ਬਾਰ੍ਹਵੀਂ ਕਲਾਸ ਪਾਸ ਕੀਤੀ ਤਾਂ ਚਾਅ ਨਹੀਂ ਚਕਿਆ ਗਿਆ। ਸਾਰਾ ਦਿਨ ਇਹੋ ਸੋਚਦੀ ਸੀ ਹੁਣ ਅੱਗੇ ਦੀ ਪੜਾਈ ਲਈ ਕਾਲਜ ਜਾਇਆ ਕਰੂਗੀ। ਸਕੂਲ ਦੀ ਵਰਦੀ ਦੀ ਜਗ੍ਹਾ ਹੁਣ ਨਵੇਂ ਨਵੇਂ ਸੂਟ ਲੈਣਗੇ। ਕਿੰਨਾ ਚਾਅ ਸੀ ਬਣ ਸੰਵਰ ਕੇ ਕਾਲਜ ਜਾਣ ਦਾ ਅੱਗੇ ਪੜ੍ਹਨ ਦਾ ਤੇ ਆਪਣੇ ਸੁਪਨੇ ਪੂਰੇ ਕਰਨ ਦਾ। ਹਰ ਕੁੜੀ ਦਾ ਸੁਪਨਾ ਹੁੰਦਾ ਪੜ੍ਹ ਲਿਖ ਕੁਝ ਕਰਨਾ ਆਪਣੇ ਲਈ ਆਪਣਿਆਂ ਲਈ। ਪਿੰਡਾਂ ਚ ਰਹਿ ਕੇ ਵੱਡੇ ਵੱਡੇ ਸੁਪਨੇ ਦੇਖਣੇ ਤੇ ਫੇਰ ਓਹਨਾਂ ਨੂੰ ਪੂਰਾ ਕਰਨਾ ਸੌਖਾ ਨਹੀਂ ਹੁੰਦਾ। ਪਰ ਫਿਰ ਵੀ ਉਮੀਦਾਂ ਦੇ ਪੰਖ ਹਰ ਇਕ ਨੂੰ ਲਗਦੇ ਚਾਹੇ ਤੁਸੀ ਦੁਨੀਆਂ ਦੇ ਕਿਸੇ ਵੀ ਕੋਨੇ ਚ ਹੋ ਜਾਂ ਕਿਸੇ ਵੀ ਜੂਨੀ ਚ ਭਾਵ ਪਸ਼ੂ ਪੰਛੀ ਜਾਂ ਇਨਸਾਨ ਹਰ ਕੋਈ ਸੁਪਨੇ ਦੇਖਦਾ ਹਰ ਕੋਈ ਉਡਾਣ ਭਰਨ ਦੀ ਚਾਅ ਰੱਖਦਾ, ਪਰ ਕਿਸੇ ਦੇ ਸੁਪਨਿਆਂ ਨੂੰ ਤੇ ਖੰਭਾਂ ਨੂੰ ਉਡਾਣ ਮਿਲੇ ਇਹ ਤਾਂ ਵਕਤ ਦੇ ਹੱਥ ਹੁੰਦਾ। ਵਕਤ ਹੀ ਤਾਂ ਤੈਅ ਕਰਦਾ ਸਭ ਕੁਝ। ਕਦੇ ਕਦੇ ਸੋਚਦੀ ਹੁੰਦੀ ਵਕਤ ਦੇ ਅੰਦਰ ਕਿੰਨਾ ਸਬਰ ਹੈ ਖਬਰੇ ਕਿਦਾ ਸਾਰਾ ਕੁਝ ਆਪਣੇ ਅੰਦਰ ਲਕੋਈ ਰੱਖਦਾ। ਚੰਗਾ ਮਾੜਾ ਖੁਸ਼ੀ ਗਮ ਸਭ ਪਤਾ ਸਮੇਂ ਨੂੰ ਫੇਰ ਵੀ ਸਾਂਤ ਹੋ ਕੇ ਚਲਦਾ ਕਿਸੇ ਨੂੰ ਭਿਣਕ ਤੱਕ ਨਹੀਂ ਲਗਦੀ ਵੀ ਅਗਲੇ ਪੱਲ ਉਸ ਨਾਲ ਕੀ ਵਾਪਰਨਾ ਤੇ ਕੀ ਨਹੀਂ।
ਮੈਨੂੰ ਅੱਜ ਵੀ ਯਾਦ ਹੈ ਉਹਨਾਂ ਦਿਨਾਂ ਵਿਚ ਘਰ ਵੱਡੀ ਭੈਣ ਦਾ ਵਿਆਹ ਰੱਖਿਆ...
