ਨਿੱਕੇ ਹੁੰਦਿਆਂ ਉਹ ਜਦੋਂ ਵੀ ਕਿਸੇ ਗੱਲੋਂ ਲੜ ਪਿਆ ਕਰਦਾ ਤਾਂ ਗੁੱਸੇ ਵਿਚ ਆਈ ਦੇ ਮੇਰੇ ਮੂਹੋਂ ਬੱਸ ਇਹੋ ਗੱਲ ਨਿੱਕਲਦੀ ਕਿ ਪਤਾ ਨਹੀਂ ਰੱਬ ਤੈਨੂੰ ਬੇ-ਅਕਲੇ ਨੂੰ ਅਕਲ ਕਦੋਂ ਦੇਊ?
ਬਾਪੂ ਹੋਰਾਂ ਦੀ ਅਜਾਦ ਸਲਤਨਤ ਵਿਚ ਵਿਚਰਦਾ ਹੋਇਆ ਉਹ ਬੇ-ਲਗਾਮ ਪੰਛੀ ਜਦੋਂ ਅੱਗਿਓਂ ਹੋਰ ਵੀ ਬੇਸ਼ਰਮੀਂ ਨਾਲ ਦੰਦ ਕੱਢਣ ਲੱਗਦਾ ਤਾਂ ਮੈਨੂੰ ਅੱਗੇ ਨਾਲੋਂ ਵੀ ਹੋਰ ਜਿਆਦਾ ਭੈੜਾ ਲੱਗਿਆ ਕਰਦਾ..!
ਜਦੋਂ ਵਿਆਹ ਵਾਲੇ ਦਿਨ ਸ਼ਾਮੀਂ ਮੈਨੂੰ ਕਾਰ ਦੀ ਪਿਛਲੀ ਸੀਟ ਤੇ ਬਿਠਾ ਕੇ ਵਿਦਾ ਕਰਨ ਦਾ ਵੇਲਾ ਆਇਆ ਤਾਂ ਸਭ ਤੋਂ ਵੱਧ ਰੋਇਆ ਵੀ ਸ਼ਾਇਦ ਓਹੀ ਹੀ ਸੀ..!
ਫੇਰ ਰੱਬ ਦੀ ਐਸੀ ਕਰਨੀ ਹੋਈ..
ਮੈਨੂੰ ਗਈ ਨੂੰ ਮਸਾਂ ਛੇ ਮਹੀਨੇ ਵੀ ਨਹੀਂ ਸਨ ਹੋਏ ਕੇ ਚੰਗੇ ਭਲੇ ਤੁਰੇ ਫਿਰਦੇ ਬਾਪੂ ਹੁਰਾਂ ਦੀ ਖਬਰ ਆ ਗਈ..
ਫੇਰ ਕਨੇਡਾ ਪੜ੍ਹਨ ਗਿਆ ਉਹ ਕਾਹਲੀ ਵਿੱਚ ਵਾਪਿਸ ਪਰਤਿਆ ਤੇ ਸੰਸਕਾਰ ਮਗਰੋਂ ਫੇਰ ਛੇਤੀ ਹੀ ਵਾਪਿਸ ਮੁੜ ਗਿਆ..!
ਵਾਪਿਸ ਕਾਹਦਾ ਮੁੜਿਆ ਮਾਂ ਨੇ ਦਿਲ ‘ਤੇ ਪੱਥਰ ਰੱਖ ਹਾਲਾਤਾਂ ਦੇ ਡਰੋਂ ਧੱਕੇ ਨਾਲ ਫੇਰ ਵਾਪਿਸ ਜਹਾਜੇ ਚੜਾਇਆ..!
ਮਗਰੋਂ ਬੀਜੀ ਦੀ ਸਾਰੀ ਜੁਮੇਵਾਰੀ ਮੇਰੇ ਤੇ ਆਣ ਪਈ..ਹਫਤੇ ਦਸਾਂ ਦਿਨਾਂ ਮਗਰੋਂ ਪੇਕੇ ਆਉਣਾ ਹੁਣ ਮੇਰੀ ਮਜਬੂਰੀ ਬਣ ਗਈ ਸੀ..!
ਇੱਕ ਵਾਰ ਇਸੇ ਤਰਾਂ ਹੀ ਘਰੇ ਫੇਰਾ ਪਾਉਣ ਆਈ ਤਾਂ ਇੱਕ ਅਜੀਬ ਜਿਹਾ ਵਰਤਾਰਾ ਦੇਖਿਆ..
ਪਹਿਲਾਂ ਸਵੇਰੇ ਉੱਠ ਮਾਂ ਨੇ ਦੋ-ਤਿੰਨ ਤਰਾਂ ਦੀਆਂ ਸਬਜੀਆਂ ਬਣਾਈਆਂ..
