ਪੰਗਤ ਤੋਂ ਪੈਲੇਸ ਤੱਕ
ਜਦੋਂ ਥਾਪਰ ਯੂਨੀਵਰਸਿਟੀ ਚ ਪੜ੍ਹਨ ਗਏ ਤਾਂ ਓਥੇ ਖਾਣੇ ਦੀ ਮੈੱਸ ਦੇ ਬਾਹਰ ਹਰ ਰੋਜ਼ ਲਿਖਿਆ ਮਿਲਦਾ,..”ਤਿੰਨ ਬੰਦਿਆਂ ਵਲੋਂ ਵੇਸਟ ਕੀਤੇ ਖਾਣੇ ਨਾਲ ਚੌਥੇ ਬੰਦੇ ਦਾ ਪੇਟ ਭਰ ਸਕਦਾ ਹੈ,ਸੋਚੋ”…ਪੜ੍ਹ ਕੇ ਪਲੇਟ ਚ ਪਾਏ ਖਾਣੇ ਦੀ ਅਹਿਮੀਅਤ ਬਾਰੇ ਸੋਚਣ ਲਈ ਮਜ਼ਬੂਰ ਜਰੂਰ ਹੋਣਾ ਪੈਂਦਾ!!ਖੁਦ ਕਿਸਾਨ ਪ੍ਰੀਵਾਰ ਨਾਲ ਸਬੰਧ ਰੱਖਦੇ ਹੋਏ ਖਾਣੇ ਨੂੰ ਜ਼ਮੀਨ ਤੋਂ ਲੈਕੇ ਪਲੇਟ ਤੱਕ ਪਹੁੰਚਦੇ ਲੰਬੇ ਪ੍ਰੋਸੈਸ ਚੋਂ ਲੰਘਦੇ ਦੇਖਿਆ ਸੀ!!ਇਸ ਲਈ ਇਸ ਲਿਖੇ ਹੋਏ ਦਾ ਅਸਰ ਸਾਡੇ ਮਨਾਂ ਤੇ ਸ਼ਹਿਰ ਵਾਲਿਆਂ ਨਾਲੋਂ ਵਧੇਰੇ ਹੁੰਦਾ!!
ਜਦੋਂ ਛੋਟੇ ਹੁੰਦੇ ਸੀ ਤਾਂ ਪਿੰਡ ਚ ਵਿਆਹ ਸ਼ਾਦੀ ਦੇ ਟਾਈਮ ਜ਼ਮੀਨ ਤੇ ਟਾਟ ਵਿਛਾ ਕੇ ਖਾਣਾ,ਮੋਹ ਪਿਆਰ ਨਾਲ ਖੁਆਇਆ ਜਾਂਦਾ ਸੀ,,,,ਕਿੰਨੀ ਵਾਰ ਪੁੱਛ ਪੁੱਛ ਕੇ ਰੋਟੀ,ਸਬਜ਼ੀ,ਚਾਵਲ ਆਦਿ ਦਿੱਤੇ ਜਾਂਦੇ ਤਾਂ ਇਸ “ਪੁੱਛਣ” ਚੋਂ….ਖਾਣੇ ਨਾਲੋਂ ਜ਼ਿਆਦਾ ਸਵਾਦ ਆ ਜਾਂਦਾ!!
ਹੌਲੀ ਹੌਲੀ ਪੈਲੇਸ ਕਲਚਰ ਦਾ ਪਿੰਡਾਂ ਤੱਕ ਪਸਾਰਾ ਹੋਣ ਲੱਗਾ,ਤੇ ਓਥੇ ਸ਼ਰੀਕੇ ਦੇ ਵਰਤਾਵਿਆਂ ਦੀ ਥਾਂ ਬੈਰਿਆਂ ਨੇ ਲੈ ਲਈ!!ਯਾਦ ਹੈ ਪਹਿਲਾਂ ਪਹਿਲ ਪਿੰਡਾਂ ਦੇ ਕਈ ਲੋਕ ਓਥੋਂ ਖਾਣਾ ਖਾਧੇ ਬਗੈਰ ਹੀ ਆ ਜਾਂਦੇ ਤੇ ਪਿੰਡ ਆਕੇ ਕਹਿੰਦੇ ਕਿ “ਕਾਹਦਾ ਪੈਲੇਸ ਹੈ,ਪਸ਼ੂਆਂ ਵਾਂਙ ਖਾਣੇ ਦਾ ਢੇਰ ਲਾ ਦਿਓ,,,ਤੇ ਬਿਨਾਂ ਕਹੇ ਆਪੇ ਫੜ੍ਹ ਕੇ ਖਾਈ ਜਾਉ,ਇਹ ਕੇਹਾ ਰਿਵਾਜ਼ ਹੈ?”ਕਿਓਂਕਿ ਉਦੋਂ ਤੱਕ ਤਾਂ ਇੰਨੀ ਕੁ ਸਮਝ ਆਓਂਦੀ ਸੀ ਕਿ ਘਰਾਂ ਵਿੱਚ ਪ੍ਰਾਹੁਣੇ ਦੀ ਜੋ ਆਓ ਭਗਤ ਹੁੰਦੀ ਹੈ,ਉਹ ਪੈਲੇਸ ਵਿੱਚ ਆਕੇ ਨਹੀਂ ਹੋ ਪਾਓਂਦੀ…..ਕਿਓਂਕਿ ਓਥੇ ਖੁਲ੍ਹੀ ਜਗਾਹ ਹੋਣ ਕਾਰਣ ਅਕਸਰ ਹੀ ਲੋਕ ਲੋੜ ਤੋਂ ਜ਼ਿਆਦਾ ਲੋਕਾਂ ਨੂੰ ਬੁਲਾਵਾ ਦੇ ਦਿੰਦੇ ਹਨ,,ਤੇ ਅਜਿਹੇ ਵਿੱਚ ਸੀਮਤ ਸਮੇਂ ਅੰਦਰ,ਘਰ ਵਾਲਿਆਂ ਦਾ ਹਰੇਕ ਪ੍ਰਾਹੁਣੇ ਨੂੰ ਸਮਾਂ ਦੇਣਾ ਲਗਭਗ ਅਸੰਭਵ ਲੱਗਦਾ!!
ਕਿਓਂਕਿ ਪੈਲੇਸ ਤੇ ਸੈਲਫ ਸਰਵਿਸ ਕਲਚਰ ਸਾਡੇ ਲਈ ਨਵਾਂ ਸੀ,ਘਰਾਂ ਚ ਵਿਛਾਏ ਜਾਣ ਵਾਲੇ ਟਾਟ ਤੋਂ ਬਾਅਦ ਆਈ ਤਬਦੀਲੀ ਨੇ ਸਾਨੂੰ ਕਮਲ ਜਿਹਾ ਪਾ ਦਿੱਤਾ!!ਬਹੁਤ ਸਾਰੇ ਪ੍ਰਾਹੁਣਿਆਂ ਦਾ ਇਕੱਠਾ ਖਾਣਾ ਸ਼ੁਰੂ ਕਰਨਾ,ਪਲੇਟ ਹੱਥ ਚ ਪਕੜ ਲੰਬੀ ਲਾਈਨ ਚ ਵਾਰੀ ਦੀ ਉਡੀਕ ਕਰਨ ਸਮੇਂ ….ਸਹਿਜ ਭਾਵ ਮਨ ਚ ਗੱਲ ਲਿਆ ਦੇਂਦਾ ਕਿ ਇੰਨੇ ਸਮੇਂ ਬਾਅਦ ਵਾਰੀ ਮਿਲੀ ਹੈ,ਇੱਕੋ ਵਾਰ ਪਲੇਟ ਭਰ ਲਵੋ…ਕਿਹੜਾ ਮੁੜ ਲਾਈਨ ਚ ਲਗੇਗਾ!!ਭਾਵੇਂ ਕੁਝ ਸਿਆਣੇ ਲੋਕ ਥੋੜਾ ਖਾਣਾ ਆਪਣੀ ਪਲੇਟ ਚ ਪਾ,ਪਿਛੇ...
ਹੋ ਜਾਂਦੇ ਹਨ ਤੇ ਦੋਬਾਰਾ ਲੋੜ ਪੈਣ ਤੇ ਹੀ ਲੈਂਦੇ ਹਨ ….ਪਰ ਵੱਡਾ ਹਿੱਸਾ ਲੋਕਾਂ ਦਾ ਭਰੀ ਪਲੇਟ ਚੋਂ ਥੋੜਾ ਖਾਕੇ ਬਾਕੀ ਅੱਖ ਬਚਾ ਕੇ ਡਸਟਬਿਨ ਚ ਬੜੀ ਹੁਸ਼ਿਆਰੀ ਨਾਲ ਪਾ ਦੇਂਦੇ ਹਨ……..ਤੇ ਉਹ ਖਾਣਾ ਸਿੱਧਾ ਕਚਰੇ ਦੇ ਢੇਰ ਤੇ ਪਹੁੰਚ ਜਾਂਦਾ ਹੈ!!ਇਹ ਦੇਖ ਕੇ ਮੈਨੂੰ ਅਕਸਰ ਯੂਨੀਵਰਸਿਟੀ ਦੀ ਮੈੱਸ ਦੇ ਬਾਹਰ ਲਿਖੀਆਂ ਲਾਈਨਾਂ ਯਾਦ ਆ ਜਾਂਦੀਆਂ ਨੇ ਤੇ ਅਕਸਰ ਸੋਚਦਾਂ ਕਿ ਇਥੇ ਮੀਡੀਆ ਤੇ ਚਾਰ ਕੁ ਅੱਖਰ ਲਿਖਣ ਤੋਂ ਵਧ ਹੋਰ ਕੁਝ ਨਹੀਂ ਹੋ ਸਕਦਾ……..
