ਸ਼ਨੀਵਾਰ ਰਾਤ ਨੂੰ ਇੰਡੀਅਨ ਆਇਡਲ ਪਰੋਗਰਾਮ ਆ ਰਿਹਾ ਸੀ, ਸੋਨੀ ਚੈਨਲ ਤੇ, ਇੱਕ ਦਮ ਲਾਇਟ ਚਲੀ ਗਈ, ਇਨਵਰਟਰ ਵਾਲੇ ਸਵਿੱਚ ਤੇ ਲਗਾਉਣ ਦੀ ਬਜਾਏ ਟੀ ਵੀ ਹੀ ਬੰਦ ਕਰ ਦਿੱਤਾ, ਕਿ ਸਾਢੇ ਦਸ ਵੱਜ ਗਏ ਹਨ, ਹੁਣ ਸੌਂ ਜਾਵੋ।
ਆਦਤ ਅਨੁਸਾਰ ਸੌਣ ਵਾਲੇ ਕਮਰੇ ਦਾ ਪਿਛਲੀ ਗੈਲਰੀ ਵਾਲਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਹਨੇਰੀ ਚੱਲ ਰਹੀ ਹੈ। ਮੀਂਹ ਦੇ ਛਿੱਟੇ ਪੈਣੇ ਵੀ ਸ਼ੁਰੂ ਹੋ ਗਏ।
ਦਸ ਮਿੰਟ ਬਾਅਦ ਹੀ ਤੂਫਾਨ ਵਾਂਗ ਹਨੇਰੀ ਚੱਲਣ ਲੱਗ ਪਈ।
ਦਰਖਤਾਂ ਦੇ ਟਾਹਣ ਟੁੱਟਣ ਦੀ ਜੋਰਦਾਰ ਅਵਾਜ ਆਈ, ਜੋ ਮੇਰੇ ਘਰ ਅੱਗੇ ਜਾਮਣੂਆਂ ਦੇ ਰੁੱਖ ਲੱਗੇ ਹੋਏ ਹਨ, ਇਹ ਰੁੱਖ ਆਪਣੇ ਹੱਥੀਂ ਲਗਾਉਣ ਕਰਕੇ ਉਹਦੇ ਟਾਹਣ ਟੁੱਟਣ ਦਾ ਬੜਾ ਦੁੱਖ ਲੱਗਦਾ ਹੈ, ਜਦੋਂ ਕਿ ਹੁਣ ਫਲ ਨਾਲ ਲੱਦਿਆ ਪਿਆ ਸੀ। ਦਿਲ ਡੁੱਬ ਡੁੱਬ ਜਾ ਰਿਹਾ ਸੀ। ਪਤੀ ਦੇਵ ਨੂੰ ਮੇਰੀ ਅਨੀਂਦਰ ਦੇ ਕਾਰਨ ਗੁੱਸਾ...
ਵੀ ਆ ਰਿਹਾ ਸੀ ਤੇ ਹਮਦਰਦੀ ਵੀ।
“ਚੁੱਪ ਕਰਕੇ ਸੌਂ ਜਾ, ਰੱਬ ਦਾ ਨਾਂ ਲੈ ਕੇ। ਉਹਨਾਂ, ਪੰਛੀਆਂ, ਜਾਨਵਰਾਂ ਦੀ ਸੋਚ ਲੈ, ਵਿਚਾਰੇ ਐਡੀ ਹਨੇਰੀ ਤੂਫ਼ਾਨ ਵਿੱਚ।
ਸ਼ਾਮ ਨੂੰ ਕਈ ਵਾਰ ਜੀ ਟੀ ਰੋਡ ਤੇ ਸੈਰ ਕਰਨ ਚਲੇ ਜਾਈਏ ਤਾਂ ਵੇਖਿਆ ਉਹ ਝੁੱਗੀ ਝੌਂਪੜੀਆਂ ਵਾਲੇ। ਇਹਨਾਂ ਦੀ ਗੱਲ ਸੁਣ ਕੇ ਝੁੱਗੀ ਝੌਂਪੜੀਆਂ ਵਾਲਿਆਂ ਵੱਲ ਧਿਆਨ ਚਲਾ ਗਿਆ ਕਿ ਐਡੀ ਹਨੇਰੀ ਵਿੱਚ ਉਹਨਾਂ ਦੀਆਂ ਤਰਪਾਲਾਂ ਦੀ ਛੱਤ ਉੱਡ ਗਈ ਹੋਵੇਗੀ, ਹਾਏ ਰੱਬਾ। ਸਭ ਨੂੰ ਕੁੱਲੀ, ਜੁੱਲੀ, ਗੁੱਲੀ ਦੇਣ ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਨੀਂਦਰ ਦੇਵੀ ਦੇ ਆਗੋਸ਼ ਵਿੱਚ ਚਲੀ ਗਈ।।
ਗੁਰਮੀਤ ਕੌਰ ਰਾਜਪੁਰਾ।
31-5-2021