ਦਾਣਾ ਪਾਣੀ
ਸ਼ਿੰਦੇ ਉਠ ਜਾ……. ਦੇਖੀ ਸੂਰਜ ਸਿਰ ਤੇ ਆਇਆ ਹੋਇਆ ਤੇ ਇਹ ਉੱਠਦਾ ਹੀ ਨੀ. ਮਾਂ ਨੇ ਹੌਲੀ ਜਿਹੇ ਆ ਕੇ ਮੈਨੂੰ ਕਹਿਣਾ ਜਾ ਸੁੱਖੋ ਤੂੰ ਠਾਲ ਆਪਣੇ ਭਰਾ ਨੂੰ ਮੈਂ ਰੋਟੀ ਲੱਗਦੀ ਆ ਤੇ ਇਹ ਉੱਠ ਕੇ ਖੇਤ ਰੋਟੀ ਫੜਾ ਆਵੇ. ਮੈਂ ਆਵਾਜ਼ ਦੇਣੀ ਪਰ ਉਹਨੇ ਆਪਣਾ ਬੂਹਾ ਵੀ ਨਾ ਖੋਲਣਾ. ਭਰਾ ਤੇ ਭਰਜਾਈ ਨੂੰ ਕੰਮਰੇ ਵਿੱਚ ਰੋਟੀ ਮੇਰੀ ਮਾਂ ਹੀ ਫੜਾ ਆਉਂਦੀ ਸੀ ਨਾਲੇ ਕਹਿ ਦਿੰਦੀ ਇਹ ਤਾਂ ਏਦਾਂ ਹੀ ਕਰਦੇ. ਮੇਰੀ ਮਾਂ ਦਾ ਨਾ ਰਾਣੋ ਸੀ. ਰੰਗ ਰੂਪ ਪੱਖੋਂ ਰੱਜ ਕੇ ਸੋਹਣੀ, ਸ਼ਾਂਤ ਜਿਹਾ ਸੁਬਾਹ ਤੇ ਚਿਹਰੇ ਤੇ ਨੂਰ ਲਿਸ਼ਕਦਾ ਸੀ. ਜਦ ਕਦੇ ਘਰ ਮੇਰੇ ਵਿਆਹ ਦੀ ਗੱਲ ਤੁਰਦੀ ਤਾਂ ਮੇਰੇ ਬਾਪੂ ਨੇ ਆਖਣਾ ਕੋਈ ਮੇਰੀ ਧੀ ਦੇ ਨੱਕ ਵਾਰੇ ਗੱਲ ਨਾ ਕਰੇ. ਨੱਕ ਪੱਖੋਂ ਮੈਂ ਥੋੜੀ ਜਿਹੀ ਮਾਰ ਖਾਂਦੀ ਸੀ ਤੇ ਮੇਰੇ ਬਾਪੂ ਨੇ ਕਹਿਣਾ …. ਸੁੱਖੋ ਤੇਰੇ ਵਿਆਹ ਤੇ ਲੱਖ ਰੁਪਏ ਤਾਂ ਮੈਂ ਤੇਰੇ ਨੱਕ ਦੇ ..ਦੇ ਦਵਾਂਗਾ. ਉਹ ਜ਼ਮਾਨੇ ਵਿੱਚ ਲੱਖ ਰੁਪਏ ਵਿੱਚ ਤਾਂ ਵਿਆਹ ਹੋ ਜਾਇਆ ਕਰਦਾ ਸੀ. ਮੈਂ ਹੱਸ ਪੈਂਦੀ ਸੀ ਤੇ ਮਾਣ ਹੁੰਦਾ ਸੀ ਬਾਪੂ ਤੇ ਜੋ ਮੇਰਾ ਹੌਂਸਲਾ ਬਣਾਈ ਰੱਖਦਾ ਸੀ. ਰਾਣੀਆਂ ਵਾਂਗ ਰਹਿੰਦੀ ਸੀ ਮੈਂ ਆਪਣੇ ਘਰ. ਇੱਕ ਦਿਨ ਰਿਸ਼ਤਾ ਆਇਆ ਤੇ ਮੁੰਡਾ ਪ੍ਰਦੇਸੀ ਸੀ. ਸਾਰਾ ਕੁੱਝ ਦੇਖ ਵੇਖ ਕੇ ਮੇਰੇ ਬਾਪੂ ਤੇ ਤਾਏ ਚਾਚੇ ਦੀ ਸਹਿਮਤੀ ਨਾਲ ਮੇਰਾ ਰਿਸ਼ਤਾ ਪੱਕਾ ਹੋ ਗਿਆ. ਮਾਂ ਬਾਪ ਨੇ ਬਹੁਤ ਚਾਵਾਂ ਨਾਲ ਮੇਰਾ ਵਿਆਹ ਕਰਿਆ. ਖੇਤ ਵਿੱਚ ਵਿਆਹ ਵਾਲਾ ਟਿੰਟ ਲਾ ਕੇ ਸੰਗੀਤਕਾਰ ਲਵਾ ਕੇ ਮੇਰਾ ਮੰਗਣਾ ਕਰਿਆ ਤੇ ਮੈਰਿਜ ਪੈਲੇਸ ਵਿੱਚ ਮੇਰਾ ਵਿਆਹ ਕਰਿਆ. ਵਿਆਹ ਪਿੱਛੋਂ ਮੇਰਾ ਘਰਵਾਲਾ ਮੁੜ ਪ੍ਰਦੇਸ ਚਲਾ ਗਿਆ. ਜਦ ਮੇਰੀ ਪਹਿਲੀ ਵਾਰ ਫਾਈਲ ਲਾਈ ਸੀ ਤਾਂ ਉਹ ਰਿਜੈਕਟ ਹੋ ਗਈ. ਸੋਹਰੇ ਘਰ ਇਕੱਲੀ ਦਾ ਦਰਾਣੀ ਤੇ ਜਠਾਣੀ ਵਿੱਚ ਰਹਿਣਾ ਵੀ ਔਖਾ ਸੀ. ਮੈਂ ਮੁੜ ਆਪਣੇ ਪੇਕੇ ਘਰ ਆ ਗਈ. ਦੁਬਾਰਾ ਫਾਈਲ ਲਾਉਣੀ ਸੀ ਤਾਂ ਮੇਰੇ ਬਾਪੂ ਨੇ ਨਵਾਂ ਏਜੇਂਟ ਲੱਭ ਕੇ ਸਾਰਾ ਖਰਚਾ ਕਰਿਆ ਪਰ ਫੇਰ ਰਿਜੈਕਟ ਹੋ ਗਿਆ. ਕਹਿਣ ਨੂੰ ਤਾਂ ਮੇਰਾ ਪੇਕਾ ਘਰ ਸੀ ਪਰ ਭਰਜਾਈ ਦੇ ਬੋਲ ਤਾਂ ਸ਼ਰੀਕੇ ਨਾਲੋਂ ਵੀ ਮਾੜੇ. ਇੱਕ ਦਿਨ ਭਰੀ ਪੀਤੀ ਬੋਲਣ ਲੱਗੀ …. ਕਿੱਥੇ ਇਹਦਾ ਰਿਸ਼ਤਾ ਹੋ ਗਿਆ , ਨਾ ਇਹਦਾ ਬਣਦਾ ਤੇ ਨਾ ਇਹ ਜਾਂਦੀ ਆ…. ਸਾਡਾ ਤਾਂ ਘਰ ਖਾ ਗਈ. ਇਹ ਗੱਲ ਸੁਣ ਮੇਰੀ ਮਾਂ ਤੇ ਬਾਪੁ ਨੂੰ ਬੜਾ ਦੁੱਖ ਲੱਗਾ ਸੀ. ਮਾਂ ਨੇ ਤਾਂ ਕਹਿ ਦਿੱਤਾ ਸੀ, ਕੇ ਭਾਈ ਸਾਡੀ ਕਰੀ ਹੋਈ ਕਮਾਈ ਆ ਜੇਕਰ ਤੇਰੇ ਕੋਲੋਂ ਜਾਂ ਤੇਰੇ ਹਿਸੇ ਦੇ ਲਾਏ ਫੇਰ ਬੋਲੀ. ਭਾਭੀ ਦਾ ਬੂਹਾ ਫੇਰ ਬੰਦ ਤੇ ਵੀਰਾ ਵੀ ਨਾ ਬੋਲਿਆ. ਰਾਤ ਦੀ ਰੋਟੀ ਮਾਂ ਕਮਰੇ ਵਿੱਚ ਭਰਾ ਨੂੰ ਫੜਾ ਆਈ ਸੀ. ਮੈਂ ਮਾਂ ਨਾਲ ਪਈ ਸੋਚੀ ਜਾਵਾਂ ਮੈਂ ਵੀ ਤਾਂ ਇਸ ਘਰੇ ਪੱਚੀ ਸਾਲ ਕੰਮ ਕਰਿਆ ਉਹਦਾ ਕੋਈ ਮੁੱਲ ਨਹੀਂ ? ਵੀਰਾ ਤਾਂ ਕੁੱਝ ਕਹਿ ਹੀ ਸਕਦਾ ਸੀ. ਮਾਂ ਨੇ ਮੈਨੂੰ ਕਹਿਣਾ ਸੁੱਖੋ ਤੂੰ ਐਵੇ ਗੱਲ ਦਿਲ ਤੇ ਨਾ ਲਾਈ ਸਿਰਫ ਆਪਣੇ ਵੱਲ ਧਿਆਨ ਦੇਵੀਂ. ਹੁਣ ਮੇਰੀ ਗੋਦੀ ਇੱਕ ਕੁੜੀ ਸੀ. ਵਿਆਹ ਪਿੱਛੋਂ 3-4 ਸਾਲ ਲੰਗ ਗਏ ਸੀ. ਇੱਕ ਦਿਨ ਬਾਪੂ ਆ ਕੇ...
ਆਖਣ ਲੱਗਾ ਚੱਲ ਸੁੱਖੋ ਇੱਕ ਨਵਾਂ ਏਜੇਂਟ ਲੱਭਿਆ ਉਹਦੇ ਕੋਲੋਂ ਬਣ ਜਾਣਾ ਕੰਮ. ਮੇਰੇ ਘਰਵਾਲੇ ਨੇ ਸਾਰੇ ਪੇਪਰ ਭੇਜ ਦਿਤੇ. ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਵੀਜ਼ਾ ਲੱਗ ਜਾਵੇ ਨਹੀਂ ਤਾਂ ਭਾਭੀ ਨੇ ਸਾਹ ਵੀ ਨੀ ਲੈਣ ਦੇਣਾ ਘਰ. ਉਸ ਦਿਨ ਜਿਵੇ ਹਨੇਰਾ ਛਾ ਗਿਆ ਹੋਵੇ. ਰਿਜੈਕਟ ਵਾਲੇ ਪੇਪਰ ਲੈ ਮੈਂ ਤੇ ਮੇਰਾ ਬਾਪੂ ਘਰ ਮੁੜ ਆਏ. ਸਾਰੇ ਚੁੱਪ ਸੀ ਬਸ ਇੱਕ ਵੱਖਰੀ ਖਾਮੋਸ਼ੀ. ਕਰਦੇ ਕਰਾਉਂਦੇ ਏਦਾਂ ਹੀ ਬਹੁਤ ਦਿਨ ਲੰਗ ਗਏ. ਇੱਕ ਦਿਨ ਮੇਰੀ ਮਾਂ ਬਹੁਤ ਬਿਮਾਰ ਹੋ ਗਈ. ਬੜਾ ਇਲਾਜ਼ ਕਰਵਾਇਆ ਪਰ ਕੋਈ ਮੋੜ ਨਾ ਪਿਆ. ਮੈਂ ਲੱਖਾਂ ਤਾਹਨੇ ਦੇਣੇ ਰੱਬ ਨੂੰ ਕੇ ਜੇਕਰ ਮਾਂ ਨੂੰ ਕੁੱਝ ਹੋ ਗਿਆ ਤਾਂ ਮੈਨੂੰ ਪੇਕੇ ਕੌਣ ਸਹਾਰਾ ਦਊ ! ਮੇਰੀ ਮਾਂ ….. ਰਾਣੋ … ਨਾਲ ਤਾਂ ਘਰ ਵਿੱਚ ਬਹਾਰਾਂ ਸੀ, ਉਹ ਘਰ ਤੁਰਦੀ ਸੀ ਤਾਂ ਘਰ ਵਿੱਚ ਮਹਿਕਾਂ ਉਠਦੀਆਂ ਸੀ, ਰੰਗ ਖਿਲ ਜਾਂਦੇ ਸੀ ਤੇ ਫੁੱਲਾਂ ਦੀਆਂ ਕੋਮਲ ਪੱਤਿਆਂ ਵਿੱਚ ਰੰਗ ਭਰ ਜਾਂਦੇ ਸੀ. ਮੇਰੀ ਮਾਂ ਦੇ ਹੱਥਾਂ ਵਿੱਚ ਇੱਕ ਵੱਖਰਾ ਸਵਾਦ ਸੀ. ਬਾਹਰ ਇੱਕ ਸਬਜ਼ੀ ਤੋੜਨ ਜਾਂਦੀ ਤਾਂ ਨਾਲ ਪਤਾ ਨੀ ਕਿੰਨੀਆਂ ਫ਼ਲ ਤੇ ਸਬਜ਼ੀਆਂ ਲੱਭ ਲਿਓਂਦੀ. ਮਾਂ ਜਦ ਬਿਮਾਰ ਸੀ ਤਾਂ ਓਹਨੇ ਮੈਨੂੰ ਅਕਸਰ ਕਹਿਣਾ …. ਸੁੱਖੋ ਮੇਰੇ ਜਾਣ ਤੋਂ ਪਹਿਲਾ ਹੀ ਤੇਰਾ ਕੁੱਝ ਬਣ ਜਾਂਦਾ ਮੈਨੂੰ ਇੱਕ ਰਾਹਤ ਮਿਲ ਜਾਣੀ ਸੀ. ਮੈਂ ਇਹਨੀ ਗੱਲ ਸੁਣ ਘਬਰਾਂ ਜਾਇਆ ਕਰਦੀ, ਕਾਲਜਾ ਖਾਣ ਨੂੰ ਪੈਂਦਾ. ਮੈਂ ਉੱਚੀ ਜਿਹੀ ਆਵਾਜ਼ ਵਿੱਚ ਕਹਿਣਾ ਕੁੱਝ ਨੀ ਹੁੰਦਾ ਤੈਨੂੰ ਕੋਈ ਨੀ ਸਬ ਠੀਕ ਹੋ ਜਾਣਾ. ਬੜੀ ਮੰਦਭਾਗੀ ਘੜੀ ਸੀ ਜਦ ਮੇਰੀ ਮਾਂ ਸਾਨੂੰ ਸਦੀਵੀ ਵਿਛੋੜਾ ਦੇ ਗਈ. ਉਹ ਦਿਨ ਘਰ ਦੀਆਂ ਰੌਣਕਾਂ ਮਾਂ ਜਿਵੇਂ ਆਪਣੇ ਨਾਲ ਹੀ ਲੈ ਗਈ. ਉਹ ਸੁੰਨੇ ਸੁੰਨੇ ਪੇਟੀਆ ਵਾਲੇ ਬੰਦ ਕਮਰੇ, ਉਹ ਕਿਸੇ ਸਮੇ ਰੌਣਕਾਂ ਨਾਲ ਭਰੀਆਂ ਹੋਈਆਂ ਬੈਠਕਾਂ ਹੁਣ ਯਾਦਾਂ ਨਾਲ ਬੰਦ ਹੋ ਗਈਆਂ ਸੀ. ਮਾਂ ਮੇਰੀ ਮੈਨੂੰ ਬਹੁਤ ਕੁੱਝ ਜਾਣ ਤੋਂ ਪਹਿਲਾਂ ਸਿਖਾਂ ਗਈ. ਮਾਂ ਦੇ ਬੋਲ ਮੈਂ ਅੱਜ ਵੀ ਪੱਲੇ ਨਾਲ ਬੰਨ ਕੇ ਤੁਰੀ ਫਿਰਦੀ ਆ. ਕਿੰਨੇ ਸੋਹਣੇ ਪਲ ਸੀ ਮਾਂ ਨਾਲ. ਮਾਂ ਦੇ ਜਾਣ ਮਗਰੋਂ ਤਿੰਨ ਚਾਰ ਮਹੀਨੇ ਪਿੱਛੋਂ ਮੇਰਾ ਵੀਜ਼ਾ ਲੱਗ ਗਿਆ ਤੇ ਮੈਂ ਪ੍ਰਦੇਸ ਆਪਣੇ ਘਰ ਸੁਖੀ ਹੋ ਗਈ. ਦੁੱਖ ਸੀ ਕੇ ਮਾਂ ਮੈਨੂੰ ਸੁਖੀ ਹੁੰਦੀ ਨੂੰ ਦੇਖ ਨਾ ਸਕੀ, ਪਰ ਖੁਸ਼ੀ ਸੀ ਮੈਂ ਆਪਣੀ ਮਾਂ ਨਾਲ ਓਹਦੀ ਸਾਰੀ ਜ਼ਿੰਦਗੀ ਨਾਲ ਰਹੀ. ਮੈਂ ਮਾਂ ਦੇ ਦੁੱਖ ਵਿੱਚ ਓਹਦੇ ਨਾਲ ਸੀ. ਰੱਬ ਨੇ ਮੇਰੇ ਲੇਖ ਮੇਰੀ ਮਾਂ ਨਾਲ ਲਿਖੇ ਸੀ ਧੁਰ ਤੱਕ. ਮੇਰਾ ਦਾਣਾ ਪਾਣੀ ਮੇਰੀ ਮਾਂ ਨਾਲ ਲਿਖਿਆ ਸੀ ਉਸ ਤੋਂ ਪਹਿਲਾ ਮੈਂ ਕਿਤੇ ਨੀ ਸੀ ਜਾ ਸਕਦੀ. ਮੈਂ ਮਾਂ ਨੂੰ ਅਕਸਰ ਕਹਿੰਦੀ ਹੁੰਦੀ ਸੀ ….. ਮਾਏ ਨੀ ਮਾਏ …..ਇਹ ਕਿਹੋ ਜਿਹੇ ਲੇਖੇ ਕੁੱਝ ਤੂੰ ਵੀ ਦੇਖੇ …. ਤੇ ਕੁੱਝ ਮੈਂ ਵੀ ਦੇਖੇ. ਆਸਰਾ ਸੀ ਮਾਏ ਤੇਰਾ ….. ਜੋ ਵੀ ਦੇਖੇ …..ਤੇਰੇ ਨਾਲ ਹੀ ਦੇਖੇ. ਬੱਸ ਮਾਵਾਂ ਧੀਆਂ ਦੇ ਸੀ ਇਹ ਲੇਖੇ. ਨਰਿੰਦਰ ਗਰੇਵਾਲ 15/02/2022