More Punjabi Kahaniya  Posts
ਅਪਾਹਿਜ ਬੱਚਿਆਂ ਦੀ ਮਾਂ


ਜਾਣ ਪਹਿਚਾਣ ਵਾਲੀ ਦਾ ਫੋਨ ਆਇਆ ਕੇ ਇੱਕ ਪਹਾੜੀ ਤੇ ਘੁੰਮਣ ਜਾਣਾ ਤੂੰ ਵੀ ਆਪਣੀ ਕੁੜੀ ਦੀ ਸਕੂਲੋਂ ਛੁੱਟੀ ਕਰਵਾ ਕੇ ਨਾਲ ਚੱਲ।
ਮੇਰੀ ਤੰਦਰੁਸ਼ਤ ਕੁੜੀ ਤੇ ਉਸਦੀ ਕੁੜੀ ਇੱਕ ਸਕੂਲ ਚ ਜਾਂਦੀਆਂ ਸਨ ਤੇ ਉਹਨਾਂ ਦਾ ਆਪਸ ਚ ਵਾਹਵਾ ਲਗਾਵ ਸੀ ਸ਼ਾਇਦ ਜਵਾਕੜੀ ਦੇ ਜ਼ੋਰ ਪਾਉਣ ਤੇ ਮੈਨੂੰ ਵੀ ਨਾਲ ਜਾਣ ਦਾ ਸੱਦਾ ਆਇਆ ਸੀ।ਉਂਝ ਉਸ ਗਰੁੱਪ ਨਾਲ ਮੇਰੀ ਕੋਈ ਸਮਝ,ਤਕੀਆ ਕਲਾਮ ਹੈ ਨਹੀਂ ਸੀ।
ਮੈਂ ਜਾਣਾ ਨਹੀਂ ਚਾਹੁੰਦੀ ਸਾਂ ਪਰ ਮੇਰੀ ਕੁੜੀ ਦੀ ਉਤਸੁਕਤਾ ਦੇਖ ਕੇ ਜਵਾਬ ਨਾ ਦੇ ਸਕੀ।
ਜਵਾਕੜੀਆਂ ਦਾ ਖਾਣਾ ਤੇ ਹੋਰ ਜ਼ਰੂਰਤ ਦਾ ਸਮਾਨ ਲੈ ਕੇ ਮਿੱਥੇ ਸਮੇਂ ਤੇ ਮੈਂ ਵੀ ਉਹਨਾਂ ਦੇ ਘਰ ਦੇ ਬਾਹਰ ਅੱਪੜ ਗਈ ਤੇ ਉਹ ਪਹਿਲਾਂ ਈ ਤਿਆਰ ਸਨ ਤੇ ਉਹਨਾਂ ਗੱਡੀ ਤੋਰ ਲਈ ਤੇ ਮੈਂ ਮਗਰ ਲਗਾ ਲਈ।
ਉਹ ਤਿੰਨ ਜ਼ਨਾਨੀਆਂ ਤੇ ਚਾਰ ਜਵਾਕੜੀਆਂ ਇੱਕ ਗੱਡੀ ਚ ਸਨ ਮੈਂ ਮੇਰੀਆਂ ਦੋ ਧੀਆਂ ਨਾਲ ਮੇਰੀ ਗੱਡੀ ਚ ਸਾਂ।
ਉਹ ਗੱਡੀ ਦੀ ਸਨਰੂਫ਼ ਖੋਲ ਕਦੇ ਕੋਈ ਵੀਡੀਉ ਬਣਾਉਂਦੀਆਂ,
ਕਦੇ ਸਰੋਂ ਦੇ ਖੇਤਾਂ ਕੋਲ ਖਲੋ ਤਸਵੀਰਾਂ ਖਿੱਚਦੀਆਂ,
ਕਦੇ ਕੰਗਾਰੂਆਂ ਨਾਲ ਤਸਵੀਰਾਂ ਕਰਾਉਂਦੀਆਂ।
ਜਾਂਦੇ-ਜਾਂਦੇ ਰਾਹ ਚ ਗੱਡੀ ਕਈ ਵਾਰ ਰੁਕੀ ਗੱਡੀ। ਮੈਂ ਮੇਰੀ ਗੱਡੀ ਵੀ ਰੋਕੀ ਪਰ ਮੈਂ ਗੱਡੀਉਂ ਬਾਹਰ ਨਾਂ ਨਿਕਲੀ।
ਉਹਨਾਂ ਦੀ ਗੱਡੀ ਚ ਗਾਣੇ ਵੱਜ ਰਹੇ ਸਨ ਤੇ ਉਹ ਸਭ ਖੁਸ਼ ਸਨ ਪਰ ਇੱਧਰ ਮੇਰੀ ਗੱਡੀ ਚ ਜਵਾਕੜੀਆਂ ਦਾ ਚੀਕ-ਚਿਹਾੜਾ ਪਿਆ ਹੋਇਆ ਸੀ।
