ਨਿੱਤ ਦਿਨ ਸੋਸ਼ਲ ਮੀਡੀਆ ਤੇ ਆਤਮਘਾਤ ਦੀਆਂ ਸੰਵੇਦਨਸ਼ੀਲ ਵੀਡੀਓਜ਼ ਆਮ ਹੀ ਮਿਲ ਪੈਂਦੀਆਂ ਹਨ।ਪਿੱਛਲੇ ਮਹੀਨੇ ਕੁ ਤੋਂ ਇੱਕ ਵੀਡੀਓ ਹਰ ਮੁਬਾਇਲ ਤੇ ਲਗਾਤਾਰ ਘੁੰਮ ਰਹੀ ਹੈ।ਜਿਸ ਵਿੱਚ ਇਕ ਕਿਸ਼ੋਰ ਅਵਸਥਾ ਦਾ ਜੁਆਨ ਕਿਸੇ ਕੁੜੀ ਦੇ ਚੱਕਰ ਵਿੱਚ ਖ਼ੁਦਕੁਸ਼ੀ ਕਰਨ ਲਈ ਰੋਂਦਾ ਰੋਂਦਾ ਵੀਡੀਓ ਬਣਾ ਰਿਹਾ ਸੀ।ਉਸ ਜੁਆਨ ਦੀ ਮਾਂ ਉਸਨੂੰ ਖ਼ੁਦਕੁਸ਼ੀ ਨਾ ਕਰਨ ਦੇ ਵਾਸਤੇ ਪਾ ਰਹੀ ਸੀ ਅਤੇ ਉਸਨੂੰ ਤਸੱਲੀ ਦੇ ਰਹੀ ਸੀ ਕਿ ਜਿਥੇ ਉਹ ਕਹੇਗਾ ਉਹ ਉਸਦਾ ਵਿਆਹ ਉੱਥੇ ਹੀ ਕਰਵਾ ਦੇਵੇਗੀ ਬਸ ਖ਼ੁਦਕੁਸ਼ੀ ਦਾ ਮਾੜਾ ਖਿਆਲ ਉਹ ਆਪਣੇ ਜ਼ਿਹਨ ਚੋਂ ਕੱਢ ਦਵੇ।ਸ਼ਾਇਦ ਉਸ ਨੌਜਵਾਨ ਦੀ ਮਾਂ ਉਸਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਚ ਸਫਲ ਹੋ ਗਈ ਸੀ।ਅੱਗੇ ਕਿਵੇਂ ਕਿਵੇਂ ਗੱਲ ਕਿਸ ਕੰਢੇ ਲੱਗੀ ਉਸ ਬਾਰੇ ਕੁਝ ਵੀ ਖ਼ਬਰ ਨਹੀਂ।ਖ਼ੈਰ ਪਰਮਾਤਮਾ ਕਿਸੇ ਵੀ ਇਨਸਾਨ ਦੇ ਮਨ ਅੰਦਰ ਇਹੋ ਜਿਹੇ ਖਿਆਲ ਨਾ ਪੈਦਾ ਹੋਣ ਦੇਵੇ ਇਹੋ ਦਿਲੋਂ ਅਰਦਾਸ ਕਰਦਾ ਹਾਂ।
ਉਹ ਵੀਡੀਓ ਦੇਖਣ ਤੋਂ ਬਾਹਦ ਮੈਨੂੰ ਆਪਣੇ ਨਾਲ ਕਿਸ਼ੋਰ ਅਵਸਥਾ ਚ ਵਾਪਰਿਆ ਇੱਕ ਕਿੱਸਾ ਯਾਦ ਆ ਗਿਆ।ਹੋਇਆ ਇਸ ਤਰ੍ਹਾਂ ਕਿ ਮੈਂ ਉਦੋਂ ਨਵਾਂ ਨਵਾਂ ਉਡਾਰੂ ਹੋਇਆ ਸੀ ਸ਼ਾਇਦ ਪੰਦਰਵੇਂ ਵਰ੍ਹੇ ਚ ਪੈਰ ਧਰਿਆ ਸੀ।