ਹੋਇਆ ਸੀ। ਬਹੁਤ ਚਾਅ ਸੀ ਸਭ ਨੂੰ ਤੇ ਵਿਆਹ ਦੀਆਂ ਤਿਆਰੀਆਂ ਵੀ ਜੋਰਾਂ ਤੇ ਚੱਲ ਰਹੀਆਂ ਸਨ। ਹਰ ਰਸਮ ਲਈ ਨਵਾਂ ਸੂਟ ਲੇ ਰਹੀ ਸੀ ਮੈਂ ਆਖਿਰ ਭੈਣ ਦਾ ਵਿਆਹ ਸੀ। ਕਦੇ ਮੈਂ ਕਦੇ ਮਾਂ ਕਦੇ ਘਰ ਦਾ ਕੋਈ ਹੋਰ ਜੀਅ ਬਜਾਰ ਕੁਝ ਨਾ ਕੁਝ ਲੈਣ ਤੁਰੇ ਹੀ ਰਹਿੰਦੇ। ਇੱਕ ਸ਼ਾਮ ਭੈਣ ਨੇ ਕਿਹਾ ਵੀ ਸਹੇਲੀ ਨੂੰ ਵਿਆਹ ਦਾ ਕਹਿ ਕੇ ਆਓਣਾ ਨਾਲ ਦੇ ਪਿੰਡ ਚ। ਸਾਨੂੰ ਕਿਸੇ ਨੂੰ ਨਹੀਂ ਪਤਾ ਸੀ ਉਸ ਸਹੇਲੀ ਦੇ ਘਰ ਦਾ ਤਾਂ ਭੈਣ ਨੂੰ ਕਿਹਾ ਤੂੰ ਆਪ ਹੀ ਚਲੀ ਜਾ ਕਾਰਡ ਦੇਣ। ਉਹ ਸ਼ਾਮ ਕਾਲੀ ਰਾਤ ਬਣ ਆਈ ਸਾਡੀ ਸਾਰਿਆਂ ਦੀ ਜਿੰਦਗੀ ਚ ਜਦੋ ਕਾਰਡ ਦੇਣ ਗਈ ਭੈਣ ਘਰ ਨਾ ਪਰਤੀ। ਸਾਰੇ ਲਭਿਆ ਗਿਆ ਸਹੇਲੀਆਂ ਨੂੰ ਪੁੱਛਿਆ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ। ਆਖਿਰ ਗੱਲ ਪੂਰੇ ਪਿੰਡ ਵਿੱਚ ਫੈਲ ਗਈ ਵੀ ਫਲਾਣਿਆ ਦੀ ਕੁੜੀ ਦਾ ਵਿਆਹ ਰੱਖਿਆ ਸੀ ਤੇ ਉਹ ਨਾਲਦੇ ਪਿੰਡ ਗਈ ਪਰ ਵਾਪਿਸ ਨਾ ਆਈ। ਕਿਸੇ ਘਰ ਅਾ ਕੇ ਦਸਿਆ ਵੀ ਦੂਸਰੇ ਮੁਹੱਲੇ ਚ ਰਹਿੰਦੇ ਕਿਸੇ ਦੂਸਰੀ ਬਰਾਦਰੀ ਦੇ ਘਰਾਂ ਚੋ ਇੱਕ ਮੁੰਡਾ ਵੀ ਗਾਇਬ ਹੈ।
ਜਸ ਮੀਤ
ਬਾਕੀ ਅਗਲੇ ਭਾਗ ਚ