ਅਸੀਂ ਦੋ ਕੁ ਘੰਟੇ ਗੱਡੀ ਚਲਾ ਪਹਾੜੀ ਤੇ ਅੱਪੜ ਗਏ।ਪਹਾੜੀ ਦੇ ਹੇਠਾਂ ਬੈਠਣ ਵਾਲੀ ਜਗ੍ਹਾ ਕੋਲ ਗੱਡੀਆਂ ਲਗਾਈਆਂ ਤੇ ਲੰਚ ਕਰਨ ਲੱਗ ਪਏ।
ਉਹ ਸਾਰੀਆਂ ਸੋਹਣੇ ਕੱਪੜਿਆਂ,
ਮਹਿੰਗੇ ਗਹਿਣਿਆਂ ਨਾਲ ਢਕੀਆਂ ਪਈਆਂ ਸਨ।
ਉਹਨਾਂ ਦੇ ਖੁੱਲੇ ਵਾਲ ਉੱਡਦੇ ਹਵਾ ਨਾਲ ਗੱਲਾਂ ਕਰ ਰਹੇ ਸਨ।ਉਹਨਾਂ ਦੇ ਜਵਾਕ ਆਪਸ ਚ ਘੁਲੇ ਪਏ ਸਨ ਤੇ ਉਹ ਆਪਸ ਚ।ਲੱਕ ਲਟਕਾ,ਖੜ੍ਹ ਬੈਠ ਉਹ ਤਸਵੀਰਾਂ ਖਿੱਚੀ ਜਾ ਰਹੀਆਂ ਸਨ।
ਉਹਨਾਂ ਦੇ ਨਾਲ ਇੱਕ ਮੈਂ ਸੀ ਜਿਸਨੇ ਆਮ ਜਿਹਾ ਪਜਾਮਾ ਤੇ ਪੱਫ ਜੈਕਟ ਪਹਿਨ ਰੱਖੀ ਸੀ।ਮੂੰਹ ਤੇ ਕੋਈ ਮੇਕਅੱਪ ਨਹੀਂ ਸੀ।ਵਾਲ ਬੰਨ ਰੱਖੇ ਸਨ।ਪੂਰੇ ਟਰਿੱਪ ਚ ਇੱਕ ਵੀ ਤਸਵੀਰ ਨਹੀਂ ਲਈ ਸੀ।ਮੇਰੀ ਇੱਕ ਕੁੜੀ ਮੇਰੇ ਕੋਲ ਖੜੀ ਮੇਰੇ ਵਾਲ ਪੁੱਟ ਰਹੀ ਸੀ ਥੱਲੇ ਲਿਟ ਰਹੀ ਸੀ ਤੇ ਦੂਸਰੀ ਦੂਰ-ਦੂਰ ਨੱਠ ਰਹੀ ਸੀ।ਮੈਂ ਪਹਾੜੀ ਦਾ ਆਨੰਦ ਮਾਨਣ ਦੀ ਵਜਾਏ ਜਵਾਕੜੀਆਂ ਚ ਵਿਅਸਤ ਸਾਂ ਜਦੋਂ ਦੋਨੋ ਜਵਾਕੜੀਆਂ ਥੋੜਾ ਟਿਕੀਆਂ ਮੈਂ ਉਹਨਾਂ ਬੀਬੀਆਂ ਕੋਲ ਹੋ ਕੇ ਖਲੋ ਗਈ।ਉਹ ਤਿੰਨੋ ਇੱਕ ਦੂਜੇ ਨਾਲ ਹਾਸੇ ਮਜਾਕ ਚ ਇੰਨਾ ਵਿਅਸਤ ਸਨ ਕੇ ਮੈਨੂੰ ਉਹਨਾ ਨੂੰ ਹੱਸਦੀਆਂ ਨੂੰ ਦੇਖ ਮੇਰੇ ਤੇ ਰੋਣਾ ਆ ਗਿਆ ਮੈਂ ਤਾਂ ਹੱਸਣਾ ਈ ਭੁੱਲ ਗਈ ਸਾਂ।
ਥੋੜੀ ਦੇਰ ਚ ਉਹਨਾਂ ਚ ਇੱਕ ਕੁੜੀ ਹਾਸੇ ਚ ਬੋਲੀ “ਬਾਹਰ ਘੁੰਮਣ ਆਈਆਂ ਤਾਂ ਸੱਜ ਧੱਜ ਲਿਆ ਕਰੋ! ਉਹੀ ਭੈੜੇ ਜਿਹੇ ਕੱਪੜੇ ਪਾ ਆ ਜਾਂਦੀਆਂ ਉ “!
