“ਦੇਖੋ ਜੀ ਗੱਲ ਇਹ ਆ ਕਿ ਆਪਾਂ ਤਾਂ ਸਿੱਧੇ ਸਪਸ਼ਟ ਬੰਦੇ ਆਂ।
ਮੁੰਡੇ ਦੀ ਪੱਕੀ ਗਰੰਟੀ ਆ ਮੇਰੀ। ਆਹ ਦੇਖ ਲੋ ਇੰਡੀਆ ਤੋਂ ਆਏ ਨੂੰ ਹਜੇ ਪੰਜ ਸਾਲ ਹੋਏ ਆ। ਆਪਦਾ ਪੀਜ਼ਾ ਸਟੋਰ ਲੈ ਵੀ ਲਿਆ। ਉਤੋਂ ਕਾਨਵੇਂਟ ਦਾ ਪੜ੍ਹਿਆ”। ਬੂਟਾ ਸਿੰਹੁ ਨੇ ਸਾਰਿਆਂ ਵੱਲ ਉੱਡਦੀ ਜਹੀ ਨਜ਼ਰ ਮਾਰੀ ਪ੍ਰਭਾਵ ਜਾਨਣ ਨੂੰ। “ਆਪਣੀ ਐਨੀ ਇਜ਼ਤ ਕਰਦਾ। ਕਹਿੰਦਾ ਜਿਥੇ ਕਹੋਂ ਓਥੇ ਪੈਰ ਰੱਖੂੰ। ਮੈਂ ਬੜੀ ਮਦਤ ਕੀਤੀ ਆ ਸੈੱਟ ਕਰਨ ਚ। ਲੱਖ ਡਾਲਰ ਤਾਂ ਕਮਾਉਂਦਾ ਹੋਊ ਸਾਲ ਦਾ। ਆਹ ਤਿੰਨ ਬੈਡ ਰੂਮ ਦਾ ਘਰ ਵੀ ਲੈ ਲਿਆ”
ਕੁੜੀ ਆਲੇ ਪਾਸਿਓਂ ਇਕ ਬਜ਼ੁਰਗ ਬੋਲਿਆ “ਹਲਾ, ਆਹ ਤਾਂ ਬਲਾ ਚੰਗੀ ਗੱਲ ਆ। ਪਰ ਸਾਡੀ ਪਾਸ਼ੋ ਕਿਹੜੀ ਘੱਟ ਆ। ਇੰਡੀਆ ਤੋਂ ਨਰਸ ਦਾ ਕੋਰਸ ਕੀਤਾ। ਪੰਜਾਬੀ ਗਰੇਜੀ ਵਧੀਆ ਜਾਣਦੀ ਆ। ਆਹ ਜੈ ਖਾਣਾ ਨਾਂ ਜਿਹਾ ਨੀ ਆਉਂਦਾ, ਵੱਡੇ ਹਸਪਤਾਲ ਚ ਪੱਕੀ ਨੌਕਰੀ ਆ”
ਬੂਟਾ ਸਿੰਹੁ ਫਿਰ ਠੋਰਕੇ ਬੋਲਿਆ “ਰੋਟੀ ਟੁੱਕ ਤਾਂ ਜਾਣਦੀ ਹੋਣੀ ਆ ਕਿ? ”
ਬਾਬਾ ਤਮਕਕੇ ਬੋਲਿਆ “ਲੈ ਆਹੋ। ਹੋਰ ਕੀ। ਊਂ ਮੈਨੂੰ ਵਾਧ ਘਾਟ ਗੱਲ ਕਰਨ ਦੀ ਆਦਤ ਨੀ। ਫਿਰ ਕਹੋਗੇ ਬਾਬਾ ਬੋਲਦਾ। ਥੋਨੂੰ ਨੀ ਕਹਿੰਦਾ ਪਰ ਕਾਈ ਪੁੱਛਦੇ ਸੀ ਆਹ ਬਣਾ ਲੂ ਔਹ ਬਣਾ ਲੂ। ਮੈਂ ਅੱਕਕੇ ਕਹਿਤਾ ਬਈ ਸਾਡੀ ਪਾਸ਼ੋ ਤਾਂ ਰਸਟੋਰੈਂਟ ਵੀ ਖੋਲ ਲੂ ਤੁਸੀਂ ਦੱਸੋ ਹੈ ਹਿੰਮਤ? ਇਕ ਨੇ ਤਾਂ ਹੱਦ ਈ ਕਰਤੀ ਅਖੇ ਨੱਚ ਨੁੱਚ ਵੀ ਲੈਂਦੀ ਆ। ਪਹਿਲਾਂ ਤਾਂ ਦੇਣ ਲੱਗਿਆ ਸੀ ਦੱਖੂ ਦਾਣਾ ਪਰ ਮੂੰਹ ਘੁੱਟ ਲਿਆ ਬਈ ਭਾਈ ਕੁੜੀ ਆਲੇ ਆਂ। ਲੈ ਦੱਸ ਪਿਛਲੇ ਸਾਲ ਸਰੀ ਦੀਆਂ ਤੀਆਂ ਚ ਮਿਸ ਪੰਜਾਬਣ ਕੌਣ ਸੀ? ਆਪਣੀ ਪਾਸ਼ੋ। ਆਪੇ ਕਹਾਂਗੇ ਤਾਂ ਕਹੋਗੇ ਬਾਬਾ ਆਪੇ ਈ ਸਿਫ਼ਤਾਂ ਕਰੀ ਜਾਂਦਾ। ਨਾ ਭਾਈ, ਰੱਬ ਤੋਂ ਡਰਕੇ ਬੋਲੀਏ। ਪਰ ਪਾਸ਼ੋ ਸਾਡੀ ਲੱਖਾਂ ਚੋਂ ਇਕ ਆ”
