More Punjabi Kahaniya  Posts
ਸਨੈਪਚੈਟ ਭਾਗ- ਆਖਰੀ


ਸਨੈਪਚੈਟ
ਲੇਖਕ- ਗੁਰਪ੍ਰੀਤ ਕੌਰ
ਭਾਗ- ਆਖਰੀ
ਉਸਦੇ ਇਜ਼ਹਾਰ ਏ ਮੁਹੱਬਤ ਦਾ ਬੇਸ਼ੱਕ ਮੈਂ ਕੋਈ ਜਵਾਬ ਨਾ ਦਿੱਤਾ। ਪਰ ਉਹ ਤੇ ਮੈਂ ਇੱਕ ਦੂਜੇ ਨਾਲ ਜੁੜ ਗਏ ਸੀ। ਉਹਦੀਆਂ ਮੇਰੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਪਰ ਉਹਨਾਂ ਗੱਲਾਂ ਦੀ ਹਾਲੇ ਵੀ ਇੱਕ ਅਦਿੱਖ ਹੱਦ ਸੀ, ਉਸ ਹੱਦ ਨੂੰ ਕਦੇ ਵੀ ਨਾ ਪਾਰ ਕਰਨ ਦਾ ਮੈਂ ਖੁਦ ਨਾਲ ਹੀ ਵਾਅਦਾ ਕੀਤਾ ਹੋਇਆ ਸੀ।
ਗੱਲਾਂ ਗੱਲਾਂ ਚ ਉਸਦੀ ਸੋਚ ਨਾਲ ਵੀ ਰੂਬਰੂ ਹੋਈ। ਉਹ ਆਪਣੀਆਂ ਲਿਖਤਾਂ ਮੇਰੇ ਨਾਲ ਸਾਂਝੀਆਂ ਕਰਦਾ ਰਹਿੰਦਾ। ਉਸਦੀ ਸੋਚ ਵਿੱਚ ਬਹੁਤ ਖੁੱਲਾਪਣ ਸੀ। ਕਦੇ ਕਦੇ ਇਹ ਮੈਨੂੰ ਵੀ ਠੀਕ ਲੱਗਦਾ, ਕਿ ਮਾਪੇ ਕੁੜੀ ਨੂੰ ਇਹ ਆਖ ਕੇ ਵਿਆਹ ਦਿੰਦੇ ਨੇ ਕਿ ਡੋਲੀ ਪੇਕੇ ਘਰੋਂ ਤੇ ਅਰਥੀ ਸਹੁਰੇ ਘਰੋਂ ਹੀ ਉੱਠਦੀ ਹੈ। ਡੋਲੀ ਤੇ ਅਰਥੀ ਉੱਠਣ ਵਿਚਕਾਰ ਜੋ ਸਮਾਂ ਹੁੰਦਾ ਹੈ, ਉਸ ਵਿੱਚ ਜੇ ਸਾਥੀ ਭੈੜਾ ਨਿਕਲ ਆਵੇ ਤਾਂ ਕਹਿ ਦਿੱਤਾ ਜਾਂਦਾ, ਕਰਮਾਂ ਦੀ ਗੱਲ ਹੈ। ਹੁਣ ਤਾਂ ਸਬਰ ਦਾ ਘੁੱਟ ਭਰਨਾ ਹੀ ਪੈਣਾ ਹੈ। ਔਰਤਾਂ ਦੀਆਂ ਸੱਧਰਾਂ ਤੇ ਉਹਨਾਂ ਦੀਆਂ ਇੱਛਾਵਾਂ ਲ‌ਈ ਸਮਾਜ ਤੰਗਦਿਲ ਹੋ ਜਾਂਦਾ ਹੈ, ਪਰ ਮਰਦ ਲ‌ਈ ਇਸ ਮਸਲੇ ਚ ਖੁੱਲ ਹੈ। ਆਦਮੀ ਹੈ, ਆਦਮੀ ਦਾ ਕੀ ਹੈ, ਇਹ ਆਖ ਕੇ ਸਾਰਾ ਮਸਲਾ ਹੀ ਖਤਮ ਹੋ ਜਾਂਦਾ ਹੈ।
ਖੈਰ ਮੈਂ ਅਜਿਹਾ ਕੁਝ ਨਹੀਂ ਸੀ ਕਰਨਾ ਚਾਹੁੰਦੀ ਜੋ ਜ਼ਿੰਦਗੀ ਭਰ ਮੇਰੇ ਲਈ ਇੱਕ ਮਿਹਣਾ ਬਣ ਕੇ ਰਹਿ ਜਾਵੇ। ਇਸ ਲਈ ਨਾ ਮੈਂ ਆਪਣੀ ਹੱਦ ਪਾਰ ਕੀਤੀ ਤੇ ਨਾ ਉਸਨੂੰ ਕਰਨ ਦਿੱਤੀ।
ਉਂਝ ਵੀ ਉਹ ਮੇਰੀ ਇੱਕ ਖਾਸ ਰਿਸ਼ਤੇਦਾਰੀ ਦੇ ਪਿੰਡੋਂ ਸੀ, ਇਸ ਲਈ ਕਿਸੇ ਲਈ ਵੀ ਕੋਈ ਵੀ ਮੁਸੀਬਤ ਖੜੀ ਕਰਨਾ ਨਹੀਂ ਸੀ ਚਾਹੁੰਦੀ।
ਫੇਰ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਜਾਣਿਆ ਪਹਿਚਾਣਿਆ ਨਾਮ ਹੈ। ਜ਼ਿਆਦਾ ਨਹੀਂ, ਪਰ ਕਾਫੀ ਲੋਕ ਉਸਨੂੰ ਪੜਦੇ ਹਨ। ਉਸਦੀਆਂ ਲਿਖੀਆਂ ਕਵਿਤਾਵਾਂ ਕਹਾਣੀਆਂ ਹੌਲੀ ਹੌਲੀ ਮਸ਼ਹੂਰ ਹੋ ਰਹੀਆਂ ਨੇ। ਮੈਨੂੰ ਚੰਗਾ ਲੱਗਿਆ ਕਿ ਇਸ ਸਭ ਦੇ ਬਾਵਜੂਦ ਵੀ ਉਸ ਵਿੱਚ ਕਿੰਨਾ ਠਹਿਰਾਵ ਹੈ।
