More Punjabi Kahaniya  Posts
ਉਧਾਰ ਲਈਆਂ ਖੁਸ਼ੀਆਂ


ਉਧਾਰ ਲਈਆਂ ਖੁਸ਼ੀਆਂ
ਨੌਕਰੀ ਦੇ ਸਿਲਸਿਲੇ ਚ ਮੇਰਾ ਤਬਾਦਲਾ ਸ਼ਹਿਰ ਦਾ ਹੋ ਗਿਆ। ਪਿੰਡ ਤੋਂ ਕਾਫੀ ਦੂਰ ਹੋਣ ਕਾਰਨ ਅਤੇ ਰੋਜ਼ ਦੇ ਆਉਣ ਜਾਣ ਵਾਲੇ ਸਫਰ ਬਾਰੇ ਸੋਚ ਕੇ ਮੈਂ ਉੱਥੇ ਹੀ ਰਹਿਣ ਦਾ ਮਨ ਬਣਾ ਲਿਆ ਸੀ। ਸ਼ਹਿਰ ਵੀ ਬੱਸ ਨਾਂ ਦਾ ਹੀ ਸੀ ਉਂਝ ਇੱਕ ਕਸਬਾ ਸੀ। ਕੋਈ ਵਿਰਲੀ ਹੀ ਬੱਸ ਸੜਕ ਤੇ ਨਜ਼ਰ ਆਉਦੀ ਸੀ। ਹਾਜ਼ਰੀ ਤੋਂ ਇੱਕ ਦਿਨ ਪਹਿਲਾਂ ਹੀ ਜਾ ਕੇ ਦਫਤਰ ਦੇ ਨਜ਼ਦੀਕ ਇੱਕ ਕਮਰਾ ਵੀ ਲੱਭ ਗਿਆ ਅਤੇ ਜ਼ਿੰਦਗੀ ਆਪਣੀ ਰਫਤਾਰ ਫੜਣ ਲੱਗ ਪਈ।
ਦਫਤਰ ਤੋਂ ਮੇਰੇ ਕਮਰੇ ਤੱਕ ਦਾ ਪੈਦਲ ਰਸਤਾ ਹੀ ਸੀ। ਜਿਸ ਗਲੀ ਦਾ ਅਖੀਰ ਤੇ ਮੇਰਾ ਕਮਰਾ ਸੀ, ਉਸ ਗਲੀ ਦੇ ਨੁੱਕਰ ਤੇ ਹੀ ਇੱਕ ਪੁਰਾਣਾ ਜਿਹਾ ਘਰ ਸੀ। ਆਖਰੀ ਸਾਹ ਗਿਣ ਰਹੀ ਡਿਊਢੀ ਤੇ ਕੁਝ ਕੁ ਫਰਲਾਗਾਂ ਦਾ ਵਿਹੜਾ, ਵਿਹੜੇ ਦੇ ਅਖੀਰ ਤੇ ਕਮਰਾ, ਉਸ ਦੇ ਅੱਗੇ ਬਰਾਂਡਾ ਛੱਤਿਆ ਹੋਇਆ ਸੀ। ਅਕਸਰ ਹੀ ਮੈਂ ਘਰ ਦੀ ਡਿਊਢੀ ਵਿੱਚ ਮਸ਼ੀਨ ਰੱਖ ਕੇ ਬੈਠੀ ਬਜ਼ੁਰਗ ਮਾਤਾ ਨੂੰ ਦੇਖਦਾ। ਕੁਝ ਪਿੰਡੋ ਦੂਰ ਹੋਣ ਕਾਰਨ ਮੈਨੂੰ ਮਾਂ ਦੀ ਯਾਦ ਵੀ ਆਉਦੀ ਤਾਂ ਕਈ ਵਾਰੀ ਮੈਂ ਲੰਘਦਾ ਹੋਇਆ ਹੀ ਮਾਤਾ ਨੂੰ ਸਤਿ ਸ੍ਰੀ ਅਕਾਲ ਬੁਲਾ ਦਿੰਦਾ ਤੇ ਮਾਤਾ ਵੀ ਮੇਰਾ ਹਾਲ ਚਾਲ ਪੁੱਛ ਲੈਂਦੀ। ਭਾਂਵੇ ਅਸੀ ਇੱਕ ਦੂਜੇ ਨੂੰ ਨਹੀ ਸੀ ਜਾਣਦੇ ਪਰ ਇੱਕ ਨਿੱਕੀ ਜਹੀ ਸਾਂਝ ਬਣ ਗਈ ਸੀ।
ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਕਈ ਵਾਰ ਡਿਊਢੀ ਦਾ ਦਰਵਾਜ਼ਾ ਬੰਦ ਹੁੰਦਾ ਸੀ ਤੇ ਬੂਹੇ ਵਿੱਚ ਆਉਣ ਜਾਣ ਲਈ ਰੱਖੀ ਬਾਰੀ ਖੁੱਲੀ ਹੁੰਦੀ। ਮੈਨੂੰ ਹੈਰਾਨੀ ਵੀ ਹੁੰਦੀ
ਹਰ ਰੋਜ਼ ਮਾਤਾ ਜੀ ਇਕੱਲੇ ਹੀ ਕਿਉ ਬੈਠੇ ਹੁੰਦੇ ਨੇ ? ਇੰਨਾਂ ਦੇ ਪਰਿਵਾਰ ਵਿੱਚ ਹੋਰ ਕੌਣ ਹੈ ? ਕਈ ਸਵਾਲ ਮਨ ਵਿੱਚ ਆਉਦੇ ਪਰ ਕਮਰੇ ਤੱਕ ਜਾਂਦਿਆ, ਦਫਤਰੀ ਕੰਮ ਕਾਜ਼ ਦੀਆਂ ਸੋਚਾਂ ਵਿੱਚ ਉਲਝ ਕੇ ਹਮੇਸ਼ਾ ਭੁੱਲ ਜਾਦਾਂ।
ਇੱਕ ਵਾਰ ਦਫਤਰ ਚੋਂ ਅੱਧੇ ਦਿਨ ਦੀ ਛੁੱਟੀ ਹੋ ਗਈ ਤੇ ਮੈਂ ਸੋਚਿਆ ਕਿ ਦੁਪਹਿਰ ਦਾ ਖਾਣਾ ਕਮਰੇ ਵਿੱਚ ਜਾ ਕੇ ਖਾ ਲਵਾਂਗਾ। ਸਿਖਰ ਦੁਪਹਿਰ ਲੱਗੀ ਹੋਈ ਸੀ ਤੇ ਸੱਜ਼ਰੇ ਲੱਗੇ ਕਰਫਿਊ ਵਾਂਗ ਗਲੀਆਂ ਸੁੰਨੀਆਂ ਸਨ। ਰੋਜ਼ ਦੀ ਤਰਾਂ ਧਿਆਨ ਮਾਤਾ ਜੀ ਦੇ ਘਰ ਨੂੰ ਗਿਆ ਤਾਂ ਦੇਖਿਆ ਕਿ ਉਹ ਡਿਊਢੀ ਚ ਬੈਠੀ ਮਸ਼ੀਨ ਤੇ ਸੂਟ ਸਿਲਾਈ ਕਰ ਰਹੀ ਸੀ ਤੇ ਮੈਨੂੰ ਦੇਖ ਕੇ ਮਸ਼ੀਨ ਦਾ ਹੈਂਡਲ ਇੱਕਦਮ ਰੁੱਕਿਆ। ਮੈਂ ਵੀ ਕਾਹਲੇ ਪਏ ਕਦਮਾਂ ਨੂੰ ਥੋੜਾ ਰੋਕ ਕੇ ਪੁੱਛਿਆ “ਕੀ ਹਾਲ ਐ ਮਾਤਾ ਜੀ, ਠੀਕ ਹੋ?” ਮਾਤਾ ਨੇ ਮੋਟੇ ਸ਼ੀਸੇ ਵਾਲੀ, ਧੁੰਦਲੀ ਜਹੀ ਐੱਨਕ ਸਾਫ ਕਰਦੇ ਕਿਹਾ “ਬੱਸ ਠੀਕ ਐ ਪੁੱਤਰਾ, ਆ ਜਾ ਪੁੱਤ ਲੰਘ ਆ, ਰੋਜ਼ ਹੀ ਕਾਹਲੀ ਵਿੱਚ ਹੁੰਦਾ ਐ”। “ਬੱਸ ਬੇਬੇ ਜੀ, ਕੰਮਕਾਰ ਹੀ ਬਹੁਤ ਨੇ” ਮੈ ਜਵਾਬ ਦਿੱਤਾ ਤੇ ਜਾ ਕੇ ਮੰਜੇ ਦੀ ਪੁਆਂਦ ਤੇ ਬੈੱਠ ਗਿਆ। ਕੋਲ ਪਏ ਘੜੇ ਚੋਂ ਮਾਤਾ ਨੇ ਪਾਣੀ ਦਾ ਗਿਲਾਸ ਭਰਿਆ ਤੇ ਮੇਰੇ ਹੱਥਾਂ ਵਿੱਚ ਫੜਾ ਦਿੱਤਾ। ਸਰਸਰੀ ਗੱਲਾਂ ਤੋਂ ਬਾਅਦ, ਜੋ ਸਵਾਲ ਮੈਂ ਅਕਸਰ ਆਪਣੇ ਆਪ ਨੂੰ ਕਰਦਾ ਸੀ, ਉਹ ਮੈਂ ਮਾਤਾ ਨੂੰ ਕੀਤਾ “ਬੇਬੇ ਤੁਸੀ ਇਕੱਲੇ ਹੀ ਰਹਿੰਦੇ ਹੋ ? ਤੁਹਾਡੇ ਬੱਚੇ ਜਾਂ ਬਾਕੀ ਪਰਿਵਾਰ ਕਿੱਥੇ ਰਹਿੰਦਾ ਹੈ?” ਏਨਾ ਕਹਿ ਕੇ ਸ਼ਾਇਦ ਮੈ ਬੁੱਢੀ ਮਾਤਾ ਦੀ ਕਿਸੇ ਦੁੱਖਦੀ ਰੱਗ ਤੇ ਹੱਥ ਰੱਖ ਬੈਠਾ। “ਹਾਂ ਪੁੱਤ, ਮੈਂ ਅਭਾਗਣ ਕੱਲੀ ਹੀ ਰਹਿੰਦੀ ਹਾਂ” ਮਾਤਾ ਦੇ ਮੂੰਹ ਚੋ ਨਿਕਲੇ ‘ਅਭਾਗਣ’ ਸ਼ਬਦ ਨੇ ਮੈਨੂੰ ਬੇਚੈੱਨ ਕਰ ਦਿੱਤਾ।
ਮਸ਼ੀਨ ਨੂੰ ਇੱਕ ਪਾਸੇ ਰੱਖ ਕੇ ਮਾਤਾ ਨੇ ਗੱਲ ਸ਼ੁਰੂ ਕੀਤੀ “ਪੁੱਤ, ਕਦੇ ਇਸ ਘਰ ਵਿੱਚ ਵੀ ਖੂਬ ਰੌਣਕਾਂ ਸਨ, ਮੇਰੇ ਬਾਪ ਨੇ ਚੰਗਾ ਘਰ ਵੇਖ ਕੇ ਮੈਨੂੰ ਵਿਆਹਿਆ ਸੀ, ਮੇਰੇ ਸਿਰ ਦਾ ਸਾਂਈ ਗੁਰਦੇਵ ਸਿੰਘ ਰੱਬੀ ਰੂਹ ਸੀ, ਨਾਂ ਕਦੇ ਉੱਚਾ ਬੋਲਦਾ, ਆਪ ਔਖਾ ਸੌਖਾ ਰਹਿ ਕੇ ਵੀ ਮੈਨੂੰ ਖੁਸ਼ ਰੱਖਦਾ ਸੀ। ਆਪਣੇ ਆਪ ਨੂੰ ਸਭ ਤੋਂ ਭਾਗਾਂ ਵਾਲੀ ਮੰਨਦੀ ਸਾਂ, ਰੱਬ ਨੇ ਸੋਹਣਾ ਪਰਿਵਾਰ ਦਿੱਤਾ, ਤੇ ਸੁੱਖ ਨਾਲ ਤਿੰਨ ਪੁੱਤਾਂ ਦੀ ਮਾਂ ਬਣ ਗਈ ਤਾਂ ਮੇਰੀ ਇੱਜ਼ਤ ਹੋਰ ਵੀ ਵੱਧ ਗਈ, ਕਹਿੰਦੇ ਨੇ ਕਿ ਸੁੱਖ ਦੁੱਖ ਦੋਵੇਂ ਐਸੇ ਜਨਮ ਚ ਹੀ ਦੇਖਣੇ ਪੈਦੇਂ ਨੇਂ, ਖੌਰੇ ਲੋਕਾਂ ਦੀਆਂ ਨਜ਼ਰਾਂ ਹੀ ਲੱਗ ਗਈਆਂ ਸੀ। ਸਭ ਤੋਂ ਵੱਡੇ ਪੁੱਤ ਨਿਰਮਲ ਨੂੰ ਕੋਈ ਚੰਦਰੀ ਬਿਮਾਰੀ ਲੱਗ ਗਈ ਸੀ, ਸਾਰਾ ਘਰ ਵੀ ਹੂੰਝ ਕੇ ਲੈ ਗਈ ਤੇ ਅਸੀ ਉਹਨੂੰ ਵੀ ਨਹੀ ਬਚਾ ਸਕੇ, ਹਸਪਤਾਲਾਂ ਨੇ ਸਾਡਾ ਵਾਲ ਵਾਲ ਕਰਜ਼ੇ ਚ ਕਰ...