ਉਹਨਾਂ ਚ ਭੈੜੇ ਕੱਪੜਿਆਂ ਵਾਲੀ ਤਾਂ ਸਿਰਫ਼ ਮੈਂ ਹੀ ਸੀ।ਗੱਲ ਮੈਨੂੰ ਹੀ ਕਹੀ ਗਈ ਸੀ ਕੇ ਭੋਰਾ ਸੱਜ ਧੱਜ ਕੇ ਆ ਜਾਂਦੀ।ਸਾਡੇ ਨਾਲ ਖੜੀ ਭੋਰਾ ਨਹੀਂ ਜਚ ਰਹੀ ਤੂੰ …ਮੈਂ ਕੁਝ ਵੀ ਕਹਿਣ ਦੀ ਬਜਾਏ ਚੁੱਪ ਕਰ ਗਈ ਤੇ ਕੁੜੀ ਨੂੰ ਚਾਹ ਪਿਲਾਉਣ ਲੱਗ ਪਈ।
ਇੰਨੇ ਚ ਇੱਕ ਕੁੜੀ ਦੇ ਡ੍ਰੇਸ ਤੇ ਡਰਿੰਕ ਡੁੱਲ ਗਈ ਤੇ ਉਸਨੇ ਤੁਰੰਤ ਕੱਪੜੇ ਬਦਲਣ ਦਾ ਰੌਲਾ ਪਾ ਦਿੱਤਾ ਤੇ ਜਾਂਦੀ-ਜਾਂਦੀ ਕਹਿ ਰਹੀ ਸੀ “ਮੈਂ ਬਹੁਤ ਸਫ਼ਾਈ ਪਸੰਦ ਆਂ ਮੈਂ ਨੀ ਮੇਰੇ ਕੱਪੜਿਆਂ ਤੇ ਇੱਕ ਵੀ ਦਾਗ ਜ਼ਰ ਸਕਦੀ”। …
ਉਸਦੀ ਗੱਲ ਮੇਰੇ ਕੰਨੀ ਕੀ ਪਈ ਮੈਨੂੰ ਮੇਰੇ ਭੂਤਕਾਲ ਚ ਲੈ ਗਈ।
ਮੈਂ ਇੰਨੀ ਪਤਲੀ ਸਾਂ ਕੇ ਲੋਕ ਮਜ਼ਾਕ ਚ ਕਹਿੰਦੇ ਵਰੋਲੇ ਨਾਲ ਉੱਡ ਨਾ ਜਾਈਂ।
ਕੋਈ ਟਟੀਰੀ ਦੀਆਂ ਲੱਤਾਂ ਵਾਲੀ ਵੀ ਕਹਿ ਦਿੰਦਾ।
ਮੈਂ ਹਰ ਦੋ ਹਫ਼ਤੇ ਸਲੂਨ ਜਾਣਾ ਹੀ ਜਾਣਾ ਹੁੰਦਾ।
ਪੂਰੇ ਸਰੀਰ ਦੀ ਵੈਕਸ ਕਰਵਾ ਕੇ ਰੱਖਦੀ ਤੇ ਜੇ ਕਿਤੇ ਇੱਕ ਵੀ ਵਾਲ ਉੱਗ ਆਉਂਦਾ ਤੁਰੰਤ ਸਲੂਨ ਪੁੱਜ ਜਾਂਦੀ।
ਮੇਰੇ ਵਾਲ ਕੁਦਰਤੀਂ ਸਿਲਕੀ ਸਨ ਤੇ ਨਹੁੰ ਹਮੇਸ਼ਾ ਸਜਾਏ ਹੁੰਦੇ।ਜੋ ਕੱਪੜਾ ਇੱਕ ਵਾਰ ਪਾ ਲੈਂਦੀ ਉਹ ਅਗਲੇ ਪ੍ਰੋਗਰਾਮ ਚ ਰਿਪੀਟ ਨਹੀਂ ਕਰਦੀ ਸਾਂ।ਲੋਕਾਂ ਦੇ ਵੱਡੇ ਗਰੁੱਪ ਨਾਲ ਉੱਠਣੀ-ਬੈਠਣੀ ਸੀ ਤੇ ਜ਼ਿੰਦਗੀ ਪੂਰੇ ਆਨੰਦ ਭਰਪੂਰ ਸੀ।