ਕਿਓਂਕਿ ਇਸ ਕੀਮਤੀ ਖਾਣੇ ਦੀ ਅਹਿਮੀਅਤ ਸਾਨੂੰ ਹਰੇਕ ਇਨਸਾਨ ਨੂੰ ਖੁਦ ਸਮਝਣੀ ਹੋਵੇਗੀ ..ਤੇ ਸੋਚਣਾ ਹੋਵੇਗਾ ਓਹਨਾਂ ਲੋਕਾਂ ਪ੍ਰਤੀ…
*ਜਿਹੜੇ ਕਚਰੇ ਦੇ ਢੇਰ ਚੋਂ ਜੂਠੀਆਂ ਪੱਤਲਾਂ ਚੱਟਦੇ ਹਨ..
*ਗਰੀਬ ਮਜ਼ਦੂਰ ਲੋਕ ਜਿਹਨਾਂ ਦੇ ਵੱਡੇ ਪ੍ਰੀਵਾਰ ਤੇ ਕਮਾਈਆਂ ਛੋਟੀਆਂ ਹਨ…
*ਬਹੁਤ ਸਾਰੇ (ਕੁਝ ਮੱਧ ਵਰਗੀ ਪ੍ਰੀਵਾਰ ਵੀ)ਜਿਹੜੇ ਆਪਣੇ ਘਰ ਦੇ ਬਜਟ ਨੂੰ ਖਾਣੇ ਚ ਕਟੌਤੀ ਲਗਾ ਕਰ ਬੈਲੇਂਸ ਕਰਨ ਦੀ ਕੋਸ਼ਿਸ਼ ਚ ਹੁੰਦੇ ਹਨ ….
ਹੋਰ ਗੁਰਬਾਣੀ ਅੰਦਰ ਵੀ ਅੰਨ ਨੂੰ ਦੇਵਤਾ ਕਿਹਾ ਗਿਆ ਹੈ ,”ਅੰਨ ਦੇਵਤਾ,ਪਾਣੀ ਦੇਵਤਾ …”..ਕਿਓਂਕਿ ਅੰਨ ਪੇਟ ਦੀ ਜਰੂਰਤ ਹੈ..ਇਸ ਲਈ ਇਸਨੂੰ ਵਿਅਰਥ ਗੁਆਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ!!ਮੈਂ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਚ ਪ੍ਰੈਗਰਾਮ ਦੇਖੇ ਹਨ,ਓਥੇ ਅੱਜ ਵੀ ਜ਼ਮੀਨ ਤੇ ਬਿਠਾ ਕੇ ਸ਼ਰੀਕੇ ਦੇ ਮੁੰਡਿਆਂ ਵੱਲੋਂ ਬਿਨਾਂ ਚਮਚਿਆਂ ਤੋਂ ਹੱਥਾਂ ਨਾਲ ਖਾਣਾ ਖੁਆਇਆ ਜਾਂਦਾ ਹੈ,ਦੇਖ ਕੇ ਬਚਪਨ ਯਾਦ ਆ ਜਾਂਦਾ ਹੈ!!
ਅੱਜ ਦੇ ਰੁਝੇਵੇਂ ਭਰੇ ਸਮੇਂ ਚ ਸਾਡੇ ਸਮਾਜ ਚ ਵਿਆਹ ਸ਼ਾਦੀਆਂ ਘਰਾਂ ਚ ਕਰਨਾ ਲਗਭਗ ਅਸੰਭਵ ਜਿਹਾ ਹੋ ਗਿਆ ਹੈ ਕਿਓਂਕਿ ਜਿੰਨੇ ਪ੍ਰਾਹੁਣੇ ਅਸੀਂ ਬੁਲਾਉਂਦੇ ਹਾਂ,ਉਹ ਘਰ,ਮੁਹੱਲੇ ਚ ਆਸਾਨੀ ਨਾਲ ਸਮਾ ਨਹੀਂ ਸਕਦੇ,,,,,ਪਰ ਖਾਣੇ ਨੂੰ ਵਿਅਰਥ ਗੁਆਉਣ ਤੋਂ ਗੁਰੇਜ਼ ਜਰੂਰ ਕਰਨਾ ਚਾਹੀਦਾ ਹੈ,,,!!ਇਸ ਲਈ ਪੈਲੇਸ,ਰਿਜ਼ੋਰਟ ਚ ਖਾਂਦੇ ਸਮੇਂ ਸਾਨੂੰ ਸਭ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿਓਂਕਿ ਖਾਣਾ ਖਾਣ ਦਾ ਸਾਡਾ ਢੰਗ,ਸਾਡੇ ਸਭਿਅਕ ਹੋਣ ਦੇ ਮਿਆਰਾਂ ਚੋਂ ਇੱਕ ਵੀ ਹੈ …..ਆਓ ਇਸ ਮਿਆਰ ਨੂੰ ਨਿਭਾਈਏ!!
ਇੰਜੀ ਪ੍ਰੇਮ ਸਿੰਘ ਕਲੇਰ
9646113251
ਅੰਮ੍ਰਿਤਸਰ