More Punjabi Kahaniya  Posts
ਉੱਖੜੇ ਰਾਹ – ਭਾਗ ਤੀਜਾ


ਭਾਗ ਤੀਜਾ

ਤੁਸੀਂ ਪਹਿਲੇ ਤੇ ਦੂਜੇ ਭਾਗ ਵਿੱਚ ਮੀਤੋ ਦੇ ਵਿਆਹ ਤੇ ਬੱਚਿਆਂ ਵਾਰੇ ਪੜ ਲਿਆ ਹੈ ਫਿਰ ਚੰਦਨ ਦੇ ਇੱਕ ਦਮ ਬਦਲ ਜਾਣ ਵਾਰੇ ਵੀ ਪੜ ਲਿਆ ਹੈ, ਫੇਰ ਚੰਦਨ ਦੇ ਬੀਮਾਰ ਤੋਂ ਬਾਅਦ ਚੰਦਨ ਦੇ ਮੌਤ ਤੱਕ ਦਾ ਸਫ਼ਰ ਪੜ ਲਿਆ ਹੈ, ਅੱਗੇ ਤੀਜੇ ਭਾਗ ਵਿੱਚ ਤੁਸੀਂ ਚੰਦਨ ਦੀ ਮੌਤ ਤੋਂ ਬਾਅਦ ਮੀਤੋ ਦੀ ਹਾਲਤ ਵਾਰੇ ਪੜੋਗੇ,,,

        ਮੀਤੋ ਦੀਆਂ ਚੀਕਾਂ ਸੁਣ ਕੇ ਸਾਰਾ ਹਸਪਤਾਲ ਇੱਕਠਾ ਹੋ ਗਿਆ, ਡਾਕਟਰ ਵੀ ਇੱਕ ਦਮ ਭੱਜ ਕੇ ਇਕੱਠੇ ਹੋ ਗਏ, ਜਦੋਂ ਡਾਕਟਰ ਨੇ ਚੰਦਨ ਦੀ ਧੜਕਣ ਚੈੱਕ ਕੀਤੀ ਤਾਂ ਧੜਕਣ ਰੁਕੀ ਪਈ ਸੀ, ਡਾਕਟਰ ਵੀ ਹੈਰਾਨ ਸੀ ਕਿ ਉਹ ਚੰਦਨ ਨੂੰ ਬੋਲਦਾ ਛੱਡ ਕੇ ਗਿਆ ਸੀ, ਚੰਦਨ ਇਸ ਤਰ੍ਹਾਂ ਕਿਵੇਂ ਮਰ ਸਕਦਾ ਹੈ, ਮੀਤੋ ਚੀਕਾਂ ਮਾਰਦੀ ਮਾਰਦੀ ਬੇਹੋਸ਼ ਹੋ ਗਈ, ਸਭ ਦਾ ਧਿਆਨ ਚੰਦਨ ਦੀ ਮੌਤ ਚੋਂ ਹੱਟ ਕੇ ਮੀਤੋ ਵੱਲ ਹੋ ਗਿਆ, ਡਾਕਟਰ ਨੇ ਮੀਤੋ ਦੀ ਨਬਜ਼ ਫੜ ਕੇ ਦੇਖੀ, ਨਬਜ਼ ਚੱਲ ਰਹੀ ਸੀ, ਮੀਤੋ ਨੂੰ ਚੱਕ ਕੇ ਬੈਡ ਤੇ ਪਾਇਆ ਤੇ ਦੇਖਿਆ ਮੀਤੋ ਨੂੰ ਦੰਦਣ ਪੈ ਗਈ ਸੀ , ਡਾਕਟਰ ਨੇ ਮੀਤੋ ਦੀ ਦੰਦਣ ਖੋਲ੍ਹੀ, ਤੇ ਦਵਾਈ ਦੇ ਕੇ ਮੀਤੋ ਨੂੰ ਹੋਸ਼ ਚ ਲਿਆਂਦਾ ਗਿਆ, ਮੀਤੋ ਨੂੰ ਹੋਸ਼ ਆਈ, ਮੀਤੋ ਨਾ ਰੋਈ ਨਾ ਚੀਕੀ ਬੱਸ ਚੰਦਨ ਵੱਲ ਦੇਖਦੀ ਰਹੀ।
                                                 ਚੰਦਨ ਦੀਆਂ ਰਿਪੋਰਟਾਂ ਅਨੁਸਾਰ ਚੰਦਨ ਨੂੰ ਕੈਂਸਰ ਹੋ ਗਿਆ ਸੀ, ਚੰਦਨ ਦਾ ਪੋਸਟਮਾਰਟਮ ਕਰਕੇ ਛੁੱਟੀ ਦਿੱਤੀ ਗਈ, ਸਾਰੇ ਪਿੰਡ ਚ ਚੰਦਨ ਦੀ ਮੌਤ ਦੀ ਹਾਹਾਕਾਰ ਮੱਚ ਗਈ ਸੀ, ਸਾਰੇ ਪਿੰਡ ਨੇ ਚੰਦਨ ਦੀ ਮੌਤ ਦਾ ਦੁੱਖ ਮਨਾਇਆ, ਪਿੰਡ ਦੇ ਲੋਕ ਚੰਦਨ ਦੇ ਮਰੇ ਸਰੀਰ ਨੂੰ ਘਰ ਲੈਂ ਕੇ ਆਏ, ਸਾਰਾ ਪਿੰਡ ਚੰਦਨ ਦੇ ਘਰ ਸੀ, ਰੋਣ ਧੋਣ ਦੀਆਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸੀ, ਮੀਤੋ ਚੁੱਪ ਸੀ ਨਾ ਉਹ ਰੋ ਰਹੀ ਸੀ ਨਾ ਬੋਲ ਰਹੀ ਸੀ, ਮੀਤੋ ਜਿਵੇਂ ਪੱਥਰ ਦੀ ਮੂਰਤੀ ਹੀ ਬਣ ਗਈ ਸੀ, ਪਿੰਡ ਨੇ ਰਲ ਕੇ ਚੰਦਨ ਦੇ ਸੰਸਕਾਰ ਦਾ ਪ੍ਰਬੰਧ ਕੀਤਾ, ਚੰਦਨ ਨੂੰ ਜਦੋਂ ਅਰਥੀ ਤੇ ਪਾ ਕੇ ਲੈਂ ਕੇ ਜਾਣ ਲੱਗੇ, ਮੀਤੋ ਫੇਰ ਉੱਚੀ ਉੱਚੀ ਚੀਕੀ ਚੰਦਨਾ ਮੈਨੂੰ ਇੱਕਲੀ ਨੂੰ ਛੱਡ ਕੇ ਹੀ ਤੁਰ ਗਿਆ, ਤੂੰ ਤਾਂ ਮੇਰੇ ਨਾਲ ਉਮਰਾਂ ਦੇ ਵਾਅਦੇ ਕੀਤੇ ਸੀ, ਕਿਉਂ ਕੀਤਾ ਤੂੰ ਮੇਰੇ ਨਾਲ ਇਸ ਤਰ੍ਹਾਂ, ਚੰਦਨਾ ਤੂੰ ਕਿਸ ਸਹਾਰੇ ਮੈਨੂੰ ਛੱਡ ਕੇ ਤੁਰ ਗਿਆ, ਉਹ ਉੱਚੀ ਉੱਚੀ ਚੀਕਦੀ ਰਹੀ, ਸਾਰੇ ਪਾਸੇ ਸੰਨਾਟਾ ਸੀ ਪਰ ਮੀਤੋ ਦੀਆਂ ਚੀਕਾਂ ਆਸਮਾਨ ਨੂੰ ਪਾਟ ਰਹੀਆਂ ਸਨ,  ਚੰਦਨ ਨੂੰ ਉਸੇ ਸਿਵਿਆਂ ਵਿੱਚ ਲੈਂ ਕੇ ਗਏ, ਜਿਥੋਂ ਚੰਦਨ ਤੇ ਮੀਤੋ ਮਿਲ ਕੇ ਭੱਜੇ ਸੀ, ਚੰਦਨ ਨੇ ਉਸੇ ਸਿਵਿਆਂ ਕੋਲ ਮੀਤੋ ਨੂੰ ਕਿਹਾ ਸੀ , ਕਿ ਮੀਤੋ ਜੇ ਤੂੰ ਮੇਰੇ ਨਾਲ ਨਹੀਂ ਜਾਏਗੀ ਤਾਂ ਮੈਂ ਜੋੜੇ ਖੂਹ ਚ ਸਾਲ ਮਾਰ ਕੇ ਮਰ ਜਾਊਂਗਾ, ਮੀਤੋ ਸਾਰੇ ਲੋਕਾਂ ਨੂੰ ਛੱਡ ਕੇ ਜੋੜੇ ਖੂਹ ਤੇ ਗਈ, ਪਿੰਡ ਖੜਾ ਦੇਖਦਾ ਰਿਹਾ, ਮੀਤੋ ਨੇ ਖੂਹ ਦੇ ਪਾਣੀ ਵਿੱਚ ਦੇਖਿਆ ਤੇ ਉੱਚੀ ਉੱਚੀ ਰੋਈ ਚੰਦਨ ਇਹੀ ਖੂਹ ਕੋਲ ਮਿਲੇ ਸੀ ਆਪਾਂ ਇਸੇ ਖੂਹ ਕੋਲ ਵੱਖ ਹੋ ਰਹੇ ਹਾਂ, ਮੀਤੋ ਨੇ ਖੂਹ ਚ ਛਾਲ ਮਾਰਨੀ ਚਾਹੀ ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਰੋਕ ਲਿਆ, ਉਹ ਉੱਚੀ ਉੱਚੀ ਬੋਲਦੀ ਰਹੀ ਮਰਨ ਦਿਓ ਮੈਨੂੰ ਵੀ ਮੇਰੇ ਚੰਦਨ ਕੋਲ ਜਾਣ ਦਿਓ ਮੈਨੂੰ ਵੀ, ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਫੜ ਕੇ ਮਰਨ ਤੋਂ ਰੋਕਿਆ, ਚੀਕਦੀ ਨੂੰ ਖੂਹ ਚੋਂ ਇੱਕ ਆਵਾਜ਼ ਆਈ, ਮੀਤੋ ਮੈਂ ਤੇਰੇ ਨਾਲ ਹੀ ਹਾਂ ਤੇਰੇ ਅੰਦਰ, ਤੇਰੇ ਕੋਲ ਮੇਰੀ ਨਿਸ਼ਾਨੀ ਹੈ ਕੁੜੀਆਂ ਉਹਨਾਂ ਨੂੰ ਸੰਭਾਲ ਕੇ ਰੱਖੀ, ਮੀਤੋ ਨੇ ਖੂਹ ਵਿੱਚ ਦੇਖਿਆ, ਖੂਹ ਚ ਪਾਣੀ ਸੀ ਨਾ ਕੋਈ ਆਵਾਜ਼ ਸੀ, ਲੋਕਾਂ ਨੇ ਫੜ ਕੇ ਮੀਤੋ ਨੂੰ ਖੂਹ ਤੋਂ ਦੂਰ ਕਰ ਦਿੱਤਾ, ਤੇ ਚੰਦਨ ਦੀ ਚਿਤਾ ਨੂੰ ਲਾਂਬੂ ਲਗਾ ਦਿੱਤਾ, ਜਿਵੇਂ ਜਿਵੇਂ ਚੰਦਨ ਦੀ ਚਿਤਾ ਨੂੰ ਅੱਗ ਚੜ੍ਹਦੀ ਗਈ, ਮੀਤੋ ਦੀ ਚੀਕਾਂ ਆਸਮਾਨ ਨੂੰ ਛੂੰਹਦੀਆਂ ਗਈਆਂ, ਚਿਤਾ ਨੂੰ ਲਾਂਬੂ ਲਗਾ ਕੇ ਪਿੰਡ ਦੇ ਲੋਕਾਂ ਨੇ ਗੁਰਦੁਆਰੇ ਅਰਦਾਸ ਕਰਵਾ ਦਿੱਤੀ, ਅਰਦਾਸ ਕਰਵਾ ਕੇ ਕੁਝ ਲੋਕ ਤਾਂ ਘਰਾਂ ਨੂੰ ਆ ਗਏ, ਤੇ ਕੁਝ ਮੀਤੋ ਨਾਲ ਘਰ ਆ ਗਏ, ਮੀਤੋ ਰੋਂਦੀ ਰਹੀ, ਤੇ ਰੱਬ ਨੂੰ ਤਾਨੇ ਦਿੰਦੀ ਰਹੀ, ਤੀਜੇ ਦਿਨ ਚੰਦਨ ਦੇ ਫੁੱਲ ਚੁਕੇ ਗਏ, ਦੱਸ ਦਿਨਾਂ ਤੋਂ ਭੋਗ ਪਾ ਕੇ ਚੰਦਨ ਦੀ ਅੰਤਿਮ ਅਰਦਾਸ ਕੀਤੀ ਗਈ, ਚੰਦਨ ਦੀ ਅੰਤਿਮ ਅਰਦਾਸ ਤੋਂ ਬਾਅਦ ਕੁਝ ਲੋਕਾਂ ਨੇ ਮੀਤੋ ਨੂੰ ਗਰੀਬ ਸਮਝ ਕੇ ਦਾਨ ਵੀ ਦਿੱਤਾ,

