More Punjabi Kahaniya  Posts
ਲਹੂ ਚਿੱਟਾ ਹੋ ਗਿਆ


ਲਹੂ ਚਿੱਟਾ ਹੋ ਗਿਆ
—————
ਦਰਵਾਜਾ ਤਾਂ ਖੁੱਲਾ ਐ, ਵਿਹੜੇ ਵਿਚੋਂ ਕੋਈ ਨਹੀਂ ਦਿਸਦਾ। ਚਲੋ ਆਵਾਜ਼ ਮਾਰ ਕੇ ਦੇਖ ਲੇਂਦੇ ਹਾਂ। ਬੰਤਾ ਸਿੰਘ ਉਏ ਕਿਧਰ ਐਂ, ਆਜਾ ਬਾਈ ਆਜਾ, ਇਥੇ ਹੀ ਹਾਂ। ਕਿਵੇਂ ਖੂੰਜੇ ਵਿੱਚ ਕੱਠਾ ਜਿਹਾ ਹੌਂਕੇ ਬੈਠਾਂ। ਜਦੋਂ ਦਾ ਵਲੈਤੋਂ ਮੁੜਿਆ ਬਾਹਰ ਹੀ ਨਹੀਂ ਨਿਕਲਦਾ। ਵਲੈਤ ਦੇ ਨਜ਼ਾਰੇ ਚੇਤੇ ਆਉਂਦੇ ਹੋਣੇ।
ਬਾਈ ਵਲੈਤ ਦੀਆਂ ਕਿਆ ਬਾਤਾਂ। ਸ਼ਾਂਤ ਵਾਤਾਵਰਨ ਘੁੰਮਣ ਫਿਰਨ ਨੂੰ ਚਾਰ ਚੁਫੇਰੇ ਸੋਹਣੇ ਸੋਹਣੇ ਪਾਰਕ। ਕਿਤੇ ਕੋਈ ਧੂਮ ਧੜਕਾ ਨਹੀਂ। ਜ਼ਿੰਦਗੀ ਆਰਾਮ ਨਾਲ ਆਪਣੇ ਤੋਰੇ ਤੁਰੀ ਹੋਈ ਆ। ਸਾਡੇ ਵਰਗੇ ਬੁੱਢਿਆਂ ਦੀਆਂ ਜੁੰਡਲੀਆਂ ਪਾਰਕ ਬੈਠਿਆ ਗੱਪਾਂ ਮਾਰਦੀਆ ਰਹਿੰਦੀਆਂ। ਮੈਨੂੰ ਵੀ ਮੇਰਾ ਗਵਾਂਢੀ ਕਦੇ ਕਦਾਈਂ ਨਾਲ ਲੇ ਕੇ ਜਾਂਦਾ ਸੀ। ਪਾਰਕ ਵਿੱਚ ਲਗਦਾ ਸੀ ਕਿ ਪੰਜਾਬ ਦੇ ਸਾਰੇ ਬੁਜੁਰਗ ਇਲਾਂ ਵਾਂਗ ਪਾਰਕ ਵਿੱਚ ਹੀ ਉਤਰੇ ਬੈਠੇ ਹਨ।
ਅੱਛਾ! ਤਾਂਹੀ ਅੰਦਰ ਵੜਿਆ ਰਹਿਨਾ, ਵਲੈਤ ਦੇ ਨਜ਼ਾਰੇ ਚੇਤੇ ਆਉਂਦੇ ਹੋਣੇ। ਜਦ ਏਨਾ ਵਧੀਆ ਜੀਵਨ ਹੈ, ਫਿਰ ਏਨੀ ਛੇਤੀ ਮੁੜ ਕਿਉ ਆਇਆ। ਤੇਰੇ ਦੋਨੋ ਮੁੰਡੇ ਉਥੇ ਆ, ਉਹਨਾਂ ਕੋਲ ਮੌਜ਼ਾ ਮਾਣਦਾ ਪਕੀ ਪਕਾਈ ਖਾਂਦਾ ਤੇ ਪਾਰਕ ਵਿੱਚ ਘੁੰਮੀ ਜਾਂਦਾ।
