More Punjabi Kahaniya  Posts
ਫ਼ਿਕਰਾਂ ਦੀ ਪੰਡ


ਪੋਹ ਦੇ ਮਹੀਨੇ, ਭਰ ਧੁੰਦਾਂ ਦੀ ਰੁੱਤ ਉਹ ਮੰਜੇ ਤੇ ਰਜਾਈ ਲੈਕੇ ਕੁੰਘੜੀ ਪਈ ਸੀ।
ਅੱਜ ਬਹੁਤ ਦਿਨ ਬਾਦ ਜੀਤ ਕੌਰ ਕਿਸੇ ਡੂੰਘੀਆਂ ਸੋਚਾਂ ਚ ਜਾਪਦੀ ਸੀ।
ਕਿੰਨਾ ਭਰਿਆ ਪੂਰਾ ਪਰਿਵਾਰ ਸੀ ਉਸਦਾ, ਜਦ ਉਹ ਵਿਆਹ ਕੇ ਇਸ ਘਰ ਵਿਚ ਆਈ ਸੀ। ਸਾਰੇ ਪਾਸੇ ਰੌਣਕ ਹੀ ਰੌਣਕ ਸੀ। ਅੱਧੀ ਅੱਧੀ ਰਾਤ ਜਾਗਦੇ ਗੱਲਾਂ ਕਰਦੇ ਤੇ ਕੰਮ ਕਰਦੇ ਹੀ ਬੀਤ ਜਾਂਦੀ ਸੀ। ਸਵੇਰੇ ਫਿਰ ਮੂੰਹ ਹਨੇਰੇ ਉੱਠ ਜਾਣਾ, ਪਸ਼ੂਆਂ ਦਾ ਗੋਹਾ ਕੂੜਾ ਕਰ, ਚੁੱਲ੍ਹੇ ਦਾ ਕੰਮ ਸਾਂਭਦਿਆਂ ਹੀ ਦੁਪਹਿਰ ਚੜ ਜਾਣੀ। ਗਲ ਕਿ ਸਾਰਾ ਦਿਨ ਵੇਹਲ ਹੀ ਨਹੀਂ ਮਿਲਦੀ ਸੀ। ਮਾਂ ਵਰਗੀ ਸੱਸ ਤੇ ਪਿਓ ਵਰਗਾ ਸਹੁਰਾ, ਸਹੇਲੀਆਂ ਵਰਗੀਆਂ ਦੋ ਨਣਾਨਾਂ ਨੇ ਕਦੇ ਪੇਕੇ ਘਰ ਦੀ ਯਾਦ ਵੀ ਨਾ ਆਉਣ ਦਿੱਤੀ।
ਇਹ ਵੀ ਤਾਂ ਕਿੰਨਾ ਮੋਹ ਕਰਦੇ ਸੀ ਮੇਰਾ, ਸੋਚਦੀ ਦੇ ਇਕਦਮ ਬੁੱਲਾਂ ਤੇ ਹਲਕੀ ਮੁਸਕਾਨ ਆ ਗਈ। ਕਦੇ ਕਿਸੇ ਚੀਜ ਦੀ ਕਮੀ ਨਹੀਂ ਹੋਣ ਦਿੱਤੀ ਸੀ। ਇਹਨਾਂ ਦੇ ਹੁੰਦੇ ਕਦੇ ਉਨੀਂਦਰੇ ਨਹੀਂ ਕੱਟੇ ਸੀ ਕਦੇ ਕਿਸੇ ਗੱਲ ਦਾ ਫ਼ਿਕਰ ਨਹੀਂ ਹੁੰਦਾ ਸੀ ਮੈਨੂੰ।
ਫੇਰ ਹੌਲੀ ਹੌਲੀ ਨਣਾਨਾਂ ਦੇ ਵਿਆਹ ਕੀਤੇ ਉਹ ਆਪਣੇ ਘਰ ਚਲੀਆਂ ਗਈਆਂ। ਬੇਬੇ ਜੀ ਤੇ ਬਾਪੂ ਜੀ ਵੀ ਉਮਰ ਭੋਗ ਓਥੇ ਚਲੇ ਗਏ ਜਿਥੋ ਕਦੇ ਕੋਈ ਨਹੀਂ ਸੀ ਮੁੜਿਆਂ। ਪਰ ਜਾਂਦੇ ਜਾਂਦੇ ਆਪਣੇ ਦੋਨਾਂ ਪੋਤਰਿਆਂ ਦਾ ਮੂੰਹ ਦੇਖ ਕੇ ਗਏ ਸੀ। ਕਿਸੇ ਗੱਲ ਦਾ ਸ਼ਿਕਵਾ ਨਹੀਂ ਸੀ ਉਹਨਾਂ ਨੂੰ ਜਦ ਉਹ ਦੁਨੀਆਂ ਤੋ ਤੁਰ ਗਏ।