ਉਦੋਂ ਵੀਡੀਓ ਗੇਮਾਂ ਨੇ ਨਵਾਂ ਨਵਾਂ ਜ਼ੋਰ ਫੜਿਆ ਸੀ।ਮੇਰਾ ਇਕ ਦੋਸਤ ਜਿਸ ਨਾਲ ਮੇਰੇ ਸੁਰ ਬਹੁਤੇ ਸਿੱਧੇ ਨਹੀ ਸਨ,ਉਹ ਵੀਡੀਓ ਗੇਮ ਲੈ ਆਇਆ।ਜਦੋ ਵੀ ਸਕੂਲ ਜਾਣਾ ਉਦੋਂ ਪੂਰੇ ਰਸਤੇ ਉਸਨੇ ਮਾਰੀਓ,ਕੋਂਟਰਾ,ਬੂਮਰ ਮੈਨ ਅਤੇ ਰੋਡ ਫਾਈਟਰ ਦਾ ਰਾਗ ਅਲਾਪਦੇ ਨੇ ਜਾਣਾ।ਕਿਉਂਕਿ ਮੇਰੀ ਉਸ ਨਾਲ ਸੂਤ ਨਹੀਂ ਸੀ ਇਸ ਕਰਕੇ ਮੈਂ ਇਹ ਜਤਾਉਣਾ ਜਿਵੇਂ ਮੈਂ ਉਸਦੀ ਗੱਲ ਸੁਣ ਹੀ ਨਾ ਰਿਹਾ ਹੋਵਾਂ ਜਦੋਂ ਕਿ ਮੇਰਾ ਕੰਨ ਟ੍ਰਾਂਸਮੀਟਰ ਦੀ ਤਰ੍ਹਾਂ ਉਸਦੇ ਨਾਲ ਨਾਲ ਹੀ ਹੁੰਦਾ ਸੀ।ਜਦੋਂ ਸਾਰੇ ਸਾਥੀ ਉਸਦੀਆਂ ਗੱਲਾਂ ਸੁਣਨ ਲਈ ਉਹਦੇ ਅੱਗੇ ਪਿੱਛੇ ਈ ਘੁੰਮਣ ਲੱਗ ਪਏ ਅਤੇ ਮੈਂ ਟਰੱਕ ਯੂਨੀਅਨ ਦੇ ਮੰਜੇ ਤੇ ਇਕੱਲੇ ਬੈਠੇ ਬੰਦੇ ਦੀ ਤਰ੍ਹਾਂ ਭੈੜਾ ਜਿਹਾ ਮਹਿਸੂਸ ਕਰਨ ਲੱਗ ਪਿਆ ਉਸੇ ਦਿਨ ਮੈਂ ਘਰ ਆ ਕੇ ਵੀਡੀਓ ਗੇਮ ਲੈਣ ਲਈ ਮਾਤਾ ਕੋਲ ਖਰੂਦ ਪਾ ਦਿੱਤਾ।
ਪਹਿਲਾ ਪਹਿਲ ਮੈਨੂੰ ਕਿਸੇ ਨੇ ਬਹੁਤਾ ਭਾਅ ਨਹੀ ਦਿੱਤਾ।ਮੈਂ ਕਲੇਸ਼ ਦੀ ਕਿੱਲੀ ਥੋੜੀ ਹੋਰ ਨੱਪ ਦਿੱਤੀ।ਮੈਂ ਮਾਤਾ ਦੇ ਸਾਹਮਣੇ ਖਾਣਾ ਪੀਣਾ ਤਿਆਗ ਦਿੱਤਾ ਅਤੇ ਅੱਗੋਂ ਪਿੱਛੋਂ ਲੰਗਰ ਨੂੰ ਗੇੜਾ ਦੇਣ ਲੱਗਾ।ਕੁਝ ਦਿਨ ਲੰਘੇ ਪਰ ਸਾਰੇ ਟੋਟਕੇ ਕਿਸੇ ਕੰਮ ਨਾ ਆਏ।