ਤੀਹ ਸਾਲ ਪਹਿਲੋਂ ਵਿਆਹ ਮਗਰੋਂ ਇਹ ਮੈਨੂੰ ਛੇਤੀ ਹੀ ਚੰਡੀਗੜ੍ਹ ਲੈ ਆਏ..!
ਇਹ ਆਪ ਤਾਂ ਰੋਜ ਸੁਵੇਰੇ ਦਫਤਰ ਚਲੇ ਜਾਇਆ ਕਰਦੇ ਪਰ ਮੈਂ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..!
ਸਾਮਣੇ ਹੀ ਕੁਝ ਘਰ ਛੱਡ ਇੱਕ ਮਾਤਾ ਜੀ ਅਕਸਰ ਹੀ ਕੋਠੇ ਤੇ ਬੈਠੇ ਹਮੇਸ਼ਾਂ ਸਵੈਟਰ ਉਣਦੇ ਦਿਸ ਪਿਆ ਕਰਦੇ..ਇੱਕ ਦੋ ਵਾਰ ਨਜਰਾਂ ਮਿਲੀਆਂ ਤਾਂ ਮੈਂ ਸਤਿ ਸ੍ਰੀ ਅਕਾਲ ਬੁਲਾ ਦਿੱਤੀ..ਉਹ ਬੜਾ ਖੁਸ਼ ਹੋਏ..ਮੂਹੋਂ ਮੈਨੂੰ ਕੁਝ ਆਖਿਆ ਵੀ ਪਰ ਪਤੰਗਾਂ ਚੜਾਉਂਦੇ ਨਿਆਣਿਆਂ ਦਾ ਰੌਲਾ..ਮੈਨੂੰ ਕੁਝ ਵੀ ਸੁਣਿਆ ਨਾ ਗਿਆ!
ਕੁਝ ਦਿਨ ਬਾਅਦ ਦੂਰੋਂ ਹੀ ਇੱਕ ਅੱਧ-ਬੁਣੀ ਕੋਟੀ ਵਿਖਾਉਂਦੇ ਹੋਏ ਇਸ਼ਾਰਿਆਂ ਨਾਲ ਪੁੱਛਣ ਲੱਗੇ ਕਿਦਾਂ ਲੱਗੀ?
ਆਖ ਦਿੱਤਾ..ਬਹੁਤ ਸੋਹਣੀ..ਬੜਾ ਖੁਸ਼ ਹੋਏ!
ਅਗਲੇ ਦਿਨ ਵੇਖਿਆ ਅੱਧੀ ਕੋਟੀ ਉਣ ਵੀ ਧਰੀ ਸੀ..ਪਰ ਖਾਸ ਗੱਲ ਇਹ ਸੀ ਕੇ ਬੁਣਤੀ ਦੇ ਐਨ ਵਿਚਕਾਰ ਇੱਕ ਸਰੋਂ ਰੰਗੀ ਧਾਰੀ ਜਿਹੀ ਵੀ ਸੀ..ਅੱਜ ਫੇਰ ਓਹਨਾ ਓਹੀ ਗੱਲ ਪੁੱਛੀ ਤਾਂ ਮੇਰਾ ਵੀ ਅੱਗਿਓਂ ਓਹੀ ਜਵਾਬ ਸੀ..ਮੇਰਾ ਜਵਾਬ ਸੁਣ ਮਾਤਾ ਜੀ ਦੀਆਂ ਗਲ਼ਾਂ ਤੇ ਪੱਸਰ ਗਿਆ ਗੁਲਾਬੀ ਜਿਹਾ ਰੰਗ ਪਤਾ ਨੀ ਧੁੱਪ ਕਰਕੇ ਸੀ ਤੇ ਜਾਂ ਫੇਰ ਮੇਰੇ ਵੱਲੋਂ ਕੀਤੀ ਤਾਰੀਫ ਕਰਕੇ!
ਮਗਰੋਂ ਫੇਰ ਇਹ ਰੋਜਾਨਾ ਦਾ ਇੱਕ ਸਿਲਸਿਲਾ ਜਿਹਾ ਬਣ ਗਿਆ..ਸਾਰੀ ਦੁਪਹਿਰ ਬੈਠੇ ਸਵੈਟਰ ਉਣਦੇ ਰਹਿੰਦੇ ਫੇਰ ਦੁਪਹਿਰ ਵੇਲੇ ਉੱਠ ਹੇਠਾਂ ਚਲੇ ਜਾਂਦੇ!
