਾ ਸਿੱਖ ਬਣ ਗੁਰੂਦੁਆਰੇ ਬੈਠ ਸੱਚਖੰਡ ਦਾ ਜਿਹੜਾ ਅਦੁੱਤੀ ਪ੍ਰਤਾਪ ਮੇਰੀ ਰੂਹ ਨੇ ਮਹਿਸੂਸ ਕੀਤਾ ਉਹ ਨਕਲੀ ਪੱਗਾਂ ਵਾਲੇ ਕੀ ਜਾਨਣ..!

ਕੁਝ ਅਮਰ ਹੋ ਗਏ ਇਨਸਾਨਾਂ ਦੀ ਗੱਲ ਹੋ ਰਹੀ ਏ ਕਿਓੰਕੇ ਉਹ ਸਦਾ ਜਿਉਂਦੇ ਨੇ ਜੋ ਮਰਕੇ ਪਰਤੇ ਨੇ..!
ਵਾਕਿਆ ਹੀ ਵਾਪਿਸ ਪਰਤੇ ਵੀ ਨੇ..ਸਾਡੇ ਅੰਦਰ ਹੀ ਵਾਸਾ ਏ ਓਹਨਾ ਦਾ..
ਉਹ ਸਾਡੇ ਆਸ ਪਾਸ ਹੀ ਵਿਚਰਦੇ ਨੇ..ਦਿਨੇ ਰਾਤ ਸਾਡੀ ਅਗਵਾਈ ਕਰਦੇ..ਹੱਲਾਸ਼ੇਰੀ ਦਿੰਦੇ..ਢਹਿੰਦੀ ਤੋਂ ਚੜ੍ਹਦੀ ਕਲਾ ਵੱਲ ਖੜਦੇ ਹੋਏ..!
ਇਹ ਵਰਤਾਰਾ ਸ਼ਾਇਦ ਇਸੇ ਕਰਕੇ ਹੀ ਵਾਪਰਿਆ ਕਿਓੰਕੇ ਓਹਨਾ ਜਿਉਂਦੇ ਜੀ ਜਮੀਰਾਂ ਨਹੀਂ ਸਨ ਵੇਚੀਆਂ..
ਜਿਹੜੇ ਜਿਉਂਦੇ ਜੀ ਜਮੀਰਾਂ ਨਹੀਂ ਵੇਚਦੇ..ਤੁਰ ਜਾਣ ਮਗਰੋਂ ਦੁਨੀਆ ਓਹਨਾ ਦੀਆਂ ਤਸਵੀਰਾਂ ਵੇਚਿਆ ਕਰਦੀ ਏ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)