ਮੇਰੀ ਜ਼ਿੰਦਗੀ ਦਾ ਰੋਲਰਕਾਸਟ ਉਲਟਾ ਚਲਣਾ ਸ਼ੁਰੂ ਹੋਇਆ ਜਦੋਂ ਮੈਂ “ਮਾਂ” ਬਣੀ।ਪਹਿਲੇ ਬੱਚੇ ਨਾਲ ਹੋਇਆ ਪੋਸਟ ਡਿਲੀਵਰੀ ਡਿਪ੍ਰੇਸ਼ਨ ਹਾਲੇ ਠੀਕ ਨਹੀਂ ਹੋਇਆ ਸੀ ਕੇ ਫਿਰ ਬੱਚਾ ਠਹਿਰ ਗਿਆ।ਇਹ ਬੱਚਾ ਅੱਗੋਂ ਔਟਿਜ਼ਮ ਸਪੈਕਟ੍ਰਮ ਦਾ ਸ਼ਿਕਾਰ ਨਿਕਲਿਆ ਜੋ ਇਸ ਦੁਨੀਆ ਦਾ ਹੈ ਹੀ ਨਹੀਂ।ਜੋ ਪੂਰੀ ਤਰ੍ਹਾਂ ਮੇਰੇ ਤੇ ਨਿਰਭਰ ਹੈ।
ਮੈਂ ਖਿਲਾ ਦੇਵਾਂ ਖਾ ਲਵੇਗਾ ਨਹੀਂ ਭੁੱਖਾ ਰਹੇਗਾ।
ਮੈਂ ਨਿਕਾਸ ਸਾਫ਼ ਕਰ ਦੇਵਾਂ ਠੀਕ...

ਹੈ ਨਹੀਂ ਮੁਸ਼ਕ ਚ ਬੈਠਾ ਰਹਿੰਦਾ।
ਉਹ ਮੇਰੀ ਦੁਨੀਆ ਦਾ ਹਿੱਸਾ ਨਹੀਂ ਬਣਦਾ ਮੈਨੂੰ ਉਸ ਵਰਗੇ ਬਣਨਾ ਪੈਂਦਾ।
ਉੱਤੋਂ ਪਰਿਵਾਰ ਦਾ ਕੋਈ ਸਾਥ ਨਹੀਂ।
ਮੇਰਾ ਕਰੀਅਰ ਸ਼ਿਖਰਾਂ ਤੇ ਸੀ ਜਦੋਂ ਮੈਂ ਮਾਂ ਬਣ ਮੂਧੇ ਮੂੰਹ ਡਿੱਗੀ ਹਾਂ।
ਮਾਂ ਬਣਨ ਤੋਂ ਬਾਅਦ ਸਜਣਾ ਧਜਨਾ ਭੁੱਲ ਗਈ ਹਾਂ।
ਐਂਟੀ ਡਿਪ੍ਰੈਸ਼ਨ ਲੈ ਮੋਟੀ ਹੋ ਗਈ ਹਾਂ।
ਭਾਵੁਕ ਇੰਨੀ ਹੋ ਗਈ ਹਾਂ ਕੇ ਖੁਸ਼ੀ ਦੀ ਗੱਲ ਤੇ ਵੀ ਰੋ ਪੈਂਦੀ ਹਾਂ।
ਕਿਤੇ ਜਾਣ ਤੋਂ ਪਹਿਲਾਂ ਜਵਾਕੜੀ ਦੀ ਹਾਲਤ ਦੇਖਣੀ ਪੈਂਦੀ।
ਹਰ ਵਾਰ ਆਪਣੇ ਆਪ ਨਾਲ ਵਾਅਦਾ ਕਰਦੀ ਹਾਂ ਇਹ ਮੇਰਾ ਆਖਰੀ ਰੋਣਾ ਏ ਫਿਰ ਰੋ ਪੈਂਦੀ ਹਾਂ।
ਬਰਾਂਡਿਡ ਕੱਪੜੇ ਪਏ-ਪਏ ਛੋਟੇ ਹੋ ਗਏ ਨੇ।
ਮੇਕਅੱਪ ਵੀ ਖ਼ਰਾਬ ਹੋ ਗਿਆ ਏ।
