ਤਕਰੀਬਨ ਸਾਢੇ ਚਾਰ ਦਹਾਕੇ ਪਹਿਲਾਂ ਦੀ ਗੱਲ ਏ..
ਬੰਬਈ ਦੀ ਫ਼ਿਲਮੀ ਨਗਰੀ ਵਿਚ ਮਸ਼ਹੂਰ ਹਸਤੀ ਜਾਵੇਦ ਅਖਤਰ ਦਾ ਆਰਥਿਕ ਪੱਖੋਂ ਹੱਥ ਥੋੜਾ ਤੰਗ ਹੋ ਗਿਆ..!
ਉਸ ਵੇਲੇ ਦੇ ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀ ਦੇ ਦਫਤਰ ਪੁੱਜ ਗਿਆ..!
ਪ੍ਰੇਸ਼ਾਨ ਵੇਖ ਉਸਨੇ ਕੋਲ ਸੱਦ ਲਿਆ..!
ਗੱਲ ਦੱਸੀ..ਅੱਗੋਂ ਆਖਣ ਲੱਗਾ ਘੜੀ ਕੂ ਇੰਤਜਾਰ ਕਰ..ਚਲਾਉਂਦਾ ਹਾਂ ਕੋਈ ਚੱਕਰ!
ਅੱਧੇ ਘੰਟੇ ਬਾਅਦ ਆਇਆ ਤੇ ਮੁੱਠ ਵਿਚ ਦੋ ਸੌ ਰੁਪਈਏ ਦੇ ਕੇ ਆਖਣ ਲੱਗਾ ਜਾ ਮਿੱਤਰਾ ਆਪਣਾ ਡੰਗ ਟਪਾ ਲੈ..!
ਓਹਨਾ ਵੇਲਿਆਂ ਵਿਚ ਦੋ ਸੌ ਅੱਜ ਦੇ ਲੱਖ ਦੇ ਬਰੋਬਰ ਹੋਇਆ ਕਰਦੇ ਸਨ!
ਜਾਵੇਦ ਅਖਤਰ ਦੱਸਦਾ ਕੇ ਜਦੋਂ ਗੱਡੀ ਮੁੜ ਰੇਹੜੇ ਪੈ ਗਈ ਤਾਂ ਉਧਾਰ ਲਏ ਬੜੀ ਵਾਰੀ ਵਾਪਿਸ ਮੋੜਨੇ ਚਾਹੇ ਪਰ ਹਰ ਵਾਰ ਅੱਗੋਂ ਆਖ ਦਿਆ ਕਰਦਾ “ਕੋਈ ਨਹੀਂ ਜਦੋਂ ਮੌਕਾ ਆਵੇਗਾ ਲੈ ਲਵਾਂਗਾ..”
ਏਡਾ ਵੱਡਾ ਬੰਦਾ..ਪਤਾ ਨਹੀਂ ਕਦੋਂ ਉਧਾਰ ਦਿੱਤੇ ਵਾਪਿਸ ਮੰਗ ਲਵੇ..ਏਨੀ ਗੱਲ ਸੋਚ ਹਮੇਸ਼ਾਂ ਕੋਲ ਦੋ ਸੌ ਰੁਪਈਏ ਰਖਣੇ ਸ਼ੁਰੂ ਕਰ ਦਿੱਤੇ!
ਉੱਨੀ ਸੌ ਅੱਸੀ..ਐਤਵਾਰ ਦਾ ਦਿਨ..
ਇੱਕ ਦਿਨ ਸੁਵੇਰੇ ਉਠਦਿਆਂ ਖਬਰ ਮਿਲੀ ਕੇ ਸਾਹਿਰ ਲੁਧਿਆਣਵੀ ਦਿਲ ਦੇ ਦੌਰੇ ਕਾਰਨ ਅੱਲਾ ਨੂੰ ਪਿਆਰਾ ਹੋ ਗਿਆ..!
ਕਬਰਿਸਤਾਨ ਪੁੱਜਾ..ਸਾਰੀ ਫਿਲਮ ਨਗਰੀ ਓਥੇ ਪੁੱਜੀ ਹੋਈ ਸੀ..ਚਿੱਟੀ ਚਾਦਰ ਵਿਚ ਲਪੇਟੇ ਹੋਏ ਦੇ ਹੱਥ ਆਪਣੇ ਹੱਥਾਂ ਵਿਚ ਲੈ ਕੇ ਬੜਾ ਰੋਇਆ..ਸੋਚਿਆ ਇਹਨਾਂ ਹੱਥਾਂ ਨਾਲ ਪਤਾ ਨਹੀਂ ਕਿੰਨੇ ਸੋਹਣੇ ਸ਼ਾਹਕਾਰ ਗੀਤ ਲਿਖੇ ਹੋਣੇ ਨੇ..!
ਖੈਰ ਕੁਝ ਘੰਟਿਆਂ ਬਾਅਦ ਉਸਨੂੰ ਕਬਰ ਵਿਚ ਦਫਨਾ ਦਿੱਤਾ..ਸਾਰੇ ਚਲੇ ਗਏ ਪਰ ਮੈਂ ਓਥੇ ਹੀ ਬੈਠਾ ਰਿਹਾ..!
ਏਨੇ ਨੂੰ ਪਿੱਛਿਓਂ ਕਿਸੇ ਹੁੱਝ ਮਾਰੀ..ਇੱਕ ਪੂਰਾਣਾ ਮਿੱਤਰ ਪਿਆਰਾ ਸੀ..ਆਖਣ ਲੱਗਾ ਜਾਵੇਦ ਯਾਰ ਸੁਵੇਰੇ ਓਸੇ ਤਰਾਂ ਨਾਈਟ ਸੂਟ ਵਿਚ ਹੀ ਨਿੱਕਲ ਆਇਆ ਸਾਂ..ਬਟੂਆ ਘਰੇ ਹੀ ਭੁੱਲ ਆਇਆ..ਕੁਝ ਪੈਸੇ ਹੈ ਨੇ ਤਾਂ ਦੇ ਦੇ..ਉਹ ਕਬਰ ਪੁੱਟਣ ਵਾਲਾ ਆਪਣੀ ਮੇਹਨਤ ਮੰਗਦਾ...