ਇੱਕ ਵੇਰ ਉਹ ਮਾਤਾ ਜੀ ਕਿੰਨੇ ਦਿਨ ਨਾ ਦਿਸੇ..ਇਹ ਦਫਤਰੋਂ ਆਏ ਤਾਂ ਇਹਨਾਂ ਨਾਲ ਗੱਲ ਕੀਤੀ..!
ਆਖਣ ਲੱਗੇ ਛੁੱਟੀ ਵਾਲੇ ਦਿਨ ਹੋ ਆਉਂਦੇ ਹਾਂ..ਪਤਾ ਵੀ...
ਲੈ ਆਵਾਂਗੇ ਤੇ ਨਾਲੇ ਮਿਲ ਕੇ ਖੁੱਲੀਆਂ ਗੱਲਾਂ ਬਾਤਾਂ ਵੀ ਹੋ ਜਾਣਗੀਆਂ..!
ਐਤਵਾਰ ਪੁੱਛਦੇ ਹੋਏ ਓਥੇ ਅੱਪੜੇ ਤਾਂ ਅੱਗੇ ਜੰਦਰਾ ਲੱਗਾ ਸੀ..
ਸਾਮਣੇ ਮੁਨਿਆਰੀ ਦੀ ਦੁਕਾਨ ਵਾਲਾ ਦੱਸਣ ਲੱਗਾ ਕੇ ਉਹ ਤੇ ਕੁਝ ਦਿਨ ਪਹਿਲਾਂ ਪਿੰਡ ਗਏ ਓਥੇ ਹੀ ਚੜਾਈ ਕਰ ਗਏ ਨੇ..ਸੰਸਕਾਰ ਵੀ ਓਥੇ ਹੀ ਕਰ ਦਿੱਤਾ..!
ਏਨੀ ਗੱਲ ਸੁਣ ਇਹ ਤਾਂ ਚੁੱਪ ਜਿਹੇ ਕਰ ਗਏ ਪਰ ਮੇਰੇ ਪਰਲ ਪਰਲ ਹੰਜੂ ਵਗ ਤੁਰੇ..ਘੜੀ ਕੂ ਮਗਰੋਂ ਇਹ ਮੈਨੂੰ ਆਸਰਾ ਜਿਹਾ ਦੇ ਕੇ ਵਾਪਿਸ ਲਿਆਉਣ ਲੱਗੇ ਕੇ ਦੁਕਾਨ ਵਾਲੇ ਨੇ ਮਗਰੋਂ ਵਾਜ ਮਾਰ ਲਈ..ਪੁੱਛਣ ਲੱਗਾ ਕੇ ਤੁਸੀਂ ਇਹਨਾਂ ਦੇ ਮਗਰ ਹੀ ਰਹਿੰਦੇ ਹੋ ਨਾ..ਨਵੇਂ ਨਵੇਂ ਹੀ ਇਥੇ ਸ਼ਿਫਟ ਹੋਏ ਓ ਨਾ..?
ਅੱਗਿਓਂ ਹਾਂਜੀ ਆਖਿਆ ਤਾਂ ਉਹ ਓਸੇ ਵੇਲੇ ਕਾਹਲੀ ਨਾਲ ਅੰਦਰ ਜਾ ਪਲਾਸਟਿਕ ਦਾ ਇੱਕ ਲਫਾਫਾ ਚੁੱਕ ਲਿਆਇਆ..!
ਫੇਰ ਉਹ ਲਫਾਫਾ ਸਾਨੂੰ ਫੜਾਉਂਦਾ ਹੋਇਆ ਆਖਣ ਲੱਗਾ ਕੇ ਪਿੰਡ ਜਾਂਦੇ ਹੋਏ ਅੰਕਲ ਜੀ ਆਖ ਗਏ ਸਨ ਕੇ ਮੇਰੇ ਮਗਰੋਂ ਇੱਕ ਨਵਾਂ ਵਿਆਹਿਆ ਜੋੜਾ ਆਵੇਗਾ..ਇਹ ਲਫਾਫਾ ਓਹਨਾ ਨੂੰ ਫੜਾ ਦੇਵੀਂ..!
ਹੈਰਾਨ ਹੋਈ ਨੇ ਅੰਦਰ ਵੇਖਿਆ ਤਾਂ ਸਰੋਂ ਰੰਗੀ ਕਿਨਾਰੀ ਵਾਲੀ ਉਨਾਬੀ ਰੰਗ ਦੀ ਇੱਕ ਕੋਟੀ ਬੜੇ ਹੀ ਸਲੀਕੇ ਨਾਲ ਤਹਿ ਲਾ ਕੇ ਰੱਖੀ ਹੋਈ ਸੀ..!
ਹਰਪ੍ਰੀਤ ਸਿੰਘ ਜਵੰਦਾ