“ਮੱਥਾ ਟੇਕਦੀ ਚਾਚੀ ਜੀ , ਸਿਹਤ ਕਿਵੇਂ ਰਹਿੰਦੀ ਐ ਤੁਹਾਡੀ”
?
ਗੁਰਜੀਤ ਨੇ ਗੁਰੂਦੁਆਰੇ ਚਾਚੀ ਧੰਨ ਕੁਰ ਦੇ ਪੈਰੀਂ ਹੱਥ ਲਾਉਂਦਿਆ ਪੁੱਛਿਆ, ?
“ਜਿਉਦੀ ਵੱਸਦੀ ਰਹਿ ਗੁਰਜੀਤ ,”
“ਤੇਰਾ ਸਾਈਂ ਜੀਵੇ ,”
ਰੱਬ ! ਤੈਨੂੰ ਬਹੁਤੇ ਭਾਗ ਲਾਵੇ”
“ਸੱਚ ਗੁਰਜੀਤ , ਤੈਨੂੰ ਪੋਤਰੇ ਦੀਆਂ ਬਾਲ੍ਹੀਆਂ ਬ੍ਹਾਲੀਆਂ ਵਧਾਈਆਂ ਮੈਂ ਤਾਂ ਭੁੱਲ ਹੀ ਗਈ ਸੀ “?
“ਚਾਚੀ , ਸਵਾ ਵਧਾਈਆੰ ਤੈਨੂੰ ਵੀ “
“ਆਹ ! ਤਾਂ ਗੁਰਜੀਤ ਕੁਰੇ ,ਰੱਬ ਨੇ ਸੋਹਣੀ ਸੁਣਲੀ “
“ਜਿਹੜਾ ਪਲੇਠੀ ਦਾ ਜੀਅ ਦੇਤਾ “,
ਸਾਰੀ ਉਮਰ ਦਾ ਸੰਸਾ ਮੁਕਿਆ ,
“ਜੇ ਕਿਤ੍ਹੇ ਕੁੜੀ ਜੰਮ ਪੈਂਦੀ , ਨਿਆਣੇ ਦੀ ਮੱਤ ਹੁਣੇ ਈ ਮਾਰੀ ਜਾਣੀ ਸੀ “ਧੰਨਕੁਰ ਨੇ ਗੁਰਜੀਤ ਨੂੰ ਵਧਾਈ ਦਿੰਦਿਆਂ ਕਿਹਾ …।
“ਹੋਰ ਚਾਚੀ , ਬਲਾਈ ਝੋਰਾ ਸੀ , ਐਥੇ ਡੇਰੇ ਤੇ ਸੁੱਖਣਾ ਵੀ ਸੁੱਖੀ ਸੀ ਤੇ ਅਰਦਾਸ ਵੀ ਕਰਾਈ ਸੀ ਚ ਭੁਝੰਗੀ ਦੀ “
ਰੱਬ ਨੇ ਨੇੜੇ ਹੋਕੇ ਸੁਣਲੀ “
ਮਖਾਂ ਗੁਰਜੀਤ , ਬਾਬੇ ਨੇ ਅੱਜ ਵੀ ਆਵਾਜ਼ ਦਿੱਤੀ ਸੀ , ਸਪੀਕਰ ਚ’ ,”ਬਈ ਜਿਹਨੇ ਅਰਦਾਸ ਕਰਾਉਣੀ ਐ , ਭੁਝੰਗੀ ਦੀ ਅੱਠ ਵਜੇ ਲਿਖਾ ਦਿਉ .. “”
ਮੈਨੂੰ ਘਰਦੇ ਕਹਿੰਦੇ , ਜਾਹ ਬੀਜੀ !
“ਆਪਣੇ ਵੀ ਪੋਤਰੇ ਲਈ ਭੁਝੰਗੀ ਦੀ ਅਰਦਾਸ ਲਿਖਵਾ ਕੇ ਆ ,ਜਿਹੜਾ ਆਪਾਂ ਪਿਛਲੇ ਮਹੀਨੇ ਵਿਆਹਿਆ ਸੀ”
“ਮਸਾਂ , ਮਰਦੀ ਢਹਿੰਦੀ ਪਹੁੰਚੀ ਆ ਕੇ “
“ਵਾਗਰੂ ਵਾਗਰੂ !”