ਫੇਰ ਇੱਕ ਬਦਲਾਵ ਆਇਆ, ਹੌਲੀ ਹੌਲੀ ਸਾਡੀ ਗੱਲ ਹੋਣੀ ਘੱਟ ਗ‌ਈ। ਪਰ ਜਦੋਂ ਵੀ ਗੱਲ‌ ਹੁੰਦੀ ਉਹ ਮੈਨੂੰ ਸਨੈਪਚੈਟ ਤੇ ਕਾਲ ਹੀ ਕਰਦਾ। ਕਦੇ ਵੋਇਸ ਕਾਲ ਤੇ ਕਦੇ ਵੀਡੀਓ ਕਾਲ। ਉਸਨੇ ਮੈਨੂੰ ਦੱਸਿਆ ਕਿ ਕੰਮ ਕਰਕੇ ਜ਼ਿਆਦਾ ਵਿਅਸਤ ਰਹਿੰਦਾ ਹੈ। ਪਰ ਉਹ ਜਦ ਵੀ ਗੱਲ ਕਰਦਾ ਤਾਂ ਉਸਦੀ ਗੱਲ ਮਿਲਣ ਤੇ ਆ ਕੇ ਰੁਕ ਜਾਂਦੀ। ਮੈਂ ਹਰ ਵਾਰ ਉਸਨੂੰ ਨਾ ਕਰ ਦਿੰਦੀ। ਕਿੰਨੀ ਵਾਰ ਉਸਨੇ ਕਿਹਾ ਸੀ, ਉਸਦਾ ਕਹਿਣਾ ਸੀ ਕਿ ਉਹ ਸ਼ਰੇਆਮ ਨਹੀਂ ਮਿਲ ਸਕਦਾ, ਉਸਦੀ ਜਾਣ ਪਹਿਚਾਣ ਬਹੁਤ ਹੈ, ਲੋਕ ਗਲਤ ਗੱਲਾਂ ਬਣਾਉਣਗੇ। ਪਰ ਮੈਂ ਉਸਨੂੰ ਕਿਤੇ ਵੀ ਮਿਲਣ ਲਈ ਤਿਆਰ ਨਾ ਹੁੰਦੀ। ਮੈਨੂੰ ਪਤਾ ਸੀ ਇਹ ਰਿਸ਼ਤੇ ਕਿਵੇਂ ਤੇ ਕਿਸ ਦਿਸ਼ਾ ਵੱਲ ਨੂੰ ਨਾ ਚਾਹੁਣ ਤੇ ਵੀ ਮੁੜਨ ਲੱਗਦੇ ਨੇ। ਜਦੋਂ ਭਾਵਨਾਵਾਂ ਵੀ ਹੋਣ, ਤੇ ਤੁਸੀਂ ਇਕੱਲਤਾ ਦੀ ਅੱਗ ਚ ਸੜ ਰਹੇ ਹੋਵੋ, ਤਾਂ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਤੁਸੀਂ ਜਜ਼ਬਾਤਾਂ ਨੂੰ ਕਾਬੂ ਚ ਨਹੀਂ ਰੱਖ ਪਾਉਂਦੇ। ਇਸ ਲਈ ਮੈਂ ਕ‌ਈ ਮਹੀਨੇ ਨਾ ਮਿਲਣ ਦੀ ਜ਼ਿੱਦ ਤੇ ਹੀ ਅਟਕੀ ਰਹੀ।
ਪਰ ਕਦੋਂ ਤੱਕ, ਮੈਂ ਆਪਣੇ ਪੇਕੇ ਆਈ ਹੋਈ ਸੀ, ਆਪਣੀ ਸਹੇਲੀ ਨੂੰ ਮਿਲਕੇ ਆਉਣ ਦਾ ਕਹਿ ਕੇ ਘਰੋਂ ਆ ਗ‌ਈ। ਮੈਂ ਆਪਣੀ ਸਹੇਲੀ ਨੂੰ ਵੀ ਸਭ ਸਮਝਾ ਦਿੱਤਾ ਸੀ। ਪਰ ਮੈਂ ਆਪਣੀ ਸਹੇਲੀ ਨੂੰ ਆਖ ਦਿੱਤਾ ਸੀ ਕਿ ਮੈਂ ਉਹਨੂੰ ਸਿਰਫ ਦਸ ਪੰਦਰਾਂ ਮਿੰਟ ਲਈ ਹੀ ਮਿਲਣਾ ਹੈ, ਇਸ ਲਈ ਦਸ ਕੁ ਮਿੰਟ ਮਗਰੋਂ ਤੂੰ ਮੈਨੂੰ ਫੋਨ ਕਰਨ ਲੱਗ ਜਾਂਵੀ।
ਭੀੜਭਾੜ ਵਾਲੀ ਥਾਂ ਤੋਂ ਦੂਰ, ਇੱਕ ਲਿੰਕ ਰੋਡ ਤੇ ਮੈਂ ਉਸਦਾ ਇੰਤਜ਼ਾਰ ਕਰ ਰਹੀ ਸੀ। ਪੰਜ ਕੁ ਮਿੰਟ ਬਾਅਦ ਹੀ ਮੈਂਨੂੰ ਉਸਦੀ ਵੱਡੀ ਕਾਰ ਦਿਖਾਈ ਦਿੱਤੀ। ਉਹ ਮੇਰੇ ਕੋਲ ਆਇਆ ਤੇ ਮੈਂ ਉਸਦੀ ਕਾਰ ਚ ਬੈਠ ਗ‌ਈ। ਉਸਨੇ ਮੂੰਹ ਵੀ ਸਾਫ਼ੇ ਨਾਲ ਢਕਿਆ ਸੀ ਤੇ ਕਾਲੀਆਂ ਐਨਕਾਂ ਲਗਾ ਰੱਖੀਆਂ ਸੀ। ਤੇ ਮੈਂ ਖੁਦ ਨੂੰ ਲੁਕਾਉਣ ਵਾਸਤੇ ਕੁਝ ਵੀ ਨਹੀਂ ਸੀ ਕੀਤਾ ਹੋਇਆ। ਉਸਨੇ ਪਹਿਲਾ ਸਵਾਲ ਇਹੋ ਕੀਤਾ, “ਮੂੰਹ ਕਿਉਂ ਨਹੀਂ ਢਕਿਆ..??”