ਪਰ ਹੁਣ ਰੋਲਾ ਘਰ ਦਾ ਸੀ ਮੀਤੋ ਹੁਣ ਘਰੋਂ ਵੀ ਬੇਘਰ ਸੀ, ਪਿੰਡ ਦੇ ਲੋਕਾਂ ਨੇ ਮੀਤੋ ਦੇ ਘਰ ਲਈ ਸਰਪੰਚ ਨੂੰ ਬੇਨਤੀ ਕੀਤੀ, ਸਰਪੰਚ ਨੇ ਪਿੰਡ ਦੇ ਲੋਕਾਂ ਦੀ ਗੱਲ ਮੰਨ ਕੇ ਮੀਤੋ ਨੂੰ ਉਸੇ ਘਰ ਚੋਂ ਇੱਕ ਕਮਰਾ ਰਹਿਣ ਲਈ ਦੇ ਦਿੱਤਾ , ਮੀਤੋ ਪਿੰਡ ਦੇ ਲੋਕਾਂ ਚ ਵਿਚਾਰੀ ਬਣ ਕੇ ਰਹਿ ਗਈ, ਸਾਰੇ ਲੋਕ ਘਰੋਂ ਘਰੀਂ ਚਲੇ ਗਏ, ਚਾਚੀ ਦਿਆਲੋ ਮੀਤੋ ਕੋਲ ਆ ਕੇ ਰੋਜ਼ ਪੈ ਜਾਂਦੀ ਸੀ, ਚਾਚੀ ਦਿਆਲੋ ਮੀਤੋ ਨੂੰ ਘਰ ਦੀ ਮੈਂਬਰ ਹੀ ਲੱਗਦੀ ਸੀ, ਜਦੋਂ ਚਾਚੀ ਦਿਆਲੋ ਚੰਦਨ ਦੀ ਗੱਲ ਤੋਰਦੀ ਤਾਂ ਮੀਤੋ ਇਹੀ ਕਹਿ ਕੇ ਚੁੱਪ ਹੋ ਜਾਂਦੀ ਚੰਦਰਾਂ ਉਹ ਤਾਂ ਪਹਿਲਾਂ ਹੀ ਮੋਹ ਤੋੜ ਗਿਆ ਸੀ ਮੈਂ ਹੀ ਨਾ ਸਮਝ ਪਾਈ , ਮੀਤੋ ਚੰਦਨ ਨੂੰ ਯਾਦ ਕਰ ਕਰ ਰੋਂਦੀ ਰਹਿੰਦੀ ਸੀ, ਪਰ ਚਾਚੀ ਦਿਆਲੋ ਮੀਤੋ ਦਾ ਇੱਕ ਸਹਾਰਾ ਸੀ, ਚੰਦਨ ਮੁੱਕੇ ਨੂੰ ਮਹੀਨਾ ਹੋ ਗਿਆ, ਪਿੰਡ ਦੇ ਲੋਕਾਂ ਦਾ ਦਿੱਤਾ ਦਾਨ ਮੀਤੋ ਕੋਲ ਮਹੀਨਾ ਚੱਲਿਆ, ਕਿਸੇ ਦੇ ਹੱਥਾਂ ਵੱਲ ਆਖਰ ਉਹ ਕਿੰਨਾ ਚਿਰ ਤੱਕਦੀ, ਇੱਕ ਨਾ ਇੱਕ ਦਿਨ ਤਾਂ ਉਹਨੂੰ ਕੰਮ ਤੇ ਜਾਣਾ ਹੀ ਪੈਣਾ ਸੀ, ਦਿਆਲੋ ਨੇ ਕਿਹਾ ਕੁੜੇ ਮੀਤੋ ਰੱਬ ਨੇ ਜੋ ਕਰਨੀ ਸੀ ਕਰਤੀ ਤੂੰ ਹੁਣ ਸਭ ਕੁਝ ਭੁੱਲ ਕੇ ਆਪਦੀਆਂ ਕੁੜੀਆਂ ਨੂੰ ਪਾਲ, ਇਹਨਾਂ ਬਲੂਰਾ ਦਾ ਕੀ ਕਸੂਰ, ਮੀਤੋ ਨੂੰ ਚਾਚੀ ਗੱਲ ਸੋਲਾਂ ਆਨੇ ਠੀਕ ਲੱਗੀ, ਮੀਤੋ ਅਗਲੇ ਦਿਨ ਕੰਮ ਤੇ ਗਈ, ਕੁੜੀਆਂ ਨੂੰ ਦਿਆਲੋ ਕੋਲ ਹੀ ਛੱਡ ਗਈ, ਤੇ ਸੰਤੋ ਬੁੜੀ ਨੇ ਮੀਤੋ ਨਾਲ ਬਹੁਤ ਹਮਦਰਦੀ ਦਿਖਾਈ, ਜੋ ਹੋਇਆ ਮਾੜਾ ਹੀ ਹੋਇਆ, ਪਰ ਹੁਣ ਕੀਤਾ ਵੀ ਕੀ ਜਾਵੇ, ਪੁੱਤ ਤੇਰੇ ਪੇਕੇ ਕਿਹੜੇ ਥਾਂ ਨੇ, ਬੇਬੇ ਮੇਰੇ ਪੇਕੇ
ਕਹਿ ਕੇ ਮੀਤੋ ਚੁੱਪ ਕਰ ਗਈ, ਮੀਤੋ ਮਨ ਹੀ ਮਨ ਸੋਚਣ ਲੱਗੀ ਜੇ ਮੈਂ ਚੰਦਨ ਨਾਲ ਭੱਜ ਕੇ ਨਾ ਆਉਂਦੀ ਤਾਂ ਅੱਜ ਮੇਰੇ ਮਾਪੇ ਮੇਰਾ ਸਾਰਾ ਕੁਝ ਕਰਦੇ, ਮੇਰਾ ਦੁੱਖ ਸੁੱਖ ਵੰਡਾਉਂਦੇ, ਮੈਨੂੰ ਕਦੇ ਉਹ ਕਿਸੇ ਦਾ ਗੋਹਾ ਕੂੜਾ ਨਾ ਸੁੱਟਣ ਦਿੰਦੇ, ਕੀ ਹੋਇਆ ਪੁੱਤ ਚੁੱਪ ਕਿਉਂ ਕਰਗੀ, ਕੁਛ ਨਹੀਂ ਬੇਬੇ ਮੇਰੇ ਪੇਕੇ ਹੈ ਹੀ ਨਹੀਂ, ਨਾ ਨੀਂ ਕੜਮੀਏ ਐਵੇਂ ਨਹੀਂ ਕਹਿੰਦੇ ਹੁੰਦੇ, ਪੇਕੇ ਤਾਂ ਪੇਕੇ ਹੀ ਹੁੰਦੇ ਨੇ, ਕੁੜੀਆਂ ਤਾਂ ਪੇਕਿਆਂ ਦੀਆਂ ਲੰਮੀਆਂ ਉਮਰਾਂ ਦੀਆਂ ਦੁਆਵਾਂ ਕਰਦੀਆਂ ਨੇ, ਪੇਕੇ ਤਾਂ ਕੁੜੀਆਂ ਦੀ ਪੂਛ ਹੁੰਦੇ ਨੇ, ਤਾਹੀਂ ਤਾਂ ਜਦੋਂ ਕੁੜੀਆਂ ਦੇ ਪੇਕਿਆਂ ਨੂੰ ਕੋਈ ਮਾੜਾ ਕਹਿ ਦੇਵੇ ਤਾਂ ਉਹਨਾਂ ਨੂੰ ਬੁਰਾ ਲੱਗਦੈ, ਪੁੱਤ ਗੁੱਸੇ ਗਿਲੇ ਤਾਂ ਹੁੰਦੇ ਹੀ ਰਹਿੰਦੇ ਨੇ, ਪੇਕਿਆਂ ਨਾਲੋ ਨੀ ਕਦੇ ਟੁੱਟਦਾ ਹੁੰਦਾ, ਪੇਕੇ ਹੀ ਕੁੜੀਆਂ ਨੂੰ ਵਿਆਹੁਣ ਵੇਲੇ ਸਾਰੀ ਉਮਰ ਵਰਤਣ ਲਈ ਦਾਜ ਦੇ ਦਿੰਦੇ ਨੇ ਫਿਰ ਮਰੀ ਤੋਂ ਵੀ ਕੱਪੜੇ ਪੇਕਿਆਂ ਤੋਂ ਆਉਂਦੇ ਨੇ, ਧੀਏ ਪੇਕੇ ਤਾਂ ਸਾਰੀ ਉਮਰ ਕਰਦੇ ਨੇ, ਸੰਤੋ ਬੇਬੇ ਦੀਆਂ ਗੱਲਾਂ ਸੁਣਦੇ‌ ਸੁਣਦੇ ਮੀਤੋ ਦੀ ਭੁੱਬ ਨਿਕਲ ਗਈ, ਕੀ ਹੋਇਆ ਪੁੱਤ ਰੋ ਨਾ ਮੇਰੀ ਧੀ, ਜੇ ਕੋਈ ਗੁੱਸਾ ਗਿਲਾ ਤਾਂ ਮੈਂ ਚੱਲ ਵੜੂ ਨਾਲ, ਕਹਿ ਆਊ ਕਿ ਕੁੜੀ ਨਿਆਣੀ ਐਂ, ਬੇਬੇ ਕਹਿ ਕੇ ਮੀਤੋ ਚੁੱਪ ਹੋ ਗਈ, ਸਾਹ‌ਮਣੇ ਸੰਤੋ ਦਾ ਮੁੰਡਾ ਨਿਹਾਲ ਖੜਾ ਸੀ, ਮਾਂ ਕੀ ਗੱਲਾਂ ਹੋ ਰਹੀਆਂ ਨੇ ਕੰਮ ਵਾਲੀ ਨਾਲ, ਮਾਂ ਕੰਮ ਵਾਲੀਆਂ ਨੂੰ ਬਹੁਤਾ ਮੂੰਹ ਨਹੀਂ ਲਗਾਈਦਾ ਹੁੰਦਾ, ਐਵੇਂ ਸਿਰ ਚੜ੍ਹ ਜਾਂਦੀਆਂ ਨੇ, ਵੇ ਨਾ ਵੇ ਚੰਦਰਿਆ ਜਾਤਾਂ ਪਾਤਾਂ ਤੇ ਊਚਾ-ਨੀਚਾਂ ਨਹੀਂ ਪਰਖਦੇ ਹੁੰਦੇ, ਵਾਹਿਗੁਰੂ ਨੇ ਸਭ ਨੂੰ ਬਰਾਬਰ ਹੀ ਬਣਾਇਆ, ਮਾਂ ਜਿੱਥੇ ਰੱਬ ਊਚ-ਨੀਚ, ਜਾਤ ਪਾਤ ਦੇਵੇ ਉਥੇ ਤਾਂ ਰੱਬ ਦੀ ਦੇਣ ਹੁੰਦੀ ਹੈ, ਉੱਥੇ ਜਾਤਾਂ ਪਾਤਾਂ ਊਚ-ਨੀਚ ਨਹੀਂ ਪਰਖਦੇ ਹੁੰਦੇ, ਪਰ ਜਿੱਥੇ ਜਾਤਾਂ ਪਾਤਾਂ ਬੰਦਾ ਖੁਦ ਬਦਲ ਲੈਂਦੈ, ਉੱਥੇ ਰੱਬ ਕਿਹੜੇ ਪਾਸੇਓ ਕਸੂਰਵਾਰ ਹੋ ਗਿਆ, ਵੇ ਕੀ ਭਕਾਈ ਮਾਰੀ ਜਾਣੈ, ਨਾ ਮੈਂ ਭਕਾਈ ਨਹੀਂ ਮਾਰਦਾ ਮਾਂ, ਤੂੰ ਆਪ ਹੀ ਆਪਦੀ ਕੰਮ ਵਾਲੀ ਤੋਂ ਪੁੱਛ ਕਿ ਇਹਨੇ ਕਿਵੇਂ ਘਰੋਂ ਨਿਕਲ ਕੇ ਜਾਤ ਬਦਲੀ, ਵੇ ਕਿਉਂ ਇਵੇਂ ਬਕੀ ਜਾਣੈ, ਇਵੇਂ ਗਰੀਬ ਤੇ ਇਲਜਾਮ ਨਹੀਂ ਲਗਾਉਂਦੇ ਹੁੰਦੇ, ਨਹੀਂ ਮਾਂ ਇਹ ਸੱਚ ਹੈ ਪੁੱਛ ਕੇ ਦੇਖ ਕਿ ਇਹ ਚੰਦਨ ਨਾਲ ਨਿਕਲ ਆਈ ਸੀ ਕਿ ਨਾ, ਪੁੱਛ ਇਹਨੂੰ ਇਹ ਆਪਣੇ ਪਿੰਡ ਦੀ ਕੁੜੀ ਹੈ ਜਾ ਨਹੀਂ, ਪੁੱਛ ਇਹਨੂੰ ਚੰਦਨ ਦੀ ਜ਼ਾਤ ਕੀ ਸੀ ਤੇ ਇਹਦੀ ਜ਼ਾਤ ਕੀ ਹੈ, ਮੀਤੋ ਦੀਆਂ ਅੱਖਾਂ ਚੋਂ ਦਲ ਦਲ ਹੰਝੂ ਬਹਿਣੇ ਸ਼ੁਰੂ ਹੋ ਗਏ, ਨਾ ਵੇ ਚੰਦਰਿਆ ਐਵੇਂ ਕਿਉਂ ਭੋਕੀ ਜਾਣੈ, ਜਾ ਇਥੋਂ ਤੁਰ ਜਾ ਮੇਰੇ ਤੋਂ ਐਵੇਂ ਛਿੱਤਰ ਨਾ ਖਾ ਲਵੀਂ, ਸੰਤੋ ਨੇ ਗੁੱਸੇ ਨਾਲ ਆਪਣੇ ਮੁੰਡੇ ਨੂੰ ਕਿਹਾ, ਦਿਆਲਾ ਉਥੋਂ ਤੁਰ ਗਿਆ, ਸੰਤੋ ਨੇ ਮੀਤੋ ਨੂੰ ਚੁੱਪ ਕਰਵਾਉਂਦਿਆਂ ਪਾਣੀ ਦਾ ਗਿਲਾਸ ਪੀਣ ਲਈ ਦਿੱਤਾ, ਦੇਖ ਪੁੱਤ ਮੈਨੂੰ ਤਾਂ ਤੇਰੇ ਵਾਰੇ ਤੇ ਤੇਰੇ ਮਾਪਿਆਂ ਵਾਰੇ ਕੁਝ ਪਤਾ ਨਹੀਂ, ਦੇਖ ਜੋ ਹੋ ਗਿਆ ਸੋ ਗਿਆ ਸੰਤੋ ਨੇ ਹਮਦਰਦੀ ਜਿਤਾਉਂਦਿਆਂ ਮੀਤੋ ਨੂੰ ਕਿਹਾ, ਦੇਖ ਪੁੱਤ ਮਾਪੇ ਤਾਂ ਮਾਪੇ ਹੀ ਹੁੰਦੇ ਨੇ, ਜੇ ਹੁਣ ਵੀ ਉਹਨਾਂ ਕੋਲ ਜਾਵੇਗੀ, ਉਹ ਤੈਨੂੰ ਹੁਣ ਵੀ ਗਲ ਨਾਲ ਲਗਾਉਣਗੇ, ਬੇਬੇ ਜਿਹੜੀ ਗ਼ਲਤੀ ਮੈਂ ਕੀਤੀ ਉਸ ਗ਼ਲਤੀ ਲਈ ਮੇਰੇ ਮਾਂ ਪਿਉ ਮੈਨੂੰ ਮਾਫ਼ ਨਹੀਂ ਕਰਨਗੇ, ਦੇਖ ਮਾਪੇ ਮਾਫ਼ ਕਰ ਦਿੰਦੇ ਨੇ ਪਰ ਬੱਚਿਆਂ ਨੂੰ ਮਾਪਿਆਂ ਤੋਂ ਮਾਫ਼ੀ ਮੰਗਣ ਸ਼ਰਮ ਆਉਂਦੀ ਹੈ, ਦੇਖ ਪੁੱਤ ਮੈਂ ਤੇਰੇ ਨਾਲ ਵੱਗ ਜਾਉ, ਸਮਝਾ ਦਿਉ ਉਹਨਾਂ ਨੂੰ ਜੇ ਤੂੰ ਜਾਣਾ ਚਾਹੁੰਦੀ ਹੈ, ਪਰ ਬੇਬੇ ਮੇਰੇ ਬਾਪੂ ਨੇ ਮੈਨੂੰ ਕਹਿ ਦਿੱਤਾ ਸੀ ਕਿ ਅਸੀਂ ਤੇਰੇ ਲਈ ਮਰ ਗਏ ਤੂੰ ਸਾਡੇ ਲਈ, ਹੁਣ ਮੈਨੂੰ ਉਹ ਘਰ ਕਿਵੇਂ ਵੜਨ ਦੇਣਗੇ, ਦੇਖ ਪੁੱਤ ਮਾਪੇ ਨਹੀਂ ਚਾਹੁੰਦੇ ਹੁੰਦੇ ਕਿ ਸਾਡੇ ਜਵਾਕ ਇਵੇਂ ਦੀ ਗ਼ਲਤੀ ਕਰਨ ਜਿਸ ਨਾਲ ਉਹਨਾਂ ਨੂੰ ਬਾਅਦ ਵਿੱਚ ਦੁੱਖ ਹੋਵੇ, ਬੇਬੇ ਗ਼ਲਤੀ ਕਿਹੜਾ ਜਾਣ ਬੁੱਝ ਕੇ ਹੁੰਦੀ ਐ ਅਨਜਾਣ ਪੁਣੇ ਚ ਹੋ ਜਾਂਦੀ ਹੈ, ਹਾਂ ਤਾਂਹੀ ਮਾਪੇ ਸਮਝਾਉਂਦੇ ਕਿਉਂਕਿ ਉਹਨਾਂ ਨੇ ਦੁਨੀਆ ਦੇਖੀ ਹੁੰਦੀ ਹੈ, ਬੇਬੇ ਮਾਪੇ ਵੀ ਤਾਂ ਗ਼ਲਤੀਆਂ ਕਰਦੇ ਹੀ ਹੋਣਗੇ, ਹਾਂ ਪੁੱਤ ਮਾਪੇ ਵੀ ਆਪਣੀ ਉਮਰ ਚ ਗਲਤੀਆਂ ਕਰਦੇ ਨੇ, ਉਹ ਉਹਨਾਂ ਗਲਤੀਆਂ ਕਰਕੇ ਤਾਂ ਬੱਚਿਆਂ ਸਮਝਾਉਣਾ ਚਾਹੁੰਦੇ ਨੇ ਅਸੀਂ ਜੋ ਗਲਤੀਆਂ ਕੀਤੀਆਂ ਨੇ ਉਹ ਬੱਚੇ ਨਾ ਕਰਨ, ਕਿਉਂਕਿ ਉਹਨਾਂ ਨੇ ਵੀ ਗ਼ਲਤੀ ਦਾ ਦੁੱਖ ਸਹਿਆ ਹੁੰਦਾ ਹੈ, ਉਹ ਨਹੀਂ ਚਾਹੁੰਦੇ ਹੁੰਦੇ ਕਿ ਜਿਵੇਂ ਅਸੀਂ ਦੁੱਖ ਚੋਂ ਗੁਜ਼ਰੇ ਹਾਂ ਉਵੇਂ ਸਾਡੇ ਬੱਚੇ ਨਾ ਕਿਸੇ ਦੁੱਖ ਚੋਂ ਗੁਜ਼ਰਨ, ਇਸ ਲਈ ਪੁੱਤ ਮਾਪੇ  ਰੋਕਦੇ ਨੇ, ਮਾਂ ਪਿਉ ਬੱਚਿਆਂ ਦੀ ਖੁਸ਼ੀ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਹੁੰਦੇ ਕਿਸੇ ਗ਼ਲਤੀ ਕਰਕੇ ਸਾਡੇ ਬੱਚੇ ਦੁੱਖੀ ਹੋਣ, ਹੁਣ ਤੂੰ ਖੁਦ ਸੋਚ ਤੇਰੇ ਦੋ ਕੁੜੀਆਂ ਨੇ, ਜੇ ਤੇਰੀ ਕੁੜੀ ਕਿਸੇ ਨਾਲ ਨਿਕਲ ਜਾਵੇ, ਨਿਕਲੇ ਵੀ ਉਸ ਨਾਲ ਜੋ ਆਪਦੇ ਤੋਂ ਨੀਵੀਂ ਜਾਤ ਦਾ ਹੋਵੇ, ਬੇਬੇ ਇਹ ਜਾਤਾਂ ਪਾਤਾਂ ਤਾਂ ਵਹਿਮ ਨੇ,  ਨਹੀਂ ਪੁੱਤ ਜਾਤਾਂ ਪਾਤਾਂ ਵਹਿਮ ਨਹੀਂ, ਊਚ ਨੀਚ ਵਹਿਮ ਹੈ, ਜਾਤ ਪਾਤ ਤਾਂ ਕੰਮ ਦੇ ਆਧਾਰ ਤੇ ਬਣੀ ਐ, ਆਪਾਂ ਜਿਹੜਾ ਕੰਮ ਕਰਦੇ ਹਾਂ ਉਹੀ ਕੰਮ ਕਰਨ ਵਾਲਾ ਜੇ ਆਪਾਂ ਨੂੰ ਮਿਲ ਜਾਵੇਂ ਤਾਂ ਦੋਵਾਂ ਦਾ ਕੰਮ ਮਿਲ ਕੇ ਹੋਰ ਵੀ ਸੋਹਣਾ ਹੋ ਜਾਂਦੈ, ਪਿਛਲੇ ਜਮਾਨੇ ਚ ਲੋਕ ਬਰਾਬਰ ਕੰਮ ਕਰਨ ਵਾਲਿਆਂ ਦੇ ਕੁੜੀ ਦਾ ਸਾਕ ਕਰਦੇ ਸੀ, ਤਾਂ ਕੀ ਮਿਲ ਕੇ ਕੰਮ ਕਰਨਗੇ ਤਾਂ ਕੰਮ ਵੱਧੇਗਾ, ਖੇਤੀ ਵਾਲੇ ਖੇਤੀ ਵਾਲਿਆਂ ਦੇ ਕਰਦੇ ਸੀ ਤਾਂ ਕਿ ਉਧਰੋਂ ਉਧਰੀ ਸੰਦ ਸੰਦੇੜਾ ਵਰਤਿਆ ਜਾਂਦਾ ਸੀ, ਬਸ ਬਾਅਦ ਚ ਇਹੀ ਕੰਮ ਦੇ ਆਧਾਰ ਤੇ ਲੋਕਾਂ ਕੋਲ ਪੈਸਾ ਵੱਧਣ ਘੱਟਣ ਲੱਗ ਗਿਆ, ਜਿਸ ਨਾਲ ਊਚ ਨੀਚ ਪੈਦਾ ਹੋ ਗਈ, ਪੁੱਤ ਤੂੰ ਦਸ ਤੂੰ ਚਾਹੇਗੀ ਤੇਰੀ ਕੁੜੀ ਕਿਸੇ ਆਪ ਤੋਂ ਛੋਟੀ ਜਾਤ ਦੇ ਨਾਲ ਨਿਕਲੇ, ਛੋਟੀ ਜਾਤ ਤਾਂ ਜਾਤ ਉਹ ਭੁੱਖ ਨੰਗ ਨਾਲ ਵੀ ਖੁਲਦਾ ਹੋਵੇ, ਨਾ ਬੇਬੇ ਮੈਂ ਕਿਸੇ ਭੁੱਖ ਨੰਗ ਚ ਮਰਦੇ ਨਾਲ ਆਪਦੀ ਕੁੜੀ ਤੋਰ ਕੇ ਨਹੀਂ ਖੁਸ਼ ਹੋਉਗੀ, ਫਿਰ ਪੁੱਤ ਤੂੰ ਖੁਦ ਸੋਚ ਤੇਰੇ ਮਾਪੇ ਤੇਰੀ ਇਸ ਗ਼ਲਤੀ ਨੂੰ ਕਿਵੇਂ ਮੰਨਦੇ, ਹਾਂ ਬੇਬੇ ਪਰ ਕਈ ਵਾਰ ਪਿਆਰ ਚ ਅੰਨੇ ਹੋਇਆ ਨੂੰ ਕੁਛ ਨਹੀਂ ਪਤਾ ਲੱਗਦਾ, ਪੁੱਤ ਮੋਹ ਪਿਆਰ ਇੱਕ ਹੱਦ ਤੱਕ ਚੰਗਾ ਹੁੰਦਾ, ਹੱਦ ਤੋਂ ਟੱਪਿਆ ਇਹ ਨੁਕਸਾਨ ਹੀ ਕਰਦਾ ਹੈ, ਦੇਖ ਪੁੱਤ ਢਿੱਡ ਇਕੱਲੇ ਪਿਆਰ ਨਾਲ ਨਹੀਂ ਭਰਦਾ ਹੁੰਦਾ,  ਢਿੱਡ ਭਰਨ ਲਈ ਰੋਟੀ ਦੀ ਲੋੜ ਪੈਂਦੀ ਐ, ਰੋਟੀ ਲਈ ਪੈਸਾ ਚਾਹੀਦੈ, ਇੱਕਲਾ ਢਿੱਡ ਤਾਂ ਕਿਤੋਂ ਮਰਜ਼ੀ ਖਾ ਕੇ ਗੁਜ਼ਾਰਾ ਕਰ ਲੂ, ਪਰ ਜਦੋਂ ਜਵਾਕ ਹੋ ਜਾਂਦੇ ਨੇ ਉਹ ਇੱਕਲੀ ਰੋਟੀ ਨਹੀਂ ਹੋਰ ਵੀ ਵਧੇਰਾ ਕੁਝ ਮੰਗਦੇ ਨੇ, ਹੁਣ ਤੂੰ ਆਪਦੇ ਵੱਲ ਹੀ ਦੇਖ ਚੰਦਨ ਮਰ ਗਿਆ ਜਵਾਕ ਤਾਂ ਤੇਰੇ ਸਹਾਰੇ ਛੱਡ ਗਿਆ, ਆਪ ਸਭ ਕੁਝ ਵੇਚ ਵੱਟ ਕੇ ਪੀ ਖਾ ਗਿਆ, ਤੈਨੂੰ ਤਾਂ ਛੱਡ ਗਿਆ ਰੁੱਲਣ ਜੋਗੀ , ਇਹ ਬੰਦੇ ਨਹੀਂ ਸੋਚਦੇ ਹੁੰਦੇ, ਇਹਨਾਂ ਨੂੰ ਸਿਰਫ਼ ਆਪਦੇ ਤੱਕ ਹੀ ਮਤਲਬ ਹੁੰਦਾ ਹੈ, ਹੁਣ ਦੱਸ ਤੇਰਾ ਮੋਹ ਤੇਰਾ ਕਿੱਥੇ ਸਾਥ ਦੇ ਰਿਹਾ, ਪੁੱਤ ਇਹ ਤਾਂ ਗੱਲਾਂ ਕਹਾਣੀਆਂ ਚ ਹੀ ਸੋਹਣੀਆਂ ਲੱਗਦੀਆਂ ਨੇ,  ਅਸਲ ਜ਼ਿੰਦਗੀ ਚ ਤਾਂ ਮੋਹ ਨਾਲ ਪੈਸਾ ਵੀ ਚਾਹੀਦਾ ਹੁੰਦਾ, ਹਾਂ ਬੇਬੇ ਮੇਰੀ ਖੁਦ ਦੀ ਗ਼ਲਤੀ ਕਰਕੇ ਮੈਂ ਦੁੱਖ ਭੁਗਤ ਰਹੀ ਹਾਂ , ਨਾ ਹੁਣ ਮੇਰੇ ਮਾਪੇ ਨਾ ਮੇਰੇ ਸੋਹਰੇ ਨੇ, ਨਾ ਧੀਏ ਤੇਰੇ ਪੇਕੇ ਨੇ, ਪੇਕਿਆਂ ਨਾਲ ਗੁੱਸਾ ਗਿਲਾ ਹੈ ਉਹ ਮਿਟ ਜਾਊ, ਚੱਲ ਤੜਕੇ ਮੈਂ ਚੱਲੂ ਤੇਰੇ ਨਾਲ, ਜੇ ਕੁਝ ਕਹੂ ਮੈਂ ਹੈਗੀ ਹਾਂ, ਜੇ ਕੋਈ ਤੈਨੂੰ ਬਾਂਹ ਫੜ ਕੇ ਬਾਹਰ ਕੱਢੂ ਮੈਂ ਮੌੜ ਲਿਆਊ, ਤੇ ਆਪਦੇ ਘਰੇ ਰੱਖੂੰਗੀ, ਨਾ ਬੇਬੇ ਬਾਪੂ ਨੇ ਵੜਨ ਨੀਂ ਦੇਣਾ, ਨਹੀਂ ਪੁੱਤ ਜੇ ਕੋਈ ਚਿੜਕੂ ਵੀ ਸਹਿ ਲਈ, ਤੇਰੇ ਮਾਂ ਪਿਉ ਨੇ ਗੁੱਸਾ ਤਾਂ ਹੁੰਦਾ ਹੀ ਹੈ,ਕੋਈ ਗੱਲ ਨਹੀਂ ਪੁੱਤ ਕਹਿੰਦੇ ਨੇ ਜੇ ਮਾਂ ਪਿਉ ਧੁੱਪੇ ਸੁੱਟਦਾ ਤਾਂ ਛਾਵੇਂ ਵੀ ਆਪ ਹੀ ਕਰਦਾ ਹੁੰਦਾ ਹੈ, ਪੁੱਤ ਕੱਲ ਨੂੰ ਤਿਆਰ ਰਹੀ ਆਪਾਂ ਠੰਡੇ ਠੰਡੇ ਚੱਲਾਂਗੇ, ਧੁੱਪ ਚੜੀ ਤੋਂ ਤਾਂ ਮੇਰੇ ਤੋਂ ਵੀ ਤੁਰਿਆ ਨਹੀਂ ਜਾਣਾ,