ਮੁੰਡੇ ਤਾਂ ਬਾਈ ਉਥੇ ਹੀ ਹਨ, ਕਾਰੋਬਾਰ ਵੀ ਦੋਹਾਂ ਦਾ ਵਧੀਆ ਹੈ। ਫਿਰ ਤੈਨੂੰ ਕਿ ਤਕਲੀਫ ਹੋਈ, ਦੌੜਿਆ ਆਇਆ ਇਥੇ ਆਪਣੇ ਹੱਥ ਫੂਕਣ ਨੂੰ।
ਬਾਈ ਕਿ ਦਸਾਂ ਕਹਿੰਦੇ ਹੁੰਦੇ ਆ, ਜੇ ਦਰਖਤ ਬੁੱਢੇ ਹੋ ਜਾਣ ਤਾਂ ਜੜਾਂ ਤੋਂ ਥੋੜਾ ਵਡ ਦੇਈ ਦੇ ਆ। ਫਲ ਦੇਣੋਂ ਹਟ ਜਾਣ ਤਾਂ ਛਾਂ ਤਾਂ ਦਿੰਦੇ ਹੀ ਰਹਿੰਦੇ ਹਨ, ਜੇ ਮਾਪੇ ਬੁੱਢੇ ਹੋ ਜਾਣ ਤਾਂ ਘਰੋਂ ਥੋੜਾ ਕਡ ਦੇਈਦੇ ਆ, ਜੇ ਉਹ ਹੁਣ ਕਮਾਕੇ ਨਹੀਂ ਲਿਆ ਸਕਦੇ ਤਾਂ ਘਰ ਬੈਠੇ ਆਪਣੀ ਔਲਾਦ ਨੂੰ ਅਸੀਸਾਂ ਤਾਂ ਦਿੰਦੇ ਹੀ ਰਹਿੰਦੇ ਹਨ।
ਬੰਤਾ ਸਿਆਂ ਹੁਣ ਤੈਨੂੰ ਕੀਹਨੇ ਘਰ ਤੋਂ ਕਡ ਦਿੱਤਾ ਜਿਹੜਾ ਏਨਾ ਰੋਈ ਜਾਨਾਂ। ਲੈ ਸੁਣ ਬਾਈ, ਮੈਂ ਬੜਾ ਔਖਾ ਹੋਂਕੇ ਦੋਹਾਂ ਨੂੰ ਬਾਹਰ ਭੇਜਿਆ। ਜ਼ਮੀਨ ਵੀ ਅੱਧੀ ਤੋਂ ਵਧ ਵੇਚ ਦਿੱਤੀ। ਬੜਾ ਚਾਅ ਚੜਿਆ ਜਦੋਂ ਮੈਨੂੰ ਵਲੈਤ ਸਦ ਲਿਆ। ਛੋਟਾ ਮੈਨੂੰ ਏਅਰਪੋਰਟ ਤੋਂ ਲੈਣ ਆਇਆ। ਘਰ ਪਹੁੰਚ ਗਏ। ਦੋ ਕੁ ਦਿਨ ਤਾਂ ਚਾਈਂ ਚਾਈਂ ਲੰਘ ਗਏ, ਫਿਰ ਘੁਸਰ ਪੁਸਰ ਹੋਣ ਲਗ ਪਈ, ਉਸਦੀ ਘਰਵਾਲੀ ਆਖ ਰਹੀ ਸੀ, ਬੁੜਾ ਹੁਣ ਕੋਲ ਹੀ ਰਹੂ, ਬੜੇ ਵਲ ਭੇਜ ਦੋ। ਇਸੇ ਖਿਚੋਂ ਤਾਣ ਵਿੱਚ ਮੇਰਾ ਮੰਜਾ ਪਿੱਛੇ ਗੇਰੇਜ਼ ਵਿੱਚ ਲਾ ਦਿੱਤਾ, ਜਿਵੇਂ ਮੈਂ ਕੋਈ ਓਪਰਾ ਬੰਦਾ ਹੋਂਵਾ। ਮਹੀਨਾ ਪੂਰਾ ਹੋ ਗਿਆ ਤਾਂ ਮੈਨੂੰ ਗੱਡੀ ਵਿੱਚ ਬੈਠਾ ਕੇ ਬੜੇ ਕੋਲ ਛੱਡ ਆਏ। ਉਹਨੇ ਵੀ ਮੈਨੂੰ ਰੈਸਟੋਰੈਂਟ ਵਿੱਚ ਆਖ ਦਿੱਤਾ, ਬਾਪੂ...

