ਕੁਝ ਸਾਲ ਪਹਿਲਾਂ ਅਸੀਂ ਕਿਸੇ ਵਿਆਹ ਗਏ।ਕੁਝ ਦੇਰ ਬਾਅਦ ਮੈਂ ਆਪਣੀਆਂ ਸਹੇਲੀਆਂ ਨਾਲ਼ ਮਸਰੂਫ਼ ਹੋ ਗਈ ਤੇ ਪਤੀ ਆਪਣੇ ਦੋਸਤਾਂ ਨਾਲ਼ ਵਿਆਹ ਦੇਖਣ ਲੱਗੇ।ਕਾਫ਼ੀ ਦੇਰ ਬਾਅਦ ਮੇਰੀ ਇੱਕ ਸਹੇਲੀ ਨੇ ਪਤੀਦੇਵ ਬਾਰੇ ਪੁੱਛਿਆ ,”ਐਥੇ ਹੀ ਹੋਣਗੇ ਕਿਤੇ ਦੋਸਤਾਂ ਨਾਲ਼!”
“ਕਮਾਲ ਓ ਤੁਸੀਂ ਦੋਵੇਂ …ਸਾਰੇ ਵਿਆਹ ‘ਚ ਨਾ ਓਹਨੇ ਤੈਨੂੰ ਦੇਖਿਆ ਕੀ ਕਰਦੀ ਹੈ ਤੇ ਨਾ ਹੀ ਤੂੰ ਦੇਖਣ ਦੀ ਕੋਸ਼ਿਸ਼ ਕੀਤੀ ..।”ਸਹੇਲੀ ਹੈਰਾਨ ਜਿਹੀ ਲੱਗੀ।
“ਚੱਲ ਆ…ਬਾਹਰ ਬੈਠ ਕੇ ਕਰਦੇ ਆਂ ਗੱਲਾਂ ਤੇ ਨਾਲ਼ੇ ਤੈਨੂੰ’ ਜ਼ਿੰਦਗੀ ਦੇ ਖ਼ਾਸ ਕੋਨੇ’ ਦਾ ਰਾਜ਼ ਦੱਸਦੀ ਆਂ..।”
“ਰਾਜ਼?ਚੱਲ ਆ ਫ਼ੇਰ..” ਤੇ ਅਸੀਂ ਦੋਵੇਂ ਰੌਲ਼ੇ ਰੱਪੇ ਤੋਂ ਦੂਰ ਬਾਹਰ ਪਈਆਂ ਕੁਰਸੀਆਂ ਤੇ ਆ ਬੈਠੀਆਂ ।
“ਚੱਲ ਸੁਣਾ ਫੇਰ..।” ਮੇਰੀ ਸਹੇਲੀ ਨੇ ਕਿਹਾ।
“ਤੈਨੂੰ ਪਤਾ ਨਾ ਕਿ ਵਿਆਹੁਤਾ ਜ਼ਿੰਦਗੀ ਤਾਂ ਆਪਣੀ ਜ਼ਿੰਦਗੀ ਦੇ 25-26 ਸਾਲ ਲੰਘਣ ਤੇ ਸ਼ੁਰੂ ਹੁੰਦੀ..।”
“ਹਾਂ..ਇਹ ਤਾਂ ਹੈ।”
“ਅਸੀੰ ਆਪਣੇ ਸਾਥੀ ਦੇ 25-26 ਸਾਲ ਹਮੇਸ਼ਾ ਅਣਗੌਲ਼ੇ ਕਰਦੇ ਆਂ,ਜਦੋਂ ਕਿ ਇਹ ਸਾਲ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਹੁੰਦੇ ..”
“ਹਾਂ..ਏਹੀ ਤਾਂ ਬੇਫ਼ਿਕਰੀ ਦੇ ਸਾਲ ਹੁੰਦੇ ।ਇਹਨਾਂ ‘ਚ ਹੀ ਸਾਨੂੰ ਵਧੀਆ ਦੋਸਤ ਮਿਲ਼ਦੇ,ਅਨੇਕਾਂ ਸੁਪਨੇ ਤੇ ਰੀਝਾਂ ਹੁੰਦੀਆਂ ..।”
“ਹਾਂ ..ਬਾਕੀ ਜ਼ਿੰਦਗੀ ਤਾਂ ਜ਼ਿੰਮੇਵਾਰੀਆਂ ‘ਚ ਹੀ ਲੰਘਦੀ ਸਭ ਦੀ..।”
“…ਤੇ ਪੱਚੀ ਛੱਬੀ ਸਾਲ ਦੇ ਸੁਪਨੇ,ਰੀਝਾਂ ਸਭ ਕਿਤੇ ਦਫ਼ਨ ਹੋ ਜਾਂਦੇ..ਹੈ ਨਾ?”