ਇਕ ਦਿਨ ਅਚਾਨਕ ਮੇਰਾ ਇਕ ਦੋਸਤ ਜਿਸਦੇ ਨਾਨਕੇ ਸਾਡੇ ਪਿੰਡ ਸੀ,ਉਹ ਮਿਲ ਪਿਆ।ਮੈਂ ਆਪਣੀ ਸਮੱਸਿਆ ਉਸਨੂੰ ਦੱਸੀ ਅਤੇ ਉਸਨੇ ਇਹੋ ਜਿਹੇ ਨਾਜ਼ੁਕ ਮੌਕਿਆਂ ਤੇ ਵਰਤਿਆ ਜਾਣ ਵਾਲਾ ਅਚੂਕ ਰਾਮਬਾਣ ਇਲਾਜ਼ ਕੱਢ ਮਾਰਿਆ।ਮੈਂ ਸਾਰਾ ਨੁਸਖ਼ਾ ਸਮਝ ਕੇ ਘਰ ਆਇਆ ਅਤੇ ਮਾਤਾ ਨੂੰ ਭਰੇ ਜਿਹੇ ਮਨ ਨਾਲ ਗੇਮ ਬਾਰੇ ਪੁੱਛਿਆ ਪਰ ਮਾਤਾ ਨੇ ਸਾਫ਼ ਕੋਰੀ ਚਿੱਟੀ ਟਣਕਦੀ ਨਾਂਹ ਕਰ ਦਿੱਤੀ।ਮੈਂ ਚੁੱਕ ਵਿੱਚ ਆਏ ਨੇ ਦੋਸਤ ਵਲੋਂ ਦਿੱਤਾ ਅਸਤਰ ਕੱਢ ਕੇ ਕਮਾਨ ਤੇ ਚੜਾਉਂਦਿਆ ਬਿਆਨ ਚਲਾ ਮਾਰਿਆ,”ਜੇਕਰ ਮੈਨੂੰ ਵੀਡੀਓ ਗੇਮ ਨਾ ਲੈ ਕੇ ਦਿੱਤੀ ਤਾਂ ਮੈਂ ਖੂਹੇ ਚ ਛਾਲ ਮਾਰੀ ਦੇਣੀ”।ਗ਼ਲਤੀ ਮੈਥੋਂ ਇਹ ਹੋ...
ਗਈ ਕਿ ਤੈਸ਼ ਚ ਆਏ ਨੇ ਮੈਂ ਕਲੌਕ ਤੇ ਨਜ਼ਰ ਨਹੀਂ ਮਾਰੀ।
ਬਾਪੂ ਦੇ ਡਿਊਟੀ ਤੋਂ ਆਉਣ ਦੀ ਖ਼ਤਰਨਾਕ ਘੜੀ ਆ ਚੁੱਕੀ ਸੀ।ਘੜੀ ਕੀ ਆ ਚੁੱਕੀ ਸੀ ਬਾਪੂ ਤਾਂ ਗੇਟੇ ਚ ਖੜ੍ਹਾ ਸੀ ਅਤੇ ਮੇਰੀ ਸਾਰੀ ਕਰਤੂਤ ਨੋਟ ਕਰ ਚੁੱਕਾ ਸੀ।ਬਾਪੂ ਨੇ ਸਾਇਕਲ ਸਟੈਂਡ ਤੇ ਲਾਇਆ ਅਤੇ ਸਿੱਧਾ ਬਾਥਰੂਮ ਚ ਗਿਆ ਅਤੇ ਉਥੋਂ ਖੂਹੇ ਚੋਂ ਪਾਣੀ ਕੱਢਣ ਵਾਲੀ ਲੱਜ ਚੁੱਕ ਲਿਆਇਆ।ਕਸੂਤੀ ਸਲਾਹ ਦੇਣ ਵਾਲਾ ਮੇਰਾ ਦਿਮਾਗ ਆਪ ਪਤਾ ਨਹੀਂ ਸ਼ਰੀਰ ਦੇ ਕਿਹੜੇ ਕੋਨੇ ਚ ਵੜ ਗਿਆ ਸੀ ਮੈਨੂੰ ਕੁਝ ਵੀ ਸਮਝ ਨਹੀਂ ਪੈ ਰਿਹਾ ਸੀ ਬਸ ਇੰਨਾ ਕੁ ਮੈਂ ਭਾਂਪ ਗਿਆ ਸੀ ਕਿ ਅੱਜ ਕੁਝ ਇਤਿਹਾਸਿਕ ਭਦਰਕਾਰਾ ਹੋਣ ਜਾ ਰਿਹਾ ਹੈ।ਮੈਨੂੰ ਬਾਂਹ ਤੋਂ ਧ੍ਰੂ ਕੇ ਬਾਪੂ ਗੇਟ ਚੋਂ ਬਾਹਰ ਨਿਕਲ ਪਿਆ।ਮੈਨੂੰ ਲੱਤਾਂ ਚ ਪਾਣੀ ਉੱਤਰ ਗਿਆ ਜਾਪ ਰਿਹਾ ਸੀ ਪਰ ਬਾਪੂ 5911 ਦੀ ਤਰ੍ਹਾਂ ਮੈਨੂੰ ਮਗਰ ਘੜੀਸੀ ਉਸੇ ਸਪੀਡ ਚ ਤੁਰਿਆ ਜਾ ਰਿਹਾ ਸੀ।ਖੂਹੇ ਕੋਲ ਪੁੱਜ ਕੇ ਬਾਪੂ ਨੇ ਬੜੇ ਠਰੰਮੇ ਨਾਲ ਪਹਿਲਾਂ ਆਪਣੀ ਪੈਂਟ ਕਮੀਜ਼ ਉਤਾਰੀ।
ਅਗਲਾ ਨੰਬਰ ਮੇਰਾ ਸੀ।ਬਾਪੂ ਨੇ ਮੇਰੇ ਲੱਕ ਨਾਲ ਰੱਸਾ ਬੰਨ ਕੇ ਗੋਲ ਗੰਢ ਮਾਰੀ ਅਤੇ ਬਨੇਰੇ ਤੋਂ ਧੱਕਾ ਮਾਰ ਦਿੱਤਾ।ਘਰ ਤੋਂ ਖੂਹ ਤੱਕ ਦੇ ਸਫ਼ਰ ਦੌਰਾਨ ਕੋਈ ਵੀ ਵਾਰਤਾਲਾਪ ਜਾਂ ਦਲੀਲ ਅਪੀਲ ਸਾਡੇ ਪਿਓ ਪੁੱਤ ਵਿਚਕਾਰ ਡਿਸਕਸ ਨਹੀਂ ਸੀ ਹੋਈ ਪਰ ਡਿੱਗਦੇ ਸਾਰ ਹੀ ਮੈਂ ਸਿੱਧਾ ਵੀਡੀਓ ਗੇਮ ਵਾਲੇ ਮੁੱਦੇ ਤੇ ਆ ਗਿਆ ਅਤੇ ਡੰਡ ਦੁਆਹੀ ਪਾ ਦਿੱਤੀ।ਜਿਉਂ ਤਰਲੇ ਮਿਨਤਾਂ ਪਾਉਣ ਲੱਗਾ ਪਰ ਬਾਪੂ ਕੁਥੈ ਮੰਨੈ
ਕਹਿੰਦਾ,” ਗੇਮ ਤਾਂ ਤੇਰੀ ਅੱਜ ਮੈਂ ਪਾਉਣੀ ਏ ਪੰਦਰਾਂ ਦਿਨ ਹੋ ਗਏ ਤੈਨੂੰ ਦੇਖਦੇ ਨੂੰ!”ਆਖੇ ਈ ਨਹੀਂ ਲਗਦਾ ਮੂਹਰਿਓਂ ਚਲਾ ਚਲਾ ਮਾਰਦਾ” ਤੇਰੇ ਜਿਹੇ ਨਰੜ ਦਾ ਕਰਨਾ ਵੀ ਕੀ ਆ”?