ਹਾਈ ਹੀਲ ਪਾ ਕੇ ਨਿਕਲੀ ਨੂੰ ਮੁੱਦਤਾਂ ਬੀਤ ਗਈਆਂ।ਕਿਸੇ ਦੇ ਗਲ ਲੱਗੀ ਨੂੰ ਵਰ੍ਹੇ ਬੀਤ ਗਏ।
ਲੋਕਾਂ ਨਾਲੋਂ ਇੱਕ ਕਦਮ ਪਿਛਾਂਹ ਕੀ ਹੋਈ ਉਹ ਦਸ ਕਦਮ ਪਿਛਾਂਹ ਹੋ ਗਏ।
ਦੁਨੀਆਦਾਰੀ ਨੂੰ ਸਮਝਣ ਦਾ ਕੀ ਯਤਨ ਕੀਤਾ
ਇਕੱਲੀ ਹੋ ਗਈ ਹਾਂ।
ਹੁਣ ਮੈਨੂੰ ਮਾਂ ਬਣਨ ਤੋਂ ਬਾਅਦ ਹਾਈ ਹੀਲ ਪਾਉਣ ਦੀ ਬਜਾਏ ਸਨੀਕਰ ਚੰਗੇ ਲੱਗਦੇ।
ਟਾਈਟ ਕੱਪੜੇ ਪਾਉਣ ਦੀ ਵਜਾਏ ਖੁੱਲੇ ਕੱਪੜੇ ਚੰਗੇ ਲੱਗਦੇ।
ਵਾਲ ਖੁੱਲੇ ਰੱਖਣ ਦੀ ਬਜਾਏ ਬੰਨਣੇ ਵਧੀਆ ਲੱਗਦੇ।
ਰਾਤ ਨੂੰ ਬਾਹਰ ਘੁੰਮਣ ਜਾਣ ਦੀ ਬਜਾਏ ਸੌਣਾ ਪਸੰਦ ਆ।
ਲੋਕਾਂ ਨਾਲ ਫੋਨ ਤੇ ਗੱਲਾਂ ਕਰਨ ਦੀ ਬਜਾਏ ਚੈਟ ਤੇ ਹਾਂ ਹੂੰ ਕਰੀਦੀ।
ਜਵਾਕੜੀ ਦੀ ਟੱਟੀ ਸਾਫ਼ ਕਰਦਿਆਂ ਆਰਾਮ ਨਾਲ ਰੋਟੀ ਦੀ ਬੁਰਕੀ ਮੂੰਹ ਚ ਚਿੱਥ ਲੈਂਦੀ ਹਾਂ।
ਮੇਕਅਪ,ਫੈਸ਼ਨ ਦੀਆਂ ਖ਼ਬਰਾਂ ਲੱਭਣ ਦੀ ਬਜਾਏ ਮੇਰੀ ਗੂਗਲ ਸਰਚ ਚ ਟੌਪ ਤੇ ਬੱਚਿਆਂ ਦੀ ਕਬਜੀ ਕਿਵੇਂ ਦੂਰ ਕਰ ਸਕਦੇ ਹਾਂ ਇਹ ਸਵਾਲ ਹੁੰਦਾ।
ਹੁਣ ਮੈਂ ਫ਼ਿਲਮ ਦੇਖਣ ਦੀ ਬਜਾਏ ਕਾਰਟੂਨ ਦੇਖਦੀ ਹਾਂ।
ਗਾਣਿਆਂ ਦੀ ਥਾਂ ਨਰਸਰੀ ਰਾਈਮਸ ਰਟੇ ਪਏ।
ਸਿਟੀ ਰਾਈਡ ਲੈਣ ਦੀ ਬਜਾਏ ਹੁਣ ਸਕੂਲ-ਕੰਮ ਇਹਨਾਂ ਰੂਟਾਂ ਤੇ ਗੱਡੀ ਘੁੰਮਦੀ ਹੈ।
ਹੁਣ ਮੇਰਾ ਸਹੇਲਪੁਣਾ ਪੱਬ ਕਲੱਬ ਜਾਣ ਵਾਲੀਆਂ ਨਾਲ ਨਹੀਂ,
ਨਾ ਹੀ ਉਹਨਾਂ ਨਾਲ ਏ ਜਿੰਨ੍ਹਾ ਦੇ ਬੱਚੇ ਤੰਦਰੁਸ਼ਤ ਨੇ,
