“ਤਾਈ ਨੀ ਤਾਈ ! ਘਰ ਹੀ ਐ। “ਕਿਹੜੀ ਏ ਨੀਂ ਅੱਛਾ,,,,, ਮੇਰੂ ਵਾਲੀ ਏ (ਪਤੀ ਦੇ ਨਾਂ ਨਾਲ ਔਰਤ ਦੀ ਪਹਿਚਾਣ) ਆਜਾ ਲੰਘਿਆ , ਹੋਰ ਕਿਵੇਂ ਆਈ?”
“ਮੈਂ ਤਾਂ ਤਾਈ ਆਟਾ ਲੈਣ ਆਈ ਸੀ, ਭਲਾ ਹੈ ਸੇਰ ਕੁ ਆਟਾ? ਗੋਰਾ ( ਮੁੰਡੇ ਦਾ ਨਾਂ) ਕੱਲ ਚੱਕੀ ਤੇ ਕਣਕ ਪੀਸਣੀ ਰੱਖ ਆਇਆ ਸੀ ਭੁੰਨ ਨੇ ਪੀਸੀ ਨਹੀਂ ਕਹਿੰਦਾ ਚਾਚੀ ਲੈਟ ਨਹੀਂ ਆਈ।”
“ਲੈ ਮਿੰਦੋ ਆਟਾ ਤਾਂ ਚਾਹੇ ਜਿੰਨਾ ਮਰਜ਼ੀ ਲੈ ਜਾ।” ਹੋਰ ਤਾਈ ਗੋਰਾ ਖੇਤੋਂ ਆਉਣ ਵਾਲਾ ਸੋਚਦੀ ਦੋ ਰੋਟੀਆਂ ਬਣਾ ਦੇਵਾਂ ਤੜਕੇ ਵੀ ਭੁੱਖਾ ਹੀ ਚਲਾ ਗਿਆ ਸੀ।
“ਨੀ ਮੇਰੂ ਦਾ ਕੀ ਹਾਲ ਐ ਹੁਣ, ਪਿਆ ਕੋਈ ਫ਼ਰਕ?” ਹਾਏ (ਹਾਉਕਾ ਭਰ ਕੇ) ਨਾ ਤਾਈ ਉਵੇਂ ਹੀ ਆ। ਡਾਕਟਰ ਆਪਣੀਆਂ ਜੇਬਾਂ ਭਰੀ ਜਾ ਰਹੇ।
“”ਨੀਂ ਸੁਣ ਤੇਰਾ ਤਾਇਆ ਕਹਿੰਦਾ ਸੀ, ਕਿਉਂ ਉਸ ਹੱਡੀਆਂ ਦੀ ਮੁੱਠ ਨੂੰ ਡਾਕਟਰਾਂ ਦੇ ਚੁੱਕੀ ਫਿਰਦੀ, ਕਿਉਂ ਪੈਸੇ ਬਰਬਾਦ ਕਰ ਰਹੀ ਸੱਚ ਤੇਰੇ ਤੋਂ ਲੁਕਿਆ ਹੈ ਭਲਾ? ਫੇਰ ਕਿਉਂ ਮੁੰਡਿਆਂ ਦੇ ਹੱਥ ਠੁੱਠਾ ਫੜਾਉਣ ਲੱਗੀ ਐ। ਜਿਹੜੀ ਜ਼ਮੀਨ ਉਹ ਐਦਾਂ ਵਿਕ ਜਾਣੀ ਫੇਰ ਅੱਗੇ ਕੁੜੀਆਂ ਤੇ ਮੁੰਡੇ ਕਿਵੇਂ ਵਿਆਹੇਗੀ?””
“”( ਚੁੰਨੀ ਨਾਲ ਅੱਖਾਂ ਸਾਫ ਕਰਦੀ ਮਿੰਦੋ) ਲੈ ਤਾਈ ਕਿਵੇਂ ਤੜਫਦਾ ਛੱਡ ਸਕਦੀ ਉਸਨੂੰ, ਦਰਦ ਨਾਲ ਜਦੋਂ ਕੁਰਲਾਉਂਦਾ ਮੇਰੀ ਤਾਂ ਜਾਨ ਹੀ ਨਿੱਕਲ ਜਾਂਦੀ। ਤਾਈ ਭਾਵੇਂ ਡਾਕਟਰਾਂ ਨੇ ਆਖਰੀ ਸਟੇਜ ਕਹਿ ਜਵਾਬ ਦੇ ਦਿੱਤਾ ਹੈ ਪਰ ਮੈਂ ਆਪਣੀ ਪੂਰੀ ਵਾਹ ਲਗਾ ਦੇਣੀ ਉਹ ਵੀ ਕੀ ਯਾਦ ਰੱਖੇਗਾ। ਸਾਰੀ ਉਮਰ ਕਮਾਉਂਦਾ ਰਿਹਾ। ਹੁਣ ਕਿਸੇ ਦੱਸ ਪਾਈ ਕਿਸੇ ਵੱਡੇ...