ਸਾਰਿਆਂ ਨੇ ਇਕ ਦੂਜੇ ਦੇ ਮੂੰਹ ਵੱਲ ਦੇਖਿਆ। ਸਿਰ ਹਿਲਾਕੇ ਤੇ ਚਾਹ ਪਕੌੜੇ ਛੱਕਕੇ ਕਾਰਜ ਸਿਰੇ ਚਾੜਨ ਦੀ ਰਜ਼ਾਮੰਦੀ ਦੇ ਤੀ।
ਲਓ ਜੀ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਮਹੀਨੇ ਕੁ ਬਾਅਦ ਵਿਆਹ ਹੋ ਗਿਆ। ਨਵਾਂ ਜੋੜਾ ਗੁਰਦੁਆਰਾ ਸਾਹਿਬ ਤੋਂ ਸਿੱਧਾ ਲਿਮੋਜ਼ੀਨ ਚ ਬਹਿਕੇ ਹੋਟਲ ਵੱਲ ਨੂੰ ਚਾਲੇ ਪਾ ਦਿੰਦਾ ਆ। ਦੋਵੇਂ ਇਕ ਦੂਜੇ ਵੱਲ ਦੇਖਕੇ ਖੁਸ਼ੀ ਚ ਮੁਸਕਰਾਏ।
ਕੁੜੀ ਨੇ...
ਕੂਹਣੀ ਜਿਹੀ ਮਾਰਕੇ ਪੁਛਿਆ। “ਹੋਰ ਫਿਰ। ਆਪਣੇ ਪੀਜ਼ੇ ਦੇ ਕੋਲੋਂ ਦੀ ਹੋ ਕੇ ਨਾ ਲੰਘ ਚੱਲੀਏ?”
“ਆਪਣਾ ਪੀਜ਼ਾ ਸਟੋਰ?” ਮੁੰਡੇ ਨੇ ਹੈਰਾਨ ਹੋ ਕੇ ਕਿਹਾ।
“ਆਹੋ, ਜਿਹੜਾ ਢਿਲੋਂ ਸਾਹਿਬ ਕਹਿੰਦੇ ਸੀ”
“ਓਏ ਮੈਂ ਤਾਂ ਪੀਜ਼ੇ ਤੇ ਰਾਤ ਦੀ ਸ਼ਿਫਟ ਚ ਕੰਮ ਕਰਦਾਂ”
“ਹਾਏਏਏਏ, ਪੀਜ਼ਾ ਸਟੋਰ ਕੋਈ ਨਾ?”
“ਨਾ। ਕੋਈ ਵੀ ਨਾ। ਢਿੱਲੋਂ ਤਾਂ ਗਪੌੜ ਸੰਖ ਆ।”
“ਚੱਲ ਕੋਈ ਨਾ। ਆਪਦਾ ਹੋਵੇ, ਭਾਵੇ ਓਥੇ ਕੰਮ ਕਰੋ। ਗੱਲ ਤਾਂ ਕਮਾਈ ਦੀ ਆ। ਸਾਲ ਦਾ ਲੱਖ ਥੋੜਾ ਨੀ ਹੁੰਦਾ।” ਕੁੜੀ ਗੱਲ ਨੂੰ ਸੰਭਾਲ ਕੇ ਬੋਲੀ।
“ਲੱਖ ਡਾਲਰ? ਕੀ ਕਹੀ ਜਾਨੀ ਆਂ? ਮਰ ਕੇ ਤੀਹ ਚਾਲੀ ਹਜ਼ਾਰ ਬਣਦਾ। ਪਰ ਫਿਕਰ ਨਾ ਕਰ। ਨਰਸ ਦੀ ਤਨਖਾਹ ਥੋੜੀ ਨੀ ਹੁੰਦੀ। ਦੋਨਾਂ ਦਾ ਲੱਖ ਤਾਂ ਬਣੂ ਈ” ਮੁੰਡੇ ਦੀਆਂ ਨੱਚਦੀਆਂ ਅੱਖਾਂ ਚੋਂ ਪਿਆਰ ਡੁੱਲਿਆ।
“ਨਰਸ? ਕਿਹੜੀ ਨਰਸ?”
