ਉਸ ਦੀਆਂ ਜਿਆਦਾ ਪੋਸਟਾਂ ਦਰਦਮਈ ਹੀ ਹੁੰਦੀਆਂ ਤੇ ਤਸਵੀਰਾਂ ਵੀ ਜਿਆਦਾ ਕਰ ਹੰਝੂਆਂ ਵਾਲੀਆਂ ਹੁੰਦੀਆਂ।ਮੈਂ ਮੈਸੇਜ ਕਰ ਪੁੱਛਿਆ ਕਿ ਪੁੱਤ ਕਿੰਨਾਂ ਕੁ ਦਰਦ ਦਿਲ ਵਿੱਚ ਛੁਪਾ ਰੱਖਿਆ?ਕਹਿੰਦੀ ਪੁੱਛੋ ਨਾ ਕੁੱਝ?ਪਰ ਹੌਲੀ ਹੌਲੀ ਅਪਣੇ ਦੁੱਖ ਸੁੱਖ ਸਾਂਝੇ ਕਰਨ ਲੱਗੀ।ਉਸ ਦੀ ਜ਼ਿੰਦਗੀ ਬਦਨਸੀਬੀ ਦੀ ਭੇਟ ਚੜ੍ਹੀ ਹੋਈ ਸੀ।ਪਰ ਉਸ ਨੇ ਅਪਣੀ ਜ਼ਿੰਦਗੀ ਦੀ ਇੱਕ ਘਟਨਾ ਮੇਰੇ ਨਾਲ ਸਾਂਝੀ ਕਰੀ ਜਿਸ ਨੂੰ ਸੁਣ ਮੇਰੇ ਹੱਥ ਅਪਣੇ ਆਪ ਉਸ ਦੇ ਸਿਰੜ,ਮਮਤਾ ਤੇ ਵਿਸ਼ਵਾਸ ਅੱਗੇ ਜੁੜ ਗਏ। ਜਦੋਂ ਉਸ ਦੇ ਪਹਿਲਾ ਬੱਚਾ ਕੁੜੀ ਹੋਈ ਤਾਂ ਘਰ ਸੋਗ ਪੈ ਗਿਆ ਕਿਉਂਕਿ ਹਰ ਇੱਕ ਦੀ ਇੱਛਾ ਸੀ ਮੁੰਡਾ ਹੋਵੇ।ਉਸ ਨੂੰ ਬਿਨਾਂ ਦੱਸੇ ਸਾਰੇ ਪਰਿਵਾਰ ਨੇ ਫੈਸਲਾ ਕਰਿਆ ਕਿ ਅਗਲਾ ਬੱਚਾ ਟੈਸਟ ਕਰਵਾਂਗੇ।ਜਦੋਂ ਵਾਹਿਗੁਰੂ ਨੇ ਸਮਾਂ ਲਿਆਂਦਾ ਉਸ ਦੇ ਲੱਖ ਵਿਰੋਧ ਕਰਨ ਦੇ ਬਾਵਜੂਦ ਟੈਸਟ ਕਰਵਾਇਆ।ਉਸ ਨੂੰ ਜਿਸ ਦਾ ਡਰ ਸੀ ਓਹ ਹੋਇਆ ਪੇਟ ਕੁੜੀ ਸੀ ਤੇ ਸੌਹਰੇ ਪਰਿਵਾਰ ਉੱਪਰ ਉਸ ਦੇ ਜੋੜੇ ਹੱਥਾਂ,ਪਾਏ ਕੀਰਨਿਆ ਤੇ ਤਰਲਿਆਂ ਦਾ ਕੋਈ ਅਸਰ ਨਾ ਹੋਇਆ।ਕੁੜੀ ਦਾ ਕੁੱਖ ਵਿੱਚ ਕਾਤਿਲ ਕਰ ਦਿੱਤਾ।ਓਹ ਬੇਬੱਸੀ ਦੀ ਹਾਲਾਤ ਵਿੱਚ ਅੰਦਰੋਂ ਟੁੱਟ ਚੁੱਕੀ ਸੀ।ਉੱਪਰੋਂ ਸੌਹਰੇ ਪਰਿਵਾਰ ਦਾ ਤੱਸਦਦ ਸੁਰੂ ਹੋ ਗਿਆ।ਜਦੋਂ ਤੀਜੇ ਬੱਚੇ ਦਾ ਸਮਾਂ ਆਇਆ ਤਾਂ ਓਹੀ ਗੱਲ ਕਿ ਟੈਸਟ ਕਰਵਾਈਏ।ਉਸ ਨੇ ਇੱਕ ਚਿੱਤ ਹੋ ਅਰਦਾਸ ਕਰੀ ਕਿ ਹੇ ਵਾਹਿਗੁਰੂ ਮੇਰੀ ਧੀ ਮੇਰੇ ਕੋਲ ਵਾਪਿਸ ਆ ਜਾਵੇ।ਇਹਨਾਂ ਜ਼ਾਲਿਮਾਂ ਨੂੰ ਪਤਾ ਹੀ ਨਾ ਲੱਗੇ ਕਿ ਮੇਰੇ ਪੇਟ ਵਿੱਚ ਮੁੰਡਾ ਹੈ ਜਾਂ ਕੁੜੀ?ਤੁਸੀਂ...