“ਐਨੀਆਂ ਰਦਾਸਾਂ , ਮੈਂ ਤਾਂ ਭਾਈ ਖੜੀ ਥੱਕ ਗੀ “
“ਹਾਰ ਕੇ ਬਹਿ ਈ ਗਈ ਉੱਥੇ “
“ਬਾਬਾ ਆਂਹਦਾ ਸੀ , ਬੀਬੀ ਤੁਹਾਡੀ ਬਿਆਲੀਵੀ ਅਰਦਾਸ ਐ “
“ਹੋਰ ਚਾਚੀ , ਸਾਰੇ ਹੁਣ ਪਹਿਲੇ ਬੱਚੇ ਦੀ ਅਰਦਾਸ ਕਰਾਈ ਜਾਂਦੇ ਐ “ ਪਹਿਲੇ ਵੇਲੇ ਈ ਕੁੜੀਆਂ ਨਾਲ ਘਰ ਭਰ ਲੈਂਦੇ ਸੀ , ਜੋੜੀਆਂ ਬਣਾਉਂਦੇ “
“ਹੁਣ ਦੇ ਤਾਂ ਜਵਾਕ ਈ ਬਥੇਰੇ ਸਿਆਣੇ ਐਂ “
“ਕੁੜੀ ਹੋਣ ਈਂ ਨੀਂ ਦਿੰਦੇ “
ਗੁਰਜੀਤ ਨੇ ਚਾਚੀ ਨੂੰ ਕਿਹਾ !
“ਨਾਲੇ ਸੱਚ ਚਾਚੀ , ਔਹ ਸ਼ਹਿਰ ਵਾਲੇ ਵੱਡੇ ਪ੍ਰਾਈਵੇਟ ਹਸਪਤਾਲ ਮੁੰਡੇ ਹੋਣ ਦੀ ਦਵਾਈ ਖਵਾਉਦੇ ਐ “,
“ਮੁੰਡੇ ਨੂੰ ਹੀ ਖਾਣੀ ਪੈਂਦੀ ਐ ,ਮੀਨ੍ਹਾਂ ਭਰ “
“ਫਿਰ ਤਾਂ ਚਾਚੀ ਸ਼ਰਤੀਆ ਈ ਮੁੰਡਾ ਹੁੰਦਾ “
“ਮੈਨੂੰ ਬੀਬੀ ਆਹਦੀ ਸੀ , ਆਵਦੀ ਚਾਚੀ ਨੂੰ ਵੀ ਦੱਸ ਪਾ ਦੀ “
ਜੇ ਕਿੱਤ੍ਹੇ ਮਿਲੀ ਤਾਂ ਉਹਨਾਂ ਦਾ ਵੀ ਭਲਾ ਹੋਜੂ “
ਤੇਰੇ ਪੋਤੇ ਨੇ ਖਾਧੀ ਸੀ ਚਾਚੀ “
“ਪੂਰੇ ਬਾਰਾਂ ਹਜ਼ਾਰ ਦੀ ਦਿੱਤੀ ਸੀ , ਤੇ ਸ਼ਰਤੀਆ ਦਵਾਈ ਐ “
“ਚਾਚੀ ,ਆਪਣੇ ਤਾਂ ਆਲੇ ਦੁਆਲੇ ਸਾਰੇ ਈ ਲਿਆ ਕੇ ਖਾਂਦੇ ਹਨ “
“ਤਾਂਹੀ ਤਾਂ , ਸਾਰਿਆਂ ਦੇ ਮੁੰਡੇ ਹੋਈ ਜਾਂਦੇ ਐ “
“ਗੁਰਜੀਤ , ਆਹ ਤਾਂ ਤੂੰ ਮੈਨੂੰ ਦੱਸ ਕੇ ਬਾਹਲਾ ਈ ਚੰਗਾ ਕੀਤਾ “, ਮੈਂ ਸੋਚਣਾ , ਰੱਬ ਕਿੰਨਾ ਦਿਆਲੂ ਹੋਇਆ ਸਾਰਿਆਂ ਤੇ , ਪਹਿਲਾ ਮੁੰਡਾ ਤੇ ਬਸ “ “ਹੁਣ ਮਰਜ਼ ਦੀ ਦਵਾ ਲੱਭਗੀ ਮੈਨੂੰ ਵੀ “ ਧੰਨ ਕੁਰ ਨੇ...
