ਉਹਦਾ ਨਾਮ ਤਾਂ ਖੌਰੇ ਕੀ ਸੀ ਪਰ ਸਾਰੇ ਉਹਨੂੰ ਅੰਮਾ ਆਖਦੇ ਸੀ, ਮਾਂ ਦੱਸਦੀ ਹੁੰਦੀ ਆ ਕਿ ਬਹੁਤਿਆਂ ਮਾੜਿਆਂ ਹਲਾਤਾਂ ਨੂੰ ਉਹਨੇ ਪਿੰਡੇ ਤੇ ਹੰਢਾਇਆ ਏ….ਜੁਆਨ-ਜੁਹਾਨ ਨੂੰ ਸਿਰ ਦਾ ਸਾਈ ਛੱਡ ਕੇ ਤੁਰ ਗਿਆ ਸੀ ਤੇ ਪਿੱਛੇ ਉਸਦੇ ਮਾਂ-ਬਾਪ, ਨਿੱਕੀ ਜਿਹੀ ਧੀ ਤੇ ਨਿਰੀ ਜਮੀਨ-ਜਾਇਦਾਦ ਸੀ…ਬਥੇਰੇ ਸ਼ਰੀਕਾ ਨੇ ਜ਼ੋਰ ਲਾਇਆ ਕੇ ਇਹਨੂੰ ਕਿਧਰੇ ਹੋਰ ਤੋਰ ਦੇਵੋ ਜਾ ਫਿਰ ਕਿਸੇ ਦਿਉਰ ਦੇ ਸਿਰ ਧਰ ਦੇਵੋ ਤਾਂ ਜੋ ਉਹ ਸਾਰੀ ਜਾਇਦਾਦ ਹੜੱਪ ਸਕਣ ਪਰ ਮਾ ਦੀ ਧੀ ਇੰਨੇ ਜਿਗਰੇ ਵਾਲੀ ਸੀ ਕਿ ਇਕੱਠ ਵੇਲੇ ਆਖ ਦਿੱਤਾ ਕਿ ਇਹੀ ਮੇਰੇ ਮਾ-ਬਾਪ ਨੇ ਤੇ ਮੇਰੀ ਧੀ ਹੀ ਮੇਰੀ ਜ਼ਿੰਦਗੀ ਏ ਤੇ ਸਾਨੂੰ ਚਾਰਾ ਜਾਣਿਆਂ ਨੂੰ ਕਿਸੇ ਹੋਰ ਇਨਸਾਨ ਦੀ ਲੋੜ ਨਹੀ। ਬਹੁਤਿਆਂ ਨੇ ਉਹਦੇ ਇਸ ਫ਼ੈਸਲੇ ਤੇ ਉਹਨਾਂ ਤੋਂ ਮੂੰਹ ਮੋੜ ਲਏ ਪਰ ਆਖਦੇ ਆ ਨਾ ਕਿ ਸੱਚੇ ਬੰਦੇ ਤੇ ਜਿੰਨੀਆ ਮਰਜੀ ਮੁਸੀਬਤਾਂ ਆਈ ਜਾਣ ਪਰ ਆਖਿਰ ਰੱਬ ਇੱਕ ਨਾ ਇੱਕ ਦਿਨ ਸੁਣਦਾ ਜਰੂਰ ਏ ….ਉਸਨੇ ਖੁਦ ਬੰਦਾ ਬਣ ਉਸ ਘਰ ਦੇ ਕੰਮ-ਕਾਰ ਕੀਤੇ, ਪਿੰਡ ਦਾ ਉਹ ਪਹਿਲਾ ਘਰ ਸੀ ਜਿੰਨ੍ਹਾਂ ਦੇ ਘਰ ਟਰੈਕਟਰ ਆਇਆ ਤੇ ਫਿਰ ਉਹੀ ਸ਼ਰੀਕ ਉਸਦੀਆਂ ਜੁਬਾਨੋ ਸਿਫ਼ਤਾ...
ਤੇ ਅੰਦਰੋਂ ਸੜਦੇ ਨਹੀ ਥੱਕਦੇ ਸਨ।
ਧੀਂ ਜੁਆਨ ਹੋਈ ਤਾਂ ਡਾਕਟਰ ਬਣ ਬਾਹਰਲੇ ਮੁਲਕ ਜਾਣ ਦੀ ਜਿੱਦ ਲੈ ਬੈਠੀ, ਅੰਮਾ ਨੇ ਬਥੇਰਾ ਸਮਝਾਇਆ ਪਰ ਉਹ ਅਕਸਰ ਆਖ ਛੱਡਦੀ ਕਿ,” ਮੇਰੇ ਵੀ ਸੁਪਨੇ ਨੇ….ਮੈਂ ਆਪਣੀ ਜਿੰਦਗੀ ਆਪਣੇ ਤਰੀਕੇ ਨਾਲ ਬਤਾਉਣੀ ਏ।” ਉਹਨੂੰ ਵੀ ਬਾਹਰ ਗਈ ਨੂੰ ਬੜੇ ਸਾਲ ਹੋ ਗਏ …ਧੀ-ਪੁੱਤ ਵਾਲੀ ਹੋ ਗਈ ਏ, ਉਹ ਸਿਰਫ਼ ਮਾਂ ਦੇ ਸੰਸਕਾਰ ਤੇ ਆਈ ਸੀ ਤੇ ਮੇਰੀ ਮਾਂ ਹੱਥੋਂ ਅੰਮਾ ਦੀ ਲਿਖੀ ਹੋਈ ਚਿੱਠੀ ਨੂੰ ਪੜ ਜ਼ਾਰੋ-ਜ਼ਾਰ ਰੋ ਰਹੀ ਸੀ ਜਿਸ ‘ਚ ਲਿਖਿਆ ਸੀ,”ਧੀਏ ਜੇ ਕਿਧਰੇ ਮੈਂ ਵੀ ਆਪਣੀ ਜਿੰਦਗੀ ਆਪਣੇ ਤਰੀਕੇ ਨਾਲ ਬਿਤਾਈ ਹੁੰਦੀ ਤਾਂ ਅੱਜ ਤੂੰ ਇੱਡੇ ਵੱਡੇ ਅਹੁਦੇ ਤੇ ਨਾ ਹੁੰਦੀ ਪਰ ਤੇਰੀ ਮਾਂ ਨੇ ਹਮੇਸ਼ਾ ਤੇਰੀ ਤਰੱਕੀ ਦੀਆ ਦੁਆਵਾ ਹੀ ਕੀਤੀਆ ਨੇ, ਜਿਊਦੀ ਵੱਸਦੀ ਰਹਿ, ਬੁੱਢ ਸੁਹਾਗਣ ਹੋਵੇ ਤੇ ਹਾਂ ਸੱਚ ਅਰਦਾਸ ਏ ਤੇਰੀ ਕੁੱਖ ਦੇ ਜਾਏ ਮੇਰੀ ਕੁੱਖ ਤਰ੍ਹਾ ਨਾ ਹੋਵਣ।”
ਕਮਲ ਕੌਰ