ਪਿਆ ਏ..?
ਜੇਬ ਵਿਚੋਂ ਓਹੀ ਦੋ ਸੌ ਕੱਢੇ ਤੇ ਸਿਰ ਤੇ ਤਲਵਾਰ ਵਾਂਙ ਲਮਕਦਾ ਚਿਰੋਕਣਾ ਉਧਾਰ ਚੁਕਾ ਦਿੱਤਾ..
ਮੁੱਕਦੀ ਗੱਲ ਇਸ ਸੰਸਾਰ ਵਿਚ ਕੁਝ ਲੋਕ ਏਨੇ ਖੁੱਦਾਰ ਹੁੰਦੇ ਨੇ ਕੇ ਜਿਉਂਦੇ ਜੀ ਤਾਂ ਕੀ ਆਪਣੇ ਮੁੱਕਣ ਮਗਰੋਂ ਦੇ ਖਰਚਿਆਂ ਦਾ ਭੁਗਤਾਨ ਵੀ ਅਡਵਾਂਸ ਵਿਚ ਹੀ ਕਰ ਜਾਇਆ ਕਰਦੇ ਨੇ!
ਇੰਝ ਹੀ ਦੋਸਤ ਦੱਸਦਾ ਦਾਦੇ ਹੁਰਾਂ ਦਾ ਆੜ੍ਹਤ ਦਾ ਕੰਮ ਸੀ..ਵੇਲੇ ਕੁਵੇਲੇ ਕਿੰਨੇ ਸਾਰੇ ਲੋੜਵੰਦ ਅਕਸਰ ਪੈਸੇ ਲੈ ਜਾਇਆ ਕਰਦੇ..
ਜਦੋਂ ਇੱਕ ਦਿਨ ਮੁੱਕ ਗਏ ਤਾਂ ਕਿੰਨੇ ਸਾਰੇ ਐਸੇ ਲੋਕ ਕਿੰਨੀ ਦੇਰ ਤੱਕ ਉਧਾਰ ਲਈ ਰਕਮ ਮੋੜਨ ਆਉਂਦੇ ਰਹੇ ਜਿਹਨਾਂ ਦੇ ਖਾਤਿਆਂ ਤੇ ਬਾਪੂ ਹੁਰਾਂ ਖੁਦ ਆਪ ਲਕੀਰ ਮਾਰ ਦਿੱਤੀ ਸੀ..!
ਸੋ ਦੋਸਤੋ ਜਰੂਰੀ ਨਹੀਂ ਕੇ ਦੁਨੀਆ ਦਾ ਹਰ ਇਨਸਾਨ ਆਪਣਾ ਨਿੱਜੀ ਕਾਰੋਬਾਰ ਇਨਸਾਨੀਅਤ ਵਾਲੀ ਬੁਨਿਆਦ ਤੇ ਟਿਕਾ ਕੇ ਹੀ ਚਲਾਉਂਦਾ ਹੋਵੇ..
ਪਰ ਜਦੋਂ ਕਦੀ ਇਨਸਾਨੀਅਤ ਕਾਰੋਬਾਰ ਨੂੰ ਆਪਣੇ ਆਪ ਤੇ ਭਾਰੂ ਹੋਣੋਂ ਰੋਕ ਦਿਆ ਕਰਦੀ ਏ ਤਾਂ ਪੈਸੇ ਧੇਲੇ ਅਤੇ ਜਮੀਨ ਜਾਇਦਾਤਾਂ ਵਾਲੇ ਦੁਨਿਆਵੀ ਘਾਟੇ ਵਾਧੇ ਜਹਿਨੀਅਤ ਤੇ ਕੋਈ ਖਾਸ ਜਿਆਦਾ ਅਸਰਦਾਰ ਨਹੀਂ ਹੋਇਆ ਕਰਦੇ..ਕਿਉਂਕਿ ਬੰਦੇ ਨੂੰ ਜਿਉਂਦੇ ਜੀ ਸਮਝ ਆ ਜਾਂਦੀ ਏ ਕੇ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੇ..ਪਤਾ ਨੀ ਸੁਵੇਰ ਦਾ”
(ਇਸ ਔਖੀ ਘੜੀ ਵਿਚ ਵੀ ਇਨਸਾਨੀ ਕਦਰਾਂ ਕੀਮਤਾਂ ਨੂੰ ਧੋਖੇ-ਫਰੇਬ,ਲਾਲਚ ਅਤੇ ਇਮੋਸ਼ਨਲ ਬਲੈਕ-ਮੇਲਿੰਗ ਵਾਲੀ ਤੱਕੜੀ ਵਿਚ ਰੱਖ ਦਾਨੀ ਹਮਾਤੜਾਂ ਦੀ ਖੂਨ ਪਸੀਨੇ ਦੀ ਕਮਾਈ ਤੇ ਸ਼ਰੇਆਮ ਐਸ਼ ਕਰਦੇ ਅਖੌਤੀ ਵਾਈਟ ਕਾਲਰ ਐਨ.ਜੀ ਓਜ਼ ਨੂੰ ਸਮਰਪਿਤ)
ਹਰਪ੍ਰੀਤ ਸਿੰਘ ਜਵੰਦਾ
Rekha Rani
right G
Arsh
👌👌🙏🏻