ਸਾਰੇ ਮੇਜਾਂ ਤੇ ਕਪੜਾ ਮਾਰੀ ਜਾਇਆ ਕਰ ਤੇ ਇਥੇ ਹੀ ਨੋਕਰਾਂ ਨਾਲ ਰਾਤ ਨੂੰ ਸੌ ਜਾਈ। ਉਸਨੇ ਤਾਂ ਆਪਣਾ ਘਰ ਵੀ ਮੈਨੂੰ ਨਾ ਦਿਖਾਇਆ।
ਬਾਕੀ ਜਿਸ ਤਰਾਂ ਸਮੁੰਦਰ ਵਿਚ ਲਹਿਰਾਂ ਉਠਦਿਆ ਹਨ ਤੇ ਇਕ ਦੂਸਰੇ ਨਾਲ ਟਕਰਾ ਕੇ ਆਪੇ ਖਤਮ ਹੋ ਜਾਂਦੀਆਂ ਹਨ, ਇਸੇ ਤਰਾਂ ਮੇਰੇ ਅੰਦਰੋਂ ਬਲਬਲੇ ਉੱਠਣ ਤੇ ਖਤਮ ਹੋਈ ਜਾਣ। ਮੇਰਾ ਦਿਲ ਕਹਿੰਦਾ ਸਵਰਨੀ ਤੂੰ ਨਾ ਮਰਦੀ ਮੈਂ ਹੀ ਮਰ ਜਾਂਦਾ ਪਰ ਇਹ ਦਿਨ ਮੈਂ ਦੇਖਣੇ ਸਨ।
ਬਾਈ ਉਸ ਦਿਨ ਮੇਰਿਆ ਧਾਹਾਂ ਨਿਕਲ ਗਈਆਂ, ਜਦੋਂ ਦੋਹਾਂ ਮੁੱਦਿਆਂ ਨੂੰ ਗਲਾ ਕਰਦੇ ਸੁਣਿਆ ਕਿ ਬਾਪੂ ਨੂੰ ਕੇਅਰ ਹੋਮ ਛੱਡ ਆਉਂਦੇ ਹਾਂ। ਮੈਨੂੰ ਲਗਿਆ ਇਹ ਜ਼ਰੂਰ ਮੈਨੂੰ ਉਥੇ ਛੱਡ ਕੇ ਆਉਣਗੇ। ਇਹਨਾ ਦਾ ਖੂਨ ਚਿੱਟਾ ਹੋ ਗਿਆ ਹੈ। ਇਸ ਲਈ ਮੈਂ ਮੁੜ ਆਇਆ।
ਬਾਈ ਉਹ ਤਾਂ ਮਾਇਆ ਮਗਰ ਇੰਨੇ ਭੱਜੇ ਫਿਰਦੇ ਹਨ। ਆਪਣੇ ਪਰਾਏ ਦੀ ਪਛਾਣ ਹੀ ਭੁੱਲ ਗਏ ਹਨ। ਕੰਮ ਬਥੇਰੇ ਚਲਦੇ ਹਨ ਪਰ ਝੂਠ ਬੋਲ ਕੇ ਸਰਕਾਰ ਨੂੰ ਵੀ ਠੱਗੀ ਜਾਂਦੇ ਹਨ।
ਬਾਈ ਮੈਂ ਸੋਚਦਾ ਹੁੰਦਾ ਸੀ ਪੰਜਾਬ ਵਿੱਚ ਕਿਉ ਬ੍ਰਿਥ ਆਸ਼ਰਮ ਖੁੱਲ੍ਹੇ ਜਾ ਰਹੇ ਹਨ, ਕਿ ਪੰਜਾਬ ਦੀ ਧਰਤੀ ਉੱਤੇ ਵੀ ਅਜਿਹੀ ਔਲਾਦ ਪੈਦਾ ਹੋ ਸਕਦੀ ਹੈ, ਜਿਹੜੀ ਮਾਪਿਆ ਨੂੰ ਧੱਕੇ ਮਾਰੇ ਪਰ ਮੈਨੂੰ ਮੇਰੇ ਘਰੋਂ ਹੀ ਪਤਾ ਚਲ ਗਿਆ ਕਿ ਬੇਸਹਾਰਾ ਨੂੰ ਬ੍ਰਿਥ ਆਸ਼ਰਮ ਦੀ ਬਹੁਤ ਲੋੜ ਹੈ, ਪਰ ਹੁਣ ਆਸਰੇ ਵਾਲੇ ਵੀ ਮੇਰੇ ਵਰਗੇ ਸਹਾਰਾ ਭਾਲਦੇ ਫਿਰਦੇ ਹਨ। ਬਾਈ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਉਖਲ ਪੁੱਤ ਨਾ ਜੰਮਦੇ ਧੀ ਅਨੀਂ ਚੰਗੀ।
ਹਾਂ ਬੰਤਾ ਸਿਆਂ ਗੁਰਬਾਣੀ ਵਿੱਚ ਵੀ ਲਿਖਿਆ ਹੈ, ਐਸੀ ਔਲਾਦ ਨਾਲੋ ਇਸਤਰੀ ਬਾਂਝ ਚੰਗੀ । ਪਰ ਘਾਟ ਆਪਣੇ ਵਿੱਚ ਹੀ ਹੈ। ਅਸੀ ਆਪਣੇ ਵਿਰਸੇ ਤੋਂ ਦੂਰ ਹੋ ਕੇ ਪਦਾਰਥਾਂ ਮਗਰ ਦੌੜ ਲਾ ਲਈ , ਤੇ ਇਹ ਦੌੜ ਕਦੇ ਨਹੀਂ ਮੁੱਕਣ ਵਾਲੀ ਹੈ। ਅਸੀ ਬਾਬੇ ਨਾਨਕ ਦੀ ਸਿੱਖਿਆ ਭੁੱਲ ਗਏ ਕਿਰਤ ਕਰੋ, ਵੰਡ ਛਕੋ, ਨਾਮ ਜਪੋ।
ਬਾਈ ਤੁਸੀ ਠੀਕ ਕਹਿੰਦੇ ਹੋ ਸਾਰੀ ਉਮਰ ਨਾ, ਮੈਂ ਆਪਣੇ ਵਿਰਸੇ ਨਾਲ ਜੁੜ ਕੇ ਤੁਰਿਆ ਨਾ ਇਹਨਾ ਨੂੰ ਤੋਰਿਆ। ਦੌਲਤ ਮਗਰ ਹੀ ਭੱਜੇ ਰਹੇ ਜਿਹੜੀ ਕਿਸੇ ਦੀ ਨਹੀਂ ਬਣੀ। ਇਹ ਜੀਵਨ ਦੀ ਜ਼ਰੂਰਤ ਜ਼ਰੂਰ ਹੈ, ਪਰ ਇਸਦੇ ਮਗਰ ਹੀ ਤੁਰ ਪਏ ਤਾਂ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੀ ਹੈ। ਚਲ ਹੁਣ ਪਰੇਸ਼ਾਨ ਨਾ ਹੋ ਗੁਰੂਦੁਆਰੇ ਆ ਜਾਇਆ ਕਰ ਉਹ ਬਖਸ਼ਣ ਹਾਰ ਹੈ। ਤੈਨੂੰ ਵੀ ਬਖਸ਼ ਦੇਵੇਗਾ ਅਤੇ ਤੇਰੀ ਔਲਾਦ ਨੂੰ ਵੀ ਸੁਮੱਤ ਬਖਸ਼ੇ।
ਮਾਸਟਰ ਕਰਤਾਰ ਸਿੰਘ
੯੮੧੪੧ ੩੧੬੫੬

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)