ਫੇਰ ਫੁਲਕੇ ਲਾਹੇ..ਫੇਰ ਇੱਕ ਕੌਲੀ ਵਿਚ ਦਹੀਂ ਪਾਇਆ ਤੇ ਮੁੜਕੇ ਐਨ ਬਣਾ ਸਵਾਰ ਕੇ ਰੋਟੀ ਦੀ ਭਰੀ ਹੋਈ ਥਾਲੀ ਦੀ ਇੱਕ ਫੋਟੋ ਖਿੱਚ ਨਿੱਕੇ ਵੀਰ ਨੂੰ ਕਨੇਡਾ ਵਟ੍ਸ ਅੱਪ ਕਰ ਦਿੱਤੀ!
ਹੈਰਾਨਗੀ ਹੋਈ ਭੀ ਆਹ ਕੀ ਹੋਈ ਜਾਂਦਾ ਪਿਆ..
ਮਾਂ ਨੂੰ ਪੁੱਛਿਆ ਤਾਂ ਆਖਣ ਲੱਗੀ ਕਿ ਬਿੱਟੂ ਕਹਿੰਦਾ ਸੀ ਕਿ ਜਿੰਨਾ ਚਿਰ ਤੇਰੇ ਹੱਥਾਂ ਦੀ ਬਣੀ ਹੋਈ ਰੋਟੀ ਅਖੀਂ ਨਾ ਵੇਖ ਲਵਾਂ..ਇੱਥੇ ਸੱਤ ਸਮੁੰਦਰੋਂ ਪਾਰ ਵਾਲੀ ਦਾ ਬਿਲਕੁਲ ਵੀ ਸਵਾਦ ਨਹੀਂ ਆਉਂਦਾ”
ਏਨੀ ਗੱਲ ਸੁਣ ਮੈਨੂੰ ਨਿੱਕੇ ਤੇ ਬੜਾ ਹੀ ਜਿਆਦਾ ਵੱਟ ਚੜਿਆ..
ਸੋਚਣ ਲੱਗੀ ਕਿ ਇੱਕ ਤਾਂ ਕੱਲੀ ਕਾਰੀ ਮਾਂ..ਤੇ ਉੱਤੋਂ ਆਪਣੇ ਸਵਾਦਾਂ ਖਾਤਿਰ ਉਸਨੂੰ ਰੋਜ ਵਾਧੂ ਦੀ ਖੇਚਲ ਪਾਈ ਜਾਂਦਾ..!
ਓਸੇ ਵੇਲੇ ਹੀ ਉਸਨੂੰ ਫੋਨ ਲਾ ਲਿਆ..
ਤਾਂ ਅਗਿਓਂ ਹੱਸ...
ਪਿਆ..ਆਖਣ ਲੱਗਾ ਗੱਲ ਦੱਸਦਾਂ..ਪਰ ਮਾਂ ਨੂੰ ਨਾ ਦੱਸੀਂ..
ਗਵਾਂਢੀਆਂ ਦਾ ਫੋਨ ਆਇਆ ਸੀ ਇੱਕ ਦਿਨ..ਦੱਸਣ ਲੱਗੇ ਕਿ ਇਸਨੇ ਰੋਟੀ ਪਾਣੀ ਖਾਣਾ ਤਕਰੀਬਨ ਛੱਡ ਹੀ ਦਿੱਤਾ ਏ..
ਬੱਸ ਸਾਰਾ ਦਿਨ ਪੁਰਾਣੀਆਂ ਐਲਬਮਾਂ ਅਤੇ ਫੋਟੋਆਂ ਹੀ ਦੇਖੀ ਜਾਂਦੀ ਏ..
ਤੇ ਕਦੀ ਕਦੀ ਓਹਨਾ ਨੂੰ ਕੱਲੀ ਬੈਠੀ ਰੋਂਦੀ ਹੋਈ ਨੂੰ ਖੁਦ ਆ ਕੇ ਚੁੱਪ ਵੀ ਕਰਾਉਣਾ ਪੈਂਦਾ ਏ..
ਏਨੀ ਗੱਲ ਸੁਣ ਮੇਰੀ ਇਥੇ ਬੈਠੇ ਦੀ ਭੁੱਖ ਉੱਡ ਗਈ..ਰਾਤੀ ਉਨੀਂਦਰਾ ਰਹਿਣ ਲੱਗਾ..ਫੇਰ ਇਕ ਦਿਨ ਦਿਮਾਗ ਵਿਚ ਆਹ ਵਟਸ ਅੱਪ ਵਾਲਾ ਫੁਰਨਾ ਫੁਰਿਆ..
ਹੁਣ ਦੱਸਦੇ ਨੇ ਕਿ ਸਾਰਾ ਦਿਨ ਆਹਰੇ ਲੱਗੀ ਰਹਿੰਦੀ ਏ..
ਸਵੇਰੇ ਰੇਹੜੀ ਵਾਲੇ ਤੋਂ ਪਹਿਲਾਂ ਸਬਜੀ ਲੈਂਦੀ ਏ ਫੇਰ ਬਣਾ ਸਵਾਰ ਕੇ ਕੱਟ ਕੇ ਵਧੀਆ ਤਰਾਂ ਰਿੰਨਦੀ ਏ..
ਫੇਰ ਫੁਲਕੇ ਲਾਹ ਕੇ ਥਾਲੀ ਵਿਚ ਪ੍ਰੋਸਦੀ ਏ..ਤੇ ਮੈਨੂੰ ਫੋਟੋ ਭੇਜ ਜਦੋਂ ਇਸਦੇ ਮਨ ਨੂੰ ਇਹ ਤਸੱਲੀ ਹੋ ਜਾਂਦੀ ਕੇ ਬਿੱਟੂ ਨੂੰ ਰੋਟੀ ਦਾ ਸਵਾਦ ਆ ਗਿਆ ਹੋਣਾ..ਓਹੀ ਰੋਟੀ ਫੇਰ ਸਾਰਾ ਦਿਨ ਰੱਜ ਰੱਜ ਕੇ ਖਾਂਦੀ ਰਹਿੰਦੀ ਏ..!
ਏਨੀ ਗੱਲ ਸੁਣ ਮੇਰਾ ਗੱਚ ਭਰ ਆਇਆ..ਮੈਥੋਂ ਬੋਲਿਆ ਨਾ ਜਾਵੇ..
ਮੇਰੇ ਵੱਲੋਂ ਕੋਈ ਹਾਂ-ਹੰਗੂਰਾਂ ਨਾ ਆਉਂਦਾ ਵੇਖ ਉਹ ਅੱਗੋਂ ਹੈਲੋ-ਹੈਲੋ ਕਰੀ ਜਾ ਰਿਹਾ ਸੀ ਤੇ ਮੈਂ ਏਧਰ ਬੁੱਤ ਬਣੀ ਬੱਸ ਇਹੋ ਗੱਲ ਸੋਚੀ ਜਾ ਰਹੀ ਸਾਂ ਕਿ ਹੱਦ ਦਰਜੇ ਦਾ ਇਹ ਬੇ-ਅਕਲਾ ਅੱਜ ਏਡਾ ਸਿਆਣਾ ਕਿੱਦਾਂ ਹੋ ਗਿਆ?
ਫੇਰ ਖਿਆਲ ਆਇਆ ਕਿ ਸ਼ਾਇਦ ਜਦੋਂ ਸਿਰ ਤੇ ਆਣ ਪਈ ਵੇਲੇ ਰੱਬ ਮੇਹਰ ਕਰਦਾ ਏ ਤਾਂ ਫੇਰ ਵੱਡੇ ਤੋਂ ਵੱਡੇ ਕਮਲੇ ਨੂੰ ਵੀ ਸਿਆਣੇ ਬਣਨ ਵਿੱਚ ਘੜੀ ਨੀ ਲਗਦੀ..
ਫੇਰ ਇਹ ਵੀ ਚੇਤੇ ਆਇਆ ਕਿ ਹੁਣੇ-ਹੁਣੇ ਸਿਆਣਾ ਬਣ ਗਿਆ ਕਿਸੇ ਵੇਲੇ ਦਾ ਇਹ ਕਮਲਾ ਜਦੋਂ ਨਿੱਕਾ ਹੁੰਦਾ ਸੀ ਤਾਂ ਸੱਤਵੀਂ-ਅੱਠਵੀਂ ਜਮਾਤ ਤੱਕ ਅੱਪੜ ਕੇ ਵੀ ਜਿੰਨੀ ਦੇਰ ਤੱਕ ਨਾਲ ਪਈ ਬੀਜੀ ਦੇ ਢਿੱਡ ਤੇ ਹੱਥ ਨਾ ਰੱਖ ਲਿਆ ਕਰਦਾ ਇਸਨੂੰ ਨੀਂਦਰ ਨਹੀਂ ਸੀ ਪਿਆ ਕਰਦੀ!
ਹਰਪ੍ਰੀਤ ਸਿੰਘ ਜਵੰਦਾ
Seema Goyal
You have a beautiful mind .Story was very classy.🎉🎉🎉🎉
Rekha Rani
so sweet very nice ਮਾ ਮਾ ਹੀ ਹੁੰਦੀ ਹੈ