ਮੈਂ ਉਸਨੂੰ ਜਵਾਬ ਦਿੱਤਾ, “ਮੂੰਹ ਤਾਂ ਉਹ ਢੱਕਦੇ ਨੇ ਜਿਹਨਾਂ ਨੇ ਕੋਈ ਗਲਤ ਕੰਮ ਕਰਨਾ ਹੋਵੇ…”
ਅਸੀਂ ਕਿਤੇ ਵੀ ਨਾ ਗ‌ਏ, ਉਸਦੀ ਕਾਰ ਵਿੱਚ ਬੈਠ ਕੇ ਹੀ ਗੱਲਾਂ ਕੀਤੀਆਂ। ਮੈਂ ਉਸਨੂੰ ਝੂਠ ਬੋਲਿਆ ਸੀ ਕਿ ਮੈਂ ਆਪਣੀ ਮੰਮੀ ਨਾਲ ਆਈ ਹਾਂ, ਤੇ ਮੰਮੀ ਨੂੰ ਇੱਕ ਸਹੇਲੀ ਨਾਲ ਮਾਰਕੀਟ ਚ ਛੱਡ ਕੇ ਆਈ ਹਾਂ। ਇਸ ਲਈ ਜ਼ਿਆਦਾ ਦੇਰ ਰੁਕ ਨਹੀਂ ਸਕਦੀ। ਉਸਨੇ ਮੈਨੂੰ ਕਿਹਾ, “ਜੇ ਚੱਜ ਨਾਲ ਮਿਲਣ ਦਾ ਪਲੈਨ ਬਣਾ ਕੇ ਆਈ ਹੁੰਦੀ ਤਾਂ ਮੈਂ ਤੈਨੂੰ ਆਪਣੇ ਦੋਸਤ ਦੀ ਕੋਠੀ ਲੈ ਜਾਂਦਾ… ਉੱਥੇ ਕੋਈ ਵੀ ਨੀ ਹੁੰਦਾ.. ਸਿਰਫ਼ ਆਪਾਂ ਦੋਵੇਂ ਹੁੰਦੇ…”
ਮੈਨੂੰ ਉਸਦਾ ਇਹ ਕਹਿਣਾ ਅਜੀਬ ਲੱਗਿਆ। ਐਨੇ ਨੂੰ ਮੇਰੀ ਸਹੇਲੀ ਦਾ ਵੀ ਫੋਨ ਆ ਗਿਆ, ਤੇ ਮੈਂ ਕਾਹਲੀ ਕਾਹਲੀ ਉੱਥੋਂ ਆ ਗ‌ਈ। ਆਉਣ ਵੇਲੇ ਉਸਨੇ ਇੱਕ ਵਾਰ ਕਿਹਾ, “ਹਾਲੇ ਮੈਂ ਇੱਥੇ ਹੀ ਆ… ਦੇਖ ਲਾ ਜੇ ਕਿਤੇ ਪਲੈਨ ਬਣਦਾ… ਆਪਾਂ ਮੇਰੇ ਦੋਸਤ ਦੀ ਕੋਠੀ ਚੱਲਦੇ ਹਾਂ…”
ਮੈਂ ਉਸਨੂੰ ਮਨਾਂ ਕਰ ਦਿੱਤਾ, “ਨਹੀਂ ਮੇਰੀ ਬੇਟੀ ਵੀ ਹੈ… ਤੇ ਉਹ ਮੰਮੀ ਕੋਲ ਰੋਣ ਲੱਗ ਜਾਂਦੀ ਹੈ…”
ਉਹ ਕਾਰ ਲੈਕੇ ਚਲੇ ਗਿਆ। ਉਸਨੇ ਇੱਕ ਵਾਰ ਵੀ ਮੇਰੇ ਵੱਲ ਮੁੜ ਕੇ ਨਾ ਦੇਖਿਆ। ਮੈਂ ਸਹੇਲੀ ਕੋਲ ਆਈ, ਤੇ ਉਸਨੂੰ ਵੀ ਸਾਰਾ ਕੁਝ ਦੱਸਿਆ ਤਾਂ ਉਸਨੇ ਕਿਹਾ, “ਪ੍ਰੀਤ ਵੈਸੇ ਤਾਂ ਤੇਰੀ ਮਰਜ਼ੀ ਆ… ਪਰ ਮੈਨੂੰ ਕੁੱਝ ਠੀਕ ਨੀ ਲੱਗਦਾ…”
ਅਗਲੇ ਦਿਨ ਮੈਂ ਆਪਣੇ ਸਹੁਰੇ ਜਾਣਾ ਸੀ, ਤੇ ਮੈਂ ਉਸਨੂੰ ਮਜ਼ਾਕ ਚ ਮੈਸੇਜ ਕਰਕੇ ਕਹਿ ਦਿੱਤਾ, “ਮੈਂ ਤੁਹਾਡੇ ਪਿੰਡ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੀ ਹਾਂ.. ਤੇ ਉਹਨਾਂ ਨਾਲ ਮੈਂ ਸ਼ਾਇਦ ਤੁਹਾਡੇ ਘਰ ਵੀ ਆਵਾਂ…”
ਉਸਨੇ ਮੈਸੇਜ ਦੇਖ ਲਿਆ, ਪਰ ਕੋਈ ਰਿਪਲਾਈ ਨਾ ਦਿੱਤਾ, ਸਗੋਂ ਮੈਨੂੰ ਬਲੌਕ ਕਰ ਦਿੱਤਾ। ਮੈਨੂੰ ਸਮਝ ਹੀ ਨਾ ਆਈ ਕਿ ਹੁਣ ਕੀ ਹੋ‌ ਗਿਆ ਹੈ।
ਦੋ ਤਿੰਨ ਦਿਨ ਬਾਅਦ ਉਸਨੇ ਮੈਨੂੰ ਅਨਬਲੌਕ ਕੀਤਾ, ਤੇ ਕਿਹਾ, “ਆਪਣੇ ਵਿਚਕਾਰ ਜੋ ਵੀ ਹੈ.. ਉਹ ਸਭ ਇੱਥੇ ਹੀ ਹੈ.. ਉਹ ਵੀ ਇਸ ਲਈ ਹੈ ਕਿਉਂਕਿ ਮੈਂ ਤੈਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਹਾਂ.. ਇਸ ਲਈ ਇਸ ਸਭ ਨੂੰ ਅਸਲ ਜ਼ਿੰਦਗੀ ਚ ਲੈਕੇ ਆਉਣ ਦਾ ਕਦੇ ਵੀ ਨਾ ਸੋਚਣਾ… ਮੈਂ ਤੇਰੇ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕਦਾ ਹਾਂ.. ਤੈਨੂੰ ਸਾਰੇ ਸੁੱਖ ਦੇ ਸਕਦਾਂ.. ਜਿਸਮਾਨੀ ਅਤੇ ਭਾਵਨਾਤਮਕ ਦੋਵੇਂ… ਤੈਨੂੰ ਮਹਿੰਗੇ ਮਹਿੰਗੇ ਗਿਫਟ ਲੈ ਕੇ ਦੇ ਸਕਦਾਂ… ਜੋ ਤੇਰਾ ਪਤੀ ਤੇਰੇ ਲਈ ਨਹੀਂ ਕਰ ਸਕਦਾ ਉਹ ਸਭ ਮੈਂ ਕਰ ਸਕਦਾ.. ਪਰ ਆਪਣਾ ਸੰਪਰਕ ਸਿਰਫ ਐਥੇ ਹੀ ਰਵੇਗਾ…”