ਹੈਰਾਨ ਹੋਵੋਂਗੇ ਕਿ ਅਜਿਹਾ ਭਾਣਾ ਵਰਤਿਆ ਕਿ ਚਾਰ ਪੰਜ ਅਲਟਰਾਸਾਊਂਡ ਵਾਲਿਆਂ ਵੱਖੋ ਵੱਖ ਰਿਪੋਰਟ ਦਿੱਤੀ ਜਿਸ ਕਰਕੇ ਪਰਿਵਾਰ ਉਲਝਣ ਵਿੱਚ ਪੈ ਗਿਆ।ਅਖੀਰ ਪਰਿਵਾਰ ਨੇ ਫੈਸਲਾ ਕਰਿਆ ਕਿ ਰੱਬ ਆਸਰੇ ਛੱਡ ਦਿਓ।ਇਹ ਸੁਣ ਉਸ ਨੇ ਸੁੱਖ ਦਾ ਸਾਹ ਲਿਆ ਤੇ ਓਹ ਹਰ ਪਲ ਅਰਦਾਸ ਕਰਦੀ ਕਿ ਵਾਹਿਗੁਰੂ ਮੇਰੀ ਧੀ ਮੈਨੂੰ ਵਾਪਿਸ ਕਰਦੇ।ਉਸ ਦੇ ਸੁਪਨੇ ਵਿੱਚ ਇੱਕ ਦਿਨ ਕੁੜੀ ਨੇ ਆਕੇ ਕਿਹਾ ਮਾਂ ਮੈਂ ਆ ਗਈ ਤੇ ਓਹ ਹੀ ਹੋਇਆ ਜਿਸ ਦੀ ਉਸ ਨੇ ਅਰਦਾਸ ਕਰੀ ਸੀ ਤੀਜਾ ਬੱਚਾ ਕੁੜੀ ਹੋਈ।ਸਾਰਾ ਪਰਿਵਾਰ ਮਰਿਆਂ ਬਰਾਬਰ ਸੀ ਪਰ ਓਹ ਦਿਲੋਂ ਰੱਬ ਦੇ ਸ਼ੁਕਰਾਨੇ ਕਰ ਰਹੀ ਸੀ ਕਿ ਵਾਹਿਗੁਰੂ ਨੇ ਮੇਰੀ ਸੁਣ ਲਈ।ਫੇਰ ਉਸ ਨੂੰ ਅਗਲੀ ਵਾਰ ਪੁੱਤਰ ਦੀ ਦਾਤ ਵੀ ਵਾਹਿਗੁਰੂ ਨੇ ਬਖਸ਼ ਦਿੱਤੀ।
ਮੈਂ ਅੱਜ ਵੀ ਹੈਰਾਨ ਹਾਂ ਕਿ ਕਿਵੇਂ ਮਮਤਾ ਦੇ ਵਹਿਣ ਅੱਗੇ ਵਿਗਿਆਨ ਦਾ ਪਰਬਤ ਚਕਨਾਚੂਰ ਹੋ ਗਿਆ✍️
ਬਾਪੂ ਭੂਪਿੰਦਰ ਸਿੰਘ ਸੇਖੋਂ