” ਹਾਂ..ਸਹੀ ਹੈ।”
“ਬੱਸ..ਏਹੀ ਹੁੰਦਾ ‘ ਜ਼ਿੰਦਗੀ ਦਾ ਖ਼ਾਸ ਕੋਨਾ’ ,ਜਿੱਥੇ ਬੜਾ ਕੁਝ ਦਫ਼ਨ ਹੋ ਜਾਂਦਾ..।ਤੇ...
ਅਸੀਂ ਆਪਣੇ ਸਾਥੀ ਨੂੰ ਆਪਣਾ ਗੁਲਾਮ ਸਮਝਣ ਲਗਦੇ ਹਾਂ।ਓਹਦੀ ਜ਼ਿੰਦਗੀ ਵਿੱਚੋਂ ਐਨੇ ਕੀਮਤੀ ਸਾਲ ਮਨਫ਼ੀ ਕਰਨ ਦੀ ਕੋਸ਼ਿਸ਼ ਕਰਦੇ ਹਾਂ..।”
“ਆਪਣੀ ਜ਼ਿੰਦਗੀ ‘ਚੋੰ ਵੀ…ਸਭ ਭੁੱਲ ਜਾਂਦੇ ਹਾਂ।”
“ਪਰ ਫ਼ੇਰ ਕਰੀਏ ਕੀ?”
“ਅਸੀਂ ਤਾਂ ਕੀਤਾ ਹੋਇਆ ..।”
“ਅੱਛਾ? ਕਿਵੇਂ ?”
“ਕਦੇ ਕਦੇ ਰੁਝੇਵਿਆਂ ‘ਚੋਂ ਨਿਕਲ਼ ਕੇ ਮੈਂ ਆਪਣੀਆਂ ਪੁਰਾਣੀਆਂ ਸਹੇਲੀਆਂ ਤੇ ਇਹ ਆਪਣੇ ਦੋਸਤਾਂ ਨਾਲ਼ ਖੁੱਲ ਕੇ ਜਿਉਂ ਲੈਂਦੇ ਨੇ।ਮੈਂ ਕਦੇ ਕਦਾਈਂ ਆਪਣੇ ਮਾਪਿਆਂ ਨਾਲ਼ ਰਿਸ਼ਤੇਦਾਰੀਆਂ ‘ਚ ਗੇੜਾ ਮਾਰ ਆਉਨੀੰ ਤੇ ਕਦੇ ਇਹ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਨਾਲ਼ ਖੁੱਲ ਕੇ ਜੀ ਲੈੰਦੇ।ਓਦੋਂ ਅਸੀੰ ਇੱਕ ਦੂਜੇ ਦੀ ਜ਼ਿੰਦਗੀ ‘ਚ ਦਖਲ ਨਹੀੰ ਦਿੰਦੇ।ਅਜ਼ਾਦ ਪੰਛੀਆਂ ਵਾਂਗ ਵਿਚਰਨਾ ਕਦੇ ਕਦੇ ਚੰਗਾ ਲਗਦਾ ! ਮੁੜ ਤਾਂ ਆਉਣਾ ਹੀ ਹੁੰਦਾ ਆਪਣੇ ਆਲਣੇ ‘ਚ..।’ਜ਼ਿੰਦਗੀ ਦੇ ਖ਼ਾਸ ਕੋਨੇ’ ਵਿੱਚ ਝਾਤ ਮਾਰਨਾ ਬੜਾ ਸੁਖਦਾਈ ਹੁੰਦਾ।
“ਹਾਂ..ਇਹ ਓਹ ਕੋਨਾ ਜਿੱਥੇ ਸਾਡੇ ਤੋੰ ਬਿਨਾ ਬਹੁਤ ਕੁਝ ਸੀ,ਓਹਨਾਂ ਦੀ ਜ਼ਿੰਦਗੀ ‘ਚ..”
“ਤਾਂ ਹੀ ਤਾਂ ਕਹਿੰਦੀ ਹਾਂ ਕਿ ਕਦੇ ਕਦੇ ਰੂਬਰੂ ਹੋ ਲਿਆ ਕਰੀਏ ਓਸ ਕੋਨੇ ਦੇ , ਜਿੱਥੇ ਬਹੁਤ ਕੁਝ ਦਫ਼ਨ ਹੈ।ਮਾਨਸਿਕ ਰੋਗਾਂ ਤੇ ਲੜਾਈਆਂ ਤੋੰ ਬਚਣ ਦਾ ਵਧੀਆ ਤਰੀਕਾ ਹੈ..।”
‘ਤੇ ਅਸੀਂ ਹਸਦੀਆਂ ਹੋਈਆਂ ਵਿਆਹ ਦੇਖਣ ਲੱਗੀਆਂ।
ਦੀਪ ਵਿਰਕ