ਅੱਜ ਚਰਨੀ ਆਪਣੇ ਆਪ ਨੂੰ ਲੁੱਟੀ ਮਹਿਸੂਸ ਕਰ ਰਹੀ ਸੀ…..ਅੱਜ ਕੁਝ ਵੀ ਨਹੀਂ ਬਚਿਆ ਸੀ …..ਸਭ ਕੁਝ ਖ਼ਤਮ ਹੋ ਗਿਆ ਸੀ ….ਚਰਨੀ ਦੀ ਸੋਚ ਖੰਭ ਲਾ ਕੇ ਬੀਤੇ ਵਿੱਚ ਚਲੇ ਗਈ….ਅਜੇ ਕੱਲ੍ਹ ਦੀ ਗੱਲ ਜਾਪਦੀ ਸੀ ਮੋਹਨ ਸਿੰਘ ਨਾਲ਼ ਉਸ ਦਾ ਵਿਆਹ ਹੋਇਆ ਸੀ , ਚਰਨੀ ਜਿੱਥੇ ਕੁੜੀਆਂ ਵਿੱਚੋਂ ਸਿਰ ਕੱਢਵੀਂ ਮੁਟਿਆਰ ਸੀ , ਮੋਹਨ ਸਿੰਘ ਕਬੱਡੀ ਦਾ ਕਹਿੰਦਾ ਕਹਾਉਂਦਾ ਖਿਡਾਰੀ ਸੀ ਦੋਹਾਂ ਦੀ ਜੋੜੀ ਬੜੀ ਜੱਚਦੀ ਸੀ । ਬੜੇ ਚਾਵਾਂ ਨਾਲ ਮਾਪਿਆਂ ਨੇ ਉਨ੍ਹਾਂ ਦਾ ਵਿਆਹ ਕੀਤਾ ਸੀ । ਰੱਬ ਨੇ ਵੀ ਕੋਈ ਓਹਲਾ ਨਹੀਂ ਰੱਖਿਆ ਸੀ ਸਾਲ ਬਾਅਦ ਉਨ੍ਹਾਂ ਦੀ ਝੋਲੀ ਵਿੱਚ ਬਸੰਤ ਵਰਗਾ ਸੋਹਣਾ ਜੁਆਕ ਪਾ ਦਿੱਤਾ ਸੀ । ਉਹ ਬੜੇ ਚਾਵਾਂ ਨਾਲ ਆਪਣੇ ਘਰ ਵੱਸਦੇ ਸਨ ਪਤਾ ਨ੍ਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਮੋਹਨ ਸਿੰਘ ਨੇ ਕਬੱਡੀ ਦੀ ਖੇਡ ਵਿੱਚ ਵਧੀਆ ਖੇਡਣ ਲਈ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ…. ਟੀਕਿਆਂ ਤੋਂ ਹੋਈ ਸ਼ੁਰੂਆਤ ਹੌਲੀ ਹੌਲੀ ਚਿੱਟੇ ਤੱਕ ਪਹੁੰਚ ਗਈ ….ਇਸ ਚਿੱਟੇ ਨੇ ਇਕ ਦਿਨ ਉਸ ਦੀ ਜਾਨ ਲੈ ਲਈ । ਬਸੰਤ ਮਸਾਂ ਸੱਤ ਵਰ੍ਹਿਆਂ ਦਾ ਸੀ ਜਦ ਚਰਨੀ ਦੇ ਸਿਰ ਦਾ ਸਾਈਂ ਮੋਹਨ ਸਿੰਘ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਸੀਨੇ ਉਪਰ ਪੱਥਰ ਰੱਖ ਕੇ ਚਰਨੀ ਨੇ ਦੁਨੀਆਂ ਦੇ ਤਾਅਨੇ ਮਿਹਣੇ ਸਹਿ ਕੇ ਬਸੰਤ ਨੂੰ ਪਾਲਿਆ । ਹੁਣ ਬਸੰਤ ਹੀ ਉਸ ਦੀ ਇਕੋ ਇੱਕ ਉਮੀਦ ਸੀ । ਬਸੰਤ ਬਹੁਤ ਆਗਿਆਕਾਰੀ ਪੁੱਤ ਸੀ , ਉਹ ਮਾਂ ਦੀ ਹਰ ਗੱਲ ਸਿਰ ਝੁਕਾ ਕੇ ਮੰਨਦਾ ਸੀ । ਜਵਾਨ ਵੀ ਆਪਣੇ ਪਿਉ ਵਰਗਾ ਨਿਕਲਿਆ ਸੀ ਕਸ਼ਮੀਰੀ ਸੇਬਾਂ ਵਰਗਾ ਲਾਲ ਰੰਗ ਸੀ ਉਸ ਦੀ ਜਵਾਨੀ ਵੇਖਿਆਂ ਭੁੱਖ...