ਕਿਹਾ !
ਅੱਜ ਤੇਰੇ ਬਾਈ ਨੂੰ ਘੱਲੂਗੀ , ਸੋਡੇ ਘਰੇ ,
“ਪੂਰਾ ਪੱਕਾ ਪਤਾ ਲਿਖਾ ਦਿਉ ਜੇ , ਹਸਪਤਾਲ ਦਾ “
“ਖਵਰੇ ਮੈਂ ਵੀ ਪੜ ਪੋਤਰੇ ਦਾ ਮੂੰਹ ਵੇਖ ਜਾਂ ਜਿਉਂਦੀ ਜਿਉਂਦੀ “
“ਹੋਰ ਚਾਚੀ , ਸ਼ਰਤੀਆ ਦਵਾਈ ਐ ,ਅੱਖਾਂ ਮੀਚ ਕੇ ਖਾਲ੍ਹੇ ਮੁੰਡਾ”
“ਆਪਣਾ ਤਾਂ ਸਾਰੀ ਉਮਰ ਦਾ ਬੋਝ ਲਹਿਜੂ ਫਿਰ “,
“ ਸਿਆਣੇ ਕਹਿੰਦੇ ਹੁੰਦੇ , “ਨਾਂ ਧੀ ਜੰਮੇ ਤੇ ਨਾਂ ਮਾਪੇ ਕੁਚੱਜੇ ਬਣਨ “
ਹੋਰ ਕੀ ਐ ਗੁਰਜੀਤ , ਧੀਆਂ ਤਾਂ ਸਾਰੀ ਉਮਰ ਦਾ ਬੋਝ ਹੁੰਦੀਆਂ “
ਮਾਪੇ ਕਮਲੇ ਬਣੇ ਰਹਿਦੇ ,ਹਮੇਸ਼ਾਂ ਕੁੜਮਾਂ ਚ’
“ਕੁੜ੍ਹੇ ਗੁਰਜੀਤ ਸੱਚ ਤੇਰੀ ਨਨਾਣ ਦੇ ਮੁੰਡੇ ਦਾ ਰਿਸ਼ਤਾ ਹੋ ਗਿਆ ਕੇ ਨਈਂ ?”
“ਚਾਚੀ ਅਜੇ ਤਾਂ ਨਹੀਂ ਹੋਇਆ “
“ਬੀਜੀ ਬਲਾਈ ਝੋਰਾ ਕਰਦੀ ਐ “
ਲੱਭਦੇ ਤਾਂ ਬਹੁਤ ਫਿਰਦੇ ਐ , ਕਈ ਸਾਲ ਹੋਗੇ , “ਕੁੜੀ ਪਰ ਮੇਚ ਦੀ ਲੱਭਦੀ ਹੀ ਨਹੀਂ “
“ਹੁਣ ਮੁੰਡਾ , ਆਪ ਪੜਿ੍ਹਆ ਲਿਖਿਆ ਸੁਨੱਖਾ ਬਥੇਰਾ ,
ਪਰ ਆਵਦੇ ਵਰਗੀ ਕੁੜੀ ਲੱਭਦਾ “
“ਕਿੱਥੋਂ ਲੱਭਦੀ ਐ “
“ਕੁੜੀਆਂ ਈ ਹੈਨੀ “
“ਮੁੰਡੇ ਤਾਂ ਬਥੇਰੇ ਹਰਲ ਹਰਲ ਕਰਦੇ ਫਿਰਦੇ ਐ “
“ਭੌਰਾ-ਭੌਰਾ ਆਈਲੈਟਸ ਕਰਕੇ ਬਾਹਰ ਚਲੀਆਂ ਗਈਆਂ ਤੇ ਜਿਹੜੀਆਂ ਹੈਗੀਆਂ , ਉਹ ਆਵਦੀ ਮਰਜ਼ੀ ਨਾਲ ਕਰਾਉਂਦੀਆਂ ਵਿਆਹ “ ਉਹਨਾਂ ਦਾ ਊਂ ਨਖਰਾ ਮਾਣਨੀ “
“ਕੁੜੇ, ਉਹ ਤਾਂ ਮੇਰੇ ਦੋਹਤੇ ਦੇ ਹਾਣ ਦਾ ਐ “ ,