ਮੀਤੋ ਨੂੰ ਇੱਕ ਪਾਸੇਓ ਤਾਂ ਡਰ ਲੱਗਿਆ, ਇੱਕ ਪਾਸੇਓ ਉਸ ਦਾ ਖੁਸ਼ੀ ਨਾਲ ਚਾਅ ਨਹੀਂ ਸੀ ਚੱਕਿਆ ਜਾਂਦਾ, ਮੀਤੋ ਨੇ ਭੱਜ ਭੱਜ ਚਾਅ ਚ ਸਾਰਾ ਕੰਮ ਛੇਤੀ ਹੀ ਮੁਕਾ ਦਿੱਤਾ, ਲੈਂ ਬੇਬੇ ਰੋਟੀ ਪਕਾ ਕੇ ਮੈਂ ਘਰ ਜਾਂਦੀ ਹਾਂ,  ਅੱਜ ਤਾਂ ਗੱਲਾਂ ਗੱਲਾਂ ਚ ਵਕਤ ਹੀ ਬਹੁਤ ਹੋ ਗਿਆ, ਕੋਈ ਨਾ ਪੁੱਤ ਕੰਮ ਤਾਂ ਮੁੱਕਦੇ ਹੀ ਨਹੀਂ, ਢਿੱਡ ਹੋਲਾ ਕਰਨ ਲਈ ਵੀ ਵਕਤ ਚਾਹੀਦਾ ਹੁੰਦੈ, ਨਹੀਂ ਫਿਰ ਬੰਦਾ ਕੰਮ ਕਰਨ ਜੋਗਾ ਵੀ ਨਹੀਂ ਰਹਿੰਦਾ, ਹਾਂ ਬੇਬੇ, ਗੱਲਾਂ ਗੱਲਾਂ ਚ ਮੀਤੋ ਨੇ ਰੋਟੀ ਪਕਾ ਦਿੱਤੀ, ਦਾਲ ਪਹਿਲਾਂ ਮਾਹਾਂ ਦੀ ਬੇਬੇ ਨੇ ਬਣਾ ਲਈ ਸੀ, ਚੰਗਾ ਬੇਬੇ ਮੈਂ ਜਾਣੀ ਆ ਹੁਣ , ਠੀਕ ਐ ਪੁੱਤ ਤੋੜੀ ਚੋਂ ਦੁੱਧ ਪਾ ਕੇ ਲੈਂ ਜਾ, ਕੁੜੀਆਂ ਪੀ ਲੈਣਗੀਆਂ ਘੁੱਟ ਘੁੱਟ,  ਮੀਤੋ ਦਾ ਚਾਅ ਨੀਂ ਚੱਕਿਆ ਜਾਂਦਾ ਸੀ।

  
                       ਕੀ ਗੱਲ ਅੱਜ ਲੇਟ ਹੋਗੀ, ਦਿਆਲੋ ਨੇ ਮੀਤੋ ਨੂੰ ਅੰਦਰ ਵੜਦੀ ਨੂੰ ਹੀ ਪੁੱਛਿਆ, ਅੱਜ ਚਾਚੀ ਕਹਿੰਦੀ ਕਹਿੰਦੀ ਮੀਤੋ ਉਕ ਗਈ, ਸੋਚਣ ਲੱਗੀ, ਚਾਚੀ ਨੂੰ ਦੱਸਾ ਕੇ ਨਾ, ਨਾ ਮੀਤੋ ਹਾਲੇ ਨਹੀਂ ਦੱਸਣਾ, ਜੇ ਕੋਈ ਗੱਲ ਬਣ ਗਈ, ਉਦੋਂ ਦੱਸ ਦੇਉਗੀ, ਮੀਤੋ ਨੇ ਆਪਣੇ ਆਪ ਨੂੰ ਕਿਹਾ, ਮੀਤੋ ਸੋਚਣ ਲੱਗ ਗਈ, ਕੁਝ ਨਹੀਂ ਚਾਚੀ ਅੱਜ ਬਹੁਤ ਦਿਨਾਂ ਬਾਅਦ ਕੰਮ ਤੇ ਗਈ ਸੀ ਤਾਂ ਪਸ਼ੂਆਂ ਆਲੇ ਚ ਨਰਕ ਵੱਜਿਆ ਪਿਆ ਸੀ, ਅੱਛਾ ਚੱਲ ਕੋਈ ਨਾ ਕੰਮ ਤਾਂ ਕਰਨਾ ਹੀ ਹੈ ਫਿਰ ਖਾਏਗੀ ਵੀ ਕਿਥੋਂ, ਹਾਂ ਚਾਚੀ, ਚਾਚੀ ਗੁਣਮੀਤ ਤੇ ਕੜਮੀ ਕਿੱਥੇ ਨੇ, ਅੰਦਰ ਖੇਡੀ ਜਾਂਦੀਆਂ ਨੇ ਮਨਪ੍ਰੀਤ ਕੋਲ, ਮੀਤੋ ਨੇ ਕੁੜੀਆਂ ਨੂੰ ਘਰ ਲਿਆਂਦਾ ਤੇ ਕੁੜੀਆਂ ਰੋਟੀ ਖਵਾ ਕੇ ਦੁੱਧ ਪਿਲਾ ਦਿੱਤਾ, ਗੁਣਮੀਤ ਪੰਜ ਸਾਲ ਦੀ ਹੋਗੀ ਸੀ, ਸਾਰੀ ਗੱਲ ਸਮਝਦੀ ਸੀ, ਗੁਣ ਪੁੱਤ ਆਪਾਂ ਕੱਲ ਨੂੰ ਤੇਰੇ ਨਾਨਕੇ ਘਰ ਚੱਲੇਗਾ, ਮੰਮੀ ਨਾਨਕੇ, ਨਾਨਕੇ ਕੀ ਹੁੰਦੇ ਨੇ, ਗੁਣਮੀਤ ਨੇ ਨਾਨਕਿਆਂ ਦਾ ਨਾਂ ਨਹੀਂ ਸੁਣਿਆ ਸੀ, ਨਾਨਕੇ ਦਾ ਮਤਲਬ ਪੁੱਤ ਜਿਵੇਂ ਮੈਂ ਤੇਰੀ ਮੰਮੀ ਹਾਂ, ਉਵੇਂ ਮੇਰੀ ਵੀ ਮੰਮੀ ਹੈ, ਅੱਛਾ ਮੰਮੀ ਪਹਿਲਾਂ ਤਾਂ ਕਦੇ ਤੂੰ ਦੱਸਿਆ ਨੀਂ , ਨਾ ਆਪਾਂ ਕਦੇ ਪਹਿਲਾਂ ਗਏ ਹਾਂ, ਪਹਿਲਾਂ ਪੁੱਤ ਉਹ ਦੂਰ ਗਏ ਹੋਏ ਸੀ, ਅੱਛਾ ਮੰਮੀ ਹੁਣ ਆਗੇ, ਹਾਂ ਪੁੱਤ ਆਗੇ, ਮੰਮੀ ਜੇ ਮੇਰਾ ਪਾਪਾ ਹੁੰਦਾ ਫਿਰ ਉਹ ਵੀ ਆਪਣੇ ਨਾਲ ਜਾਂਦਾ ਹਨਾ, ਗੁਣਮੀਤ ਦੀ ਗੱਲ ਸੁਣ ਕੇ ਮੀਤੋ ਦੀਆਂ ਅੱਖਾਂ ਭਰ ਆਈਆਂ, ਮੰਮੀ ਤੂੰ ਰੋਂਦੀ ਕਾਤੋਂ ਐ, ਫੇਰ ਕੀ ਹੋ ਗਿਆ ਜੇ ਪਾਪਾ ਮਰ ਗਿਆ, ਕੁੜੀ ਨੇ ਆਪਦੀ ਸਮਝ ਮੁਤਾਬਿਕ ਮੀਤੋ ਨੂੰ ਚੁੱਪ ਕਰਾਉਣਾ ਚਾਹਿਆ, ਹਾਂ ਪੁੱਤ ਤੇਰਾ ਪਾਪਾ ਮਰਿਆ ਨਹੀਂ ਰੱਬ ਕੋਲ ਗਿਆ, ਮੰਮੀ ਰੱਬ ਕੋਲ ਕਾਤੋਂ ਗਿਆ, ਰੱਬ ਕੋਲ ਕੀ ਕਰਨ ਜਾਂਦੇ ਹੁੰਦੇ ਨੇ, ਰੱਬ ਨੂੰ ਕੀ ਲੋੜ ਸੀ ਮੇਰੇ ਪਾਪੇ ਦੀ, ਮੰਮੀ ਰੱਬ ਨੇ ਪਾਪੇ ਨੂੰ ਕੰਮ ਕਰਨ ਲਈ ਬੁਲਾਇਆ ਹੋਣਾ, ਹਾਂ ਪੁੱਤ ਕਹਿ ਕੇ ਮੀਤੋ ਨੇ ਗੁਣਮੀਤ ਨੂੰ ਕਿਹਾ ਹੁਣ ਤੁਸੀਂ ਦੋਵੇਂ ਜਣੀਆਂ ਸੌਂ ਜਾਉ,  ਫੇਰ ਆਥਣੇ ਜੇ ਮੈਂ ਥੋਨੂੰ ਨਵਾ ਦਿਉਗੀ, ਕਹਿ ਕੇ ਮੀਤੋ ਮੰਜੇ ਤੇ ਲੇਟ ਗਈ, ਮੀਤੋ ਨੂੰ ਅੱਜ ਨੀਂਦ ਨਾ ਆਈ, ਕੁੜੀਆਂ ਸੌਂ ਗਈਆਂ ਸੀ।
        

            ਤਿੰਨ ਦਾ ਵਕਤ ਹੋਇਆ ਮੀਤੋ ਉਠੀਂ ਬਾਲਟੀ ਪਾਣੀ ਦੀਆਂ ਭਰੀਆਂ, ਖੜਕਾ ਸੁਣ ਕੇ ਕੜਮੀ ਉਠ ਗਈ, ਉਠ ਕੇ ਰੋਣ ਲੱਗ ਗਈ, ਮੀਤੋ ਨੇ ਕੜਮੀ ਨੂੰ ਵਰਾਇਆ ਤੇ ਨਵਾ ਦਿੱਤਾ, ਨਵਾ ਕੇ ਚਾਹ ਧਰ ਦਿੱਤੀ, ਇੰਨੇ ਨੂੰ ਗੁਣਮੀਤ ਉਠ ਗਈ ਸੀ, ਮੀਤੋ ਨੇ ਗੁਣਮੀਤ ਨੂੰ ਵੀ ਨਵਾ ਦਿੱਤਾ, ਕੱਪੜੇ ਪਾਉਦੇ ਹੋਏ ਗੁਣਮੀਤ ਨੇ ਮੀਤੋ ਨੂੰ ਪੁੱਛਿਆ ਮੰਮੀ ਮੈਂ ਕੱਲ ਨੂੰ ਕਿਹੜੇ ਕੱਪੜੇ ਪਾ ਕੇ ਨਾਨਕੇ ਜਾਊਂਗੀ , ਕੋਈ ਨਾ ਪੁੱਤ ਤੇਰੇ ਕਿੰਨੇ ਤਾਂ ਸੂਟ ਨੇ ਜਿਹੜਾ ਮਰਜ਼ੀ ਪਾ ਲਈ, ਨਾ ਮੰਮੀ ਮੈਂ ਨਵਾਂ ਸੂਟ ਪਾ ਕੇ ਜਾਊਂਗੀ, ਪੁੱਤ ਨਵਾਂ ਸੂਟ ਕਿਥੋਂ...

