ਨੁਕਸ
====
ਸ਼ਾਮ ਲਾਲ ਸ਼ਹਿਰ ਦਾ ਇੱਕ ਸਾਊ ਜਿਹਾ ਆੜ੍ਹਤੀਆ ਸੀ। ਨੇੜੇ-ਤੇੜੇ ਪਿੰਡਾਂ ਦੇ ਕਈ ਜਿੰਮੀਦਾਰਾਂ ਦੀ ਆੜ੍ਹਤ ਉਸ ਕੋਲ ਸੀ। ਉਹ ਬਹੁਤਾ ਚਲਾਕ ਬੰਦਾ ਨਹੀਂ ਸੀ। ਇਸੇ ਕਰਕੇ ਕਦੇ ਕਿਸੇ ਜਿਮੀਂਦਾਰ ਨਾਲ ਉਸਦਾ ਲੜਾਈ-ਝਗੜਾ ਨਹੀਂ ਸੀ ਹੋਇਆ। ਉਹ ਰੱਬ ਦਾ ਬੰਦਾ ਸਵੇਰੇ ਤੜਕੇ ਨ੍ਹਾ-ਧੋ ਕੇ ਦੁਕਾਨ ਤੇ ਆ ਜਾਂਦਾ ਤੇ ਫਿਰ ਸ਼ਾਮਾਂ ਨੂੰ ਹੀ ਘਰ ਪਰਤਦਾ। ਸਵੇਰ ਦਾ ਨਾਸ਼ਤਾ ਘਰੋਂ ਕਰਕੇ ਆਉਂਦਾ ਅਤੇ ਦੁਪਹਿਰ ਦੀ ਰੋਟੀ ਉਸਦਾ ਸਭ ਤੋਂ ਵਫ਼ਾਦਾਰ ਨੌਕਰ ਰਾਮੂ ਘਰੋਂ ਲੈ ਕੇ ਆਉਂਦਾ। ਇਸ ਤਰ੍ਹਾਂ ਉਹ ਇੱਕ ਸਧਾਰਨ ਜਿਹਾ ਜੀਵਨ ਬਤੀਤ ਕਰ ਰਿਹਾ ਸੀ।
ਸ਼ਾਮ ਲਾਲ ਕੋਲ ਨੇੜਲੇ ਪਿੰਡ ਦੇ ਇੱਕ ਜਿਮੀਂਦਾਰ ਕੁਲਜੀਤ ਸਿੰਘ ਦੀ ਆੜ੍ਹਤ ਸੀ। ਕੁਲਜੀਤ ਸਿੰਘ ਨੇ ਜਦ ਵੀ ਸ਼ਹਿਰ ਆਉਣਾ ਸ਼ਾਮ ਲਾਲ ਕੋਲ ਚਾਹ-ਪਾਣੀ ਪੀਤੇ ਬਗ਼ੈਰ ਨਾ ਜਾਣਾ। ਕੁਲਜੀਤ ਸਿੰਘ ਸੁਭਾਅ ਤੋਂ ਤਾਂ ਵਧੀਆ ਬੰਦਾ ਜਾਪਦਾ ਸੀ, ਪਰ ਉਸਦੇ ਸੁਭਾਅ ਦਾ ਇੱਕ ਮਾੜਾ ਪੱਖ ਸੀ, ਗੱਲ-ਗੱਲ ਤੇ ‘ਨੁਕਸ’ ਕੱਢਣਾ। ਉਸਨੇ ਜਦ ਵੀ ਸ਼ਾਮ ਲਾਲ ਦੀ ਦੁਕਾਨ ਤੇ ਆਉਣਾ, ਤਾਂ ਸ਼ਾਮ ਲਾਲ ਨੇ ਆਪਣੇ ਸਭ ਤੋਂ ਵਫ਼ਾਦਾਰ ਅਤੇ ਪੁਰਾਣੇ ਨੌਕਰ ਰਾਮੂ ਨੂੰ ਅਵਾਜ਼ ਮਾਰਨੀ, ”ਓ ਰਾਮੂ! ਬਾਈ ਜੀ ਲਈ ਪਾਣੀ ਲੈ ਕੇ ਆ…।” ਜਦ ਰਾਮੂ ਨੇ ਪਾਣੀ ਲੈ ਕੇ ਆਉਣਾ ਤਾਂ ਆਦਤ ਤੋਂ ਮਜਬੂਰ ਕੁਲਜੀਤ ਨੇ ਪਾਣੀ ਲੈ ਕੇ ਆਉਂਦੇ ਰਾਮੂ ‘ਚ ਕੋਈ-ਨਾ-ਕੋਈ ਨੁਕਸ ਲਾਜ਼ਮੀ ਕੱਢਣਾ, ਜਿਵੇਂ ਘਰੋਂ ਧਾਰ ਕੇ ਹੀ ਆਇਆ ਹੋਵੇ। ਕੁਲਜੀਤ ਨੇ ਨੱਕ ਜਿਹਾ ਚੜ੍ਹਾ ਕੇ ਕਹਿਣਾ, ”ਓਏ ਰਾਮੂ, ਕਦੇ ਹੱਥ-ਹੁੱਥ ਈ ਧੋ ਲਿਆ ਕਰ ਚੰਗੀ ਤਰ੍ਹਾਂ ਕੰਜਰਾ…!” ਤੇ ਫਿਰ ਉਸਨੇ ਮੂੰਹ ਟੇਢਾ-ਵੀਂਗਾ ਜਿਹਾ ਕਰਕੇ ਪਾਣੀ ਪੀ ਤਾਂ ਲੈਣਾ, ਪਰ ਉਸਦੇ ਮੱਥੇ ਦੀਆਂ ਤਿਉੜੀਆਂ ਨੇ ਸਾਫ਼ ਜ਼ਾਹਰ ਕਰ ਦੇਣਾ ਕਿ ਉਸਨੇ ਬੜੇ ਮਰੇ ਮਨ ਨਾਲ ਪਾਣੀ ਪੀਤਾ ਹੈ। ਸ਼ਾਮ ਲਾਲ ਨੂੰ ਉਸਦੀ ਗੱਲ ਦਾ ਬਹੁਤ ਗੁੱਸਾ ਲੱਗਣਾ, ਪਰ ਠੰਡੀ ਮਿੱਟੀ ਦਾ ਮਾਲਕ ਹੋਣ ਕਾਰਨ ਉਸਨੇ ਅੱਗੋਂ ਕਦੇ ਕੁੱਝ ਨਾ ਕਹਿਣਾ। ਅਗਲੀ ਵਾਰ ਕੁਲਜੀਤ ਸਿੰਘ ਨੇ ਪਾਣੀ ਪੀਂਦੇ ਨੇ ਕਹਿਣਾ, ”ਓਏ ਚਗਲਾ, ਕਦੇ ਨ੍ਹਾ-ਧੋ ਲਿਆ ਕਰ ਚੰਗੀ ਤਰ੍ਹਾਂ…।” ਕਦੇ ਟੋਕਣਾ, ”ਸਹੁਰੀ ਦਿਆ, ਕਦੇ ਆ ਪਾਣੀ ਦੇ ਗਲਾਸਾਂ ਵਾਲੀ ਟ੍ਰੇਅ ਈ ਧੋ ਲਿਆ ਕਰ ਚੰਗੀ ਤਰ੍ਹਾਂ…।” ਕਦੇ ਮਾਸੂਮ ਜਿਹਾ ਮੂੰਹ...
ਬਣਾ ਕੇ ਕਹਿਣਾ, ”ਆਹ ਗਲਾਸ ਸਾਫ਼ ਕੀਤਿਆਂ ਨੂੰ ਕਿੰਨੇ-ਕੁ ਦਿਨ ਹੋ ਗੇ?” ਕਦੇ ਅਨਜਾਣ ਜਿਹਾ ਬਣ ਕੇ ਕਹਿਣਾ, ”ਹੈਲੋ! ਆਹ ਪਾਣੀ ਆਲਾ ਘੜਾ ਭਰਿਆਂ ਨੂੰ ਕਿੰਨੇ-ਕੁ ਦਿਨ ਹੋ ਗੇ?” ਇੱਕ ਦਿਨ ਅੱਕ ਕੇ ਰਾਮੂ ਨੇ ਸ਼ਾਮ ਲਾਲ ਅੱਗੇ ਆਪਣਾ ਰੋਣਾ ਰੋਇਆ ਤੇ ਇਸ ਗੱਲ ਦਾ ਕੋਈ ਹਲ ਕੱਢਣ ਦੀ ਅਰਜੋਈ ਕੀਤੀ।
ਸ਼ਾਮ ਲਾਲ ਨੇ ਅਗਲੇ ਹੀ ਦਿਨ ਧਾਰ ਲਿਆ ਕਿ ਅੱਜ ਕੁਲਜੀਤ ਸਿੰਘ ਨੂੰ ਕਿਸੇ ਤਰ੍ਹਾਂ ਦਾ ਕੋਈ ‘ਨੁਕਸ’ ਨ੍ਹੀਂ ਕੱਢਣ ਦੇਣਾ। ਉਸਨੇ ਰਾਮੂ ਨੂੰ ਘਰੋਂ ਚੰਗੀ ਤਰ੍ਹਾਂ ਨ੍ਹਾ-ਧੋ ਕੇ ਅਤੇ ਨਵੇਂ ਕਪੜੇ ਪਾ ਕੇ ਆਉਣ ਦਾ ਫ਼ੁਰਮਾਨ ਜਾਰੀ ਕੀਤਾ। ਘੜਿਆਂ ਵਿੱਚ ਤਾਜ਼ਾ ਪਾਣੀ ਭਰਿਆ ਗਿਆ। ਪਾਣੀ ਪੀਣ ਵਾਲੇ ਕੱਚ ਦੇ ਗਲਾਸ ਅਤੇ ਟ੍ਰੇਅ ਬਜ਼ਾਰੋਂ ਨਵੇਂ ਮੰਗਵਾਏ ਗਏ। ਉਹ ਦੋਹੇਂ ਪੂਰੀ ਤਿਆਰੀ ਵੱਟ ਕੇ ਕੁਲਜੀਤ ਸਿੰਘ ਦਾ ਇੰਤਜ਼ਾਰ ਕਰਨ ਲੱਗੇ। ਦੁਪਹਿਰੇ ਕੁਲਜੀਤ ਬਜ਼ਾਰ ਦੇ ਹੋਰ ਕੰਮਾਂਕਾਰਾਂ ਤੋਂ ਵਿਹਲਾ ਹੋ ਕੇ ਰੋਜ਼ਾਨਾ ਵਾਂਗ ਸ਼ਾਮ ਲਾਲ ਦੀ ਦੁਕਾਨ ਤੇ ਆ ਧਮਕਿਆ। ਸ਼ਾਮ ਲਾਲ ਨੇ ਛਾਤੀ ਜਿਹੀ ਤਾਣ ਕੇ ਰਾਮੂ ਨੂੰ ਪਾਣੀ ਲਿਆਉਣ ਲਈ ਅਵਾਜ਼ ਮਾਰੀ, “ਓ ਰਾਮੂ! ਬਾਈ ਜੀ ਨੂੰ ਪਾਣੀ ਪਿਆ।” ਰਾਮੂ ਵੀ ਪਾਣੀ ਲੈ ਕੇ ਇੰਝ ਮਿਜ਼ਾਜ਼ ਨਾਲ ਤੁਰਿਆ ਆਵੇ ਜਿਵੇਂ ਕਿਸੇ ਫਾਈਵ-ਸਟਾਰ ਹੋਟਲ ਦਾ ਵੇਟਰ ਤੁਰਿਆ ਆਉਂਦਾ ਹੋਵੇ। ਉਸਨੇ ਬੜੇ ਅਦਬ ਨਾਲ ਕੁਲਜੀਤ ਸਿੰਘ ਅੱਗੇ ਪਾਣੀ ਦੇ ਭਰੇ ਗਲਾਸਾਂ ਵਾਲੀ ਟ੍ਰੇਅ ਕੀਤੀ। ਕੁਲਜੀਤ ਸਿੰਘ ਨੇ ਗਹੁ ਨਾਲ ਰਾਮੂ ਨੂੰ ਹੇਠਾਂ ਤੋਂ ਲੈ ਕੇ ਉਤਾਂਹ ਤੱਕ ਵੇਖਿਆ, ਇੱਕਦਮ ਨ੍ਹਾਤਾ-ਧੋਤਾ, ਨਵੇਂ ਕਪੜੇ, ਟ੍ਰੇਅ ਇੱਕਦਮ ਲਿਸ਼ਕਦੀ, ਬਿਲਕੁਲ ਸਾਫ਼ ਗਲਾਸ ਤੇ ਗਲਾਸਾਂ ਵਿੱਚ ਸ਼ੀਸ਼ੇ ਵਰਗਾ ਸਾਫ਼ ਤੇ ਠੰਡਾ ਪਾਣੀ। ਕੁਲਜੀਤ ਨੂੰ ਕੋਈ ‘ਨੁਕਸ’ ਨਾ ਲੱਭਿਆ। ਰਾਮੂ ਨੇ ਬੜੇ ਠਰ੍ਹਮੇ ਅਤੇ ਮਾਣ ਨਾਲ ਕਿਹਾ, ”ਸਰਦਾਰ ਜੀ, ਪਾਣੀ ਲਓ!” ਕੁਲਜੀਤ ਸਿੰਘ ਨੇ ਭਰੇ ਮਨ ਨਾਲ ਪਾਣੀ ਵਾਲਾ ਗਲਾਸ ਤਾਂ ਟ੍ਰੇਅ ਵਿੱਚੋਂ ਚੁੱਕ ਲਿਆ, ਪਰ ਪੀਂਦਾ-ਪੀਂਦਾ ਬੋਲਿਆ, ”ਪਤੰਦਰਾ, ਕਦੇ ਨਹੁੰ ਈ ਕੱਟ ਲਿਆ ਕਰ ਹੱਥਾਂ ਦੇ…!”
ਲੇਖਕ:
ਅਭੀਜੀਤ ਅਬੋਹਰ
+91-95-929-00-486
+91-89-478-000-86