“ਆਹੋ ਚਾਚੀ “
“ਉਹ ਤਾਂ ਸੁੱਖ ਨਾਲ , ਕਦੋਂ ਦਾ ਜੀਆ ਜੰਤ ਆਲਾ ਬਣਿਆ “
“ਹੋਰ ਚਾਚੀ ਘਰ ਦਿਆਂ ਦਾ ਕੱਲਾ ਪੁੱਤ ਐ ,
“ਤੇਤੀਆਂ ਸਾਲਾਂ ਦਾ ਹੋ ਗਿਆ “
“ਬਲਾਈ ਝੋਰਾ ਕਰਦੀ ਐ ਬੀਜੀ ਵੀ “
ਭੈਣਜੀ ਵੀ ਟੈਸ਼ਨ ਨਾਲ ਬਿਮਾਰ ਰਹਿਣ ਲੱਗ ਗੀ “
“ਪੁੱਤ ਮੇਰੇ ਦਾ ਸਾਕ ਸਿਰੇ ਨੀ ਚੜ੍ਹਦਾ “ ,”ਰਿਜਕ ਵੀ ਬਥੇਰਾ ਘਰੇ “
ਅੱਜ ਮੈਂ ਵੀ ਦੋਹਤੇ ਦੇ ਵਿਆਹ ਦੀ ਅਰਦਾਸ ਕਰਾਉਣ ਆਈ ਸੀ , ਕਲ੍ਹ ਭੈਣ ਜੀ ਨੇ ਕਿਹਾ ਸੀ , “ ਗੁਰਜੀਤ ਨੇ ਚਾਚੀ ਨੂੰ ਦੱਸਿਆ ,
“ਚੰਗਾ ਚਾਚੀ , ਹੁਣ ਮੈਂ ਘਰੇ ਚੱਲਦੀ ਆਂ , ਅਰਦਾਸ ਕਰਾਉਣ ਆਈ ਨੂੰ ਕਈ ਘੰਟੇ ਲੱਗਗੇ .. “ਘਰੇ
ਕੰਮ ਉਡੀਕੀ ਜਾਂਦੇ ਐ “
ਦੋਨੋ ਭੁਝੰਗੀਆਂ ਦੀਆਂ ਅਰਦਾਸਾਂ ਕਰਦੀਆਂ ਤੇ ਦੋਹਤੇ ਦੇ ਵਿਆਹ ਲਈ ਕੁੜੀ ਦਾ ਸੰਸਾਂ ਕਰਦੀਆਂ ,ਆਪੋ ਆਪਣੇ ਘਰਾਂ ਨੂੰ ਤੁਰ ਗਈਆਂ…!!
ਜੇਕਰ ਧੀ ਨਾ ਜੰਮੀ ਤਾਂ ਫਿਰ , ਨੂੰਹਾਂ ਕਿੱਥੋਂ ਆਉਣਗੀਆਂ..?
ਸੁੱਖਾਂ ਸੁੱਖ ਲਏ ਪੁੱਤ ਮਾਂਵਾਂ ਨੇ ,ਕਿਹੜੇ ਘਰ ਵਿਆਹਉਣਗੀਆਂ..?
ਪੂਰੀ ਵਾਹ ਲਾ ਦਿੱਤੀ ਹੈ , ਜਿਸ ਕੁੱਖ ਵਿੱਚ ਧੀ ਨੂੰ ਮਾਰਨ ਦੀ
ਉਸ ਕੁੱਖ ‘ਚੋਂ ਹੀ ਜੰਮ ਕੇ ਧੀਆਂ ,ਘੋੜੀ ਵੀਰ ਦੀ ਗਾਉਣਗੀਆਂ!!
ਇਹ ਪੁੱਤਾਂ ਨਾਲ਼ੋਂ ਵਧ ਕੇ ‘ਰਾਜ’ ਕਰਦੀਆਂ ਨੇ, ਮੋਹ ਮਾਪਿਆਂ ਦਾ
ਸਾਰੀਆਂ ਬਰਕਤਾਂ ਆ ਜਾਵਣ ,ਜਿਸ ਘਰ ਧੀਆਂ ਆਉਣਗੀਆਂ
– ਰਾਜਵਿੰਦਰ ਕੌਰ ਵੜਿੰਗ