ਲਿਆਵਾਂਗੇ, ਮੈਂ ਨੀਂ ਮੰਮੀ ਮੈਂ ਸੋਹਣੇ ਕੱਪੜੇ ਪਾ ਕੇ ਜਾਊਂਗੀ, ਨਾ ਪੁੱਤ ਆਪਾਂ ਉਥੇ ਜਾ ਕੇ ਮਾਮੇ ਨੂੰ ਕਹਾਂਗੇ ਕਿ ਗੁਣਮੀਤ ਨੂੰ ਸੋਹਣੇ ਕੱਪੜੇ ਦਵਾ ਕੇ ਲਿਆ, ਮੰਮੀ ਮਾਮਾ ਕਿਸ ਨੂੰ ਕਹਿੰਦੇ ਨੇ, ਪੁੱਤ ਜਿਵੇਂ ਕੜਮੀ ਤੇਰੀ ਭੈਣ ਐ, ਉਵੇਂ ਮੇਰੇ ਭੈਣ ਨਹੀਂ ਭਰਾ ਹੈ ਮਾਂ ਦਾ ਭਰਾ ਜਵਾਕਾਂ ਦਾ ਮਾਮਾ ਲੱਗਿਆ,ਅੱਛਾ ਮੰਮੀ ਫੇਰ ਤਾਂ ਤੇਰਾ ਪਾਪਾ ਵੀ ਹੋਉ,  ਕਿ ਉਹ ਵੀ ਮੇਰੇ ਪਾਪੇ ਵਾਂਗੂ ਮਰ ਗਿਆ ਹੋਉ, ਨਹੀਂ ਪੁੱਤ ਮੇਰਾ ਪਾਪਾ ਹੈ,  ਅੱਛਾ ਮੰਮੀ ਫੇਰ ਤਾਂ ਉਹਨੂੰ ਹੀ ਮੈਂ  ਪਾਪਾ ਕਹਿ ਦਿਆ ਕਰੂ ਹਨਾ,  ਹਾਂ ਪੁੱਤ ਕਹਿ ਲਿਆ ਕਰੀਂ, ਮੀਤੋ ਨੇ ਕੁੜੀਆਂ ਨੂੰ ਚਾਹ ਪਿਆਈ ਤੇ ਆਪ ਪੀਤੀ, ਕੁੜੀਆਂ ਨੂੰ ਨਾਲ ਲਿਜਾ ਕੇ ਕੰਮ ਤੇ ਚਲੀ ਗਈ।

              ਸੰਤੋ ਕੇ ਘਰ ਪਹੁੰਚ ਕੇ ਮੀਤੋ ਨੇ ਕੁੜੀਆਂ ਨੂੰ ਡੇਕ ਹੇਠਾਂ ਮੰਜੇ ਬੈਠਾ ਦਿੱਤਾ ਤੇ ਆਪ ਕੰਮ ਕਰਨ ਲੱਗ ਗਈ, ਕੰਮ ਨਿਬੇੜ ਕੇ ਮੀਤੋ ਨੇ ਰੋਟੀ ਪਕਾ ਦਿੱਤੀ, ਬੇਬੇ ਅੱਜ ਰੋਟੀ ਮੈਂ ਘਰੇ ਜਾ ਕੇ ਖਾਊਂ, ਘਰੇ ਹੀ ਪਾ ਦੇ ਕੋਈ ਨਾ ਪੁੱਤ ਦਿੰਦੀ ਹਾਂ, ਸੰਤੋ ਮੀਤੋ ਨੂੰ ਰੋਟੀ ਪਾ ਦਿੱਤੀ ਤੇ ਨਾਲ ਹੀ ਗੜਵੀ ਦੁੱਧ ਦੀ ਭਰ ਦਿੱਤੀ, ਪੁੱਤ ਤੜਕੇ ਵਕਤ ਸਿਰ ਸਨੇਹਾ ਹੀ ਆਜੀ, ਆਪਾਂ ਠੰਡੇ ਠੰਡੇ ਚੱਲਾਂਗੇ, ਮੀਤੋ ਨੇ ਕਿਹਾ ਕੋਈ ਨਾ ਬੇਬੇ ਮੈਂ ਵਕਤ ਸਿਰ ਹੀ ਆਜਾਗੀ,  ਉਧਰੋਂ ਦਿਆਲਾ ਆਉਂਦਾ ਸੀ, ਕਿੱਥੇ ਜਾਣਾ ਮਾਂ ਤੁਸੀਂ, ਦਿਆਲੇ ਨੇ ਖਿਝ ਕੇ ਆਪਣੀ ਮਾਂ ਤੋਂ ਪੁੱਛਿਆ, ਵੇ ਤੂੰ ਕੀ ਬੁੜੀਆਂ ਦੇ ਕੰਮਾਂ ਤੋਂ ਲੈਣਾ ਹੁੰਦਾ, ਸੌ ਥਾਈਂ ਜਾਣਾ ਹੁੰਦਾ ਦਵਾਈ ਬੂਟੀ ਲੈਣ, ਮਾਂ ਮੈਂ ਤੈਨੂੰ ਕਿਹਾ ਸੀ ਕਿ ਕੰਮ ਵਾਲੀਆਂ ਨੂੰ ਬਹੁਤਾ ਮੂੰਹ ਨਹੀਂ ਲਗਾਈਦਾ ਹੁੰਦਾ, ਮੈਨੂੰ ਤੂੰ ਮੱਤਾਂ ਦੇਵੇਗਾ ਹੁਣ ਮੈਂ ਕਿਸ ਨਾਲ ਕਿਵੇਂ ਵਰਤਣਾ ਹੈ, ਜਾ ਚਲਾ ਜਾ ਇਥੋਂ ਸੰਤੋ ਨੇ ਗੁੱਸੇ ਚ ਦਿਆਲੇ ਨੂੰ ਕਿਹਾ, ਮੀਤੋ ਰੋਟੀ ਲੈਂ ਕੇ ਘਰ ਆ ਗਈ, ਕੁੜੀਆਂ ਨੂੰ ਰੋਟੀ ਖਵਾਈ ਤੇ ਆਪ ਖਾਧੀ, ਦੁੱਧ ਗਰਮ ਕਰਕੇ ਕੁੜੀਆਂ ਨੂੰ ਪਿਲਾ ਦਿੱਤਾ, ਤੇ ਮੰਜੇ ਲੇਟ ਗਈ, ਇੱਕ ਡਰ ਇੱਕ ਖੁਸ਼ੀ ਨੇ ਮੀਤੋ ਨੂੰ ਨੀਂਦ ਨਾ ਆਉਣ ਦਿੱਤੀ, ਮੀਤੋ ਖੁਲੀਆਂ ਅੱਖਾਂ ਨਾਲ ਹੀ ਸਾਰੀ ਰਾਤ ਸੁਪਣੇ ਬੁਣਦੀ ਉਧੇੜਦੀ ਰਹੀ।
      

          ਮੀਤੋ ਨੂੰ ਰਾਤ ਸਦੀਆਂ ਜਿੰਨੀ ਲੰਬੀ ਲੱਗੀ, ਅਖੀਰ ਸਵੇਰ ਹੋ ਹੀ ਗਈ, ਮੀਤੋ ਨੇ ਡਰਦੀ ਨੇ ਰੱਬ ਨੂੰ ਧਿਆਉਦਿਆਂ ਰੱਬ ਅੱਗੇ ਅਰਦਾਸ ਕੀਤੀ ਕਿ ਰੱਬਾ ਮੇਰੇ ਮਾਪੇ ਮੈਨੂੰ ਕੁਝ ਨਾ ਕਹਿਣ, ਮੀਤੋ ਨੇ ਘਰ ਦਾ ਕੰਮ ਨਿਬੇੜਿਆ, ਕੁੜੀਆਂ ਨੂੰ ਜਗਾ ਕੇ ਤਿਆਰ ਕੀਤਾ, ਤੇ ਆਪ ਨਹਾ ਕੇ ਤਿਆਰ ਹੋ ਗਈ, ਮੀਤੋ ਨੇ ਅੱਜ ਆਪ ਵੀ ਨਵਾਂ ਸੂਟ ਪਾ ਲਿਆ ਤੇ ਘਰੋਂ ਤੁਰਦੀ ਨੇ ਫਿਰ ਰੱਬ ਨੂੰ ਧਿਆਇਆ ਤੇ ਅਰਦਾਸ ਕੀਤੀ, ਰੱਬਾ ਖ਼ੈਰ ਸੁੱਖ ਰੱਖੀਂ, ਮੀਤੋ ਘਰੋਂ ਤੁਰ ਪਈ।