ਸ਼ਹਿਰ ਵਿਚ ਕਹਿੰਦੇ ਇਲਾਜ ਹੋ ਜਾਂਦਾ, ਕੋਈ ਦੋ ਕੁ ਲੱਖ ਦਾ ਖਰਚ ਆਊ। ਮੈਂ ਕੀਤੀ ਹੈ ਝੰਡੇ ਜ਼ਿਮੀਂਦਾਰ ਨਾਲ ਗੱਲ, ਉਸਨੂੰ ਅੱਧਾ ਕਿੱਲਾ ਜ਼ਮੀਨ ਵੇਚ ਦੇਵਾਂਗੀ।””
“ਨੀਂ ਮਿੰਦੋ ਜ਼ਮੀਨ ਤਾਂ ਪਹਿਲਾਂ ਹੀ ਸਾਰੀ ਵਿਕਣ ਬਰਾਬਰ ਐ ਮਸਾਂ ਤਾਂ ਦੋ ਕੁ ਕਿਲੇ ਬਚੇ ਸੀ ਮੁੰਡਿਆਂ ਕੋਲ, ਹੁਣ ਫੇਰ।”
“”ਹੋਰ ਤਾਈ ਫਿਰ ਕਰਾਂ ਵੀ ਕੀ ਸਕੇ ਸੰਬੰਧੀਆਂ ਨੇ ਤਾਂ ਹੱਥ ਖੜ੍ਹੇ ਕਰ ਛੱਡੇ ਆ। ਤੁਸੀਂ ਆਪ ਹੀ ਦੇਖ ਲਓ ਭਲਾ ਸਾਡਾ ਵੱਡਾ ( ਜੇਠ) ਸਰਕਾਰੀ ਨੌਕਰੀ ਉੱਤੇ ਆ, ਕਦੇ ਆ ਕੇ ਹਾਲ ਨਹੀਂ ਪੁੱਛਿਆ ਵੀ ਮਰ ਗਿਆ ਜਾਂ ਜਿਊਂਦਾ, ਜਦੋਂ ਇਹ ਠੀਕ ਸੀ ਤਦ ਹਰ ਸਾਲ ਛਿਮਾਹੀ ਉੱਤੇ ਠੇਕਾ ਲੈਣ ਆ ਜਾਂਦਾ ਸੀ ਤੇ ਕੁੜੀ (ਨਣਦ) ਕਹਿੰਦੀ ਪਹਿਲਾਂ ਜ਼ਮੀਨ ਦੀਆਂ ਵੰਡੀਆਂ ਵਿਚ ਮੇਰਾ ਹਿੱਸਾ ਦਿਓ ਫੇਰ ਵਰਤਾਗੀ। ਮੇਰੇ ਪੇਕਿਆਂ ਦੀ ਤਾ ਤੇਰੇ ਤੋਂ ਲੁਕੀ ਨਹੀਂ ਜਿੰਨੇ ਯੋਗੇ ਸੀ ਕਰ ਗਏ। ਖੈਰ ਤਾਈ (ਠੰਢਾ ਹਾਉਕਾ ਭਰ) ਲਿਖੀਆਂ ਨਸੀਬਾਂ ਦੀਆਂ ਭੋਗ ਦਿਲਾਂ ਮਨ ਲਾ ਕੇ। ਦੂਜਿਆਂ ਉੱਤੇ ਕਾਹਦਾ ਗ਼ਿਲਾ ਕਰਨਾ। ਜਦ ਮੇਰੇ ਨਸੀਬ ਹੀ ਇਦਾਂ ਦੇ ਜੇ ਸੁਖ ਹੋਣਾ ਸੀ ਤਾਂ ਸਿਰ ਦਾ ਸਾਈਂ ਹੀ ਕਿਉਂ ਪੈਦਾ ਮੰਜੇ ਉੱਤੇ।””
“ਤਾਈ ਆਟਾ ਪਾ ਤੇ ਮੈਂ ਘਰ ਜਾਵਾਂ ਕੁੜੀਆਂ ਰਾਹ ਦੇਖਦੀਆਂ ਹੋਣੀਆਂ ਗੋਰਾ ਵੀ ਆ ਗਿਆ ਹੋਣਾ ਖੇਤੋਂ,,,,,,,
( ਚਲਦਾ ਭਾਗ ਪਹਿਲਾ)