ਘਰ ‘ਚ ਪਈ ਵੱਡੇ ਵੀਰ ਦੀ ਲੋਥ, ਪਿੰਡ ਦਾ ਇਕੱਠ, ਮੋਜੂਦਾ ਐੱਮ.ਐੱਲ.ਏ ਦੀਆ ਗੱਡੀਆ ਨਾਲ ਭਰਿਆ ਵਿਹੜਾ, ਲਾਸ਼ ਕੋਲ ਚੂੜਾ ਪਾਈ ਗੁੰਮਸੁਮ ਬੈਠੀ ਮੇਰੀ ਭਾਬੀ, ਵੈਣ ਪਾਉਦੀ ਮੇਰੀ ਮਾਂ ਤੇ ਘਰ ਦੀ ਦਹਿਲੀਜ਼ ਤੇ ਹਾਉਕੇ ਲੈ ਰਿਹਾ ਮੇਰਾ ਬਾਪੂ, ਮੈਨੂੰ ਤਾਂ ਯਕੀਨ ਹੀ ਨਹੀ ਸੀ ਆ ਰਿਹਾ ਕਿ ਜਿਊਦਾ-ਜਾਗਦਾ ਮੇਰਾ ਵੱਡਾ ਵੀਰ ਸਾਡੇ ਹੱਸਦੇ-ਵੱਸਦੇ ਪਰਿਵਾਰ ਨੂੰ ਖੈਰੂੰ-ਖੈਰੂੰ ਕਰ ਗਿਆ ਸੀ ???
ਮੈਂ ਤਾ ਹਾਲੇ ਗਰਮ ਖ਼ਿਆਲੀ ਸਾਂ ਪਰ ਵੀਰ ਨੇ ਕਦੇ ਵੀ ਸੁਭਾਅ ਵਿੱਚ ਤਲ਼ਖੀ ਨਾ ਲਿਆਦੀ, ਬੜੇ ਹੀ ਸਹਿਜ-ਮਤੇ ਵਾਲਾ ਸੀ। ਉਸਦਾ ਇੱਕ ਹੀ ਸੁਪਨਾ ਸੀ ਸਰਕਾਰੀ ਅਧਿਆਪਕ ਬਣਨ ਦਾ, ਮੇਰੀ ਮਾਂ ਦੀਆ ਦੁਆਵਾਂ ਤੇ ਉਸਦੀ ਮਿਹਨਤ ਤੇ ਲਗਨ ਨੇ ਉਸਦਾ ਨੈੱਟ ਤੇ ਟੈੱਟ ਦਾ ਪੇਪਰ ਪਹਿਲੀ ਵਾਰ ਹੀ ਕਲੀਅਰ ਕਰਵਾ ਦਿੱਤਾ ਪਰ ਹਰ ਵਾਰ ਨੌਕਰੀ ਮਿਲਣ ਸਮੇ ਕਿਸਮਤ ਧੋਖਾ ਦੇ ਜਾਦੀ ਸੀ ਜਾ ਕਹਿ ਲਵੋ ਕਿ ਰਿਸ਼ਵਤ ਜਾ ਫਿਰ ਜਾਤੀ ਕੋਟਾ ਪਰ ਫਿਰ ਵੀ ਉਸਨੇ ਹਾਰ ਨਾ ਮੰਨੀ ਉਸਨੇ ਪ੍ਰਾਈਵੇਟ ਸਕੂਲ ‘ਚ ਨੌਕਰੀ ਕਰ...
ਲਈ ਤੇ ਸ਼ਾਮੀ ਟਿਊਸ਼ਨ ਪੜਾਉਣ ਲੱਗਾ, ਹਰੇਕ ਬੇਰੁਜਗਾਰੀ ਵਾਲੇ ਧਰਨਿਆਂ ਵਿੱਚ ਉਸਦੀ ਸ਼ਮੂਲੀਅਤ ਹੁੰਦੀ, ਅੱਜ ਸਵੇਰ ਵੀ ਉਹ ਧਰਨੇ ਤੇ ਹੀ ਗਿਆ ਸੀ ਪਰ ਪੁਲਿਸ ਦੀ ਖਿੱਚ-ਧੂਹ ਵੇਲੇ ਉਸਦੇ ਸਿਰ ਤੇ ਵੱਜੀ ਡਾਂਗ ਨੇ ਉਸਨੂੰ ਲਹੂ-ਲੁਹਾਣ ਕਰ ਜਮੀਨ ਤੇ ਢੇਰੀ ਕਰ ਦਿੱਤਾ ਤੇ ਭੀੜ ਖਿੰਡ ਗਈ।
ਭੋਗ ਵਾਲੇ ਦਿਨ ਮੰਤਰੀ ਦਾ ਪੀ.ਏ ਆਇਆ ਤੇ ਉਹਨੇ ਆਖਿਆ ਕਿ ਮ੍ਰਿਤਕ ਪਰਿਵਾਰ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਇਹ ਸੁਣ ਭੁੱਬ ਨਿੱਕਲ ਗਈ, ਸਿਆਣੇ ਸੱਚ ਹੀ ਆਖਦੇ ਆ ਕਿ ਜਿਸ ਘਰ ਵਖ਼ਤ ਪਿਆ ਉਹੀ ਜਾਣਦਾ ….ਮੇਰੇ ਹੱਥ ਵਿੱਚ ਫੜਿਆ ਨੌਕਰੀ ਦਾ ਕਾਗਜ ਉਹ ਮੰਤਰੀ ਕੀ ਜਾਣਨ ਕਿ ਇਹ ਕਾਗਜ਼ ਮੇਰੀ ਮਾਂ ਤੇ ਭਾਬੀ ਦੀਆ ਵਲੂੰਦਰੀਆਂ ਆਦਰਾਂ ਨੂੰ ਕਦੀ ਵੀ ਸ਼ਾਤੀ ਨਹੀ ਦੇ ਸਕਦਾ।
ਕਮਲ ਕੌਰ