      ਮੀਤੋ ਕੁੜੀਆਂ ਨੂੰ ਲੈਂ ਕੇ ਸੰਤੋ ਕੋਲ ਪਹੁੰਚੀ, ਸੰਤੋ ਵੀ ਤਿਆਰ ਹੀ ਬੈਠੀ, ਅੱਜ ਸੰਤੋ ਨੇ ਹੌਲੀ ਹੌਲੀ ਕੰਮ ਵੀ ਆਪ ਹੀ ਨਿਬੇੜ ਰੱਖਿਆ ਸੀ, ਚੱਲੀਏ ਪੁੱਤ, ਹਾਂ ਬੇਬੇ ਚੱਲੋ, ਸੰਤੋ ਤੇ ਮੀਤੋ ਤੁਰ ਪਈਆਂ, ਇੱਕ ਕੁੜੀ ਨੂੰ ਮੀਤੋ ਨੇ ਗੋਦੀ ਚੁੱਕ ਲਿਆ ਤੇ ਇੱਕ ਨੂੰ ਉਂਗਲ ਲਗਾ ਲਿਆ, ਦੋਵੇਂ ਗੱਲਾਂ ਮਾਰਦੀਆਂ ਮਾਰਦੀਆਂ ਸਿਵਿਆਂ ਕੋਲ ਦੀ ਹੁੰਦੀਆਂ ਹੋਈਆਂ ਸਕੂਲ ਵਾਲੀ ਗਲ਼ੀ ਮੁੜ ਗਈਆਂ, ਮੀਤੋ ਸੱਤ ਸਾਲ ਪਹਿਲਾਂ ਇਸੇ ਰਾਹ ਤੋਂ ਘਰ ਛੱਡ ਕੇ ਗਈ ਸੀ , ਅੱਜ ਉਸੇ ਰਾਹ ਤੇ ਫਿਰ ਕਿਸਮਤ ਨੇ ਉਸ ਨੂੰ ਮੋੜ ਦਿੱਤਾ, ਸਕੂਲ ਕੋਲੋਂ ਮੌੜ ਮੁੜ ਕੇ ਸਾਹਮਣੇ ਘਰ ਦਿਖਦਾ ਸੀ, ਮੀਤੋ ਦੀ ਧੜਕਣ ਤੇਜ਼ ਹੋ ਗਈ, ਪਸੀਨਾ ਛੁੱਟਣ ਲੱਗ ਗਿਆ, ਕੰਮਦੀਆਂ ਕੰਮੋਦੀਆਂ ਲੱਤਾਂ ਨਾਲ ਮੀਤੋ ਨੇ ਅਗਾਂਹ ਪੈਰ ਪੁੱਟੇ, ਅਖੀਰ ਮੀਤੋ ਤੇ ਸੰਤੋ ਨੇ ਘਰ ਪੈਰ ਪਾਏ, ਨੀਂ ਮੀਤੋ ਇਹ ਤਾਂ ਸੀਤੋ ਦਾ ਘਰ ਹੈ, ਹਾਂ ਬੇਬੇ ਸੀਤੋ ਮੇਰੀ ਦਾਦੀ ਸੀ, ਅੱਛਾ ਤੂੰ ਸੀਤੋ ਦੀ ਪੋਤੀ ਐ, ਸੀਤੋ ਤਾਂ ਮੁੱਕ ਗਈ ਸੀ ਕਈ ਸਾਲ ਹੋ ਗਏ, ਹਾਂ ਬੇਬੇ ਉਦੋਂ ਮੈਂ ਦੱਸਵੀਂ ਕੀਤੀ ਸੀ ਜਦੋਂ ਦਾਦਾ ਮੁੱਕੀ ਸੀ, ਹੁਣ ਨਾ ਡਰ ਇਹ ਤਾਂ ਆਪਦਾ ਹੀ ਘਰ ਨਿਕਲ ਆਇਆ, ਤੇਰਾ ਬਾਪੂ ਵੀ ਮੇਰੇ ਤੋਂ ਤਾਂ ਬਹੁਤ  ਡਰਦਾ ਹੁੰਦਾ ਸੀ, ਹੁਣ ਤੈਨੂੰ ਕੋਈ ਕੁਝ ਨਹੀਂ ਕਹਿੰਦਾ, ਤੇਰੀ ਦਾਦੀ ਸੀਤੋ ਮੇਰੀ ਸੱਸ ਦੀ ਸਹੇਲੀ ਸੀ ਆਪਣੇ ਘਰੇ  ਆਉਂਦੀ ਜਾਂਦੀ ਸੀ , ਮੇਰਾ ਬਹੁਤ ਮੋਹ ਕਰਦੀ ਸੀ, ਕਹਿ ਦਿੰਦੀ ਮੇਰੀ ਨੂੰਹ ਵੀ ਤੇਰੇ ਵਰਗੀ ਆਵੇ, ਤੇਰੀ ਮਾਂ ਦੇ ਵਿਆਹ ਤੇ  ਮੈਂ ਵੀ ਨਾਲ ਆਈ ਸੀ, ਤੇਰੀ ਮਾਂ ਨਾਲ ਵੀ ਮੋਹ ਪੈ ਗਿਆ ਸੀ, ਫੇਰ ਬੇਬੇ ਮੁੱਕਣ ਤੋਂ ਬਾਅਦ ਆਉਣਾ ਜਾਣਾ ਘੱਟ ਗਿਆ, ਬਾਰਾਂ ਤੇਰਾਂ ਵਰ੍ਹਿਆਂ ਬਾਅਦ ਅੱਜ ਆਈ ਹਾਂ ,  ਅੱਛਾ ਬੇਬੇ, ਚੱਲ ਅੰਦਰ ਹੁਣ,  ਸੰਤੋ ਨੇ ਕਾਹਲੀ ਨਾਲ ਪੈਰ ਅੰਦਰ ਪਾਏ, ਮੀਤੋ ਉੱਥੇ ਹੀ ਖੜੀ ਸੀ, ਸੰਤੋ ਅਗਾਂਹ ਚਲੀ ਗਈ, ਮੀਤੋ ਦੀ ਮਾਂ ਅਮਰੋ ਪੀਹਣਾ ਕਰ ਰਹੀ ਸੀ, ਅਮਰੋ ਨੇ ਸੰਤੋ ਨੂੰ ਪਹਿਚਾਣ ਲਿਆ ਤੇ ਘੁੱਟ ਕੇ ਜੱਫੀ ਚ ਲੈਂ ਲਿਆ, ਅਮਰੋ ਨੇ ਪੀਹਣਾ ਵਿਚਾਲੇ ਹੀ ਛੱਡ ਦਿੱਤਾ, ਆਂਜਾ ਭੈਣੇ, ਅੰਦਰ ਬੈਠੀਏ, ਸੰਤੋ ਨੇ ਦੇਖਿਆ ਮੀਤੋ ਉੱਥੇ ਹੈ ਨਹੀਂ, ਕੁੜੇ ਕੁੜੀ ਕਿੱਧਰ ਗਈ, ਭੈਣੇ ਕੁੜੀ ਕਹਿ ਕੇ ਅਮਰੋ ਚੁੱਪ ਕਰ ਗਈ, ਆ ਹੁਣ ਤਾਂ ਮੇਰੇ ਨਾਲ ਆਈ ਸੀ, ਸੰਤੋ ਨੇ ਬਾਹਰ ਆ ਕੇ ਦੇਖਿਆ ਮੀਤੋ ਦਰਵਾਜ਼ੇ ਕੋਲ ਹੀ ਖੜੀ ਸੀ, ਸੰਤੋ ਨੇ ਮੀਤੋ ਦੀ ਬਾਂਹ ਫੜੀ ਤੇ ਅੰਦਰ ਲੈ ਆਈ, ਅਮਰੋ ਮੀਤੋ ਨੂੰ ਦੇਖ ਕੇ ਹੈਰਾਨ ਰਹਿ ਗਈ ਕਿ ਅੱਜ ਮੀਤੋ ਇੱਥੇ ਕਿਵੇਂ, ਮੀਤੋ ਨੇ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਉੱਚੀ ਉੱਚੀ ਰੋਣ ਲੱਗ ਗਈ, ਅਮਰੋ ਨੇ ਪਹਿਲਾਂ ਵਾਂਗ ਹੀ ਮੀਤੋ ਨੂੰ ਪੁੱਛਿਆ ਧੀਏ ਕੀ ਹੋ ਗਿਆ ਰੋਂਦੀ ਕਿਉਂ ਐ, ਸੰਤੋ ਨੇ ਮੀਤੋ ਨੂੰ ਕਿਹਾ ਹੈ ਕਮਲੀ ਹੁਣ ਕਿਉਂ ਰੋਂਦੀ ਐ, ਅਮਰੋ ਨੇ ਮੀਤੋ ਨੂੰ ਪਿਆਰ ਨਾਲ ਮੰਜੇ ਤੇ ਬੈਠਣ ਲਈ ਕਿਹਾ, ਕੁੜੀਆਂ ਵੱਲ ਦੇਖ ਕੇ ਹੀ ਅਮਰੋ ਨੇ ਅੰਦਾਜ਼ਾ ਲਗਾ ਲਿਆ, ਕਿ ਇਹ ਮੀਤੋ ਦੀਆਂ ਹੀ ਕੁੜੀਆਂ ਨੇ, ਮੰਮੀ ਇਹੀ ਨਾਨੀ ਨੇ, ਗੁਣਮੀਤ ਨੇ ਪਿਆਰ ਨਾਲ ਮੀਤੋ ਨੂੰ ਪੁੱਛਿਆ, ਹਾਂ ਪੁੱਤ ਮੈਂ ਹੀ ਨਾਨੀ ਹਾਂ ਅਮਰੋ ਨੇ ਕੁੜੀ ਨੂੰ ਗੋਦੀ ਚ ਲੈਂਦਿਆਂ ਕਿਹਾ, ਦੂਜੀ ਕੁੜੀ ਛੋਟੀ ਹੋਣ ਕਰਕੇ ਮੀਤੋ ਦੀ ਗੋਦੀ ਚ ਵੜ ਗਈ, ਇੱਧਰ ਉੱਧਰ ਦੀਆਂ ਗੱਲਾਂ ਕਰਦੇ ਅਮਰੋ ਨੇ ਕਿਹਾ ਲੈਂ ਮੈਂ ਚਾਹ ਬਣਾਉਣੀ ਤਾਂ ਭੁੱਲ ਹੀ ਗਈ ਸੀ, ਨਹੀਂ ਭੈਣੇ ਬੈਠ ਹਾਲੇ,  ਚਾਹ ਮੀਤੋ ਬਣਾ ਲਿਆਉ, ਨਾ ਭੈਣੇ ਮੀਤੋ ਕਿਉਂ ਬਣਾਉ ਚਾਹ, ਮੈਂ  ਹੈਗੀ ਸੁੱਖ ਨਾਲ ਚਾਹ ਬਣਾਉਣ ਨੂੰ, ਮੀਤੋ ਬੇਗਾਨੀ ਨਹੀਂ ਭੈਣੇ ਤੇਰੇ ਘਰ ਦੀ ਹੀ ਕੁੜੀ ਹੈ, ਹਾਂ ਭੈਣੇ ਧੀ ਪੁੱਤ ਕਈ ਵਾਰ ਬੇਨੁਗਰੇ ਨਿਕਲ ਆਉਂਦੇ ਨੇ ਪਰ ਮਾਪੇ ਤਾਂ ਫੇਰ ਵੀ ਪਾਸਾ ਨਹੀਂ ਵੱਟਦੇ, ਹਾਂ ਭੈਣੇ ਜਵਾਕ ਕਈ ਵਾਰ ਗ਼ਲਤੀਆਂ ਕਰ ਦਿੰਦੇ ਨੇ, ਪਰ ਭੈਣੇ ਸਜ਼ਾ ਮਾਪਿਆਂ ਨੂੰ ਹੀ ਮਿਲਦੀ ਹੈ, ਅਮਰੋ ਨੇ ਕਹਿੰਦੀ ਨੇ ਅੱਖਾਂ ਭਰ ਲਈਆਂ, ਹਾਂ ਭੈਣੇ ਰੋ ਨਾ ਜੇ ਭੁਲਿਆ ਘਰ ਪਰਤ ਆਵੇ ਤਾਂ ਚੰਗਾ ਹੀ ਹੁੰਦਾ ਹੈ ਭੈਣੇ, ਤੇਰੀ ਮੀਤੋ ਹੁਣ ਤੇਰੇ ਘਰ ਮੁੜ ਆਈ, ਮੀਤੋ ਚਾਹ ਬਣਾਉਣ ਚਲੀ ਗਈ, ਮੀਤੋ ਜਦੋਂ ਰਸੋਈ ਚ ਗਈ ਤੇ ਚਾਹ ਬਣਾ ਲਿਆਈਂ, ਮੀਤੋ ਨੇ ਸੰਤੋ ਤੇ ਆਪਦੀ ਮਾਂ ਨੂੰ ਚਾਹ ਪਾ ਕੇ ਦਿੱਤੀ, ਤੇ ਕੁੜੀਆਂ ਨੂੰ ਠੰਡੀ ਕਰਕੇ ਪਿਲਾਉਣ ਲੱਗੀ, ਅਮਰੋ ਨੇ ਕਿਹਾ ਲਿਆ ਮੈਂ ਪਿਲਾ ਦੇਵਾਂ ਇਹਨਾਂ ਨੂੰ ਚਾਹ ਤੂੰ ਆਪ ਪੀ ਲੈ, ਮਾਂ ਨੂੰ ਮੀਤੋ ਦਾ ਪਹਿਲਾ ਵਾਂਗ ਹੀ ਫ਼ਿਕਰ ਸੀ, ਮਾਂ ਬਾਪੂ ਖੇਤ ਗਿਆ, ਮੀਤੋ ਨੇ ਅਮਰੋ ਨੂੰ ਪੁੱਛਿਆ, ਪੁੱਤ ਤੇਰਾ ਬਾਪੂ ਤਾਂ ਖੇਤ ਕੀ ਦੁਨੀਆਂ ਤੋਂ ਹੀ ਤੁਰ ਗਿਆ ਕਹਿਣ ਲੱਗੇ ਅਮਰੋ ਦੀਆਂ ਅੱਖਾਂ ਭਰ ਆਈਆਂ, ਧੀਏ ਜਦੋਂ ਤੂੰ ਘਰੋਂ ਤੁਰ ਗਈ, ਉਹਨੂੰ ਤਾਂ ਸ਼ਾਇਦ ਤੇਰਾ ਹੀ ਦੁੱਖ ਲੈਂ ਬੈਠਾ ਸੀ, ਸਾਰਾ ਦਿਨ ਗਾਲਾਂ ਦਿੰਦਾ ਰਹਿੰਦਾ ਸੀ ਤੈਨੂੰ ਕਿ ਮੈਂ ਕੀ ਕਮੀ ਰੱਖੀ ਮੇਰਾ ਕਾਲਾ ਮੂੰਹ ਕਰਾਂ ਗਈ, ਬਥੇਰਾ ਸਮਝਾਇਆ ਕਿ ਜੋ ਹੋ ਗਿਆ ਸੋ ਹੋ ਗਿਆ ਜੋ ਕਰਮਾਂ ਚ ਹੁੰਦਾ ਹੈ ਉਹੀ ਹੁੰਦਾ ਹੈ, ਪਰ ਜਦੋਂ ਕੋਈ ਗੱਲ ਦਿਲ ਚ ਘਰ ਕਰ ਜਾਵੇ ਉਹ ਕਾਹਨੂੰ ਨਿਕਲਦੀ ਹੈ, ਬਸ ਨਾ ਕੁਝ ਖਾਂਦਾ ਸੀ ਨਾ ਕੁਝ ਪੀਂਦਾ ਸੀ, ਸਾਰਾ ਦਿਨ ਤੇਰੇ ਵੱਲ ਦਿਮਾਗ ਰਹਿੰਦਾ ਸੀ, ਫੇਰ ਇੱਕ ਦਿਨ ਜ਼ਿਆਦਾ  ਬੀਮਾਰ ਹੋ ਗਿਆ, ਦਿਲ ਦਾ ਦੌਰਾ ਆਇਆ, ਡਾਕਟਰ ਕੋਲ ਲੈਂ ਗਏ, ਡਾਕਟਰ ਕਹਿੰਦਾ ਇਹਨਾਂ ਨੂੰ ਕੋਈ ਗਹਿਰਾ ਸਦਮਾ ਲੱਗਿਆ, ਉਦੋਂ ਤਾਂ ਠੀਕ ਹੋ ਕੇ ਘਰੇ ਆ ਗਿਆ, ਡਾਕਟਰ ਨੇ ਕਿਹਾ ਕਿ ਇਸ ਨੂੰ ਹੁਣ ਕਿਸੇ ਦੀ ਟੈਨਸ਼ਨ ਨਹੀਂ ਦੇਣੀ, ਅਸੀਂ ਬਹੁਤ ਜ਼ੋਰ ਲਗਾਉਂਦੇ  ਉਹਨੂੰ ਖੁਸ਼ ਰੱਖਣ ਲਈ, ਪਰ ਜਦੋਂ ਦਿਮਾਗ ਤੇ ਰੀਲ ਚੜੀ‌ ਹੋਵੇ ਉਹ ਕਾਹਨੂੰ ਲਹਿੰਦੀ ਹੁੰਦੀ।

ਭਾਦੋਂ ਦਾ ਮਹੀਨਾ ਸੀ, ਇੱਕ ਸਵੇਰੇ ਦਸ ਕੁ ਵਜੇ ਦਾ ਵਕਤ ਸੀ ਤੇਰੇ ਬਾਪੂ ਨੂੰ ਅਚਾਨਕ ਫੇਰ ਦੌਰਾ ਆ ਗਿਆ, ਹਾਂ ਕੀ ਪੁੱਤ ਡਾਕਟਰ ਕੋਲ ਲੈਂ ਗਏ, ਡਾਕਟਰ ਦੇ ਤਾਂ ਪਹੁੰਚਿਆ ਹੀ ਨਹੀਂ ਰਾਹ ਚ ਹੀ ਮੁੱਕ ਗਿਆ, ਬਸ ਮੁੱਕਿਆ ਹੀ ਘਰੇ ਲੈਂ ਕੇ ਆਏ, ਅੱਜ ਪੰਜ ਵਰ੍ਹੇ ਹੋਣ ਨੂੰ ਹੋ ਗਏ ਤੇਰੇ ਬਾਪੂ ਮੁੱਕੇ ਨੂੰ ਪੁੱਤ, ਅਮਰੋ ਦਾ ਬੋਲਦੀ ਬੋਲਦੀ ਦਾ ਗਲਾ ਭਰ ਆਇਆ, ਸੰਤੋ ਵੀ ਸੁਣਦੀ ਸੁਣਦੀ ਅੱਖਾਂ ਭਰ ਆਈ, ਮੀਤੋ ਦੀ ਤਾਂ ਧਾਹ ਹੀ ਨਿਕਲ ਗਈ ਹਾਏ ਤੇਰੀ ਮੌਤ ਦਾ ਕਾਰਨ ਮੈਂ ਸੀ ਬਾਪੂ,  ਦੇਖ ਧੀਏ ਰੱਬ ਸਿੱਧਾ ਤਾਂ ਬੰਦੇ ਨੂੰ ਲੈਂ ਕੇ ਨਹੀਂ ਜਾਂਦਾ, ਕੋਈ ਨਾ ਕੋਈ ਬਹਾਨਾ ਵਿਧੀ ਤਾਂ ਜ਼ਰੂਰ ਬਣਦੀ ਹੈ, ਮੀਤੋ ਲੰਬਾ ਹੌਂਕਾ ਲੈਂ ਕੇ ਚੁੱਪ ਕਰ ਗਈ, ਹੋਰ ਧੀਏ ਤੂੰ ਦੱਸ ਤੂੰ ਤਾਂ ਖੁਸ਼ ਹੈਂ ਆਪਣੇ ਘਰ ਪਰਿਵਾਰ ਚ, ਭੈਣੇ ਜੇ ਖੁਸ਼ ਹੁੰਦੀ ਤਾਂ ਇੱਥੇ ਕਿਉਂ ਮੁੜ ਕੇ ਆਉਂਦੀ, ਮੀਤੋ ਦੀ ਜਗਾ ਸੰਤੋ ਨੇ ਹੌਂਕਾ ਭਰ ਕੇ ਅਮਰੋ ਨੂੰ ਕਿਹਾ, ਸਾਰੀ ਕਹਾਣੀ ਇੰਨ ਬਿੰਨ ਸੰਤੋ ਨੇ ਅਮਰੋ ਨੂੰ ਸੁਣਾਈ, ਅਮਰੋ ਸਭ ਕੁਝ ਸੁਣ ਕੇ ਜਿਵੇਂ ਸੁੰਨ ਜਿਹੀ ਹੋਈ ਮੀਤੋ ਵੱਲ ਦੇਖ ਕੇ ਮੀਤੋ ਦੀ ਕਿਸਮਤ ਨੂੰ ਦੇਖਦੀ ਰਹੀ ਸੀ, ਗੱਲਾਂ ਕਰਦੇ ਕਰਦੇ ਬਾਹਰੋਂ ਬਿੱਟੂ ਘਰ ਆ ਗਿਆ, ਸਤ ਸ੍ਰੀ ਆਕਾਲ ਬੁਲਾ ਕੇ ਬਿੱਟੂ ਅੰਦਰ ਵੜ ਗਿਆ, ਜਿਵੇਂ ਉਸ ਨੂੰ ਮੀਤੋ ਦੀ ਜ਼ਰਾ ਵੀ ਪਹਿਚਾਣ ਨਾ ਆਈ ਹੋਵੇ, ਜਦੋਂ ਮੀਤੋ ਘਰੋਂ ਗਈ ਸੀ ਉਦੋਂ ਬਿੱਟੂ ਅੱਠ ਨੌਂ ਸਾਲ ਦਾ ਸੀ, ਉਹ ਵਧ ਕੇ ਕੱਦ ਚ ਵੀ ਉੱਚਾ ਹੋ ਗਿਆ ਸੀ, ਉਮਰ ਚ ਵੀ ਪੰਦਰਾਂ ਸੋਲਾਂ ਸਾਲ ਦਾ ਹੋ ਗਿਆ ਸੀ, ਮਾਂ ਵੀਰੇ ਨੇ ਮੈਨੂੰ ਸਿਆਣਿਆਂ ਨਹੀਂ, ਹਾਂ ਪੁੱਤ ਮੈਂ ਬੁਲਾ ਕੇ ਲਿਆਉਂਦੀ ਹਾਂ ਅੰਦਰੋਂ, ਅਮਰੋ ਉਠ ਕੇ ਅੰਦਰ ਬਿੱਟੂ ਨੂੰ ਬੁਲਾਉਣ ਚਲੀ ਗਈ, ਬਿੱਟੂ ਬਾਹਰ ਆ ਕੇ ਸੰਗਦਾ ਜਾ ਰਿਹਾ, ਉਸ ਦੀ ਸੰਗ ਕਾਰਨ ਸਾਰਿਆਂ ਵਿੱਚ ਚੁੱਪੀ ਛਾਈ ਰਹੀ, ਗੁਣਮੀਤ ਨੇ ਚੁੱਪੀ ਤੋੜਦਿਆਂ ਕਿਹਾ ਮੰਮੀ ਇਹੀ ਮੇਰਾ‌ ਮਾਮਾ ਹੈ, ਹਾਂ ਪੁੱਤ ਇਹੀ ਤੇਰਾ ਮਾਮਾ ਹੈ ਮੀਤੋ ਨੇ ਖੁਸ਼ ਹੁੰਦਿਆਂ ਗੁਣਮੀਤ ਨੂੰ ਕਿਹਾ, ਚੱਲ ਮਾਮਾ ਆਪਾਂ ਖੇਡੀਏ, ਜਿਵੇਂ ਗੁਣਮੀਤ ਉਦੋਂ ਦੀ ਗੱਲਾਂ ਸੁਣਦੀ ਸੁਣਦੀ ਬੋਰ ਹੋ ਗਈ ਹੋਵੇ, ਦੋਵੇਂ ਮਾਮਾ ਭਾਣਜੀ ਅੰਦਰ ਚਲੇ ਗਏ, ਅੰਦਰ ਜਾ ਕੇ ਮਸਤੀ ਕਰਨ ਲੱਗੇ, ਗੁਰਮੀਤ ਦੀ ਉੱਚੀ ਉੱਚੀ ਹੱਸਣ ਦੀ ਆਵਾਜ਼ ਬਾਹਰ ਆ ਰਹੀ ਸੀ, ਮੀਤੋ ਨੂੰ ਮਹਿਸੂਸ ਹੋਇਆ ਜਿਵੇਂ ਗੁਣਮੀਤ ਅੱਜ ਪਹਿਲੀ ਵਾਰ ਇੰਨਾ ਖੁੱਲ ਕੇ ਹੱਸੀ ਹੋਵੇ, ਦੋਵੇਂ ਮਾਮਾ ਭਾਣਜੀ ਖੇਡਦੇ ਰਹੇ, ਰੋਲਾ ਸੁਣ ਕੇ ਹੋਲੀ ਹੋਲੀ ਕੜਮੀ ਵੀ ਅੰਦਰ ਚਲੀ ਗਈ।

                                                 
ਚੱਲ ਪੁੱਤ ਮੈਂ ਹੁਣ ਚੱਲਦੀ ਹਾਂ, ਸੰਤੋ ਨੇ ਮੀਤੋ ਨੂੰ ਕਿਹਾ, ਕਿਉਂ ਭੈਣੇ ਹੁਣੇ ਕੀ ਕਰਨਾ ਜਾ ਕੇ ਦੁਪਹਿਰਾ ਕੱਟ ਕੇ ਜਾਈਂ, ਹਾਂ ਬੇਬੇ ਹਾਲੇ ਧੁੱਪ ਬਹੁਤ ਹੈ, ਰੋਟੀ ਬਣਾਉਂਦੇ ਹਾਂ, ਰੋਟੀ ਖਾ ਕੇ ਜਾਈਂ, ਨਾ ਭੈਣੇ ਪਸ਼ੂਆਂ ਨੂੰ ਨੀਰਾ ਪਾਉਣਾ ਹੈ,  ਅੱਜ ਤਾਂ ਕੰਮ ਵੀ ਆਪ ਕਰਨਾ ਪਉ, ਕੋਈ ਨਾ ਚੱਲ ਮੈਂ ਨਾਲ ਹੀ ਚੱਲਦੀ ਹਾਂ ਬੇਬੇ, ਨਾ ਪੁੱਤ ਨਾ, ਮਸਾਂ ਤਾਂ ਘਰ ਆਈ ਆ ਤੂੰ ਇੱਥੇ ਰਹਿ, ਕੁਝ ਦਿਨਾਂ ਨੂੰ ਗੇੜਾਂ ਮਾਰਲੀ, ਨਾਲੇ ਆਪਦਾ ਸਮਾਨ ਚੱਕ ਲਿਆਈ, ਹਾਂ ਬੇਬੇ ਮੈਂ ਤੇ ਬਾਈ ਆਵਾਂਗੇ, ਚੰਗਾ ਪੁੱਤ ਮੈਂ ਹੁਣ ਜਾਂਦੀ ਹਾਂ, ਨਾ ਭੈਣੇ ਰੋਟੀ ਖਾ ਕੇ ਜਾਈਂ, ਮੈਂ ਇਵੇਂ ਤਾਂ ਜਾਣ ਨਹੀਂ ਦਿੰਦੀ, ਨਾ ਭੈਣੇ ਫੇਰ ਕਦੇ ਆਉਗੀ ਮੈਂ, ਹੁਣ ਤਾਂ ਆਉਣਾ ਜਾਣਾ ਰਹੇਗਾ ਹੀ, ਚੰਗਾ ਪੁੱਤ ਮੀਤੋ ਮੈਂ ਚੱਲਦੀ ਹਾਂ ਮੀਤੋ ਨੇ ਬੇਬੇ ਜੱਫੀ ਪਾਉਂਦੇ ਧੰਨਵਾਦ ਕਿਹਾ, ਸੰਤੋ ਵੀ ਮੀਤੋ ਦੇ ਚਿਹਰੇ ਦੀ ਰੋਣਕ ਦੇਖ ਕੇ ਖੁਸ਼ ਸੀ, ਸੰਤੋ ਬੁੜੀ ਚਲੀ ਗਈ।
      
ਦੋਵੇਂ ਮਾਵਾਂ ਧੀਆਂ ਨੇ ਦੁੱਖ ਸੁੱਖ ਕਰਦੀਆਂ ਨੇ ਰੋਟੀ ਬਣਾਈ, ਤੇ ਸਾਰਿਆਂ ਨੇ ਮਿਲ ਕੇ ਖਾਂਦੀ, ਬਿੱਟੂ ਕੁੜੀਆਂ ਨਾਲ ਖੇਡਣ ਚ ਮਸਤ ਰਹਿੰਦਾ ਸੀ, ਆਂਢ ਗੁਆਂਢ ਨੂੰ ਮੀਤੋ ਦੇ ਆਉਣ ਵਾਰੇ ਪਤਾ ਲੱਗਿਆ, ਲੋਕਾਂ ਨੇ ਮੀਤੋ ਵਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਪਰ ਅਮਰੋ ਨੇ ਲੋਕਾਂ ਦੀ ਇੱਕ ਨਾ ਸੁਣੀ, ਬਿੱਟੂ ਨੂੰ ਵੀ ਅਮਰੋ ਨੇ ਸਮਝਾ ਦਿੱਤਾ, ਹੁਣ ਬਿੱਟੂ ਵੀ ਮੀਤੋ ਨੂੰ ਪਹਿਲਾਂ ਵਾਂਗ ਭੈਣ ਵਾਲਾ ਪਿਆਰ ਦਿੰਦਾ ਸੀ, ਰੱਖੜੀ ਵਾਲੇ ਦਿਨ ਮੀਤੋ ਨੇ ਬਿੱਟੂ ਦੇ ਰੱਖੜੀ ਬੰਨੀ, ਕੁੜੀਆਂ ਨੇ ਵੀ ਮਾਮੇ ਦੇ ਚਾਅ ਨਾਲ ਰੱਖੜੀ ਬੰਨੀ, ਬਿੱਟੂ ਨੇ ਮਾਂ ਤੋਂ ਪੈਸੇ ਲੈ ਕੇ ਮੀਤੋ ਨੂੰ ਤੇ ਕੁੜੀਆਂ ਨੂੰ ਸੂਟ ਲਿਆ ਕੇ ਦਿੱਤੇ।

