ਸਾਡੇ ਪਿੰਡ ਆਲ਼ਾ ਗੱਲਾ ਮਿਸਤਰੀ ਨਾਂ ਤੋਂ ਤਾਂ ਇਉਂ ਲੱਗਦੈ ਜਿਵੇਂ ਲੋਹੇ ਦਾ ਹੋਵੇ, ਪੰਜ ਧੀਆਂ ਤੇ ਇੱਕ ਪੁੱਤ ਦਾ ਪਿਉ ਏ ਅਤੇ ਇੱਕ ਹੋਰ ਛੇਵੀਂ ਧੀ ਦਾ ਸਕਾ ਪਿਉ ਏ। ਮੁੰਡਾ ਉਹਦੇ ਕੁੜੀਆਂ ਤੋਂ ਕਾਫ਼ੀ ਅਰਸਾ ਬਾਅਦ ਹੋਇਆ ਸੀ।
ਦਸ ਕੁ ਸਾਲ ਪਹਿਲਾਂ ਨਿਆਣਿਆਂ ਦੇ ਨਾਨਕੀਂ ਗਿਆ ਤਾਂ ਅੱਗੇ ਸਾਲ਼ੇਹਾਰ ਦੇ ਚੌਥੀ ਕੁੜੀ ਜੰਮ ਪਈ। ਸਹੁਰੇ ਘਰ ਰੋਸ ਛਾ ਗਿਆ ਜਿਵੇਂ ਕੋਈ ਮਰ ਗਿਆ ਹੋਵੇ।
ਕੁੜੀ ਦੀ ਦਾਦੀ ਕਹਿੰਦੀ,”ਮੇਰੇ ਪੁੱਤ ਦੇ ਨਿੱਕੇ ਜਹੇ ਮੂੰਹ ‘ਤੇ ਚਾਰ ਕੁੜੀਆਂ ਹੋ ਗੀਆਂ। ਦੇ ਦਿਉ ਕੁਸ਼ ਇਹਨੂੰ ਚੁੱਪ ਕਰਕੇ, ਭਿਣਕ ਨਾ ਲੱਗੇ ਕਿਸੇ ਨੂੰ!”
ਗੱਲਾ ਬੋਲ ਪਿਆ,”ਨਾ ਓਏ ਨਾ, ਐਸਾ ਕਹਿਰ ਨਾ ਕਰਿਉ! ਮੈਨੂੰ ਦੇ ਦਿਉ ਮੈਂ ਆਪੇ ਪਾਲ਼ ਲੂੰ ਗਾ।”
“ਗੱਲਿਆ, ਤੇਰੇ ਤਾਂ ਅੱਗੇ ਪੰਜ ਬੈਠੀਆਂ, ਘਰੇ!”
“ਕੋਈ ਗੱਲ ਨਈਂ, ਜਿੱਥੇ ਪੰਜ ਪਲ਼ੀ ਜਾਂਦੀਆਂ ਓਥੇ ਛੇਵੀਂ ਵੀ ਪਲ਼ ਜਾਊ!”
ਸੋ ਗੱਲਾ ਕੁੜੀ ਨੂੰ ਆਪਣੇ ਘਰ ਲੈ...
ਆਇਆ। ਹੁਣ ਰਾਣੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਹੈ।
ਗੱਲਾ ਅਕਸਰ ਕਹਿੰਦਾ ਹੁੰਦਾ ਏ,”ਕਰਮਾਂ ਆਲ਼ੀ ਨੇ ਜਦੋਂ ਦਾ ਸਾਡੇ ਘਰ ਪੈਰ ਪਾਇਆ ਏ ਪੌਂ-ਬਾਰਾਂ ਹੋ ਗਈਆਂ ਨੇ, ਵਾਰੇ-ਨਿਆਰੇ ਹੋ ਗਏ ਨੇ, ਪਹਿਲਾਂ ਦੋ ਕੱਚੇ ਕੋਠੇ ਸਨ ਹੁਣ ਤਿੰਨ ਪੱਕਿਆਂ ਅੱਗੇ ਬਰਾਂਡਾ ਪਾ ਲਿਆ ਏ, ਸਾਰੀਆਂ ਕੁੜੀਆਂ ਚੰਗੇ ਘਰੀਂ ਵਿਆਹੀਆਂ ਗਈਆਂ ਨੇ। ਮੇਰਾ ਰਾਣਾ ਪੁੱਤ ਸਹੁਰਾ ਬੀਬਾ ਵੀ ਬਹੁਤ ਏ। ਮੈਨੂੰ ਆਥਣ-ਸਵੇਰ ਨਿੱਕੇ-ਨਿੱਕੇ ਹੱਥਾਂ ਨਾਲ਼ ਜਦੋਂ ਰੋਟੀ ਫੜਾਉਂਦੀ ਏ ਨਿਰਾ ਰੱਬ ਦਾ ਰੂਪ ਲੱਗਦੀ ਏ। ਪਹਿਲਾਂ ਪੰਜ ਤੋਰੀਆਂ ਇੱਕ ਹੰਝੂ ਨਈਂ ਕੇਰਿਆ। ਇੱਕ ਦਿਨ ਵਾਰੀ ਤਾਂ ਵਿਆਹੁਣ ਦੀ ਇਹਦੀ ਵੀ ਆਉਣੀ ਆ, ਤੋਰਨ ਲੱਗਿਆਂ ਧਰਮ ਨਾਲ਼ ਮੇਰਾ ਤਾਂ ਕਾਲਜਾ ਈ ਪਾਟ ਜਾਊ!”
ਬਲਜੀਤ ਖ਼ਾਨ।