ਪੂਰਾ ਮੈਸੇਜ ਪੜਨ ਮਗਰੋਂ ਮੈਨੂੰ ਕੁਝ ਸਮਝ ਨਾ ਆਇਆ ਕਿ ਮੈਂ ਹੁਣ ਕੀ ਜਵਾਬ ਦਿਆਂ, ਇੱਕ ਗੱਲ ਤਾਂ ਫੇਰ ਵੀ ਮੈਂ ਉਸਨੂੰ ਕਹਿ ਦਿੱਤੀ, “ਮੈਨੂੰ ਚੀਜ਼ਾਂ ਦੀ ਜ਼ਰੂਰਤ ਨਹੀਂ… ਉਹਨਾਂ ਲਾਇਕ ਮੈਂ ਖੁਦ ਹੈਗੀ ਆ..ਬਾਕੀ ਤੁਹਾਡੀ ਮੈਂ ਬਹੁਤ ਇੱਜ਼ਤ ਕਰਦੀ ਆ.. ਇੱਕ ਖਾਸ ਦੋਸਤ ਹੋ ਤੁਸੀਂ ਮੇਰੇ.. ਇਸ ਤੋਂ ਇਲਾਵਾ ਹੋਰ ਕੋਈ ਜ਼ਰੂਰਤ ਨਹੀਂ ਮੇਰੀ…”
ਉਸਦਾ ਵੀ ਕੋਈ ਰਿਪਲਾਈ ਨਾ ਆਇਆ ਤੇ ਮੈਂ ਵੀ ਕੁਝ ਨਾ ਕਿਹਾ, ਸ਼ਾਮ ਨੂੰ ਉਸਦਾ‌ ਮੈਸੇਜ ਦੇਖਿਆ, “ਫੇਰ ਮੇਰੇ ਘਰ ਆਉਣ ਦੀ ਗੱਲ ਕਿਉਂ ਕੀਤੀ ਸੀ..???”
“ਮੈਂ ਮਜ਼ਾਕ ਕੀਤਾ ਸੀ.. ਮੈਨੂੰ ਨਹੀਂ ਸੀ ਪਤਾ ਤੁਸੀਂ ਬੁਰਾ ਮਨਾ ਜਾਵੋਗੇ…”
ਮੁੜ ਉਸਨੇ ਆਪਣੇ ਕਹੇ ਲਫ਼ਜ਼ਾਂ ਲਈ ਸੌਰੀ ਕਿਹਾ ਤੇ ਹਰ ਰੋਜ਼ ਵਾਂਗ ਸਾਡੇ ਚ ਗੱਲ ਹੋਈ।
ਫੇਰ ਉਸਤੋਂ ਮਗਰੋਂ ਕਿੰਨੇ ਦਿਨ ਕੋਈ ਗੱਲ ਨਾ ਹੋਈ। ਮੈਂ ਹੀ ਉਹਨੂੰ ਮੈਸੇਜ ਕੀਤਾ ਤਾਂ ਉਸਨੇ ਕਿਹਾ ਕਿ ਗੱਲ ਕਰਨ ਦਾ‌ ਸਮਾਂ ਨਹੀਂ ਹੈ।
ਮੈਂ ਵੀ ਮੰਨ ਲਿਆ। ਫੇਰ ਅਗਲੇ ਦਿਨ ਉਸਨੇ ਕਿਹਾ, “ਮੇਰੇ ਕੋਲ ਗੱਲਾਂ ਕਰਨ ਦੀ ਵਿਹਲ ਨਹੀਂ.. ਜੇ ਮਿਲਣਾ ਹੈ ਤਾਂ ਦੱਸ..”
ਮੈਂ ਉਸਨੂੰ ਕਿਹਾ, “ਜਦ ਗੱਲ ਕਰਨ ਦੀ ਵਿਹਲ ਨਹੀਂ ਤਾਂ ਮਿਲਣ ਲਈ ਵਿਹਲ ਹੈ..??”
ਉਸਨੇ ਕਿਹਾ, “ਮੈਂ ਹਰ ਵੇਲੇ ਫੋਨ ਤੇ ਲੱਗਿਆ ਨੀ ਰਹਿ ਸਕਦਾ… ਉੱਪਰੋਂ ਮੇਰੀ ਵਾਈਫ ਨਾਲ ਵੀ ਅਣਬਣ ਰਹਿੰਦੀ ਹੈ… ਜੇ ਤੂੰ ਮਿਲ ਸਕਦੀ ਏ ਤਾਂ ਦੱਸ… ਮੇਰੀ ਫੈਕਟਰੀ ਆ ਸਕਦੀ ਏ ਤੂੰ..??”
ਉਸਦਾ ਪਿਛਲੀ ਮੁਲਾਕਾਤ ਦਾ ਤੁਸੀਂ ਤੋਂ ਤੂੰ ਤੇ ਆ ਜਾਣਾ, ਮੈਨੂੰ ਚੰਗਾ ਨਹੀਂ ਸੀ ਲੱਗਿਆ, ਪਰ ਫਿਰ ਵੀ ਮੈਂ ਕੋਈ ਇਤਰਾਜ਼ ਨਹੀਂ ਸੀ ਕੀਤਾ। ਪਰ ਉਹਦੀਆਂ ਇਹ ਗੱਲਾਂ ਮੈਨੂੰ ਬੁਰੀਆਂ ਲੱਗ ਰਹੀਆਂ ਸੀ।
ਉਹਨੇ ਮੈਨੂੰ ਫੇਰ ਕਿਹਾ, “ਆਪਾਂ ਦੋਵੇਂ ਜ਼ਿੰਦਗੀ ਚ ਕੱਲੇ ਆ.. ਮੇਰੀ ਪਤਨੀ ਮੈਨੂੰ ਨਹੀਂ ਸਮਝਦੀ… ਤੇ ਤੇਰਾ ਪਤੀ ਤੈਨੂੰ ਨਹੀਂ ਸਮਝਦਾ.. ਆਪਾਂ ਇੱਕ ਦੂਜੇ ਦੇ ਹੋ ਨਿੱਬੜਦੇ ਹਾਂ… ਤੈਨੂੰ ਵੀ ਜ਼ਰੂਰਤ ਹੈ ਤੇ ਮੈਨੂੰ ਵੀ.. ਇੱਕ ਦੂਜੇ ਦੀ ਜ਼ਰੂਰਤ ਪੂਰੀ ਕਰਦੇ ਹਾਂ… ”
ਮੈਂ ਮੈਸੇਜ ਦੇਖ ਕੇ ਇੱਕ ਵਾਰ...