ਹੁਣ ਹੈਰਾਨ ਹੋਣ ਦੀ ਵਾਰੀ ਮੁੰਡੇ ਦੀ ਸੀ।
“ਨਾ ਤੂੰ ਹਸਪਤਾਲ ਚ ਨਰਸ ਨੀ?”
“ਹੈਗੀ ਤਾਂ ਹਸਪਤਾਲ ਚ ਈ ਆਂ। ਪਰ ਮੈਂ ਤਾਂ ਜੈਨੇਟਰ ਆਂ (ਸਫਾਈ ਵਾਲੀ)।” ਕੁੜੀ ਚੁੰਨੀ ਦਾ ਲੜ ਉਂਗਲੀ ਤੇ ਲਪੇਟਦੀ ਬੋਲੀ।
“ਤੇਰਾ ਬਾਬਾ ਤਾਂ ਕਹਿੰਦਾ ਸੀ਼..” ਮੁੰਡੇ ਨੇ ਗੱਲ ਅਧੂਰੀ ਛੱਡ ਤੀ।
“ਲੈ, ਬਾਬੇ ਦਾ ਤਾਂ ਦਿਮਾਗ ਫਿਰਿਆ ਹੋਇਆ ਵਾ। ਕੁੱਝ ਵੀ ਕਹਿ ਦਿੰਦਾ। ਪਰ ਤੁਸੀਂ ਕਾਨਵੇਂਟ ਦੇ ਪੜ੍ਹੇ, ਮੈਨੂੰ ਹੁਣ ਛੱਡ ਤਾਂ ਨੀ ਦਿਓਗੇ?” ਕੁੜੀ ਅੱਖਾਂ ਚ ਹੰਝੂ ਭਰਕੇ ਬੋਲੀ।
“ਨਾ ਨਾ ਛੱਡਦਾ ਤਾਂ ਨੀ। ਪਰ ਆਹ ਕਾਨਵੇਂਟ? ਓਏ ਮੈਂ ਤਾਂ ਮਰਕੇ ਬਾਰਵੀਂ ਕੀਤੀ ਆ ਪਿੰਡੋਂ ਬਈ ਐਧਰ ਨੂੰ ਆ ਈ ਜਾਣਾ ਹੁਣ”
“ਚੱਲ ਕੋਈ ਨਾ। ਫਿਕਰ ਨਾ ਕਰ। ਭਾਵੇਂ ਵਿਚੋਲੇ ਜ਼ਿਆਦਾ ਈ ਜਲੇਬੀਆਂ ਖੁਆਗੇ ਪਰ ਆਪਣੀ ਜੋੜੀ ਫਿਰ ਵੀ ਫਿੱਟ ਆ। ਆ ਆਪਣਾ ਨਵਾਂ ਆਲ੍ਹਣਾ ਬਣਾਈਏ।” ਮੁੰਡੇ ਨੇ ਅੱਖਾਂ ਚ ਅੱਖਾਂ ਪਾਕੇ ਸ਼ਾਹਦੀ ਭਰੀ।
ਕੁੜੀ ਨੇ ਆਪਣਾ ਸਿਰ ਮੁੰਡੇ ਦੇ ਮੋਢੇ ਤੇ ਰੱਖ ਕੇ ਹਾਮੀ ਭਰੀ। ਦੋਵੇਂ ਲਿਮੋਜ਼ੀਨ ਚੋਂ ਉੱਤਰੇ ਤੇ ਟੈਕਸੀ ਨੂੰ ਹੱਥ ਦੇ ਕੇ ਨਵੀਂ ਮੰਜ਼ਿਲ ਵੱਲ ਨੂੰ ਹੋ ਤੁਰੇ।
ਗੁਰਮੀਤ ਸਿਆਟਲ ਅਮਰੀਕਾ ਤੋਂ।