ਇਸ ਘਰ ਵਿਚ ਆਈ ਨੂੰ ਜਿਵੇ ਜਿਵੇਂ ਸਾਲ ਤੇ ਸਾਲ ਆਉਂਦੇ ਰਹੇ, ਮੇਰਾ ਭਰਿਆ ਪੂਰਾ ਪਰਿਵਾਰ ਘੱਟ ਹੁੰਦਾ ਗਿਆ। ਹੁਣ ਬਸ ਦੋਨਾਂ ਪੁੱਤਾਂ ਨਾਲ ਅਸੀ ਦੋਨੋ ਜੀਅ ਹੀ ਰਹਿ ਗਏ ਸੀ। ਵਧੀਆ ਪੜਾ ਲਿਖਾ ਪੁੱਤ ਪੈਰਾਂ ਤੇ ਖੜੇ ਕਰਤੇ, ਸਰਦਾਰ ਜੀ ਨੇ ਕਦੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੱਤੀ ਸੀ।
ਫੇਰ ਪਤਾ ਨਹੀਂ ਹੋਣੀ ਨੂੰ ਕੀ ਮਨਜੂਰ ਸੀ ਕੇ ਸਾਡੇ ਪਰਿਵਾਰ ਨੂੰ ਸਰਦਾਰ ਜੀ ਦੀ ਹੀ ਕਮੀ ਹੋ ਗਈ, ਅਚਾਨਕ ਹੀ ਖੇਤ ਗਿਆ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਹਮੇਸ਼ਾ ਲਈ ਆਪਣੀ ਜੀਤ ਕੌਰ ਨੂੰ ਛੱਡ ਤੁਰ ਗਏ।
ਜੀਵਨ ਸਾਥੀ ਦੇ ਬਿਨਾਂ ਜਿੰਦਗੀ ਪਹਾੜ ਜਿੱਡੀ ਲਗਦੀ ਹੈ, ਪਰ ਔਲਾਦ ਦੇ ਮੂੰਹ ਵੱਲ ਵੇਖ ਕੇ ਸੋਚਦੀ ਸਾਂ ਵੀ ਇਹ ਪਹਾੜ ਆਪਣੇ ਦੋਨਾਂ ਪੁੱਤਰਾਂ ਦਾ ਹੱਥ ਫੜ੍ਹ ਪਾਰ ਕਰ ਲਵੀਂ ਹੁਣ ਜੀਤ ਕੁਰੇ।
ਪੁੱਤਰ ਪੜ੍ਹੇ ਲਿਖੇ ਹੋਣ ਕਰਕੇ ਖੇਤਾਂ ਵੱਲ ਮੂੰਹ ਨਾ ਕਰਦੇ। ਸਰਦਾਰ ਜੀ ਦੇ ਹੁੰਦੇ ਕਦੇ ਖੇਤ ਰੋਟੀ ਦੇਣ ਵੀ ਨਾ ਗਈ ਸੀ ਮੈਂ, ਉਹਨਾਂ ਕਹਿਣਾ ਤੂੰ ਕਿੱਥੇ ਸਾਰਾ ਘਰ ਛੱਡ ਆਉਂਦੀ ਰਹੇਗੀ ਮੈਂ ਆਪ ਹੀ ਆ ਕੇ ਖਾਜੁ ਰੋਟੀ ਜਦੋ ਭੁੱਖ ਲੱਗੀ ਤੂੰ ਨਾ ਪਿੱਛੇ ਆਈ। ਪਰ ਹੁਣ ਤਾਂ ਖੇਤ ਵੀ ਮੇਰੇ ਸਿਰ ਤੇ ਆਉਣ ਪਏ ਸੀ। ਫੇਰ ਠੇਕੇ ਤੇ ਵਾਹੀ...