ਦਿੱਤਾ ਸੀ, ਸਮਾਂ ਪੈਣ ਤੇ ਉਸਦੀ ਮੌਤ ਤੋਂ ਸੰਭਲੇ ਤਾਂ ਉਸ ਤੋਂ ਛੋਟੇ ਗੁਰਵਿੰਦਰ ਨੇ ਬਾਹਰਲੇ ਮੁਲਕ ਜਾਣ ਦਾ ਮਨ ਬਣਾ ਲਿਆ, ਕਹਿੰਦਾ ਸੀ ਕਿ ਬਹੁਤ ਪੈਸੇ ਬਣਦੇ ਨੇਂ, ਹੌਲੀ ਹੌਲੀ ਕਰ ਕੇ ਸਾਰੇ ਪੈਸੇ ਮੋੜ ਦੇਵਾਂਗੇ, ਉੱਥੇ ਜਾ ਕੇ ਉਹ ਕਿਸੇ ਮਾੜੀ ਸੰਗਤ ਚ ਬਹਿਣ ਲੱਗ ਪਿਆ ਸੀ, ਪੈਸੇ ਤਾਂ ਕੀ ਮੋੜਣੇ ਸਨ, ਉਹਨੇ ਕਦੇ ਵੀ ਕੋਈ ਚਿੱਠੀ ਪੱਤਰ ਨਾਂ ਪਾਇਆ, ਨਸ਼ੇ ਦੀ ਦਲਦਲ ਚ ਐਸਾ ਫਸਿਆ ਕਿ ਆਪ ਤਾਂ ਬਾਹਰ ਨਾਂ ਨਿਕਲ ਸਕਿਆ ਪਰ ਉਸਦੀ ਮੌਤ ਦਾ ਸੁਨੇਹਾ ਜ਼ਰੂਰ ਆ ਗਿਆ। ਆਪਣੇ ਜਵਾਨ ਪੁੱਤ ਦੀ ਲਾਸ਼ ਵਿਦੇਸ਼ ਚੋਂ ਵਾਪਸ ਮੰਗਵਾਉਣ ਲਈ ਬਹੁਤ ਠੋਕਰਾਂ ਖਾਧੀਆਂ ਪਰ ਐਨਾਂ ਪੈਸਾ ਤਾਂ ਅਸੀ ਆਪਣਾ ਆਪ ਵੇਚ ਕੇ ਵੀ ਇਕੱਠਾ ਨਹੀ ਕਰ ਸਕਦੇ ਸੀ, ਰੋ ਪਿੱਟ ਕੇ ਬੁਰਾ ਹਾਲ ਕਰ ਲਿਆ, ਹਾਰ ਕੇ ਡੇਢ ਕੁ ਮਹੀਨੇ ਬਾਅਦ ਉਸ ਦੀ ਬਚੀ ਖੁਚੀ ਸਵਾਹ ਹੀ ਮਿਲ ਸਕੀ, ਲਾਸ਼ ਵਾਪਸ ਨਾਂ ਮੰਗਵਾ ਸਕਣ ਕਰਕੇ ਉਸਦਾ ਸੰਸਕਾਰ ਉੱਥੋਂ ਦੀ ਸਰਕਾਰ ਨੇ ਹੀ ਕਰ ਦਿੱਤਾ ਸੀ, ਛੇ ਫੁੱਟ ਜਵਾਨ ਮੇਰਾ ਪੁੱਤ ਇੱਕ ਨਿੱਕੇ ਜਹੇ ਝੋਲੇ ਵਿੱਚ ਸਾਡੇ ਕੋਲ ਆਇਆ ਸੀ”।
ਮੈਂ ਘੜੇ ਚੋਂ ਪਾਣੀ ਗਿਲਾਸ ਭਰ ਕੇ ਮਾਤਾ ਨੂੰ ਫੜਾਇਆ ਤਾਂ ਉਹ ਮੁਸ਼ਕਿਲ ਨਾਲ ਇੱਕ ਘੁੱਟ ਹੀ ਭਰ ਸਕੀ। ਕੁਝ ਪਲ ਦੀ ਚੁੱਪ ਤੋਂ ਬਾਅਦ ਮਾਤਾ ਨੇ ਗੱਲ ਤੋਰੀ “ਦੋ ਪੁੱਤਰਾਂ ਦੀ ਬੇਵਕਤੀ ਮੌਤ ਨੇ ਮੈਨੂੰ ਤੇ ਮੇਰੇ ਸਿਰ ਦੇ ਸਾਂਈ ਨੂੰ ਸਮੇਂ ਤੋ ਪਹਿਲਾਂ ਈ ਬੁੱਢਾ ਕਰ ਦਿੱਤਾ ਸੀ, ਜਿੰਨਾਂ ਮਾਪਿਆਂ ਨੇ ਆਪਣੇ ਜਿਊਦੇ ਜੀਅ ਪੁੱਤਾਂ ਦੀ ਅਰਥੀ ਨੂੰ ਮੋਢਾ ਦਿੱਤਾ ਹੋਵੇ, ਉਹਨਾਂ ਚਿਹਰੇ ਤੇ ਨੂਰ ਨੀ ਹੁੰਦਾ…ਖੈਰ, ਤੀਜਾ ਪੁੱਤ ਦੀਪੂ, ਸਾਡੇ ਲਈ ਉਹੀ ਸਹਾਰਾ ਰਹਿ ਗਿਆ ਸੀ, ਮੈਂ ਘੱਟ ਹੀ ਬਾਹਰ ਜਾਣ ਦਿੰਦੀ, ਪਰ ਲੈਣ ਦੇਣ ਵਾਲੇ ਕਦੋ ਘਰੇ ਬਹਿਣ ਦਿੰਦੇ ਨੇ ਪੁੱਤ, ਐਥੋ ਥੋੜੀ ਦੂਰ ਹੀ ਕਿਸੇ ਸ਼ੈਲਰ ਵਿੱਚ ਦਿਹਾੜੀ ਤੇ ਲੱਗ ਗਿਆ, ਕਈ ਵਾਰੀ ਰਾਤ ਪਏ ਘਰੇ ਆਉਦਾ ਤਾਂ ਮਨ ਚ ਹੌਲ ਵੀ ਪੈਦੇਂ ਪਰ ਢਿੱਡ ਦਾ ਸਵਾਲ ਹੋਣ ਕਰਕੇ ਕਦੇ ਉਸਨੂੰ ਰੋਕ ਨਾਂ ਸਕੀ। ਇੱਕ ਦਿਨ ਰਾਤ ਪਿੰਡ ਦਾ ਨੰਬਰਦਾਰ ਭੱਜਦਾ ਹੋਇਆ ਆਇਆ, ਕਹਿੰਦਾ ਦੀਪੂ ਦਾ ਐਕਸੀਡੈਂਟ ਹੋ ਗਿਆ ਏ, ਕੋਈ ਟਰੱਕ ਵਾਲਾ ਸਾਈਡ ਮਾਰ ਕੇ ਸੁੱਟ ਗਿਆ ਸੀ। ਕੁਝ ਪਲ ਲਈ ਸਾਡੀਆਂ ਅੱਖਾਂ ਅੱਗੇ ਹਨੇਰਾ ਆ ਗਿਆ, ਪਰ ਇਸ ਵਾਰੀ ਅੱਖਾਂ ਵਿੱਚ ਹੰਝੂ ਨਾਂ ਆਏ, ਸ਼ਾਇਦ ਹੁਣ ਅੱਖਾਂ ਵਿੱਚੋਂ ਹੰਝੂ ਵੀ ਮੁੱਕ ਗਏ ਸੀ।
ਆਖਰੀ ਪੁੱਤ ਦੀ ਲਾਸ਼ ਨੂੰ ਆਪਣੀਆਂ ਅੱਖਾਂ ਸਾਹਮਣੇ ਸੜਦਾ ਛੱਡ ਕੇ ਲਾਸ਼ ਬਣ ਕੇ ਵਾਪਸ ਆ ਗਏ ਸੀ, ਪਰ ਸ਼ਾਇਦ ਅਜੇ ਹੋਣੀ ਨੂੰ ਕੁਝ ਹੋਰ ਈ ਮੰਨਜ਼ੂਰ ਸੀ। ਪੁੱਤਾਂ ਦੀ ਮੌਤ ਦਾ ਐਸਾ ਦੁੱਖ ਲੱਗਾ ਕਿ ਗੁਰਦੇਵ ਸਿੰਘ ਮੰਜੇ ਨਾਲ ਜੁੜ ਗਿਆ, ਪਰ ਇਸ ਵਾਰੀ ਨਾਂ ਹੀ ਦਵਾਈ ਦਾਰੂ ਲਈ ਪੈਸੇ ਸੀ, ਤੇ ਨਾਲ ਹੀ ਦੇਖ ਰੇਖ ਕਰਨ ਲਈ ਔਲਾਦ, ਮੈਨੂੰ ਕਦੇ ਕਦੇ ਤਾਂ ਇੰਝ ਲੱਗਦਾ ਕਿ ਉਹ ਮੰਜੇ ਤੇ ਪੱਥਰ ਵਾਂਗ ਪਿਆ ਆਪਣੀ ਮੌਤ ਨੂੰ ਉਡੀਕਦਾ, ਉਹੀ ਹੋਇਆ, ਇੱਕ ਦਿਨ ਸਵੇਰੇ ਮੰਜੇ ਤੋਂ ਸੁੱਤਾ ਹੀ ਨਾਂ ਉੱਠਿਆ, ਆਪ ਤਾਂ ਚੰਦਰਾ ਤੁਰ ਗਿਆ ਪਰ ਮੈਨੂੰ ਇਕੱਲੀ ਨੂੰ ਛੱਡ ਰਹਿੰਦੀ ਜ਼ਿੰਦਗੀ ਤੱਕ ਦੁੱਖ ਭੋਗਣ ਲਈ ਛੱਡ ਗਿਆ”
ਮੇਰੇ ਬੁੱਲ ਸੁੱਕ ਚੁੱਕੇ ਸੀ। ਸੁੰਨ ਹੋਏ ਦਿਮਾਗ ਚ ਸਵਾਲ ਆਇਆ ਕਿ ਕੋਈ ਐਨਾਂ ਦੁੱਖ ਕਿਵੇਂ ਸਹਿ ਸਕਦਾ ਹੈ ? ਇਸ ਬਜ਼ੁਰਗ ਮਾਤਾ ਦਾ ਦਰਦ ਦੇਖ ਕੇ ਧਰਤੀ ਕਿਉ ਨਾਂ ਪਾਟ ਗਈ ਜਾਂ ਅਸਮਾਨ ਕਿਉ ਨਾਂ ਰੋਇਆ ? ਜਿਹੜੀ ਮਾਤਾ ਨੂੰ ਮੈਂ ਰੋਜ਼ ਹੱਸ ਕੇ ਬੁਲਾਉਦੇ ਦੇਖਦਾ ਸੀ, ਉਹ ਐਨਾਂ ਦਰਦ ਆਪਣੇ ਅੰਦਰ ਸੰਭਾਲ ਕੇ ਬੈਠੀ ਸੀ। ਇੱਕ ਹਉਕਾ ਲੈ ਕੇ ਮਾਤਾ ਨੇ ਗੱਲ ਅੰਤ ਵੱਲ ਤੋਰੀ “ਕਦੇ ਕਦੇ ਤਾਂ ਇੰਝ ਲੱਗਦਾ ਹੈ ਪੁੱਤ, ਮੈਨੂੰ ਰੱਬ ਨੇ ਖੁਸ਼ੀਆਂ ਉਧਾਰ ਦਿੱਤੀਆਂ ਸੀ, ਜਦੋ ਉਸਦਾ ਜੀਅ ਕੀਤਾ, ਉਹਨੇਂ ਵਾਪਿਸ ਖੋਹ ਲਈਆਂ।” ਇਹ ਜਵਾਬ ਸੁਣ ਕੇ ਮੈਂ ਨਿਰਉੱਤਰ ਹੋ ਚੁੱਕਾ ਸੀ। ਬਜ਼ੁਰਗ ਮਾਤਾ ਦੀਆਂ ਅੱਖਾਂ ਚੋਂ ਨਿਕਲਿਆ ਹੰਝੂ, ਉਮਰ ਤੋਂ ਪਹਿਲਾਂ ਪਈਆਂ ਝੁਰੜੀਆਂ ਵਿੱਚ ਸਮਾ ਚੁੱਕਾ ਸੀ।
:- ਅਰਸ਼ ਸਿੱਧੂ
ਅਲਫੂ ਕੇ (ਫਿਰੋਜ਼ਪੁਰ)
94642-15070

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)