ਲਹਿੰਦੀ ਸੀ । ਪਰ ਹੌਲੀ ਹੌਲੀ ਉਹ ਵੀ ਪਿਉ ਵਾਲੇ ਰਾਹਾਂ ਤੇ ਤੁਰ ਪਿਆ ਪਹਿਲਾਂ ਉਸ ਨੇ ਵੀ ਕਬੱਡੀ ਖੇਡਣੀ ਸ਼ੁਰੂ ਕੀਤੀ , ਚਰਨੀ ਨੇ ਪੁੱਤ ਨੂੰ ਬੜਾ ਵਰਜਿਆ । ਚਰਨੀ ਕਹਿੰਦੀ ਸੀ ,”ਪੁੱਤ ਇਸ ਕਬੱਡੀ ਨੇ ਮੇਰੇ ਸਿਰ ਦਾ ਸਾਈਂ ਖੋਹ ਲਿਆ ,ਮੈਨੂੰ ਇਹ ਕਬੱਡੀ ਜ਼ਹਿਰ ਵਰਗੀ ਲੱਗਦੀ ਆ।ਰੱਬ ਦਾ ਵਾਸਤਾ ਤੂੰ ਕੋਈ ਵੀ ਹੋਰ ਕੰਮ ਕਰ ਲੈ ਪਰ ਕਬੱਡੀ ਨਾ ਖੇਡ ।”ਪਰ ਕਹਿੰਦੇ ਆ ਕਿ ਹੋਣੀ ਬੜੀ ਬਲਵਾਨ ਹੁੰਦੀ ਹੈ , ਬਸੰਤ ਵੀ ਆਪਣੇ ਪਿਉ ਵਾਂਗ ਕਬੱਡੀ ਦਾ ਨਾਮਵਰ ਖਿਡਾਰੀ ਬਣ ਗਿਆ ਪਰ ਹੌਲੀ ਹੌਲੀ ਵਧੀਆ ਅਤੇ ਜ਼ਿਆਦਾ ਖੇਡਣ ਦੇ ਲਾਲਚ ਮੈਂ ਉਸ ਨੂੰ ਵੀ ਟੀਕਿਆਂ ਵਾਲੇ ਪਾਸੇ ਤੋਰ ਦਿੱਤਾ……ਟੀਕਿਆਂ ਤੋਂ ਹੋਈ ਸ਼ੁਰੂਆਤ ਬਸੰਤ ਨੂੰ ਚਿੱਟੇ ਵੱਲ ਲੈ ਗਈ…..ਪਿਉ ਵਾਂਗ ਇੱਕ ਦਿਨ ਉਹ ਵੀ ਪੰਡ ਬੱਝ ਕੇ ਘਰ ਆ ਗਿਆ …..ਚਰਨੀ ਦੇ ਵੈਣ ਹਰ ਇੱਕ ਦਾ ਸੀਨਾ ਛਲਣੀ ਕਰ ਰਹੇ ਸਨ ….ਚਰਨੇ ਨੇ ਬਸੰਤ ਦੇ ਸਿਰ ਉੱਪਰ ਸਾਰੀ ਉਮਰ ਕੱਢੀ ਸੀ ….ਉਸ ਨੂੰ ਆਸ ਸੀ ਕਿ ਇੱਕ ਦਿਨ ਉਸ ਦਾ ਪੁੱਤ ਜਵਾਨ ਹੋਵੇਗਾ ਤੇ ਉਹ ਸੁੱਖ ਦੇ ਦਿਨ ਕੱਟੇਗੀ , ਪਰ ਸ਼ਾਇਦ ਰੱਬ ਡਾਹਢਾ ਉਸ ਦੇ ਕਰਮਾਂ ਵਿੱਚ ਸੁੱਖ ਲਿਖਣਾ ਭੁੱਲ ਗਿਆ ਸੀ ਜਾਂ ਫਿਰ ਉਸ ਦੇ ਕਰਮਾਂ ਵਿੱਚ ਸੰਤਾਪ ਭੋਗਣਾ ਹੀ ਲਿਖਿਆ ਸੀ ।
ਨਿਰਮ ਜੋਸਨ
b sharma
boht khov kahani
sachi hooni pisha ni shd di