ਲਈ ਜਮੀਨ ਦੇ ਕੇ ਠੇਕੇ ਤੋ ਮਿਲਦੇ ਪੈਸਿਆਂ ਨਾਲ ਘਰ ਦਾ ਗੁਜਾਰਾ ਚਲਿਆਂ ਕਰਦਾ ਸੀ। ਪੁੱਤ ਨੌਕਰੀ ਲੱਗੇ ਤਾਂ ਘਰ ਚ ਪੈਸੇ ਦੀ ਕਮੀ ਨਾ ਰਹੀ ਦੋਵਾਂ ਦੇ ਰਿਸ਼ਤੇ ਕਰ ਵਿਆਹ ਕਰ ਦਿੱਤਾ ਸੀ, ਇਹ ਸੋਚ ਕੇ ਕਿ ਇੱਕ ਵਾਰ ਫੇਰ ਤੋ ਮੇਰਾ ਘਰ ਭਰਿਆ ਪੂਰਾ ਹੋ ਜਾਏਗਾ। ਨੂੰਹਾਂ ਘਰ ਦੀ ਜਿੰਮੇਵਾਰੀ ਸਾਂਭ ਕੇ ਮੇਰੇ ਫ਼ਿਕਰਾਂ ਦੀ ਪੰਡ ਨੂੰ ਆਪਣੇ ਸਿਰ ਚੁੱਕ ਲੈਣਗੀਆਂ।ਪਰ ਨੂੰਹਾਂ ਨੇ ਆ ਕੇ ਘਰ ਤਾਂ ਕੀ ਸਾਂਭਣਾ ਸੀ ਪੁੱਤ ਸਾਂਭ ਸਹਿਰਾਂ ਚ ਘਰ ਬਣਾ ਲਏ ਤੇ ਇੱਥੇ ਰਹਿ ਗਈ ਕੱਲ੍ਹ ਮਕੱਲੀ ਜੀਤ ਕੌਰ।
ਸੋਚਾਂ ਦੀ ਲੜੀ ਇਕਦਮ ਟੁੱਟ ਗਈ ਜਦ ਬਾਹਰੋ ਸਾਈਕਲ ਦੀ ਟੱਲੀ ਖੜਕਣ ਦੀ ਅਵਾਜ ਆਈ ਤੇ ਨਾਲ ਹੀ ਸੱਜਣ ਸਿਓ ਦਾ ਹੋਕਾ ਸੁਣਾਈ ਦਿੱਤਾ “ਜਾਗਦੇ ਰਹੋ,
ਸੱਜਣ ਸਿਓ ਪਿੰਡ ਚ ਨਵਾਂ ਆਇਆ ਸੀ ਘਰ ਪਰਿਵਾਰ ਚ ਮੇਰੇ ਵਾਂਗ ਇਸਦਾ ਵੀ ਕੋਈ ਨਹੀਂ ਸੀ। ਖਬਰੇ ਇਸੇ ਲਈ ਪਿੰਡ ਵਾਲਿਆਂ ਸਲਾਹ ਕਰਕੇ ਇਸਨੂੰ ਚੌਂਕੀਦਾਰ ਬਣਾ ਛੱਡਿਆ ਵੀ ਇਹਨੂੰ ਕਿਹੜਾ ਘਰ ਕੋਈ ਉਡੀਕਦਾ ਹੋਣਾ ਨਾਲੇ ਚਾਰ ਪੈਸੇ ਬਣਾ ਰੋਟੀ ਟੁੱਕ ਤੁਰਦਾ ਰਹੇਗਾ ਨਾਲੇ ਪਿੰਡ ਚ ਚੌਂਕੀਦਾਰੀ ਕਰਦਾ ਰਹੇਗਾ।
ਸੱਜਣ ਸਿਓ ਦੇ ਆਉਣ ਦੀ ਦੇਰ ਹੁੰਦੀ ਤਾਂ ਜੀਤ ਕੌਰ ਉਸਦਾ ਹੋਕਾ ਸੁਣ ਸੋ ਜਾਂਦੀ। ਜਿਵੇਂ ਓਸਨੂੰ ਕਾਲੀਆਂ ਰਾਤਾਂ ਚ ਇਸ ਸਾਈਕਲ ਦੀ ਟੱਲੀ ਦੀ ਅਵਾਜ ਤੇ ਸੱਜਣ ਸਿਓ ਵਲੋ ਲਾਏ ਹੋਕੇ ਜਾਗਦੇ ਰਹੋ ਦਾ ਹੀ ਆਸਰਾ ਸੀ।
