ਕਾਲਜ ਵੇਲੇ ਸਾਡਾ ਕਾਫੀ ਵੱਡਾ ਗਰੁੱਪ ਹੋਇਆ ਕਰਦਾ ਸੀ..
ਫੇਰ ਨੱਬੇ-ਕਾਨਵੇਂ ਦੇ ਵੇਲਿਆਂ ਵੇਲੇ ਵਗੀ ਹਨੇਰੀ ਵਿਚ ਅਸੀਂ ਸਿਰਫ ਚਾਰ ਹੀ ਰਹਿ ਗਏ..!
ਮੈਂ ਖੁਦ ਵੀ ਪੁਲਸ ਦੀ ਨਜਰ ਵਿਚ ਆ ਗਿਆ..ਘਰਦਿਆਂ ਚੁੱਪਚਾਪ ਟ੍ਰਾੰਸਪੋਰਟ ਕਾਰੋਬਾਰ ਲਈ ਜੈਪੁਰ ਘੱਲ ਦਿੱਤਾ..!
ਇੱਕ ਵੇਰ ਕਾਫੀ ਚਿਰ ਮਗਰੋਂ ਘਰੇ ਮੁੜਿਆ ਤਾਂ ਪਤਾ ਲੱਗਾ ਸਾਡਾ ਜਿਗਰੀ ਯਾਰ “ਪੋਲਾ” ਚੜਾਈ ਕਰ ਗਿਆ ਸੀ..ਜਿਸ ਦਿਨ ਸਕੂਟਰ ਟਰੱਕ ਵਿਚ ਵੱਜਿਆ..ਉਸ ਦਿਨ ਵੀ ਸਾਡੇ ਘਰੇ ਇਹ ਉਲਾਹਮਾਂ ਦੇਣ ਹੀ ਆਇਆ ਸੀ ਮੈਨੂੰ ਚੋਰੀ ਛੁੱਪੇ ਜੈਪੁਰ ਕਿਓਂ ਭੇਜਿਆ..!
ਮਹਿਫ਼ਿਲਾਂ ਸੱਥਾਂ ਅਤੇ ਕੁਲ ਜਹਾਨ ਦੀਆਂ ਸਾਰੀਆਂ ਰੌਣਕਾਂ ਸੁੰਝੀਆਂ ਪੈ ਗਈਆਂ..!
ਸਵਾ ਛੇ ਫੁੱਟ ਉਚੇ ਤੇ ਦਿਲਕਸ਼ ਜਿਹੇ ਸੋਹਣੇ ਯਾਰ ਦਾ ਇੰਝ ਚਲੇ ਜਾਣਾ..ਇਤਬਾਰ ਨਾ ਹੋਵੇ..ਸਭ ਤੋਂ ਵੱਧ ਫ਼ਿਕਰਮੰਦੀ ਵਾਲੀ ਗੱਲ..ਉਸਦੀਆਂ ਤਿੰਨ ਛੋਟੀਆਂ ਭੈਣਾਂ ਅਤੇ ਬਜ਼ੁਰਗ ਮਾਂ.ਪਿਓ..!
ਅਸੀਂ ਬਾਕੀ ਰਹਿ ਗਿਆ ਸਲਾਹ ਕੀਤੀ..ਫੇਰ ਮੈਂ ਆਪਣਾ ਘਰ ਛੱਡ ਪੱਕਾ ਹੀ ਓਹਨਾ ਵੱਲ ਆ ਗਿਆ..!
ਤੁਰਨ ਲੱਗੇ ਨੂੰ ਮਾਂ ਆਖਣ ਲੱਗੀ..ਪੁੱਤਰ ਇਥੇ ਮੇਰੇ ਕੋਲ ਤਿੰਨ ਹੋਰ ਨੇ ਪਰ ਜਿਥੇ ਚੱਲਿਆ ਓਥੇ ਓਹਨਾ ਦੇ ਇੱਕ ਗਵਾਚ ਗਏ ਦੀ ਪੂਰਤੀ ਕਰਨ ਚੱਲਿਆਂ..ਇਸ ਬਣ ਗਏ ਰਿਸ਼ਤੇ ਨੂੰ ਹੁਣ ਤੋੜ ਤੱਕ ਨਿਭਾਵੀਂ..!
ਫੇਰ ਪੂਰੇ ਤੇਰਾਂ ਸਾਲ “ਪੋਲਾ” ਬਣ ਨਿਰਸਵਾਰਥ ਸੇਵਾ ਕੀਤੀ..ਜਦੋਂ ਕਦੀ ਭੈਣਾਂ ਹੰਜੂ ਵਹਾਉਣ ਲੱਗਦੀਆਂ ਤਾਂ ਬੁੱਕਲ ਵਿਚ ਲੈ ਕੇ ਦਿਲਾਸਾ ਦਿੰਦਾ..ਫੇਰ ਇੱਕ ਦਿਨ ਵੱਡੀ ਭੈਣ ਦੇ ਕਾਰਜ ਨੇਪਰੇ ਚਾੜੇ ਗਏ..ਮਗਰੋਂ ਬਾਕੀ ਦੋ ਵੀ ਵਿਆਹੀਆਂ ਗਈਆਂ..ਜੀਜਿਆਂ ਦੇ ਰੂਪ ਵਿਚ ਨਵੇਂ ਜੀਆਂ ਦਾ ਆਗਮਨ ਹੋਇਆ..ਪਰਿਵਾਰ ਦੇ ਸੋਚਣ ਦਾ ਨਜ਼ਰੀਆਂ ਥੋੜਾ ਬਦਲ ਜਿਹਾ ਗਿਆ..ਦਿਲਾਂ ਤੋਂ ਸੋਚਣ ਵਾਲੇ ਦਿਮਾਗਾਂ ਵਾਲਿਆਂ ਅੱਗੇ ਹੌਲੇ ਪੈ ਗਏ ਲੱਗੇ..!
ਫੇਰ ਇੱਕ ਦਿਨ ਮਾਂ ਨੇ ਕੀਤੀ ਵਸੀਹਤ ਮੇਰੇ ਸਾਮਣੇ ਰੱਖ ਦਿੱਤੀ..ਦਸ ਕਿੱਲੇ ਪੈਲੀ,ਮਕਾਨ ਅਤੇ ਹੋਰ ਵੀ ਕਿੰਨਾ ਕੁਝ ਮੇਰੇ ਨਾਮ ਸੀ..ਮੈਨੂੰ ਲੱਗਾ ਮੇਰੀ ਤੇਰਾਂ ਸਾਲਾਂ ਦੀ ਕੀਤੀ ਘਾਲਣਾ ਦੀ ਕੀਮਤ ਚੁਕਾ ਰਹੇ ਨੇ..!
ਮਨ ਹੀ ਮਨ “ਪੋਲੇ” ਨਾਲ ਦੋ ਚਾਰ ਗੱਲਾਂ ਕੀਤੀਆਂ..ਪਰਲ ਪਰਲ ਹੰਜੂ ਵਗ ਤੁਰੇ..ਫੇਰ ਓਸੇ ਵੇਲੇ ਵਸੀਅਤ ਪਾੜ ਦਿੱਤੀ..!
ਦਿਮਾਗਾਂ ਵਾਲੇ ਜੀਜਿਆਂ ਨੂੰ ਇਸ ਕਹਾਣੀ ਦਾ ਪਤਾ ਲੱਗਾ ਤਾਂ ਓਹਨਾ ਅੰਦਰ ਬੈਠਾ ਕਾਰੋਬਾਰੀ ਵੀ ਜਾਗ ਉਠਿਆ..!
ਆਖਣ ਲੱਗੇ ਸਾਰਾ ਕੁਝ ਇਸਦੇ ਨਾਮ ਹੀ...
ਲੱਗੇਗਾ ਪਰ ਇਸਨੂੰ ਮਿਲੇਗਾ ਦੋ ਸਾਲ ਬਾਅਦ..ਅਸੀਂ ਹੁਣ ਇਹ ਵੇਖਣਾ ਇਹ ਬਾਕੀ ਰਹਿ ਗਿਆਂ ਦੀ ਸੇਵਾ ਕਿੱਦਾਂ ਕਰਦਾ..ਸੱਪ ਵੀ ਮਾਰ ਗਏ ਤੇ ਸੋਟੀ ਵੀ ਨਾ ਟੁੱਟਣ ਦਿੱਤੀ..!
ਮੈਂ ਏਨੀ ਗੱਲ ਸੁਣ ਤੜਪ ਉਠਿਆ..ਇੰਝ ਲੱਗਿਆ ਕੋਈ ਮੇਰੇ ਸੱਚੇ ਪਿਆਰ ਅਤੇ ਕੋਮਲ ਜਜਬਾਤਾਂ ਨੂੰ ਪਦਾਰਥ ਵਾਦ ਦੀ ਤੱਕੜੀ ਵਿਚ ਤੋਲ ਰਿਹਾ ਹੋਵੇ..!
ਸਾਫ ਸਾਫ ਆਖ ਦਿੱਤਾ ਕੇ ਮੈਨੂੰ ਕੁਝ ਨਹੀਂ ਚਾਹੀਦਾ..ਨਾ ਹੀ ਦੋ ਸਾਲ ਕਿਸੇ ਹੋਰ ਪ੍ਰੀਖਿਆ ਦੇਣ ਦਾ ਮੇਰੇ ਵਿਚ ਹੋਂਸਲਾ ਈ ਹੈ..!