ਫੇਰ ਸੁੰਨ ਹੋ ਗਈ। ਉਸਦਾ ਅਗਲਾ ਮੈਸੇਜ ਆ ਗਿਆ, “ਮੈਨੂੰ ਦੱਸ ਦੇਣਾ… ਮੈਂ ਖੁਦ ਪਿੱਕ ਕਰ ਲਵਾਂਗਾ..”
ਮੈਂ ਸਿਰਫ਼ ਐਨਾ ਹੀ ਕਹਿ ਸਕੀ, “ਜੇ ਤੁਹਾਡੀ ਰੂਹਾਨੀ ਮੁਹੱਬਤ ਦੀ ਅਖੀਰੀ ਮੰਜ਼ਲ ਜਿਸਮ ਤੇ ਆ ਕੇ ਹੀ ਮੁੱਕਦੀ ਹੈ, ਤਾਂ ਮੈਨੂੰ ਪਹਿਲਾਂ ਹੀ ਆਖ ਦਿੰਦੇ.. ਹੁਣ ਤੱਕ ਆਪਣੇ ਨਾਲ ਭਾਵਨਾਤਮਕ ਤੌਰ ਤੇ ਜੋੜਨ ਚ ਐਨੀ ਮਿਹਨਤ ਕਿਉਂ ਕਰਨੀ ਸੀ…”
ਉਸਦਾ ਰਿਪਲਾਈ ਆਇਆ, “ਐਨਾ ਨਾ ਸੋਚ.. ਹਰ ਇਸ਼ਕ਼ ਇਹਨਾਂ ਰਾਹਾਂ ਚ ਆ ਕੇ ਹੀ ਪੂਰਾ ਹੁੰਦਾ ਹੈ.. ਇੱਕ ਦੂਜੇ ਦੇ ਮੁੜਕੇ ਚ ਭਿੱਜਣ ਮਗਰੋਂ ਹੀ ਮਨ ਦੀਆਂ ਗੰਢਾਂ ਖੁਲਦੀਆਂ ਨੇ..”
ਪਤਾ ਨਹੀਂ ਕਿਉਂ ਮੈਂ ਉਸਨੂੰ ਆਖ ਦਿੱਤਾ, “ਮੈਨੂੰ ਇਹ ਸਭ ਨਹੀਂ ਚਾਹੀਦਾ.. ਮੇਰੇ ਨਾਲ ਉਂਝ ਹੀ ਰਾਬਤਾ ਰੱਖੋ ਜਿਵੇਂ ਪਹਿਲਾਂ ਸੀ… ਨਹੀਂ ਤਾਂ ਨਾ ਰੱਖੋ…”
ਉਸਨੇ ਆਖ ਦਿੱਤਾ, “ਮੈਂ ਗੱਲਾਂ ਨੀ ਕਰ ਸਕਦਾ ਹੁਣ ਹੋਰ… ਮਿਲਣਾ ਹੈ ਤਾਂ ਦੱਸ..”
ਇਹ‌ ਸੁਣ ਕੇ ਮੇਰਾ ਦਿਲ ਟੁੱਟ ਗਿਆ, ਮੈਂ ਉਸਨੂੰ ਇਕੱਠੇ ਹੀ ਕ‌ਈ ਮੈਸੇਜ ਕੀਤੇ, “ਤੁਸੀਂ ਅਜਿਹਾ ਸੋਚ ਵੀ ਕਿਵੇਂ ਸਕਦੇ ਹੋ…?? ” “ਮੇਰੇ ਦਿਲ ਚ ਤੁਹਾਡੀ ਖਾਸ ਥਾਂ ਹੈ.. ਤੁਸੀਂ ਮੇਰੀ ਜ਼ਿੰਦਗੀ ਚ ਬਹੁਤ ਅਹਿਮੀਅਤ ਰੱਖਦੇ ਹੋ..” “ਪਰ ਮੈਂ ਤੁਹਾਡੇ ਕੋਲੋਂ ਅਜਿਹਾ ਕੁਝ ਨਹੀਂ ਚਾਹਿਆ ਕਦੇ ਵੀ.. ਤੇ ਨਾ ਚਾਹੂੰਗੀ..” “ਤੁਸੀਂ ਐਵੇਂ ਕਹੋਗੇ ਮੈਂ ਕਦੇ ਸੋਚਿਆ ਵੀ ਨਹੀਂ ਸੀ.. ਆਪਣੀਆਂ ਲਿਖਤਾਂ ਦੇ ਬਿਲਕੁਲ ਉਲਟ ਗੱਲਾਂ ਕਰ ਰਹੇ ਹੋ ਤੁਸੀਂ…”
ਉਸਨੇ ਮੇਰੇ ਮੈਸੇਜ ਦੇਖੇ, ਪਰ ਕਿਹਾ ਕੁਝ ਨਾ, ਤੇ ਜਦੋਂ ਅਗਲਾ ਮੈਸੇਜ ਮੈਂ ਟਾਈਪ ਕਰ ਰਹੀ ਸੀ, ਉਸਨੇ ਮੈਨੂੰ ‌ਬਲੌਕ ਕਰ ਦਿੱਤਾ। ਮੇਰਾ ਰੋਣਾ‌ ਨਿਕਲ ਆਇਆ, ਇਸ ਗੱਲ ਤੇ ਨਹੀਂ ਕਿ ਉਸਨੇ ਮੈਨੂੰ ਬਲੌਕ ਕਰ ਦਿੱਤਾ, ਬਲਕਿ ਇਸ ਲਈ ਕਿ ਉਸਦੇ ਦਿਲ ਚ ਪਤਾ ਨਹੀਂ ਕਦੋਂ ਤੋਂ ਇਹ‌ ਸਭ ਕੁਝ ਚੱਲ‌ ਰਿਹਾ ਸੀ। ਇਹ ਤਾਂ ਮੈਨੂੰ ਪਤਾ ਹੀ‌ ਸੀ ਕਿ ਉਸਨੇ ਮੈਨੂੰ ਅਨਬਲੌਕ ਕਰ ਹੀ ਦੇਣਾ ਹੈ, ਤੇ ਫੇਰ‌ ਮੈਸੇਜ ਵੀ ਕਰੇਗਾ।