ਮੈਂ ਉਹਨਾਂ ਨਾਲ ਗੱਲਾਂ ਕਰਦੀ,ਮਿਲਦੀ ਮਿਲਾਂਗੀ ਜਿੰਨ੍ਹਾ ਦੇ ਜਵਾਕ ਮੇਰੇ ਬੱਚਿਆਂ ਵਰਗੇ ਅਪਾਹਿਜ ਨੇ।
ਹੁਣ ਮੈਂ ਆਪਣਾ ਪੱਖ ਰੱਖਣ ਲਈ ਬਹਿਸ ਚ ਨਹੀਂ ਪੈਂਦੀ – ‘ਹਾਂਜੀ ਠੀਕ ਜੀ’ ਕਹਿ ਗੱਲ ਖ਼ਤਮ ਕਰ ਦਿੰਦੀ ਹਾਂ।
ਸਾਨੂੰ ਅਪਾਹਿਜ ਬੱਚਿਆਂ ਦੇ ਮਾਪਿਆਂ ਨੂੰ ਇੱਕ-ਦੂਜੇ ਦੀ ਸੰਗਤ ਕਰ ਆਪਣਾ ਦੁੱਖ ਛੋਟਾ ਲੱਗਦਾ ਤੇ ਅਸੀਂ ਇੱਕ ਦੂਜੇ ਦੇ ਮਾੜੇ ਕੱਪੜੇ ਪਾਏ ਦੇਖ,
ਇੱਕ ਦੂਜੇ ਦੀ ਨਕੋਚ ਨਹੀਂ ਕੱਢਦੇ ਬਲਕਿ ਸਮਝ ਜਾਂਦੇ ਹਾਂ ਕੇ ਅੱਜਕਲ ਦਿਨ ਭਾਰੇ ਹੋਣਗੇ ਤੇ ਫਿਰ ਮੁਸਕਰਾਹਟ ਦੇ ਪੁੱਛਦੇ ਹਾਂ “ਕੀ ਰਾਤ ਔਖੀ ਲੰਘੀ ਤੇਰੀ ।
ਮੇਰੀ ਸੋਚਾਂ ਦੀ ਟਿਕਟਿਕੀ ਇੱਕ ਦਮ ਟੁੱਟੀ ਜਦੋਂ ਮੇਰਾ ਫੋਨ ਵੱਜਿਆ।ਇਹ ਫੋਨ ਕਾਲ ਤੇ ਮੇਰੀ ਅਪਾਹਿਜ ਧੀ ਨਾਲ ਪੜਦੀ ਅਪਾਹਿਜ ਕੁੜੀ ਦੀ ਮਾਂ ਨੇ ਆਥਣੇ ਘਰ ਆਉਣ ਦਾ ਸੱਦਾ ਦਿੱਤਾ ਸੀ।
ਧੱਕੇ ਨਾਲ ਇਹਨਾਂ ਬੀਬੀਆਂ ਨਾਲ ਰਲਣ ਤੋਂ ਬਾਅਦ ਘੁੰਮਣ ਤੋਂ ਬਾਅਦ ਆਥਣੇ ਉਹੀ ਕੱਪੜਿਆਂ ਚ,
ਬਿਨਾ ਮੇਕਅੱਪ,
ਬਿਨਾ ਸਜੇ ਧਜੇ,
ਆਪਣੇ ਅਪਾਹਿਜ ਬੱਚਿਆਂ ਨਾਲ ਮੈਂ ਉਸ ਅਪਾਹਿਜ ਬੱਚਿਆਂ ਦੀ ਮਾਂ ਕੋਲ ਅੱਪੜ ਗਈ।
ਉਹ ਉੱਡ ਕੇ ਖੁਸ਼ ਹੋ ਮਿਲੀ।
ਉਸਨੇ ਇਸ ਗੱਲ ਤੇ ਭੋਰਾ ਗੌਰ ਨੀ ਕੀਤੀ ਮੈਂ ਕੀ ਪਾਇਆ।
ਪਤਾ ਨੀ ਕਿਉਂ ਇਹਦੇ ਕੋਲ ਆ ਮੈਨੂੰ ਆਪਣਾ ਆਪ ਚੰਗਾ ਲੱਗਾ।ਦਿਨ ਸਫ਼ਲ ਹੋ ਗਿਆ ਲੱਗਾ।