ਇਸੇ ਦੌਰਾਨ ਤੇਰਾਂ ਸਾਲ ਪਹਿਲਾਂ ਬਣਿਆ ਮੇਰਾ ਬਾਪੂ ਜੀ ਵੀ ਚੜਾਈ ਕਰ ਗਿਆ..!
ਰਹਿ ਗਈ ਬੀਜੀ ਅਤੇ ਭੈਣਾਂ ਜੀਜਿਆਂ ਨੇ ਇੱਕ ਵੱਖਰੀ ਧਿਰ ਜਿਹੀ ਬਣਾ ਲਈ..ਕਦੀ ਕਦੀ ਪੋਲਾ ਸੁਫ਼ਨੇ ਵਿਚ ਆਉਂਦਾ ਤਾਂ ਉਸਨੂੰ ਬੜੇ ਉਲਾਹਮੇਂ ਦਿੰਦਾ..ਜਿਊਣ ਜਾਗਿਆ ਤੂੰ ਹੀ ਨਾ ਜਾਂਦਾ ਤਾਂ ਇਹ ਸਾਰਾ ਕੁਝ ਕਦੇ ਨਾ ਵਾਪਰਦਾ..ਉਹ ਅੱਗੋਂ ਆਖਦਾ ਜੇ ਤੂੰ ਜੈਪੁਰ ਨਾ ਗਿਆ ਹੁੰਦਾ ਤਾਂ ਸ਼ਇਦ ਅੱਜ ਵਾਲੇ ਹਾਲਾਤ ਵੀ ਨਾ ਹੁੰਦੇ..!
ਅਖੀਰ ਨਵੀਂ ਮਾਂ ਦਾ ਘਰ ਛੱਡ ਦਿੱਤਾ ਤੇ ਪਿਛਲੇ ਵਾਲਿਆਂ ਇੱਕ ਵੇਰ ਵੀ ਮੁੜਨ ਲਈ ਨਹੀਂ ਆਖਿਆ..ਤੁਰਨ ਲੱਗਿਆਂ ਨਾਲਦੀ ਨੂੰ ਆਖਿਆ ਕੇ ਸਾਰਾ ਕੁਝ ਇਥੇ ਹੀ ਰੱਖ ਜਾ..ਇਥੋਂ ਤੱਕ ਬਾਹਾਂ ਦੀਆਂ ਬਰੀਕ ਚੂੜੀਆਂ..!
ਪੋਲੇ ਦੇ ਘਰੋਂ ਸਿਰਫ ਇੱਕੋ ਚੀਜ ਚੁੱਕੀ..ਉਸਦੇ ਘਰ ਦੀ ਇੱਕ ਇੱਟ..ਸੋਚਿਆ ਜਦੋਂ ਆਪਣਾ ਮਕਾਨ ਬਣਾਵਾਂਗੇ ਓਦੋਂ ਵਰਤਾਂਗੇ..!
ਅੱਜ ਆਪਣੀਆਂ ਖੁਦ ਦੀਆਂ ਵੀ ਵਿਆਹੁਣ ਜੋਗੀਆਂ ਹੋ ਗਈਆਂ..ਪਰ ਏਨੀ ਗੱਲ ਜਰੂਰ ਆਖਾਂਗਾ ਕੇ ਜੇ ਦਿਲ ਦਾ ਮਾਸ ਖਵਾਕੇ ਜਵਾਨ ਕੀਤੇ ਕਿਸੇ ਰਿਸ਼ਤੇ ਨੂੰ ਕਦੀ ਦਿਮਾਗਾਂ ਵਾਲੇ ਵਿਓਪਾਰੀ ਅਗਵਾ ਕਰ ਲੈਣ ਤਾਂ ਢੇਰੀ ਨਾ ਢਾਹ ਲਈ ਜਾਵੇ..ਬਸ ਆਪਣੀ ਰਫਤਾਰ ਨਾਲ ਤੁਰੇ ਜਾਣਾ ਚਾਹੀਦਾ..ਅਖੀਰ ਮੰਜਿਲ ਤੇ ਜਰੂਰ ਅੱਪੜ ਜਾਈਦਾ..!
ਟੋਏ ਟਿੱਬੇ ਟੱਪਦਿਆਂ ਗਏ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ ਓਨੀਂ ਵੱਡੀ ਸੱਟ..!
ਵਾਕਿਆ ਹੀ ਜਦੋਂ ਜਿੰਦਗੀ ਵੱਡੀ ਛਾਲ ਮਾਰਨ ਲਈ ਮਜਬੂਰ ਕਰ ਦੇਵੇ ਤਾਂ ਥੋੜੀ ਬਹੁਤ ਸੱਟ ਲੱਗਣੀ ਤੇ ਸੁਭਾਵਿਕ ਹੀ ਏ!
ਹਰਪ੍ਰੀਤ ਸਿੰਘ ਜਵੰਦਾ
Inderjit singh saini
vhut vdhia story👍