ਲੱਗਭਗ ਹਫ਼ਤਾ ਲੰਘ ਗਿਆ, ਉਸਨੇ ਮੈਨੂੰ ਅਨਬਲੌਕ ਨਾ ਕੀਤਾ। ਉਸਨੇ ਮੇਰੇ ਨਾਲ‌ ਨਾ ਆਪਣਾ ਨੰਬਰ ਸਾਂਝਾ ਕੀਤਾ ਸੀ ਤੇ ਨਾ ਕੋਈ ਹੋਰ ਸੋਸ਼ਲ ਮੀਡੀਆ ਖਾਤਾ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਰਾਂ। ਐਵੇਂ ਮਿੰਟਾਂ ਸਕਿੰਟਾਂ ਚ ਕੋਈ ਸਭ ਕੁਝ ਕਿਵੇਂ ਖਤਮ ਕਰ ਸਕਦਾ ਹੈ ਤੇ ਸਭ‌ ਤੋਂ ਵੱਡੀ ਗੱਲ ਮੁੜਕੇ ਉਸਨੂੰ ਮੇਰੀ ਯਾਦ ਹੀ ਨਾ ਆਈ ਹੋਉ। ਮੈਂ ਉਸਨੂੰ ਇੰਸਟਾਗ੍ਰਾਮ ਤੇ ਲੱਭ ਲਿਆ। ਉਸਦਾ ਪਬਲਿਕ ਪ੍ਰੋਫਾਈਲ, ਜਿਸ ਤੇ ਉਹ ਹਰ ਦਿਨ ਆਪਣੀਆਂ ਲਿਖਤਾਂ ਸਾਂਝੀਆਂ ਕਰ ਰਿਹਾ ਸੀ। ਤੇ ਉਹਨਾਂ ਹੀ ਫੋਟੋਆਂ ਚ ਉਸਦੀ ਇੱਕ ਤਸਵੀਰ ਉਸਦੀ ਪਤਨੀ ਨਾਲ ਸੀ। ਕਿੰਨਾ ਖੁਸ਼ ਲੱਗ ਰਹੇ ਸੀ ਦੋਵੇਂ। ਤੇ ਇਹ ਤਸਵੀਰ ਵੀ ਕੋਈ ਬਹੁਤੀ ਪੁਰਾਣੀ ਅੱਪਡੇਟ ਨਹੀਂ ਸੀ ਕੀਤੀ ਹੋਈ। ਮੈਂ ਉਸਨੂੰ ਮੈਸੇਜ ਕਰਕੇ ਪੁੱਛਿਆ, “ਹੁਣ ਮੇਰੇ ਬਿਨਾਂ ਕਿਵੇਂ ਰਹਿ ਰਹੇ ਹੋ… ਸਭ ਕੁਝ ਪਲਾਂ ਵਿੱਚ ਹੀ ਖਤਮ.. ਸਿਰਫ਼ ਸਰੀਰਕ ਭੁੱਖ ਹੀ ਸੀ ਜਾਂ ਫੇਰ..”
ਉਸਨੇ ਮੈਸੇਜ ਦੇਖੇ, ਤੇ ਮੈਨੂੰ ਤੁਰੰਤ ਬਲੌਕ ਕਰ ਦਿੱਤਾ। ਫੇਰ ਸਨੈਪਚੈਟ ਤੇ ਮੈਸੇਜ ਕੀਤਾ, “ਮੈਨੂੰ ‌ਇੰਸਟਾਗ੍ਰਾਮ ਤੇ ਮੈਸੇਜ ਨਾ ਕਰ.. ਤੇ ਮੈਂ ਕੁਝ ਵੀ ਜ਼ਬਰਦਸਤੀ ਨੀ ਕਰ ਰਿਹਾ…”
ਮੈਂ ਫਿਰ ਤੋਂ ਕੋਈ ਰਿਪਲਾਈ ਕਰਦੀ ਉਸਨੇ ਮੈਨੂੰ ਬਲੌਕ ਕਰ ਦਿੱਤਾ। ਫੇਰ‌ ਕਿੰਨਾ ਚਿਰ ਕੋਈ ਗੱਲ‌ ਨਾ ਹੋਈ। ਮੈਂ ਵੀ ਆਪਣਾ ਮਨ ਸਮਝਾ ਲਿਆ ਤੇ ਉਸਨੂੰ ਇੱਕ ਬੁਰਾ ਸੁਪਨਾ ਸਮਝ ਲਿਆ।
ਕ‌ਈ ਮਹੀਨਿਆਂ ਬਾਅਦ ਫੇਰ ਉਸਦਾ ਮੈਸੇਜ ‌ਆਇਆ ਸੀ, “ਮੈਂ ਬਹੁਤ ਪ੍ਰੇਸ਼ਾਨ ਹਾਂ… ਆਈ ਨੀਡ ਯੂ..”
ਪਤਾ ਨਹੀਂ ਕਿਉਂ,‌ ਮੈਂ ਇੱਕ ਵਾਰ ਫੇਰ ਉਸਦੀ ਗੱਲ ਸੁਣ ਲ‌ਈ। ਮੈਂ ਉਸਨੂੰ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ, “ਮੇਰੀ ਪਤਨੀ ਮੈਨੂੰ ਛੱਡ ਕੇ ਚਲੇ ਗਈ ਹੈ.. ਮੈਂ ਬਹੁਤ ਕੱਲਾ ਮਹਿਸੂਸ ਕਰ ਰਿਹਾ ਹਾਂ.. ਮੈਨੂੰ ‌ਤੇਰਾ‌ ਸਾਥ ਚਾਹੀਦਾ ਹੈ..”
ਮੈਂ ਵੀ ਉਸਨੂੰ ਕਹਿ ਦਿੱਤਾ, “ਮੈਂ ਹਮੇਸ਼ਾ ਤੁਹਾਡੇ ਨਾਲ ਹਾਂ…”
ਐਨਾ ਕਹਿਣ‌ ਦੀ ਦੇਰ ਸੀ ਕਿ ਉਸਨੇ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ‌ਮੈਂ ਸੁਪਨੇ ਚ ਵੀ ਨਹੀਂ ਸੀ ਸੋਚੀਆਂ, ਤੈਨੂੰ ਬਾਹਾਂ ਚ ਭਰਨ ਦਾ ਮਨ ਕਰ ਰਿਹਾ ਹੈ.. ਤੇਰੇ ਪੂਰੇ ਜਿਸਮ ਨੂੰ ਹੱਥਾਂ ਨਾਲ ਛੂਹਣ ਦਾ ਮਨ ਕਰ ਰਿਹਾ ਹੈ..