ਸਾਰਾ ਮੁਹੱਲਾ ਇਕੱਠਾ ਹੋ ਗਿਆ।ਖੂਹੇ ਚੋਂ ਗੂੰਜਵਾ ਚੀਕ ਚਿਹਾੜਾ ਸੁਣ ਕੇ ਉਸੇ ਦੋਸਤ ਨੇ ਮੇਰੀ ਦਾਦੀ ਨੂੰ ਜਾ ਦੱਸਿਆ ਕਿ ਤੁਹਾਡਾ ਛੋਟਾ ਮਾਮੇ ਨੇ ਖੂਹੇ ਚ ਲਟਕਾਇਆ ਹੋਇਆ।ਸ਼ਾਇਦ ਉਹ ਵੀ ਸੁਰਖ਼ਰੂ ਹੋਣ ਨੂੰ ਫਿਰਦਾ ਸੀ ਕਿਉਂਕਿ ਮੈਂ ਉਸਦਾ ਨਾਮ ਪਹਿਲੀਆਂ ਚ ਬਕ ਚੁੱਕਾ ਸੀ ਅਤੇ ਜੁੱਤੀਆਂ ਦਾ ਸੌਦਾ ਉਸਦਾ ਵੀ ਤਿਆਰ ਹੀ ਹੋਣ ਵਾਲਾ ਸੀ।ਦਾਦੀ ਨੇ ਆ ਕੇ ਲੱਜ ਖਿੱਚੀ ਤੇ ਮੈਨੂੰ ਬਾਹਰ ਕੱਢਿਆ
ਉਸ ਦਿਨ ਦੋ ਗੱਲਾਂ ਸਮਝ ਪਈਆਂ,ਇੱਕ, ਜਦੋਂ ਡਰ ਦਿਮਾਗ ਤੇ ਹਾਵੀ ਹੁੰਦਾ ਡਰਿਆ ਬੰਦਾ ਅਗਲੀਆਂ ਪਿਛਲੀਆਂ ਕਰਤੂਤਾਂ ਤੇ ਹੋਰ ਪਤਾ ਨਹੀਂ ਕੀ ਕੀ ਮਰਿਆ ਮੁੱਕਿਆ ਬਕ ਜਾਂਦਾ ਅਤੇ ਦੂਜਾ ਕਿ ਮਰਨ ਮਰਾਉਣ ਵਾਲੇ ਫੋਕੇ ਫ਼ਾਇਰ ਇਸ ਘਰ ਚ ਕੱਢਣੇ ਸਖ਼ਤ ਮਨਾਂ ਹੈ।ਕੋਈ ਵੀ ਕੱਦ ਨਾਲੋਂ ਵੱਡੀ ਧਮਕੀ ਦੇਣ ਤੋਂ ਪਹਿਲਾਂ ਘੱਟੋ ਘੱਟ ਹਜ਼ਾਰ ਡੂਢ ਹਜ਼ਾਰ ਵਾਰ ਇਕਾਂਤ ਚ ਬਹਿ ਕੇ ਸੋਚੋ ਨਹੀਂ ਲੈਣੇ ਦੇ ਦੇਣੇ ਵੀ ਪੈ ਸਕਦੇ ਹਨ।
🖋️ਸੰਜੀਵ ਸਿੰਘ ਝੱਜ