ਗੱਲ 1994-95 ਦੀ ਹੈ।ਕਾਲਜ ਚ ਇਕ ਫੰਕਸ਼ਨ ਸੀ।ਹਰ ਫੰਕਸ਼ਨ ‘ਚ ਰੁਪਿੰਦਰ ਦਾ ਹੋਣਾ ਜ਼ਰੂਰੀ ਸੀ। ਹਰ ਫੰਕਸ਼ਨ ‘ਚ ਕੁੱਝ ਨਵਾਂ ਐਕਟ ਪੇਸ਼ ਕਰਨਾ ਸ਼ੌਂਕ ਸੀ ਮੇਰਾ।ਉਸ ਦਿਨ ਵੀ ਅਸੀਂ ਇੱਕ ਐਕਟ ਤਿਆਰ ਕੀਤਾ।
ਓਦੋਂ “ਗਿੱਧਾ ਪਾਓ ਕੁੜੀਓ” ਗਰੁੱਪ ਦੇ ਗੀਤ ਬਹੁਤ ਮਸ਼ਹੂਰ ਸਨ।ਸਤਵਿੰਦਰ ਬਿੱਟੀ ਦਾ ਵੀ ਗਰੁੱਪ ਸੀ ਇਕ।ਉਸ ਗਰੁੱਪ ਦਾ ਇਕ ਗੀਤ
“ਮਾਧੋ ਰਾਮਾ ਪੈਂਚਾ ਬਈ ਰੰਨ ਕਿਹੜੀ ਕਰੀਏ”ਅਸੀਂ ਫੰਕਸ਼ਨ ਲਈ ਤਿਆਰ ਕੀਤਾ।
ਜਿਸ ਵਿੱਚ ਮੈਂ ਮਾਧੋ ਰਾਮ ਬਣੀ।ਤੇ ਚਾਰਲੀ ਚੈਪਲਿਨ ਵਰਗਾ ਪਹਿਰਾਵਾ ਤੇ ਹੁਲੀਆ ਬਣਾ ਲਿਆ।ਸਾਰਾ ਐਕਟ ਬਹੁਤ ਮਿਹਨਤ ਨਾਲ ਤਿਆਰ ਕੀਤਾ ਸੀ ਅਸੀਂ। ਤੇ ਜਦੋਂ ਸਾਡੀ ਵਾਰੀ ਆਈ ਤਾਂ ਐਕਟ ਬਹੁਤ ਵਧੀਆ ਹੋ ਰਿਹਾ ਸੀ ਕਿ ਅਚਾਨਕ ਅਖੀਰਲੇ ਪੈਰੇ ਤੇ ਗਾਣਾ ਰੋਕ ਦਿੱਤਾ ਗਿਆ।ਤੇ ਮੈਂ ਹੈਰਾਨ ਪਰੇਸ਼ਾਨ ਸਟੇਜ ਤੋਂ ਬਾਅਦਬ ਵਾਪਸ ਆ ਗਈ।ਕਮਰੇ ਚ ਆ ਕੇ ਗੁੱਸੇ ਵਿੱਚ ਰੋਣ ਲੱਗ ਪਈ। ਬਹੁਤ ਬੇਇਜ਼ਤੀ ਮਹਿਸੂਸ ਹੋ ਰਹੀ ਸੀ। ਪਰ ਦਰਸ਼ਕ ਤਾੜੀਆਂ ਵਜਾ ਰਹੇ ਸੀ।ਬਾਅਦ ਵਿੱਚ ਪਤਾ ਚਲਿਆ ਕਿ ਕਿਸੇ ਨੂੰ ਵੀ ਐਕਟ ਦੇ ਵਿੱਚੋਂ ਰੋਕਣ ਵਾਰੇ ਪਤਾ ਨਹੀਂ ਚਲਿਆ ਸੀ।ਅਸਲ ਚ ਪ੍ਰਿੰਸੀਪਲ ਸਾਹਿਬ ਨੇ ਹੀ ਰੁਕਵਾਇਆ ਸੀ ਕਿਸੇ ਬੁਲਾਰੇ ਨੂੰ ਕਾਹਲ ਸੀ,ਉਸ ਨੇ ਕਿਤੇ ਜਾਣਾ ਸੀ।ਹੁਣ ਵਿਚਾਰੇ ਪ੍ਰਿੰਸੀਪਲ ਸਾਹਿਬ ਦਾ ਕਸੂਰ ਤਾਂ ਕੋਈ ਨਹੀਂ ਸੀ ਪਰ ਮੈਨੂੰ ਤਾਂ ਓਹੀ ਦੋਸ਼ੀ ਲੱਗ ਰਹੇ ਸਨ।ਫਿਰ ਕੀ ਸੀ,ਮੈਂ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਕਿਸੇ ਫੰਕਸ਼ਨ ਵਿੱਚ ਹਿੱਸਾ ਨਹੀਂ ਲੈਣਾ।ਅਸਲ ਚ ਸਾਰੀ ਜ਼ਿੰਮੇੰਵਾਰੀ ਮੇਰੇ ਤੇ ਹੁੰਦੀ ਸੀ ਫੰਕਸ਼ਨਾਂ ਦੀ। ਹਊਂਮੈ ਆ ਗਈ ਸੀ ਮੇਰੇ ਵਿੱਚ।ਅਗਲੇ ਫੰਕਸ਼ਨ ਚ...