ਮੈਨੂੰ ਬੁਰਾ ਲੱਗਿਆ, ਮੈਂ ਤੁਰੰਤ ਉਸਨੂੰ ਮਨਾਂ ਕਰ ਦਿੱਤਾ ਕਿ ਮੇਰੇ ਨਾਲ ਇਹ ਸਭ ਗੱਲਾਂ ਕਰਨ ਦੀ ਕੋਈ ਜ਼ਰੂਰਤ ਨਹੀਂ। ਉਹਨੇ ਤੁਰੰਤ ਮੈਨੂੰ ਬਲੌਕ ਕਰ ਦਿੱਤਾ।
ਹੁਣ ਮੈਂ ਪੂਰੀ ਤਰ੍ਹਾਂ ਸਮਝ ਗਈ ਸੀ ਕਿ ਉਸਨੂੰ ਇਹੋ ਚਾਹੀਦਾ ਸੀ। ਭਾਵਨਾਵਾਂ ਦੀ ਉਸਨੂੰ ਕੋਈ ਕਦਰ ਨਹੀਂ ਸੀ। ਉਸਨੂੰ ਸਿਰਫ ਮੇਰਾ ਸਰੀਰ ਚਾਹੀਦਾ ਸੀ। ਉਸਤੋਂ ਇਲਾਵਾ ਹੋਰ ਕੁਝ ਵੀ ਨਹੀਂ। ਇਹ ਉਹੀ ਇਨਸਾਨਾਂ ਵਿੱਚੋਂ ਇੱਕ ਸੀ, ਜਿਸਨੇ ਸੁੱਚੇ ਹੋਣ ਦਾ ਮੁਖੌਟਾ ਪਹਿਨਿਆ ਹੁੰਦਾ ਹੈ ਪਰ ਉਹ ਅੰਦਰੋਂ ਕਾਲਖ਼ ਨਾਲ ਭਰਿਆ ਹੁੰਦਾ ਹੈ। ਮੈਂ ਉਸ ਦਿਨ ਵੀ ਰੋਈ, ਪਰ ਉਹਦੇ ਲਈ ਨੀ, ਖੁਦ ਲਈ ਕਿ ਕਿਉਂ ਅਜਿਹੇ ਇਨਸਾਨ ਤੇ ਭਰੋਸਾ ਕੀਤਾ। ਕਿਉਂ ਉਸਨੂੰ ਮੌਕਾ ਦਿੱਤਾ ਕਿ ਉਹ ਮੈਨੂੰ ਇਸ ਹੱਦ ਤੱਕ ਬੇਵਕੂਫ ਬਣਾ ਸਕੇ।
ਉਸ ਰਾਤ ਪਤਾ ਨਹੀਂ ਮੈਨੂੰ ਕਿਉਂ ਇਹ ਅਹਿਸਾਸ ਹੋਇਆ ਕਿ ਜੇਕਰ ਉਹ ਮੇਰੇ ਨਾਲ ਇਹ ਸਭ ਕਰ ਸਕਦਾ ਹੈ, ਤਾਂ ਉਹ ਕਿਸੇ ਨਾਲ ਵੀ ਇਹ ਸਭ ਕਰ ਸਕਦਾ ਹੈ। ਇਸ ਲਈ ਮੈਂ ਆਪਣਾ ਮਨ ਬਣਾ ਲਿਆ ਕਿ ਉਸਨੂੰ ਉਸਦੇ ਕੀਤੇ ਦੀ ਸਜ਼ਾ ਜ਼ਰੂਰ ਦਿਆਂਗੀ।
ਮੈਂ ਨਵਾਂ ਇੰਸਟਾਗ੍ਰਾਮ ਅਕਾਊਂਟ ਬਣਾਇਆ, ਉਸਦੇ ਜਾਣ ਪਹਿਚਾਣ ਦੇ ਲੋਕਾਂ ਨੂੰ ਐਡ ਕੀਤਾ, ਅਤੇ ਫੇਰ ਮੈਂ ਉਸਦੇ ਬਾਰੇ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ। ਮੈਂ ਸਿੱਧੇ ਤੌਰ ਤੇ ਉਸਦਾ ਨਾਂ ਨਹੀਂ ਲਿਆ, ਪਰ ਇਹ ਜ਼ਰੂਰ ਦੱਸਿਆ ਕਿ ਦੋਸਤੀ ਦੀ ਆੜ ਚ ਜ਼ਿਆਦਾ ਤਰ ਲੋਕ ਜਿਸਮ ਤੇ ਆਕੇ ਹੀ ਰੁਕਦੇ ਹਨ। ਜਜ਼ਬਾਤਾਂ ਦਾ ਸਹਾਰਾ ਲੈਂਦੇ ਹਨ। ਇਹਨਾਂ ਪੋਸਟਾਂ ਤੋਂ ਦੋ ਤਿੰਨ ਕੁੜੀਆਂ ਦੇ ਮੈਸੇਜ ਆਏ, ਕਿ ਖੁਦ ਨੂੰ ਮਸ਼ਹੂਰ ਤੇ ਆਜ਼ਾਦ ਖਿਆਲੀ ਕਹਿਣ ਵਾਲੇ ਇਨਸਾਨ ਨੇ ਮੇਰੇ ਨਾਲ ਵੀ ਇੰਝ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਮੈਂ ਨਾਮ ਪੁੱਛਿਆ ਤਾਂ ਮੈਨੂੰ ਹੈਰਾਨੀ ਹੋਈ ਇਹ ਜਾਣ ਕੇ ਕਿ ਇਹ ਉਹੀ ਸ਼ਖਸ ਹੈ, ਜਿਹਨੂੰ ਮੈਂ ਸੱਚਾ ਪੱਕਾ ਦੋਸਤ ਸਮਝ ਬੈਠੀ ਸਾਂ। ਉਹਨਾਂ ਕੁੜੀਆਂ ਨੇ ਖੁੱਲ ਕੇ ਸਾਹਮਣੇ ਆਉਣ ਦੀ ਗੱਲ ਕਹੀ। ਤੇ ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਉਸਦੀ ਪਤਨੀ ਨਾਲ ਉਸਦੇ ਸੰਬੰਧ ਬਿਲਕੁਲ ਠੀਕ ਹਨ। ਉਸਦੀ ਪਤਨੀ ਸਿਰਫ ਭੋਲੀ ਹੀ ਨਹੀਂ ਸਗੋਂ ਅੱਖਾਂ ਬੰਦ ਕਰਕੇ ਉਸਤੇ ਵਿਸ਼ਵਾਸ ਵੀ ਕਰਦੀ ਸੀ, ਤੇ ਹਾਲ ਹੀ ਵਿੱਚ ਉਹ ਨਿੱਕੀ ਜਿਹੀ ਧੀ ਦੀ ਮਾਂ ਬਣੀ ਸੀ। ਮੈਨੂੰ ਉਹਦੇ ਲਈ ਵੀ ਬੁਰਾ ਲੱਗਿਆ।