ਉਹ ਆਪਣਾ ਸਾਰਾ ਫ਼ਿਕਰ ਸੱਜਣ ਸਿਓ ਤੇ ਛੱਡ ਆਪ ਘੂਕ ਸੌਂ ਜਾਂਦੀ। ਰੋਜ ਹੀ ਇਹ ਸਿਲਸਿਲਾ ਚਲਦਾ ਰਹਿੰਦਾ ਸੀ, ਸਾਈਕਲ ਦੀ ਟੱਲੀ ਤੇ ਸੱਜਣ ਸਿਓ ਦੇ ਹੋਕੇ ਜਿਵੇਂ ਜੀਤ ਕੌਰ ਲਈ ਨੀਂਦ ਦਾ ਸੁਨੇਹਾ ਲੈਕੇ ਆਉਂਦੇ ਸੀ।
ਪਰ ਅੱਜ ਰਾਤ ਉਸਨੂੰ ਨੀਂਦ ਨਹੀਂ ਆਈ ਕਿਉਂਕਿ ਬਾਹਰ ਨਾ ਤਾਂ ਟੱਲੀ ਖੜਕਣ ਦੀ ਆਵਾਜ਼ ਸੀ ਤੇ ਨਾ ਸੱਜਣ ਸਿਓ ਦੇ ਹੋਕੇ ਦੀ। ਸਾਰੀ ਰਾਤ ਜੀਤ ਕੌਰ ਇਹੀ ਸੋਚਦੀ ਰਹੀ ਵੀ ਅੱਜ ਖਬਰੇ ਕਿੱਥੇ ਰਹਿ ਗਿਆ ਸੱਜਣ ਸਿਓ ਫਿਕਰਾਂ ਨਾਲ ਲੱਦੀ ਨੂੰ ਰਾਤ ਦੇ ਆਖਰੀ ਪਹਿਰ ਨੀਂਦ ਨੇ ਘੇਰ ਹੀ ਲਿਆ। ਸਵੇਰੇ ਜਦ ਸੂਰਜ ਸਿਰ ਤੇ ਆ ਗਿਆ ਤਾਂ ਜਾ ਕੇ ਅੱਖ ਖੁੱਲੀ।
ਉੱਠ ਬਾਹਰ ਬੂਹੇ ਕੋਲ ਦੇਖਿਆ ਤਾਂ ਸਾਰਾ ਪਿੰਡ ਇਕੱਠਾ ਹੋਇਆ ਪਿਆ ਸੀ, ਪੁੱਛਣ ਤੇ ਪਤਾ ਲੱਗਾ ਵੀ ਰਾਤ ਸੱਜਣ ਸਿਓ ਦੀ ਮੌਤ ਹੋ ਗਈ। ਉਹਦੇ ਸੰਸਕਾਰ ਦੀ ਤਿਆਰੀ ਕਰ ਰਹੇ ਪਿੰਡ ਵਾਲੇ। ਜੀਤ ਕੌਰ ਤਾਂ ਜਿਵੇ ਸੁੰਨ ਹੋ ਗਈ ਉਸਨੂੰ ਇੰਝ ਲੱਗਾ ਜਿਵੇਂ ਇੱਕ ਵਾਰ ਫੇਰ ਉਸਦੀ ਫਿਕਰਾਂ ਦੀ ਪੰਡ ਚੁੱਕਣ ਵਾਲਾ ਰੱਬ ਨੇ ਆਪਣੇ ਕੋਲ ਸੱਦ ਲਿਆ।
Jas Meet

...
...



Related Posts

Leave a Reply

Your email address will not be published. Required fields are marked *

4 Comments on “ਫ਼ਿਕਰਾਂ ਦੀ ਪੰਡ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)