       ਇੱਕ ਦਿਨ ਅਮਰੋ ਨੇ ਮੀਤੋ ਦਾ ਫ਼ਿਕਰ ਕਰਦਿਆਂ ਅਚਾਨਕ ਮੀਤੋ ਨੂੰ ਕਿਹਾ ਧੀਏ ਦੇਖ ਤੇਰੀ ਊਂ ਤਾਂ ਮਰਜ਼ੀ ਹੈ,  ਪਹਿਲਾਂ ਜੋ ਹੋ ਗਿਆ ਸੋ ਹੋ ਗਿਆ, ਉਹਨੂੰ ਭੁੱਲ ਜਾਂ, ਕੁੜੀਆਂ ਮੈਂ ਆਪੇ ਪਾਲ ਲਿਉ ਜੇ ਮੈਂ ਤੇਰਾ ਵਿਆਹ ਕਰ ਦੇਵਾਂ ਕੋਈ ਮੁੰਡਾ ਦੇਖ ਕੇ , ਦੇਖ ਧੀਏ ਸਾਰੀ ਉਮਰ ਤਾਂ ਮੈਂ ਵੀ ਨੀਂ ਬੈਠੀ ਰਹਿਣਾ, ਕੱਲ ਨੂੰ ਜੇ ਮੈਂ ਅੱਖਾਂ ਮਿਚ ਗਈ ਤਾਂ ਬਿੱਟੂ ਤੇ ਬਿੱਟੂ ਦੀ ਬਹੂ ਤੈਨੂੰ ਸਿਆਣੇ  ਨਾ ਸਿਆਣੇ, ਮੀਤੋ ਨੂੰ ਇੱਕ ਦਮ ਸੁਣ ਕੇ ਅਚੰਭਾ ਜਿਹਾ ਲੱਗਿਆ, ਮਾਂ ਮੈਂ ਵਿਆਹ ਨਹੀਂ ਕਰਵਾਉਣਾ, ਜੇ ਪਹਿਲਾਂ ਵਾਂਗ ਅਗਾਂਹ ਵੀ ਸੁੱਖ ਨਾ ਮਿਲਿਆ ਫੇਰ, ਹੁਣ ਤਾਂ ਦੋ ਕੁੜੀਆਂ ਨੇ ਜੇ ਦੋ ਜਵਾਕ ਅੱਗੇ ਹੋ ਗਏ ਫੇਰ, ਮੈਂ ਚਾਰ ਨੂੰ ਕਿਵੇਂ ਪਾਲੂ, ਧੀਏ ਹਾਲੇ ਤੇਰੀ ਉਮਰ ਵੀ ਕੁਝ ਨਹੀਂ ਸਾਰੀ ਉਮਰ ਕਿਵੇਂ ਨਿਕਲੂ ਤੇਰੀ, ਮਾਂ ਮੈ ਕੋਈ ਕੰਮ ਸਿੱਖ ਕੇ ਆਪਦੇ ਪੈਰਾਂ ਤੇ ਖੜੀ ਹੋਵਾਂਗੀ, ਫੇਰ ਤਾਂ ਨਹੀਂ ਮੈਨੂੰ ਕਿਸੇ ਦੇ ਹੱਥਾਂ ਵੱਲ ਝਾਕਣਾ ਪਵੇਗਾ, ਠੀਕ ਐ ਧੀਏ ਮਰਜ਼ੀ ਐ ਮੈਂ ਕੁਝ ਨਹੀਂ ਕਹਿੰਦੀ, ਨਹੀਂ ਮੈਂ ਹੁਣ ਬਾਰਵੀਂ ਕਰ ਲਵਾਂਗੀ ਤੇ ਨਾਲੇ ਸਿਲਾਈ ਦਾ ਕੰਮ ਸਿੱਖ ਲਵਾਂਗੀ।

ਮੀਤੋ ਨੇ ਅੱਗਲੇ ਦਿਨ ਸਿਲਾਈ ਸਿੱਖਣ ਜਾਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਓਪਨ ਚ ਬਾਰਵੀਂ ਦਾ ਦਾਖਲਾ ਭਰ ਦਿੱਤਾ, ਛੇ ਮਹੀਨਿਆਂ ਚ ਮੀਤੋ ਸਿਲਾਈ ਸਿੱਖ ਗਈ , ਮਾਰਚ ਚ ਬਾਰਵੀਂ ਦੇ ਪੇਪਰ ਵੀ ਸ਼ੁਰੂ ਹੋ ਗਏ ਮੀਤੋ ਨੇ ਮਨ ਲਗਾ ਕੇ ਪੜ੍ਹਾਈ ਕੀਤੀ ਤੇ ਪਾਸ ਹੋ ਗਈ, ਬਿੱਟੂ ਵੀ ਮੀਤੋ ਤੋਂ ਖੁਸ਼ ਸੀ, ਮੀਤੋ ਹੁਣ ਬਿੱਟੂ ਨਾਲ ਵੀ ਖੇਤੀ ਦੇ ਕੰਮ ਹੱਥ ਵਟਾਉਂਦੀ ਸੀ, ਮੀਤੋ ਨੇ ਕੁੜੀਆਂ ਨੂੰ ਸਕੂਲ ਪੜਨ ਪਾ ਦਿੱਤਾ ਤੇ ਖੁਦ ਆਪਣਾ ਗੁਣਮੀਤ ਸਿਲਾਈ ਸੈਂਟਰ ਖੋਲ ਲਿਆ, ਮੀਤੋ ਕੰਮ ਪੂਰਾ ਵਧੀਆ ਚੱਲ ਪਿਆ, ਜਿਹੜੇ ਲੋਕ ਮੀਤੋ ਤੋਂ ਨਫ਼ਰਤ ਕਰਦੇ ਸੀ ਉਹੀ ਹੁਣ ਮੀਤੋ ਦਾ ਕੰਮ ਦੇਖ ਕੇ ਸਿਫ਼ਤਾਂ ਕਰਦੇ ਸੀ, ਮੀਤੋ ਨੇ ਆਪਣੀ ਪੜਾਈ ਵੀ ਜਾਰੀ ਰੱਖੀ, ਤਿੰਨ ਸਾਲ ਮੀਤੋ ਨੇ ਦੱਬ ਕੇ ਮਿਹਨਤ ਕੀਤੀ, ਕਰਦੇ ਕਰਾਉਂਦੇ ਮੀਤੋ ਨੇ ਬੀ ਏ ਪਾਸ ਲਈ, ਬੀ ਏ ਪਾਸ ਕਰਕੇ ਕੰਮ ਦੇ ਨਾਲ ਨੌਕਰੀ ਦੀ ਵੀ ਭਾਲ ਕੀਤੀ, ਕਹਿੰਦੇ ਨੇ ਰੱਬ ਕਦੇ ਤਾਂ ਸਿੱਧੇ ਦਿਨ ਲਿਆਉਂਦਾ ਹੀ ਹੈ, ਗਲਤੀਆਂ ਤਾਂ ਇਨਸਾਨ ਤੋਂ ਹੀ ਹੁੰਦੀਆਂ ਨੇ ਪਰ ਸਾਰੀ ਉਮਰ ਬੰਦਾ ਗਲਤ ਵੀ ਨਹੀਂ ਰਹਿੰਦਾ, ਪਰ ਦੁਨੀਆਂ ਦਾ ਇਹ ਵੀ ਦਸਤੂਰ ਹੈ ਜੇ ਕਿਸੇ ਇਨਸਾਨ ਤੋਂ ਕੋਈ ਗ਼ਲਤੀ ਹੋ ਜਾਵੇ ਤਾਂ ਉਹ ਸਾਰੀ ਉਮਰ ਉਸੇ ਗ਼ਲਤੀ ਨਾਲ ਬੰਦੇ ਨੂੰ ਪਹਿਚਾਣਦੇ ਰਹਿੰਦੇ ਨੇ, ਇੱਕ ਵਕਤ ਬੰਦਾ ਉਹ ਗ਼ਲਤੀ ਨੂੰ ਭੁਲਣਾ ਵੀ ਚਾਹਵੇਂ ਤਾਂ ਵੀ ਲੋਕ ਯਾਦ ਕਰਵਾਉਂਦੇ ਰਹਿੰਦੇ ਨੇ, ਕੁਝ ਤਾਂ ਲੋਕਾਂ ਦੀ ਗੱਲ ਨੂੰ ਦਿਲ ਤੇ ਲਗਾ ਲੈਂਦੇ ਕੁਝ ਮੀਤੋ ਵਰਗੇ ਬੇਪਰਵਾਹ ਹੋ ਕੇ ਆਪਣੀ ਜ਼ਿੰਦਗੀ ਨੂੰ ਫਿਰ ਤੋਂ ਉਸਾਰ ਲੈਂਦੇ ਨੇ, ਮੀਤੋ ਨੂੰ ਅਖੀਰ ਡਾਕਖਾਨੇ ਵਿੱਚ ਨੌਕਰੀ ਮਿਲ ਗਈ, ਮੀਤੋ ਬਹੁਤ ਖੁਸ਼ ਸੀ, ਮੀਤੋ ਨੇ ਜਿੰਨਾ ਕ ਆਪਣੀ ਮਾਂ ਨੂੰ ਦੁੱਖ ਦਿੱਤਾ ਉਹਨਾਂ ਕੁ ਆਪਣੀ ਤਰੱਕੀ ਨਾਲ ਮਾਂ ਨੂੰ ਸਭ ਭੁਲਾ ਦਿੱਤਾ।

         ਹੁਣ ਮੀਤੋ ਰੋਜ਼ ਆਪਣੀ ਨੌਕਰੀ ਤੇ ਜਾਂਦੀ, ਮੀਤੋ ਨੇ ਬੱਚਤ ਕਰ ਕਰ ਕੇ ਆਪਣਾ ਇੱਕ ਘਰ ਲੈ ਲਿਆ, ਘਰ ਬਣਾਉਣ ਤੋਂ ਬਾਅਦ ਮੀਤੋ ਨੇ ਆਪਣੀ ਮਾਂ ਨੂੰ ਕਿਹਾ ਮਾਂ ਹੁਣ ਤਾਂ ਨਹੀਂ ਮੈਨੂੰ ਕਿਸੇ ਸਹਾਰੇ ਦੀ ਲੋੜ, ਮਾਂ ਹੁਣ ਤਾਂ ਨਹੀਂ ਮੇਰੇ ਵਿਆਹ ਦੀ ਫ਼ਿਕਰ, ਨਾ ਪੁੱਤ ਹੁਣ ਤੂੰ ਆਪਣੇ ਪੈਰਾਂ ਤੇ ਖੜੀ ਐ, ਮੀਤੋ ਆਪਣੀ ਜ਼ਿੰਦਗੀ ਦੀ ਗ਼ਲਤੀ ਦੀ ਸਿਖਿਆ ਸਮਾਜ ਨੂੰ ਦੱਸਣਾ ਚਾਹੁੰਦੀ ਸੀ, ਪਿੰਡ ਦੇ ਲੋਕ ਮੀਤੋ ਦੇ ਕੰਮ ਤੋਂ ਬਹੁਤ ਖੁਸ਼ ਸੀ, ਮੀਤੋ ਨੇ ਪਿੰਡ ਦੀਆਂ ਕੁੜੀਆਂ ਨੂੰ ਤੇ ਦੂਰ ਦੀਆਂ ਕੁੜੀਆਂ ਨੂੰ ਜ਼ਿੰਦਗੀ ਚ ਪੈਰਾਂ ਤੇ ਖੜੇ ਹੋਣ ਬਾਰੇ ਸਮਝਾਉਣਾ ਸ਼ੁਰੂ ਕੀਤਾ। ਮੀਤੋ ਨੇ ਕੰਨਿਆ ਭਲਾਈ ਇੱਕ ਸੰਸਥਾ ਬਣਾਈ ਜਿਸ ਦਾ ਮਕਸਦ ਕੁੜੀਆਂ ਨੂੰ ਪੈਰਾਂ ਤੇ ਖੜਾ ਕਰਨਾ ਸੀ।

( ਇਹ ਪਿਆਰ, ਮੁਹੱਬਤ ਵਰਗੇ ਰਿਸ਼ਤੇ ਵੇਖਣ ਵਿਚ ਤੇ ਸੁਣਨ ਵਿੱਚ ਬਹੁਤ ਸੋਹਣੇ ਲੱਗਦੇ ਨੇ, ਪਰ ਜਦੋਂ ਇਹੀ ਅੱਖਾਂ ਦੀਆਂ ਨੀਂਦਰਾਂ ਖੋ ਲੈਣ‌ ਤਾਂ ਪਤਾ ਨਹੀਂ ਲੱਗਦਾ ਕਦੋਂ ਥੰਮ੍ਹਾਂ‌ ਵਰਗੇ ਨਰੋਏ ਸਰੀਰ ਮਿੱਟੀ ਦੀ ਢੇਰੀ ਬਣ ਜਾਂਦੇ ਨੇ,ਮਾਪੇ ਹਮੇਸ਼ਾ ਆਪਣਾ ਚੰਗਾ ਹੀ ਸੋਚਦੇ ਹੁੰਦੇ ਨੇ,ਜੇ ਧਿਆਨ ਦਿੱਤਾ ਜਾਵੇ ਤਾਂ ਇਹ ਕਹਾਣੀ ਵਿਚ ਬਹੁਤ ਹੀ ਕੁਝ ਸਿੱਖਣ ਨੂੰ ਹੈ, ਨਾ ਤੇ ਇਹ ਹੋਰਾਂ ਕਹਾਣੀਆਂ ਵਾਂਗ ਤਿੰਨ ਭਾਗ ਤੇ ਸਮਾਂ ਬਤੀਤ ਕਰਨ ਲਈ ‌ਪੜੀ ਇੱਕ ਕਿਤਾਬ ਹੀ ਹੈ…. ਮੈਂ ਵੀਰਪਾਲ ਭੈਣ ਦੀ ਸੋਚ ਨੂੰ ਕਲਮ ਨੂੰ ਸਦਾ ਸਲਾਮਤ ਰਹਿਣ ਦੀ ਦੁਆਵਾਂ ਮੰਗਦਾ ਹਾਂ ‌। ਸੁਖਦੀਪ ਸਿੰਘ ਰਾਏਪੁਰ )

ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ

✍️ ਵੀਰਪਾਲ ਸਿੱਧੂ ਮੌੜ

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਜਰੂਰ ਪੇਸ਼ ਕਰਨਾ ਜੀ ਅਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਵਾੱਸਟਆੱਪ ਮੈਸਜ ਕਰ ਸਕਦੇ ਹੋ।

ਵੀਰਪਾਲ ਸਿੱਧੂ ਮੌੜ ( 6283154525 )

...
...



Related Posts

Leave a Reply

Your email address will not be published. Required fields are marked *

2 Comments on “ਉੱਖੜੇ ਰਾਹ – ਭਾਗ ਤੀਜਾ”

  • ਜੇ ਕਰ ਮੀਤੋ ਪਹਿਲਾਂ ਹੀ ਆਪਣੇ ਮਾਪਿਆਂ ਦਾ ਮਾਣ ਵਧਾਉਂਦੀ ਤਾ ਇਹ ਕਹਾਣੀ ਨਾ ਬਣਦੀ। ਇਹ ਕਹਾਣੀ ਆਉਣ ਵਾਲੀ ਪੀੜੀ ਨੂੰ ਬਹੁਤ ਕੁਝ ਸਿਖਾਏਗੀ very nice👍👍 story G

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)