ਮੈਂ ਆਪਣੇ ਉਸੇ ਅਕਾਊਂਟ ਤੋਂ ਉਸ ਸ਼ਖਸ ਨੂੰ ਮੈਸੇਜ ਕੀਤਾ, ਪਹਿਲਾਂ ਤਾਂ ਉਸਨੇ ਆਪਣੇ ਦੋਸਤਾਂ ਰਾਹੀਂ ਮੈਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਸਹੁਰੇ ਘਰ ਸਭ ਕੁਝ ਦੱਸ ਦੇਣਗੇ, ਪਰ ਜਦੋਂ ਮੈਂ ਕਿਹਾ ਕਿ ਠੀਕ ਹੈ, ਤੁਸੀਂ ਮੇਰੇ ਘਰ ਆਵੋ ਤੇ ਮੈਂ ਉਸਦੇ ਘਰ ਆ ਰਹੀ ਹਾਂ, ਮੇਰੇ ਕੋਲ ਉਸਦੇ ਭੇਜੇ ਹੋਏ ਸਾਰੇ ਮੈਸੇਜ ਪ‌ਏ ਨੇ। ਐਨੇ ਵਿੱਚ ਹੀ ਉਹ ਡਰ ਗਿਆ, ਕਿਉਂਕਿ ਸੱਚਾ ਹਮਦਰਦ ਪਾਉਣ ਦੀ ਉਸਦੀ ਨੀਅਤ ਕਦੇ ਹੈ ਹੀ ਨਹੀਂ ਸੀ, ਉਹਨੂੰ ਟਾਈਮ ਪਾਸ ਵਾਸਤੇ ਇੱਕ ਖਿਡੌਣਾ ਚਾਹੀਦਾ ਸੀ। ਉਹ ਖਿਡੌਣਾ ਪਾਉਣ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਸੀ, ਇੱਥੋਂ ਤੱਕ ਕੇ ਜਜ਼ਬਾਤਾਂ ਨਾਲ ਖੇਡਣ ਨੂੰ ਵੀ ਤਿਆਰ ਸੀ।
ਉਸਤੋਂ ਮਗਰੋਂ ਉਸਨੇ ਆਪਣੇ ਨਾਲ ਐਡ ਹਰ ਕੁੜੀ ਰੀਮੂਵ ਕਰ ਦਿੱਤੀ। ਕ‌ਈ ਮਹੀਨਿਆਂ ਮਗਰੋਂ ਮੈਂ ਫੇਕ ਅਕਾਊਂਟ ਰਾਹੀਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਉਹ ਸੁਧਰਿਆ ਹੈ ਜਾਂ ਹਾਲੇ ਵੀ ਉਹੀ ਹਾਲਾਤ ਨੇ। ਪਰ ਉਸਨੇ ਐਡ ਹੀ ਨਾ ਕੀਤਾ, ਗੱਲ ਤਾਂ ਕੀ ਕਰਨੀ ਸੀ। ਮੈਨੂੰ ਸੰਤੁਸ਼ਟੀ ਹੋਈ ਕਿ ਘੱਟੋ-ਘੱਟ ਹੁਣ ਇਹ ਕਿਸੇ ਨੂੰ ਬੇਵਕੂਫ ਤਾਂ ਨਹੀਂ ਬਣਾਵੇਗਾ।
ਸਾਡੀ ਜ਼ਿੰਦਗੀ ਚ ਬਹੁਤ ਤਰਾਂ ਦਾ ਸਮਾਂ ਆਉਂਦਾ ਹੈ, ਖਾਸ ਤੌਰ ਤੇ ਉਹ ਸਮਾਂ ਜਦੋਂ ਅਸੀਂ ਇਕੱਲੇ ਹੁੰਦੇ ਹਾਂ। ਸਾਡੀਆਂ ਭਾਵਨਾਵਾਂ ਨੂੰ ਸਮਝਣ ਵਾਲਾ ਕੋਈ ਨੀ ਹੁੰਦਾ, ਉਦੋਂ ਜੇਕਰ ਕੋਈ ਝੂਠਾ ਹਮਦਰਦ ਬਣਕੇ ਵੀ ਆਉਂਦਾ ਹੈ ਤਾਂ ਉਹ ਵੀ ਸੱਚਾ ਹੀ ਲੱਗਦਾ ਹੈ। ਪਰ ਇਹਨਾਂ ਝੂਠੇ ਹਮਦਰਦਾਂ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ। ਇਹ ਨਾ ਸਿਰਫ਼ ਤੁਹਾਡੇ ਅੱਜ ਨੂੰ ਬਰਬਾਦ ਕਰਦੇ ਹਨ, ਸਗੋਂ ਤੁਹਾਡਾ ਆਉਣ ਵਾਲਾ ਕੱਲ ਵੀ ਨਸ਼ਟ ਕਰ ਦਿੰਦੇ ਹਨ। ਇਸ ਲਈ ਆਪਣੀ ਇਕੱਲਤਾ ਚ ਕੋਈ ਅਜਿਹਾ ਸਹਾਰਾ ਲੱਭਣ ਦੀ ਥਾਂ ਆਪਣੇ ਆਪ ਨੂੰ ਸਮਾਂ ਦਿਉ। ਖੁਦ ਨੂੰ ਖੁਦ ਨਾਲ ਜੋੜੋ। ਕੋਈ ਤੁਹਾਡਾ ਫਾਇਦਾ ਚੁੱਕੇ ਉਹਦੇ ਨਾਲੋਂ ਚੰਗਾ ਹੈ, ਤੁਸੀਂ ਖੁਦ ਨੂੰ ਮਜ਼ਬੂਤ ਕਰੋ ਕਿ ਇਕੱਲਤਾ ਇਕਾਂਤ ਵਿੱਚ ਬਦਲ ਜਾਵੇ ਤੇ ਤੁਸੀਂ ਆਪਣੇ ਆਪ ਵਿਚ ਸੰਪੂਰਨ ਹੋ ਜਾਵੋ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)