ਮਨ ਕੀਤਾ ਕੇ ਉਸ ਬਿਨ ਵਿਆਹੀ ਬਿਨ ਬੱਚਿਆਂ ਵਾਲੀ ਨੂੰ ਆਪਣੇ ਚੰਗੇ ਦਿਨਾ ਦੀਆਂ ਤਸਵੀਰਾਂ ਭੇਜ ਦੇਵਾਂ ਤੇ ਦੱਸਾਂ ਕੇ ਫ਼ੈਸ਼ਨ ਮੈਂ ਵੀ ਕਰਿਆ ਕਰਦੀ ਸਾਂ ਪਰ ਫਿਰ ਡੋਰੀਆਂ ਰੱਬ ਤੇ ਛੱਡ ਆਪਣੀ ਜ਼ਿੰਦਗੀ ਚ ਵਿਅਸਤ ਹੋ ਗਈ ਸਾਂ।
ਇਸ ਘਟਨਾ ਨੂੰ ਕਈ ਸਾਲ ਬੀਤ ਗਏ ਪਰ ਹੁਣ ਵੀ ਕਦੇ ਕਦੇ ਉਹ ਦਿਮਾਗ ਚ ਘੁੰਮ ਹੀ ਜਾਂਦੀ ਹੈ।
ਬੰਦਾ ਲੋਕਾਂ ਚ ਵਿਚਰ ਕੇ ਹੀ ਤਾਂ ਸਿੱਖਦਾ ਹੈ।
ਜੀਣ ਲਈ ਸਹੀ ਸਮੇਂ ਤੇ ਸਹੀ ਲੋਕਾਂ ਚ ਹੋਣਾ ਬਹੁਤ ਜ਼ਰੂਰੀ ਹੈ ਵਰਨਾ ਬੰਦਾ ਲੋਕਾਂ ਦੀਆਂ ਕੜਵਾਹਟ ਭਰੀਆਂ ਗੱਲਾਂ ਸੁਣਦਾ ਸੜਦਾ ਮਰ ਜਾਂਦਾ ਹੈ…
ਉਹ ਲੋਕਾਂ ਨਾਲ ਵਿਚਰੋ ਜੋ ਹਰ ਵੇਲੇ ਸੁਣਾਉਣ ਦੀ ਬਜਾਏ ਕਦੇ ਸੁਣਨ ਵੀ,
ਬਾਹਰੀ ਦਿੱਖ ਦੇਖ ਟਰੀਟ ਨਾ ਦੇਣ,
ਇੱਜਤ ਕਰਨਾ,ਕਮਿਊਨੀਕੇਟ ਕਰਨਾ ਜਾਣਦੇ ਹੋਣ… ਸੋਚਦੀ ਰੱਬ ਨੇ ਜੋ ਦਿੱਤਾ ਉਸੇ ਚ ਖੁਸ਼ੀਆਂ ਲੱਭ ਮੈਂ ਜੀਅ ਰਹੀ ਹਾਂ।
—- ਜੱਸੀ ਧਾਲੀਵਾਲ
(ਇਹ ਕਹਾਣੀ ਜੱਸੀ ਧਾਲੀਵਾਲ ਦੇ ਕਹਾਣੀ ਸੰਗ੍ਰਹਿ ਦਾ ਹਿੱਸਾ ਹੈ )

...
...Related Posts

Leave a Reply

Your email address will not be published. Required fields are marked *

One Comment on “ਅਪਾਹਿਜ ਬੱਚਿਆਂ ਦੀ ਮਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)