ਜਦੋਂ ਪ੍ਰਿੰਸੀਪਲ ਸਾਹਿਬ ਨੇ ਮੇਰੀ ਹਾਜ਼ਰੀ ਨਾ ਵੇਖੀ ਤਾਂ ਸਟੇਜ ਤੇ ਹੀ ਅਨਾਉਂਸ ਕਰ ਦਿੱਤਾ ਕਿ ਰੁਪਿੰਦਰ ਕਿੱਥੇ ਹੈ ਅੱਜ?ਮੇਰਾ ਰੋਣ ਨਿੱਕਲ ਗਿਆ ਉਸ ਵਕਤ।
ਫਿਰ ਆਪਣੀ ਗੁਸਤਾਖੀ ਤੇ ਬਹੁਤ ਸ਼ਰਮਿੰਦਗੀ ਹੋਈ।ਫੰਕਸ਼ਨ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਕੋਲ ਗਈ ਤੇ ਉਸ ਦਿਨ ਵਾਲੇ ਐਕਟ ਨੂੰ ਰੋਕਣ ਤੇ ਮੇਰਾ ਗੁੱਸੇ ਵਿੱਚ ਕਿਸੇ ਫੰਕਸ਼ਨ ਵਿੱਚ ਭਾਗ ਨਾ ਲੈਣ ਦਾ ਐਲਾਨ ਸੁਣਾਇਆ। ਸਰ ਨੇ ਬਹੁਤ ਪਿਆਰ ਨਾਲ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ “ਬੇਟਾ ਅਸਲ ਜ਼ਿੰਦਗੀ ‘ਚ ਬਹੁਤ ਐਸੇ ਐਕਟ ਆਉਣੇ ਜਿਨਾਂ ਨੂੰ ਵਿੱਚੋਂ ਹੀ ਰੋਕਿਆ ਜਾਣਾ ਤੇ ਕਿਸੇ ਹੋਰ ਨੇ ਐਕਟ ਕਰਨ ਦੀ ਕੋਸ਼ਿਸ਼ ਕਰਨੀ ਹੈ ਪਰ ਤੂੰ ਗੁੱਸਾ ਨਹੀਂ ਕਰਨਾ ਤੇ ਆਪਣਾ ਐਕਟ ਬੰਦ ਨਹੀਂ ਕਰਨਾ ਸਗੋਂ ਨਵਾਂ ਐਕਟ ਤਿਆਰ ਕਰਨਾ ਹੈ ਪੇਸ਼ ਕਰਨਾ ਹੈ।ਇੰਝ ਰੁੱਸ ਕੇ ਬੈਠਣ ਜਾਂ ਹਾਰ ਮੰਨ ਲੈਣ ਨਾਲ ਜ਼ਿੰਦਗੀ ਨੀਰਸ ਤੇ ਬੋਝ ਬਣ ਜਾਂਦੀ ਹੈ।ਬਹੁਤ ਰੋਈ ਉਸ ਵਕਤ ਮੈਂ। ਫਿਰ ਕਦੇ ਨਹੀਂ ਰੁੱਸੀ।
ਤੇ ਪ੍ਰਿੰਸੀਪਲ ਸਾਹਿਬ ਦੀ ਕਹੀ ਹੋਈ ਗੱਲ ਸਹੀ ਸਾਬਤ ਹੋਈ ਹੁਣ ਕਦੇ ਨਹੀਂ ਰੁੱਸੀ ਜ਼ਿੰਦਗੀ ਦੇ ਇਸ ਨਾਟਕ ਦੀਆਂ ਉਲਝਣਾਂ ਤੋਂ।ਕੁੱਝ ਨਵਾਂ ਤੇ ਵਿਲੱਖਣ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤੇ ਕਾਮਯਾਬ ਵੀ ਹੁੰਦੀ ਹਾਂ।
ਰੂਪ ਖਾਲਸਾ